ਨਕਾਰਾਤਮਕ ਸੋਚ ਨੂੰ ਛੱਡਕੇ ਸਕਾਰਾਤਮਕ ਸੋਚ ਨੂੰ ਅਪਣਾਓ
ਅਕਸਰ ਗੱਲਾਂ ਚੁਭਦੀਆਂ ਵੀ ਉਨ੍ਹਾਂ ਦੀਆਂ ਹਨ ਜੋ ਸਾਡੇ ਨੇੜੇ ਹੁੰਦੇ ਹਨ ਭਾਵ ਇੱਕ ਰਸਤੇ ਚੱਲਦਾ ਆਦਮੀ ਤੁਹਾਨੂੰ ਕੀ ਕਹਿ ਰਿਹਾ ਸੀ, ਤੁਹਾਨੂੰ ਇਸ ਦੀ ਪਰਵਾਹ ਨਹੀਂ ਹਾਂ, ਜੇਕਰ ਘਰ ’ਚ, ਜਾਂ ਕਿਸੇ ਨੇੜਲੇ ਰਿਸ਼ਤੇਦਾਰ ਜਾਂ ਮਿੱਤਰ ਨੇ ਕੁਝ ਕਹਿ ਦਿੱਤਾ ਹੋਵੇ ਤਾਂ ਉਹ ਸਾਨੂੰ ਪ੍ਰੇਸ਼ਾਨ ਕਰ ਦੇਣ ਲਈ ਕਾਫੀ ਹੁੰਦਾ ਹੈ। ਅਜਿਹੀ ਕੀ ਵਜ੍ਹਾ ਹੈ ਕਿ ਜਿਸ ਕਾਰਨ ਇਨਸਾਨ ਨੂੰ ਕਿਸੇ ਵੱਲੋਂ ਕਹੀਆਂ ਗਈਆਂ ਗੱਲਾਂ ਝੱਟ ਬੁਰੀਆਂ ਲੱਗ ਜਾਂਦੀਆਂ ਹਨ ਦਰਅਸਲ ਇਸ ਦੁਨੀਆਂ ’ਚ ਹਰ ਵਿਅਕਤੀ ਖੁਸ਼ ਰਹਿਣਾ ਚਾਹੁੰਦਾ ਹੈ ਅਤੇ ਇਸ ਚੱਕਰ ’ਚ ਉਹ ਦੁਖੀ ਹੋ ਜਾਂਦਾ ਹੈ ਆਪਣੀ ਖੁਸ਼ੀ ’ਚ ਜ਼ਰਾ ਵੀ ਰੁਕਾਵਟ ਉਸਨੂੰ ਮਨਜ਼ੂਰ ਨਹੀਂ, ਇਸ ਲਈ ਕਿਸੇ ਦੇ ਕਹੇ ਕਮੈਂਟ ਉਸਨੂੰ ਬਰਦਾਸ਼ਤ ਨਹੀਂ ਹੁੰਦੇ ਅਤੇ ਬੱਸ ਇਨ੍ਹਾਂ ਗੱਲਾਂ ਨੂੰ ਉਹ ਦਿਲ ’ਤੇ ਲਾ ਲੈਂਦਾ ਹੈ।
ਕੁਝ ਲੋਕ ਐਨੇ ਸਵੈਮਾਣ ਵਾਲੇ ਹੁੰਦੇ ਹਨ ਕਿ ਜੇਕਰ ਉਨ੍ਹਾਂ ਦੀ ਸ਼ਾਨ ਦੇ ਖਿਲਾਫ ਕੁਝ ਕਹਿ ਵੀ ਦਿੱਤਾ ਜਾਵੇ ਤਾਂ ਉਨ੍ਹਾਂ ’ਚ ਸ਼ਹਿਣਸ਼ਕਤੀ ਵਰਗੀ ਕੋਈ ਚੀਜ਼ ਵੀ ਨਹੀਂ ਹੁੰਦੀ ਹਾਲਾਂਕਿ ਹਰ ਵਿਅਕਤੀ ਖੁਦ ਨੂੰ ਦੂਜੇ ਤੋਂ ਜ਼ਿਆਦਾ ਅਕਲਮੰਦ ਮੰਨਦਾ ਹੈ
ਅਤੇ ਇਸ ਲਈ ਵੀ ਆਪਣੀ ਬੁਰਾਈ ਨਹੀਂ ਸੁਣ ਸਕਦਾ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਸਾਰੇ ਆਪਣਾ ਸਮਝਦੇ ਹਨ ਅਤੇ ਚਾਹੁੰਦੇ ਵੀ ਹਨ ਕਿ ਉਹ ਉਨ੍ਹਾਂ ਦੇ ਸੁਰ ’ਚ ਸੁਰ ਮਿਲਾ ਕੇ ਬੋਲਣ ਜੇਕਰ ਜ਼ਰਾ ਵੀ ਸੁਰ ਬਦਲਿਆ ਤਾਂ ਤੁਸੀਂ ਸਮਝੋਗੇ ਕਿ ਉਸਨੂੰ ਤਾਂ ਤੁਹਾਡੇ ਨਾਲ ਕੋਈ ਲਗਾਅ ਹੀ ਨਹੀਂ ਉਹ ਤਾਂ ਮਤਲਬੀ ਹੈ ਉਹ ਵਗੈਰਾ-ਵਗੈਰਾ ਅਤੇ ਤੁਹਾਨੂੰ ਉਸਦੀਆਂ ਗੱਲਾਂ ਚੁਭਣ ਤੋਂ ਇਲਾਵਾ ਹੋਰ ਕੁਝ ਨਹੀਂ ਲੱਗੇਗਾ।
ਅਕਸਰ ਕਿਸੇ ਨਵੇਂ ਰਿਸ਼ਤੇ ’ਚ ਜਾਂ ਨਵੀਂ ਦੋਸਤੀ ’ਚ ਦੇਖਿਆ ਜਾਂਦਾ ਹੈ ਕਿ ਲੋਕ ਕਾਫੀ ਖੁਸ਼ ਰਹਿੰਦੇ ਹਨ ਪਰ ਕੁਝ ਸਮੇਂ ਬਾਅਦ ਉਨ੍ਹਾਂ ’ਚ ਵੀ ਕੜਵਾਹਟ ਆਉਣ ਲੱਗਦੀ ਹੈ ਹੁੰਦਾ ਕੀ ਹੈ ਕਿ ਸ਼ੁਰੂ ’ਚ ਤਾਂ ਹਰ ਕੋਈ ਆਪਣੇ ਨਵੇਂ ਮਿੱਤਰ ਜਾਂ ਰਿਸਤੇਦਾਰਾਂ ਦੀਆਂ ਬੁਰਾਈਆਂ ਨੂੰ ਨਜ਼ਰਅੰਦਾਜ਼ ਕਰਕੇ ਉਸ ’ਤੇ ਵਿਸ਼ਵਾਸ ਕਰਕੇ ਉਸਨੂੰ ਸਿਰਫ ਚੰਗਾ ਮੰਨ ਕੇ ਚੱਲਦਾ ਹੈ ਪਰ ਦੋ ਜਣਿਆਂ ਦੇ ਖਿਆਲ ਕਿਤੇ ਤਾਂ ਅਲੱਗ ਹੋਣਗੇ ਹੀ ਇਸ ਲਈ ਜਿੱਥੇ ਉਨ੍ਹਾਂ ਦੀਆਂ ਗੱਲਾਂ, ਉਨ੍ਹਾਂ ਦਾ ਵਿਹਾਰ ਇੱਕ-ਦੂਜੇ ਨਾਲ ਮੇਲ ਨਹੀਂ ਖਾਂਦਾ ਤਾਂ ਇੱਕ ਕਹਿ ਦਿੰਦਾ ਹੈ ਅਤੇ ਦੂਜਾ ਉਸਨੂੰ ਦਿਲ ’ਤੇ ਲਾ ਲੈਂਦਾ ਹੈ ਉੱਥੇ ਰਿਸ਼ਤੇ ਕਮਜੋਰ ਪੈ ਜਾਂਦੇ ਹਨ।
ਡੂੰਘਾਈ ਨਾਲ ਸੋਚਿਆ ਜਾਵੇ ਤਾਂ ਇਨਸਾਨ ਦੀ ਜ਼ਿੰਦਗੀ ’ਚ ਹਰ ਰੋਜ਼ ਅਜਿਹੀਆਂ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਹਨ ਜੇਕਰ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਕੇ ਨਹੀਂ ਚੱਲਾਂਗੇ ਤਾਂ ਨਾ ਅਸੀਂ ਖੁਦ ’ਤੇ ਭਰੋਸਾ ਕਰ ਸਕਾਂਗੇ, ਨਾ ਹੀ ਕਿਸੇ ਹੋਰ ’ਤੇ ਅਤੇ ਬਿਨਾ ਵਿਸ਼ਵਾਸ ਦੇ ਜ਼ਿੰਦਗੀ ਜਿਉਣਾ ਬੇਮਾਇਨੇ ਹੈ ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਨੂੰ ਦਿਲ ’ਚੋਂ ਕੱਢ ਦੇਣ ’ਚ ਹੀ ਸਮਝਦਾਰੀ ਹੈ ਜੇਕਰ ਅਸੀਂ ਇਨ੍ਹਾਂ ਗੱਲਾਂ ’ਚ ਰੋਜ਼ ਫਸੇ ਰਹਾਂਗੇ ਤਾਂ ਅਸੀਂ ਆਪਣੇੇ ਭਵਿੱਖ ਅਤੇ ਵਰਤਮਾਨ ਬਾਰੇ ਕੁਝ ਵੀ ਨਹੀਂ ਸੋਚ ਸਕਾਂਗੇ ਸਿਰਫ਼ ਜੋ ਲੰਘ ਗਿਆ, ਓਹੀ ਸਾਡੇ ਜ਼ਿਹਨ ’ਚ ਘੁੰਮਦਾ ਰਹੇਗਾ ਅਤੇ ਅੱਗੇ ਵਧਣ ਲਈ ਇਹ ਕੋਈ ਚੰਗਾ ਸੰਕੇਤ ਨਹੀਂ ਜਿੰੰਨਾ ਬੀਤੀਆਂ ਗੱਲਾਂ ਬਾਰੇ ਸੋਚਿਆ ਜਾਵੇਗਾ, ਓਨਾ ਹੀ ਸਾਡਾ ਮਨ ਕਿਸੇ ਨਾ ਕਿਸੇ ਦੀਆਂ ਗੱਲਾਂ ਨੂੰ ਸੁਣ ਕੇ ਤੜਫਦਾ ਰਹੇਗਾ।
ਜੇਕਰ ਸਾਨੂੰ ਕਿਸੇ ਦੀਆਂ ਗੱਲਾਂ ਚੁੱਭਦੀਆਂ ਹਨ ਤਾਂ ਇਹ ਵੀ ਧਿਆਨ ਰੱਖੋ ਕਿ ਕਿਤੇ ਸਾਡੀਆਂ ਗੱਲਾਂ ਤਾਂ ਕਿਸੇ ਨੂੰ ਪ੍ਰੇਸ਼ਾਨ ਨਹੀਂ ਕਰਦੀਆਂ, ਕਿਸੇ ਨੂੰ ਬੁਰੀਆਂ ਤਾਂ ਨਹੀਂ ਲੱਗਦੀਆਂ ਇਸ ਗੱਲ ਦਾ ਵਿਸ਼ਲੇਸ਼ਣ ਕਰਨਾ ਵੀ ਜ਼ਰੂਰੀ ਹੈ ਸ਼ਾਇਦ ਤੁੁਹਾਡੇ ’ਚ ਦੂਜਿਆਂ ਨੂੰ ਨੀਚਾ ਦਿਖਾਉਣ ਦੀ ਆਦਤ ਹੋਵੇ, ਤਾਂ ਹੀ ਲੋਕ ਤੁਹਾਨੂੰ ਵੀ ਮੌਕਾ ਮਿਲਦੇ ਹੀ ਕੁੱਝ ਕਹਿ ਜਾਂਦੇ ਹੋਣ। ਕੋਈ ਕੁੱਝ ਵੀ ਕਹੇ, ਤੁਸੀਂ ਇਹ ਜ਼ਰੂਰ ਦੇਖ ਲਓ ਕਿ ਉਸਦੀਆਂ ਗੱਲਾਂ ਨਾਲ ਤੁਸੀਂ ਆਪਣੇ-ਆਪ ’ਚ ਸੁਧਾਰ ਲਿਆ ਸਕਦੇ ਹੋ ਤਾਂ ਬਹੁਤ ਚੰਗੀ ਗੱਲ ਹੈ ਦੁਬਾਰਾ ਉਸਨੂੰ ਅਜਿਹਾ ਕਹਿਣ ਦਾ ਮੌਕਾ ਹੀ ਨਹੀਂ ਮਿਲੇਗਾ ਹਰ ਗੱਲ ਨੂੰ ਨਕਾਰਾਤਮਕ ਤਰੀਕੇ ਨਾਲ ਨਾ ਸੋਚੋ ਉਸਦੇ ਚੰਗੇ ਪਹਿਲੂਆਂ ’ਤੇ ਵੀ ਗੌਰ ਕਰੋ ਸ਼ਾਇਦ ਇਸ ’ਚ ਤੁਹਾਡਾ ਹੀ ਕੋਈ ਫਾਇਦਾ ਹੋਵੇ।
-ਸ਼ਿਖਾ ਚੌਧਰੀ