Punjabi Virsa ਕੋਈ ਸਿਆਣੀ ਸਵਾਣੀ ਹੀ ਕਰਦੀ ਸੀ ਤੱਕਲਾ ਸਿੱਧਾ – ਆਮ ਕਹਾਵਤ ਹੈ ਦੋਸਤੋ ਕਿ ਫਲਾਣਾ ਸਿਉਂ ਨੂੰ ਤਾਂ ਉਹਦੀ ਔਲਾਦ ਨੇ ਤੱਕਲੇ ਵਾਂਗੂੰ ਸਿੱਧਾ ਕਰਕੇ ਰੱਖਿਆ ਹੈ ਮਜ਼ਾਲ ਆ ਕੇ ਉਹ ਆਪਣੇ ਜੁਆਕਾਂ ਸਾਹਮਣੇ ਚੂੰ ਵੀ ਕਰੇ ਇਹ ਸਿਰਫ ਤੇ ਸਿਰਫ ਇੱਕ ਉਦਾਹਰਨ ਦੇ ਤੌਰ ’ਤੇ ਹੀ ਗੱਲ ਪਾਠਕਾਂ ਨਾਲ ਸਾਂਝੀ ਕੀਤੀ ਹੈ ਉਂਜ ਇਹ ਗੱਲ ਬਹੁਤ ਮਾੜੀ ਹੈ ਜੇਕਰ ਚਰਖੇ ਦਾ ਤੱਕਲਾ ਸਿੱਧਾ ਹੋਵੇਗਾ ਤਾਂ ਹੀ ਉਸ ’ਤੇ ਤੰਦ ਸਹੀ ਪਾਇਆ ਜਾ ਸਕੇਗਾ ਨਹੀਂ ਤਾਂ ਵਿੰਗੇ ਤੱਕਲੇ ’ਤੇ ਤਾਂ ਇੱਕ ਵੀ ਤੰਦ ਸਹੀ ਨਹੀਂ ਪੈਂਦਾ ਕਿਉਂਕਿ ਧਾਗਾ ਟੁੱਟਣ ਨੂੰ ਤੰਦ ਤਰੇੜਿਆ ਕਿਹਾ ਜਾਂਦਾ ਰਿਹਾ ਹੈ ਇਸ ਕਰਕੇ ਸੂਤ ਕੱਤਣ ਲਈ ਸਭ ਤੋਂ ਪਹਿਲਾਂ ਤੱਕਲੇ ਦਾ ਸਿੱਧਾ ਹੋਣਾ ਅਤਿ ਜ਼ਰੂਰੀ ਹੈ।
ਆਓ! ਹੁਣ ਅਸਲੀ ਮੁੱਦੇ ਵੱਲ ਆਈਏ…
ਪੁਰਾਤਨ ਪੰਜਾਬ ਵਿਚ ਬਾਕੀ ਸਾਰੀਆਂ ਫਸਲਾਂ ਦੇ ਨਾਲ-ਨਾਲ ਕਪਾਹ ਦੀ ਖੇਤੀ ਵੀ ਜ਼ੋਰਾਂ ’ਤੇ ਹੁੰਦੀ ਰਹੀ ਹੈ ਇਹ ਗੱਲ ਆਪਾਂ ਸਾਰੇ ਹੀ ਬਹੁਤ ਭਲੀ-ਭਾਂਤੀ ਜਾਣਦੇ ਹਾਂ ਤੇ ਇਹ ਵੀ ਜਾਣਦੇ ਹਾਂ ਕਿ ਪੁਰਾਣੇ ਸਮਿਆਂ ਵਿਚ ਆਪਣੀਆਂ ਧੀਆਂ-ਭੈਣਾਂ, ਆਪਣੇ ਲਈ ਦਾਜ ਆਪਣੇ ਹੱਥੀਂ ਤਿਆਰ ਕਰਿਆ ਕਰਦੀਆਂ ਸਨ ਦਰੀਆਂ, ਖੇਸ, ਚਤੱਈਆ, ਦੌੜੇ, ਪੱਖੀਆਂ, ਨਾਲੇ, ਫੁਲਕਾਰੀਆਂ, ਚਾਦਰਾਂ ਅਤੇ ਦਾਜ ਦਾ ਹੋਰ ਵੀ ਸਾਰਾ ਸਾਮਾਨ ਜੋ ਉਹਨਾਂ ਸਮਿਆਂ ਵਿਚ ਰਿਵਾਜ਼ ਸਨ, ਉਹ ਘਰ ਦੀ ਕਪਾਹ ਨੂੰ ਵੇਲਣੇ ਤੋਂ ਵਲ਼ਾ ਲੈਣਾ, ਪੇਂਜੇ ’ਤੇ ਪਿੰਜਾ ਕੇ ਰੂੰ ਬਣਾ ਕੇ ਘਰੀਂ ਪੂਣੀਆਂ ਵੱਟਣੀਆਂ।
ਸੋ ਦੋਸਤੋ! ਇੱਕ ਹੋਰ ਗੱਲ ਮੈਂ ਪਾਠਕਾਂ ਨਾਲ ਜ਼ਰੂਰ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਰੂੰ ਪਿੰਜਣ ਵਾਲੇ ਭਾਵ ਪੇਂਜੇ ਉਹਨਾਂ ਸਮਿਆਂ ਵਿਚ ਘਰੋ-ਘਰੀਂ ਆ ਕੇ ਵੀ ਰੂੰ ਪਿੰਜ ਜਾਇਆ ਕਰਦੇ ਸਨ ਸੂਤ ਬਣਾ ਕੇ ਘਰੀਂ ਹੀ ਖੱਡੀਆਂ ਪੱਟ ਕੇ ਖੁੱਲ੍ਹੇ ਦਲਾਨਾਂ ਵਿਚ ਸਾਡੀਆਂ ਮਾਵਾਂ-ਭੈਣਾਂ ਤੇ ਦਾਦੀਆਂ ਦੀ ਉਮਰ ਦੀਆਂ ਸੁਆਣੀਆਂ ਨੇ ਚਰਖੇ ਕੱਤਣੇ ਕੱਤ-ਕੱਤ ਕੇ ਛਿੱਕੂ ਗਲੋਟਿਆਂ ਨਾਲ ਭਰ ਲੈਣੇ ਉਸ ਤੋਂ ਬਾਅਦ ਹੀ ਸਾਰਾ ਦਾਜ ਵਾਲਾ ਸਾਮਾਨ ਤਿਆਰ ਕਰਨ ਦੀ ਸ਼ੁਰੂਆਤ ਹੁੰਦੀ ਸੀ ਸਾਡੀਆਂ ਮਾਵਾਂ-ਦਾਦੀਆਂ ਭਾਵ ਵਡੇਰੀ ਉਮਰ ਦੀਆਂ ਸੁਆਣੀਆਂ ਤਾਂ ਘਰੀਂ ਹੀ ਦਿਨ ਪੁਰ ਰਾਤ ਪੂਣੀਆਂ ਕੱਤਿਆ ਕਰਦੀਆਂ ਸਨ ਸਮੇਂ ਬਹੁਤ ਖੁੱਲ੍ਹੇ ਸਨ।
ਅਜੋਕੇ ਸਮਿਆਂ ਵਾਂਗ ਭੱਜ-ਦੌੜ ਵਾਲੀ ਜ਼ਿੰਦਗੀ ਨਹੀਂ ਸੀ ਪਰ ਕੁਆਰੀਆਂ ਕੁੜੀਆਂ ਤ੍ਰਿੰਝਣਾਂ ਵਿਚ ਬੈਠ ਕੇ ਸ਼ੋਪ ਪਾ ਕੇ ਭਾਵ ਰਲ-ਮਿਲ ਕੇ ਕਾਫੀ ਸਾਰੀਆਂ ਕੁੜੀਆਂ ਰਲ-ਮਿਲ ਕੇ ਕੱਤਿਆ ਕਰਦੀਆਂ ਸਨ ਉੱਥੇ ਹੀ ਉਨ੍ਹਾਂ ਨੇ ਆਪਣੇ ਮਨ ਪਸੰਦ ਦੇ ਗੀਤ ਵੀ ਗਾਈ ਜਾਣੇ ਤੇ ਸ਼ਾਮਾਂ ਤੱਕ ਕੱਤਦੇ ਰਹਿਣਾ ਵੇਲੇ ਬਹੁਤ ਚੰਗੇ ਸਨ ਪਿਆਰ, ਸਤਿਕਾਰ, ਮੁਹੱਬਤ ਚਰਮ ਸੀਮਾ ’ਤੇ ਰਿਹਾ ਹੈ ਉਹਨਾਂ ਸਮਿਆਂ ਵਿਚ ਇੱਜਤਾਂ ਦੇ ਸਾਰੇ ਰਖਵਾਲੇ ਹੁੰਦੇ ਸਨ ਕੋਈ ਮਤਲਬ ਹੀ ਨਹੀਂ ਸੀ ਕਿ ਕੋਈ ਵੀ ਕਿਸੇ ਵੀ ਧੀ-ਭੈਣ ਨੂੰ ਗਲਤ ਨਿਗ੍ਹਾ ਨਾਲ ਤੱਕ ਵੀ ਜਾਵੇ ਅਪਣੱਤ ਭਰੇ ਸਮੇਂ ਰਹੇ ਹਨ ਪੰਜਾਬ ’ਚ ਕਿਸੇ ਸਮੇਂ ਜਦੋਂ ਕਿਤੇ ਚਰਖੇ ਨੂੰ ਸ਼ਾਮਾਂ ਵੇਲੇ ਚੱਕਣਾ ਭਾਵ ਖੜ੍ਹਾ ਕਰਨਾ।
ਕਈ ਵਾਰ ਗਲਤੀ ਨਾਲ ਕਿਤੇ ਕੰਧ ਆਦਿ ਨਾਲ ਲੱਗ ਕੇ ਤੱਕਲਾ ਵਿੰਗਾ ਹੋ ਜਾਂਦਾ ਤੇ ਉਸ ਨੂੰ ਸਿੱਧਾ ਕਰਵਾਉਣ ਲਈ ਬਹੁਤ ਹੀ ਸਿਆਣੀ ਅਤੇ ਇਸ ਕੰਮ ਦੇ ਤਜ਼ਰਬੇ ਵਾਲੀ ਸੁਆਣੀ ਹੀ ਤੱਕਲਾ ਸਿੱਧਾ ਕਰਿਆ ਕਰਦੀ ਸੀ ਹਾਰੀ-ਸਾਰੀ ਸੁਆਣੀ ਤੋਂ ਛੇਤੀ ਕੀਤੇ ਤੱਕਲਾ ਸਿੱਧਾ ਨਹੀਂ ਸੀ ਹੁੰਦਾ ਭਾਵ ਜਿਸ ਸੁਆਣੀ ਨੂੰ ਇਹ ਤਜ਼ਰਬਾ ਸੀ ਇਹ ਕਾਰਜ ਸਿਰਫ ਉਹ ਸੁਆਣੀ ਹੀ ਕਰਦੀ ਸੀ ਕਈ-ਕਈ ਪਿੰਡਾਂ ਵਿਚ ਬਹੁਤ ਸਿਆਣੇ ਲੁਹਾਰ ਜਾਂ ਤਰਖਾਣ ਵੀ ਹੁੰਦੇ ਸਨ ਜਿਹੜੇ ਇਹ ਕੰਮ ਵਧੀਆ ਢੰਗ ਨਾਲ ਕਰ ਲੈਂਦੇ ਸਨ ਭਾਵ ਤੱਕਲੇ ਨੂੰ ਕੱਤਣ ਯੋਗ ਬਣਾ ਲੈਂਦੇ ਸਨ ਪਰ ਆਮ ਇਹ ਕਾਰਜ ਸਿਆਣੀਆਂ ਸੁਆਣੀਆਂ ਹੀ ਕਰਿਆ ਕਰਦੀਆਂ ਸਨ ਬਦਲਦੇ ਸਮੇਂ ਵਿਚ ਚਰਖੇ ਨਹੀਂ ਰਹੇ, ਚਰਖ਼ੇ ਕੱਤਣ ਵਾਲੀਆਂ ਨਹੀਂ ਰਹੀਆਂ ਜੋ ਪਹਿਲਾਂ ਸੀ ਉਹ ਅੱਜ ਨਹੀਂ ਦਿਸਦਾ ਅਤੇ ਜੋ ਅੱਜ ਹੈ ਇਹ ਵੀ ਇੱਕ ਦਿਨ ਬੀਤੇ ਦੀ ਬਾਤ ਹੋ ਕੇ ਰਹਿ ਜਾਣਾ ਹੈ।
ਜਸਵੀਰ ਸ਼ਰਮਾ ਦੱਦਾਹੂਰ