Happy Holi ਕੁਦਰਤੀ ਰੰਗਾਂ ਨਾਲ ਖੇਡੋ ਹੋਲੀ
ਹੋਲੀ ਦੇ ਸੁੱਕੇ ਰੰਗਾਂ ਨੂੰ ਗੁਲਾਲ ਕਿਹਾ ਜਾਂਦਾ ਹੈ ਮੂਲ ਰੂਪ ਨਾਲ ਇਹ ਰੰਗ ਫੁੱਲਾਂ ਅਤੇ ਹੋਰ ਕੁਦਰਤੀ ਪਦਾਰਥਾਂ ਨਾਲ ਬਣਦਾ ਹੈ ਜਿਨ੍ਹਾਂ ’ਚ ਰੰਗਣ ਦੀ ਪ੍ਰਵਿਰਤੀ ਹੁੰਦੀ ਹੈ ਸਮੇਂ ਦੇ ਨਾਲ ਇਸ ’ਚ ਬਦਲਾਅ ਆਇਆ, ਹੋਲੀ ਦੇ ਇਹ ਰੰਗ ਹੁਣ ਰਸਾਇਣ ਵੀ ਹੁੰਦੇ ਹਨ ਅਤੇ ਕੁਝ ਤੇਜ਼ ਰਸਾਇਣਕ ਪਦਾਰਥਾਂ ਨਾਲ ਤਿਆਰ ਕੀਤੇ ਜਾਂਦੇ ਹਨ ਇਹ ਰਸਾਇਣਿਕ ਰੰਗ ਸਾਡੇ ਸਰੀਰ ਲਈ ਨੁਕਸਾਨਦੇਹ ਹੁੰਦੇ ਹਨ, ਖਾਸ ਤੌਰ ’ਤੇ ਅੱਖਾਂ ਅਤੇ ਚਮੜੀ ਲਈ ਇਨ੍ਹਾਂ ਸਭ ਸਮੱਸਿਆਵਾਂ ਨੇ ਫਿਰ ਤੋਂ ਸਾਨੂੰ ਕੁਦਰਤੀ ਰੰਗਾਂ ਵੱਲ ਰੁਖ਼ ਕਰਨ ਨੂੰ ਮਜ਼ਬੂਰ ਕਰ ਦਿੱਤਾ ਹੈ ਹੁਣ ਤੁਸੀਂ ਸੋਚਣ ਲੱਗੇ ਹੋਵੋਗੇ ਕਿ ਤਾਂ ਕੀ ਫਿਰ ਅਸੀਂ ਕਦੇ ਰੰਗ-ਬਿਰੰਗੇ ਰੰਗਾਂ ਨਾਲ ਹੋਲੀ ਨਹੀਂ ਖੇਡ ਸਕਾਂਗੇ।
ਇਸ ’ਚ ਨਿਰਾਸ਼ ਹੋਣ ਦੀ ਲੋੜ ਨਹੀਂ ਹੈ, ਸਗੋਂ ਤੁਸੀਂ ਖੁਦ ਖੂਬਸੂਰਤ ਲਾਲ, ਹਰਾ, ਨੀਲਾ, ਪੀਲਾ, ਕੇਸਰੀਆ, ਗੁਲਾਬੀ ਰੰਗ ਘਰੇ ਤਿਆਰ ਕਰ ਸਕਦੇ ਹੋ ਅਤੇ ਉਹ ਵੀ ਬਿਲਕੁਲ ਕੁਦਰਤੀ ਤੌਰ ’ਤੇ! ਹੋਲੀ ਦੇ ਇਹ ਕੁਦਰਤੀ ਰੰਗ ਪੂਰੀ ਤਰ੍ਹਾਂ ਸਿਰਫ ਸੁਰੱਖਿਅਤ ਹੀ ਨਹੀਂ, ਸਗੋਂ ਚਿਹਰੇ ਅਤੇ ਚਮੜੀ ਲਈ ਵੀ ਫਾਇਦੇਮੰਦ ਮੰਨੇ ਜਾਂਦੇ ਹਨ ਤਾਂ ਹੀ ਤਾਂ ਜੇਕਰ ਹੋਲੀ ਖੇਡਦੇ ਹੋਏ ਗੁਲਾਲ ਅੱਖਾਂ ’ਚ ਪੈ ਵੀ ਜਾਵੇ ਤਾਂ ਤੁਸੀਂ ਆਰਾਮ ਨਾਲ ਹੋਲੀ ਖੇਡਦੇ ਰਹੋ ਤੇ ਜਦੋਂ ਤਿਉਹਾਰ ਦਾ ਮਜ਼ਾ ਪੂਰਾ ਹੋ ਜਾਵੇ, ਤਾਂ ਆਰਾਮ ਨਾਲ ਘਰ ਜਾ ਕੇ ਅੱਖਾਂ ਧੋ ਲਓ ਚੱਲੋ, ਅਸੀਂ ਤੁਹਾਨੂੰ ਗੁਲਾਲ ਬਣਾਉਣਾ ਸਿਖਾਉਂਦੇ ਹਾਂ ਜੋ ਬਾਜਾਰ ਦੇ ਰਸਾਇਣਿਕ ਗੁਲਾਲ ਤੋਂ ਕਿਤੇ ਜ਼ਿਆਦਾ ਬਿਹਤਰ ਹੋਵੇਗਾ ਅਤੇ ਨਾਲ ਹੀ ਸੁਰੱਖਿਅਤ ਵੀ ਤਾਂ ਆਓ, ਖੁਦ ਤਿਆਰ ਕੀਤੇ ਗਏ ਇਸ ਗੁਲਾਲ ਨਾਲ ਪਰਿਵਾਰ ਦੇ ਨਾਲ-ਨਾਲ ਦੋਸਤਾਂ ਨੂੰ ਵੀ ਰੰਗੀਏ ਅਤੇ ਹੋਲੀ ਦਾ ਅਨੰਦ ਲਈਏ!
Table of Contents
ਲਾਲ ਗੁਲਾਲ ਤਿਆਰ ਕਰਨ ਦਾ ਤਰੀਕਾ:
- ਪੀਸਿਆ ਹੋਇਆ ਲਾਲ ਚੰਦਨ ਜਿਸ ਨੂੰ ਰਕਤਚੰਦਨ ਜਾਂ ਲਾਲ ਚੰਦਨ ਵੀ ਕਿਹਾ ਜਾਂਦਾ ਹੈ, ਖੂਬਸੂਰਤ ਲਾਲ ਰੰਗ ਦਾ ਹੁੰਦਾ ਹੈ ਇਹ ਚਮੜੀ ਲਈ ਵੀ ਚੰਗਾ ਹੁੰਦਾ ਹੈ ਇਹ ਸੁੱਕਿਆ ਰੰਗ ਗੁਲਾਲ ਵਾਂਗ ਇਸਤੇਮਾਲ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਇਸ ਰੰਗ ਦੇ ਦੋ ਛੋਟੇ ਚਮਚ ਪੰਜ ਲੀਟਰ ਪਾਣੀ ’ਚ ਉਬਾਲੇ ਜਾਣ, ਤਾਂ ਉਸ ਨਾਲ ਵੀਹ ਲੀਟਰ ਰੰਗੀਨ ਪਾਣੀ ਤਿਆਰ ਕੀਤਾ ਜਾ ਸਕਦਾ ਹੈ ਛਾਂ ’ਚ ਸੁਕਾਏ ਗਏ ਗੁੜਹਲ ਜਾਂ ਚਾਰ ਜਵਾਕੁਸੁਮ ਦੇ ਫੁੱਲਾਂ ਦੇ ਪਾਊਡਰ ਨਾਲ ਲਾਲ ਰੰਗ ਤਿਆਰ ਕੀਤਾ ਜਾ ਸਕਦਾ ਹੈ।
- ਲਾਲ ਅਨਾਰ ਦੇ ਛਿਲਕਿਆਂ ਨੂੰ ਪਾਣੀ ’ਚ ਉਬਾਲ ਕੇ ਵੀ ਸੁਰਖ ਲਾਲ ਰੰਗ ਬਣਾਇਆ ਜਾ ਸਕਦਾ ਹੈ।
- ਅੱਧਾ ਕੱਪ ਪਾਣੀ ’ਚ ਦੋ ਚਮਚ ਹਲਦੀ ਪਾਊਡਰ ਨਾਲ ਚੂੰਢੀ ਭਰ ਚੂਨਾ ਮਿਲਾਓ ਫਿਰ ਇੱਕ ਲੀਟਰ ਪਾਣੀ ਦੇ ਘੋਲ ’ਚ ਇਸਨੂੰ ਚੰਗੀ ਤਰ੍ਹਾਂ ਮਿਲਾਓ, ਤੁਹਾਡਾ ਹੋਲੀ ਦਾ ਰੰਗ ਤਿਆਰ।
- ਟਮਾਟਰ ਅਤੇ ਗਾਜਰ ਦੇ ਰਸ ਨੂੰ ਵੀ ਪਾਣੀ ’ਚ ਮਿਲਾ ਕੇ ਰੰਗ ਤਿਆਰ ਕੀਤਾ ਜਾ ਸਕਦਾ ਹੈ।
ਕੁਦਰਤੀ ਰੂਪ ਨਾਲ ਤਿਆਰ ਹਰਾ ਗੁਲਾਲ
ਮਹਿੰਦੀ ਜਾਂ ਹਿਨਾ ਪਾਊਡਰ ਨੂੰ ਵੀ ਬਤੌਰ ਗੁਲਾਲ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਪਾਣੀ ਮਿਲਾ ਕੇ ਰੰਗ ਵੀ ਤਿਆਰ ਹੋ ਸਕਦਾ ਹੈ, ਪਰ ਇਸ ਰੰਗ ਦੇ ਦਾਗ ਅਸਾਨੀ ਨਾਲ ਨਹੀਂ ਲਹਿੰਦੇ ਇਹ ਵੱਖਰੀ ਗੱਲ ਹੈ ਕਿ ਇਹ ਰੰਗ ਵਾਲਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਗੁਲਮੋਹਰ ਦੇ ਪੱਤਿਆਂ ਨੂੰ ਚੰਗੀ ਤਰ੍ਹਾਂ ਸੁਕਾ ਕੇ ਪੀਸ ਲਓ ਅਤੇ ਤੁਹਾਡਾ ਕੁਦਰਤੀ ਹਰਾ ਗੁਲਾਲ ਤਿਆਰ ਹੈ ਕਣਕ ਦੇ ਹਰੇ ਸਿੱਟਿਆਂ ਨੂੰ ਚੰਗੀ ਤਰ੍ਹਾਂ ਪੀਸ ਕੇ ਗੁਲਾਲ ਤਿਆਰ ਕਰੋ ਪਾਲਕ, ਧਨੀਆ ਜਾਂ ਪੁਦੀਨੇ ਦੇ ਪੱਤਿਆਂ ਦੇ ਪੇਸਟ ਨੂੰ ਪਾਣੀ ’ਚ ਮਿਲਾ ਕੇ ਰੰਗ ਤਿਆਰ ਕੀਤਾ ਜਾ ਸਕਦਾ ਹੈ ਗੁਲਾਬੀ ਚੁਕੰਦਰ ਦੇ ਟੁਕੜਿਆਂ ਨੂੰ ਜਾਂ ਚੁਕੰਦਰ ਨੂੰ ਇੱਕ ਲੀਟਰ ਪਾਣੀ ’ਚ ਇੱਕ ਪੂਰੀ ਰਾਤ ਭਿੱਜਣ ਲਈ ਛੱਡ ਦਿਓ ਅਤੇ ਰੰਗੀਨ ਪਾਣੀ ਬਣਾਉਣ ਲਈ ਇਸ ਘੋਲ ’ਚ ਪਾਣੀ ਮਿਲਾ ਕੇ ਹੋਲੀ ਦਾ ਮਜ਼ਾ ਲਓ।
ਕੇਸਰੀ ਗੁਲਾਲ
- ਰਿਵਾਇਤੀ ਤੌਰ ’ਤੇ ਭਾਰਤ ’ਚ ਇਹ ਚਟਕ ਕੇਸਰੀ ਗੁਲਾਲ ਟੇਸੂ ਦੇ ਫੁੱਲਾਂ ਤੋਂ ਬਣਦਾ ਹੈ, ਜਿਸਨੂੰ ਪਲਾਸ਼ ਵੀ ਕਿਹਾ ਜਾਂਦਾ ਹੈ ਟੇਸੂ ਦੇ ਫੁੱਲਾਂ ਨੂੰ ਰਾਤ ਭਰ ਲਈ ਪਾਣੀ ’ਚ ਭਿੱਜਣ ਲਈ ਛੱਡ ਦਿਓ ਅਤੇ ਸਵੇਰੇ ਰੰਗ ਦਾ ਅਨੰਦ ਲਓ ਕਿਹਾ ਜਾਂਦਾ ਹੈ ਕਿ ਇਸ ਪਾਣੀ ’ਚ ਔਸ਼ਧੀ ਗੁਣ ਹੁੰਦੇ ਹਨ।
- ਚੂੰਢੀ ਭਰ ਚੰਦਨ ਪਾਊਡਰ ਇੱਕ ਲੀਟਰ ਪਾਣੀ ’ਚ ਮਿਲਾਉਣ ’ਤੇ ਕੇਸਰੀ ਰੰਗ ਤਿਆਰ ਹੋ ਜਾਂਦਾ ਹੈ।
- ਕੇਸਰ ਦੇ ਪੱਤਿਆਂ ਨੂੰ ਕੁਝ ਸਮੇਂ ਲਈ ਦੋ ਚਮਚ ਪਾਣੀ ’ਚ ਭਿੱਜਣ ਲਈ ਛੱਡ ਦਿਓ ਅਤੇ ਫਿਰ ਉਨ੍ਹਾਂ ਨੂੰ ਪੀਸ ਲਓ ਆਪਣੀ ਇੱਛਾ ਅਨੁਸਾਰ ਗਾੜ੍ਹਾ ਰੰਗ ਪਾਉਣ ਲਈ ਇਸ ’ਚ ਹੌਲੀ-ਹੌਲੀ ਪਾਣੀ ਮਿਲਾਓ, ਜ਼ਿਆਦਾ ਪਾਣੀ ਨਾਲ ਰੰਗ ਫਿੱਕਾ ਜਾਂ ਹਲਕਾ ਹੋ ਜਾਂਦਾ ਹੈ ਇਹ ਚਮੜੀ ਲਈ ਚੰਗਾ ਤਾਂ ਹੁੰਦਾ ਹੀ ਹੈ ਨਾਲ ਹੀ ਨਾਲ ਬਹੁਤ ਮਹਿੰਗਾ ਵੀ ਹੁੰਦਾ ਹੈ।
- ਰੰਗ ਬਣਾਉਣ ਦੇ ਇਨ੍ਹਾਂ ਤਰੀਕਿਆਂ ’ਚੋਂ ਜੇਕਰ ਤੁਹਾਨੂੰ ਕੋਈ ਵੀ ਪਸੰਦ ਨਾ ਆਵੇ ਤਾਂ ਵੀ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਵਾਤਾਵਰਨ ਪ੍ਰਤੀ ਸੰਵੇਦਨਸ਼ੀਲ ਕੁਝ ਸੰਸਥਾਵਾਂ ਨੇ ਕੁਦਰਤੀ ਰੰਗਾਂ ਨੂੰ ਪੈਕਟਬੰਦ ਕਰਕੇ ਵੇਚਣਾ ਸ਼ੁਰੂ ਕਰ ਦਿੱਤਾ ਹੈ।
ਹੋਲੀ ਖੇਡਦੇ ਸਮੇਂ ਹੇਠ ਲਿਖੀਆਂ ਸਾਵਧਾਨੀਆਂ ਜ਼ਰੂਰ ਵਰਤਣੀਆਂ ਚਾਹੀਦੀਆਂ ਹਨ
- ਹੋਲੀ ਖੁਸ਼ੀਆਂ-ਖੇੜਿਆਂ ਅਤੇ ਭਾਈਚਾਰੇ ਦਾ ਤਿਉਹਾਰ ਹੈ ਲੋਕ ਇੱਕ-ਦੂਜੇ ਨੂੰ ਰੰਗ ਲਾ ਕੇ ਅਤੇ ਚਿਹਰੇ ’ਤੇ ਗੁਲਾਲ ਲਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹਨ ਅਤੇ ਇੱਕ-ਦੂਜੇ ਨਾਲ ਗਲੇ ਮਿਲਦੇ ਹਨ ਇਹ ਖ਼ੁਸ਼ੀ ਦਾ ਤਿਉਹਾਰ ਕਿਤੇ ਗਮ ਦਾ ਤਿਉਹਾਰ ਨਾ ਬਣ ਜਾਵੇ, ਇਸ ਦਾ ਸਦਾ ਧਿਆਨ ਰੱਖਣਾ ਚਾਹੀਦਾ ਹੈ।
- ਇੱਕ-ਦੂਜੇ ਨੂੰ ਰੰਗ ਲਾਉਂਦੇ ਸਮੇਂ ਅਤੇ ਚਿਹਰੇ ’ਤੇ ਗੁਲਾਲ ਲਾਉਂਦੇ ਸਮੇਂ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਇਹ ਅੱਖਾਂ ’ਚ ਨਾ ਪੈ ਜਾਵੇ ਚੰਗੀ ਗੁਣਵੱਤਾ ਵਾਲੇ ਰੰਗ ਅਤੇ ਗੁਲਾਲ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤਾਂ ਕਿ ਚਮੜੀ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚੇ ਨਕਲੀ ਅਤੇ ਘਟੀਆ ਰੰਗ ਅੱਖਾਂ ਅਤੇ ਚਮੜੀ, ਦੋਵਾਂ ਲਈ ਹਾਨੀਕਾਰਕ ਹੁੰਦੇ ਹਨ ਅਬਰਕ ਮਿਲੇ ਗੁਲਾਲ ਦਾ ਵੀ ਇਸਤੇਮਾਲ ਨਹੀਂ ਕਰਨਾ ਚਾਹੀਦਾ ਕਿਉਂਕਿ ਅਜਿਹੇ ਗੁਲਾਲ ਨੂੰ ਚਿਹਰੇ ਅਤੇ ਮੱਥੇ ’ਤੇ ਲਾਉਣ ਨਾਲ ਚਮੜੀ ਛਿੱਲੀ ਜਾ ਸਕਦੀ ਹੈ।
- ਹੋਲੀ ਰੰਗਾਂ ਅਤੇ ਗੁਲਾਲ ਨਾਲ ਖੇਡੀ ਜਾਂਦੀ ਹੈ, ਇਸ ਲਈ ਕੁਦਰਤੀ ਰੰਗਾਂ ਦਾ ਹੀ ਇਸਤੇਮਾਲ ਕਰਨਾ ਚਾਹੀਦਾ ਹੈ, ਜਿਵੇਂ ਟੇਸੂ ਦੇ ਫੁੱਲਾਂ ਦਾ ਤਰਲ ਰੰਗ ਅਤੇ ਅਰਾਰੋਟ ਦਾ ਗੁਲਾਲ ਗੁਲਾਲ ’ਚ ਥੋੜ੍ਹਾ ਪਰਫਿਊਮ ਪਾ ਕੇ ਇਸਨੂੰ ਹੋਰ ਮਨਮੋਹਕ ਅਤੇ ਵਧੀਆ ਬਣਾਇਆ ਜਾ ਸਕਦਾ ਹੈ ਇਨ੍ਹਾਂ ਨਾਲ ਹੋਲੀ ਖੇਡਣ ਨਾਲ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਵੇਗਾ।
- ਪੱਕੇ ਰੰਗ, ਪੇਂਟ ਅਤੇ ਘਟੀਆ ਗੁਲਾਲ ਚਮੜੀ ਦੇ ਸੰਪਰਕ ’ਚ ਆਉਂਦੇ ਹੀ ਪ੍ਰਤੀਕਿਰਿਆ ਕਰਦੇ ਹਨ ਅਤੇ ਵਿਅਕਤੀ ਐਲਰਜੀ ਦਾ ਸ਼ਿਕਾਰ ਹੋ ਜਾਂਦਾ ਹੈ।
- ਇਨ੍ਹਾਂ ਰੰਗਾਂ ਨਾਲ ਰੰਗੀ ਚਮੜੀ ਨੂੰ ਸਾਫ ਕਰਨਾ ਵੀ ਕਾਫੀ ਮੁਸ਼ਕਿਲ ਹੁੰਦਾ ਹੈ ਕਿਉਂਕਿ ਇਹ ਰੰਗ ਰੋੋਮਾਂ ਰਾਹੀਂ ਚਮੜੀ ’ਚ ਦਖ਼ਲ ਕਰ ਜਾਂਦੇ ਹਨ ਜਿਸ ਦੀ ਵਜ੍ਹਾ ਨਾਲ ਰਗੜਦੇ-ਰਗੜਦੇ ਭਲੇ ਹੀ ਚਮੜੀ ਛਿੱਲੀ ਜਾਵੇ ਪਰ ਹੋਲੀ ਦੇ ਦਿਨ ਇਹ ਪੱਕੇ ਰੰਗ ਚਮੜੀ ਤੋਂ ਨਹੀਂ ਲਹਿੰਦੇ।
- ਹੋਲੀ ਖੇਡਣ ਤੋਂ ਬਾਅਦ ਐਲਰਜੀ ਕਾਰਨ ਚਮੜੀ ’ਤੇ ਲਾਲ-ਨੀਲੇ ਧੱਬੇ ਉੱਭਰ ਆਉਂਦੇ ਹਨ ਅਜਿਹਾ ਹੋਣ ’ਤੇ ਫੌਰਨ ਕਿਸੇ ਚਮੜੀ ਰੋਗ ਮਾਹਿਰ ਨੂੰ ਮਿਲ ਕੇ ਸਲਾਹ ਲੈਣੀ ਚਾਹੀਦੀ ਹੈ ਅਤੇ ਉਸਦੇ ਨਿਰਦੇਸ਼ ਅਨੁਸਾਰ ਦਵਾਈਆਂ ਲੈਣੀਆਂ ਚਾਹੀਦੀਆਂ ਹਨ ਇਸ ਨਾਲ ਐਲਰਜੀ ਤੋਂ ਜਲਦੀ ਛੁਟਕਾਰਾ ਮਿਲ ਜਾਵੇਗਾ।
- ਪੂਰੀਆਂ ਬਾਂਹਾਂ ਦੀ ਕਮੀਜ਼, ਫੁੱਲ ਪੈਂਟ, ਪੈਰਾਂ ’ਚ ਜ਼ੁਰਾਬਾਂ ਅਤੇ ਸਿਰ ’ਤੇ ਟੋਪੀ ਪਾ ਕੇ ਜਾਂ ਪਰਨਾ ਬੰਨ੍ਹ ਕੇ ਹੀ ਹੋਲੀ ਖੇਡੋ ਹੋਲੀ ਖੇਡਣ ਤੋਂ ਪਹਿਲਾਂ ਸਿਰ ਅਤੇ ਸਰੀਰ ’ਤੇ ਤੇਲ ਜਾਂ ਵੈਸਲੀਨ ਲਾ ਲੈਣੀ ਚਾਹੀਦੀ ਹੈ ਤਾਂ ਕਿ ਰੋਮਾਂ ਰਾਹੀਂ ਰੰਗ ਅਤੇ ਗੁਲਾਲ ਚਮੜੀ ’ਚ ਦਾਖਲ ਨਾ ਹੋ ਸਕੇ।
- ਹੋਲੀ ਖੇਡਣ ਤੋਂ ਬਾਅਦ ਰੰਗ ਨਾਲ ਰੰਗੇ ਕੱਪੜਿਆਂ ਨੂੰ ਛੇਤੀ ਲਾਹ ਦਿਓ ਕਿਉਂਕਿ ਰੰਗੇ ਕੱਪੜੇ ਜਿੰਨੇ ਸਮੇਂ ਤੱਕ ਚਮੜੀ ਦੇ ਸੰਪਰਕ ’ਚ ਰਹਿਣਗੇ, ਚਮੜੀ ਨੂੰ ਨੁਕਸਾਨ ਪਹੁੰਚਾਉਣਗੇ।
- ਜੇਕਰ ਹੋਲੀ ਖੇਡਦੇ ਸਮੇਂ ਰੰਗ ਜਾਂ ਗੁਲਾਲ ਲਾਉਂਦੇ ਹੀ ਜਲਣ ਮਹਿਸੂਸ ਹੋਵੇ ਤਾਂ ਤੁਰੰਤ ਕਿਸੇ ਮੁਲਾਇਮ ਕੱਪੜੇ ਨਾਲ ਚਮੜੀ ਸਾਫ ਕਰਕੇ ਧੋ ਲਓ।
- ਹੋਲੀ ਦੇ ਨਕਲੀ ਘਟੀਆ ਰੰਗਾਂ ਅਤੇ ਗੁਲਾਲ ਨਾਲ ਸਭ ਤੋਂ ਜ਼ਿਆਦਾ ਅੱਖਾਂ ਨੂੰ ਨੁਕਸਾਨ ਹੋਣ ਦਾ ਡਰ ਹੁੰਦਾ ਹੈ, ਇਸ ਲਈ ਘਟੀਆ ਰੰਗਾਂ, ਖਿੱਚ-ਧੂਹ ਅਤੇ ਰੰਗ ਭਰੇ ਗੁਬਾਰੇ ਆਦਿ ਤੋਂ ਬਚਣਾ ਚਾਹੀਦਾ।