ਚੂਹੀ ਤੇ ਚਿੱਬੜਾਂ ਦੀ ਵੇਲ
ਨਿਖਿਲ ਬੜਾ ਆਲਸੀ ਬੱਚਾ ਸੀ। ਸਵੇਰੇ ਮਾਂ-ਬਾਪ ਉਸਨੂੰ ਮਿੰਨਤਾਂ ਕਰਕੇ ਉਠਾਉਂਦੇ।। ਪਹੁ ਫੁਟਾਲੇ ਦੇ ਨਾਲ ਹੀ ਉਹ ਉਨੀਂਦਰੀਆਂ ਅੱਖ ਨਾਲ ਹੀ ਬਰੱਸ਼ ਕਰਦਾ ਤੇ ਨਹਾਉਂਦਾ। ਨਾਸ਼ਤਾ ਕਰਨ ਵੇਲੇ ਵੀ ਉਸ ਦੀਆਂ ਉਨੀਂਦਰੀਆਂ ਅੱਖਾਂ ਵੇਲ ਵੇਖ ਉਸ ਦੀ ਮੰਮੀ ਨੂੰ ਚਿੰਤਾ ਹੋਣ ਲੱਗਦੀ ਕਿ ਇਸਦਾ ਭਵਿੱਖ ਕੀ ਬਣੇਗਾ। ਇਨ੍ਹਾਂ ਗੱਲਾਂ ਕਰਕੇ ਮੰਮੀ ਸੋਚੀਂ ਪੈ ਜਾਂਦੀ ਪਰ ਨਿਖਿਲ ਨੂੰ ਕੋਈ ਪਰਵਾਹ ਨਹੀਂ ਸੀ। ਉਹਦੇ ਭਾਅ ਦੀ ਸੂਰਜ ਪੱਛਮੋਂ ਚੜ੍ਹਨ ਲੱਗ ਜਾਵੇ ਤਾਂ ਵੀ ਉਸ ਨੂੰ ਕੋਈ ਫ਼ਰਕ ਨਾ ਪਵੇ! ਅੱਧ-ਕੱਚੀ ਨੀਂਦ ’ਚ ਉਹ ਸਕੂਲ ਵੈਨ ਵਿੱਚ ਬੈਠਦਾ। ਸਕੂਲ ਪੁੱਜਦਿਆਂ ਹੀ ਜਮਾਤ ਵਿਚ ਉਸ ਬਾਰੇ ਘੁਸਰ-ਮੁਸਰ ਸ਼ੁਰੂ ਹੋ ਜਾਂਦੀ ਪਰ ਉਸਨੂੰ ਕੋਈ ਫਰਕ ਨਹੀਂ ਸੀ ਪੈਂਦਾ।
ਮੰਮੀ ਦੀ ਚਿੰਤਾ ਵਧਦੀ ਗਈ ਆਖਰ ਉਸਨੇ ਨਿਖਿਲ ਦੇ ਪਾਪਾ ਨਾਲ ਗੱਲ ਸਾਂਝੀ ਕੀਤੀ। ‘‘ਮੈਂ ਸੋਚਦਾਂ ਇਸ ਬਾਰੇ’’ ਪਾਪਾ ਨੇ ਕਿਹਾ। ਸ਼ਾਮ ਢਲਦਿਆਂ ਹੀ ਪਾਪਾ ਨੇ ਨਿਖਿਲ ਨੂੰ ਕੋਲ ਬੁਲਾਇਆ ਤੇ ਸਮਝਾਉਂਦੇ ਹੋਏ ਚੂਹੀ ਤੇ ਚਿੱਬੜਾਂ ਦੀ ਵੇਲ ਦੀ ਕਹਾਣੀ ਸੁਣਾਈ। ਸ਼ਹਿਰੀ ਇਲਾਕੇ ਦੇ ਇੱਕ ਸੁੰਞੇ ਪਲਾਟ ਵਿਚ ਇੱਕ ਚੂਹੀ ਰਹਿੰਦੀ ਸੀ। ਬੜੀ ਹੀ ਸੁਸਤ ਸੁਭਾਅ ਦੀ! ਸੁਸਤ ਕਿਉਂ ਨਾ ਹੁੰਦੀ, ਖਾਣੇ ਬਾਰੇ ਉਸਨੂੰ ਕੋਈ ਚਿੰਤਾ ਨਹੀਂ ਸੀ ਕਿਉਂਕਿ ਉਸਦੀ ਖੁੱਡ ਕੋਲ ਇੱਕ ਚਿੱਬੜਾਂ ਦੀ ਵੇਲ ਸੀ। ਉਹ ਅਰਾਮ ਨਾਲ ਉੱਠਦੀ ਤੇ ਪੱਕੇ ਚਿੱਬੜਾਂ ਦਾ ਅਨੰਦ ਲੈਂਦੀ ਅਤੇ ਆਪਣੀ ਖੁੱਡ ਵਿਚ ਜਾ ਵੜਦੀ। ਦੂਜੀਆਂ ਚੂਹੀਆਂ, ਜੋ ਅਕਸਰ ਖਾਣਾ ਖਾਣ ਅਤੇ ਇਕੱਠਾ ਕਰਨ ਆਉਂਦੀਆਂ ਸਨ, ਚੂਹੀ ਬਾਰੇ ਘੁਸਰ-ਮੁਸਰ ਕਰਦੀਆਂ ਰਹਿੰਦੀਆਂ।
ਕਰਦੇ-ਕਰਾਉਂਦੇ ਗੱਲ ਇੱਕ ਬੁੱਢੀ ਚੂਹੀ ਤੱਕ ਪੁੱਜੀ, ਉਸਨੂੰ ਚਿੰਤਾ ਹੋਈ ਤਾਂ ਉਹ ਚੂਹੀ ਨੂੰ ਸਮਝਾਉਣ ਤੁਰ ਪਈ। ਚੂਹੀ ਨੇ ਬੁੱਢੀ ਚੂਹੀ ਦਾ ਬੜਾ ਆਦਰ ਕੀਤਾ। ‘‘ਬੇਟੀ ਮੈਂ ਤੈਨੂੰ ਕੁਝ ਸਮਝਾਉਣ ਆਈ ਹਾਂ, ਤੂੰ ਨਿਰੀ ਇਸ ਵੇਲ ’ਤੇ ਨਿਰਭਰ ਨਾ ਰਹਿ, ਨਹੀਂ ਤਾਂ ਤੂੰ ਸਿਆਲ ਵਿੱਚ ਭੋਜਨ ਤੋਂ ਤੰਗ ਹੋਵੇਂਗੀ’’ ਬੁੱਢੀ ਚੂਹੀ ਨੇ ਲੰਮਾ ਸਾਹ ਲੈਂਦਿਆਂ ਕਿਹਾ। ਪਰ ਚੂਹੀ ਨੇ ਗੱਲ ਅਣਸੁਣੀ ਕਰਦੇ ਹੋਏ ਬੜੇ ਮਾਣ ਨਾਲ ਮਿੱਠੇ ਚਿੱਬੜ ਬੁੱਢੀ ਚੂਹੀ ਮੂਹਰੇ ਧਰ ਦਿੱਤੇ। ‘‘ਮੈਨੂੰ ਕੋਈ ਫ਼ਿਕਰ ਨਹੀਂ ਮੇਰੇ ਕੋਲ ਮਿੱਠੇ ਚਿੱਬੜਾਂ ਦੀ ਵੇਲ ਜੋ ਹੈ! ਮਿੱਠੇ-ਮਿੱਠੇ ਚਿੱਬੜ ਹਨ ਇਸਦੇ, ਤੁਸੀਂ ਮੇਰੀ ਚਿੰਤਾ ਛੱਡੋ! ਚਿੱਬੜਾਂ ਦਾ ਅਨੰਦ ਲਵੋ। ਹਾ! ਹਾ! ਹਾ!’’ ਚੂਹੀ ਨੇ ਬੜਾ ਰੁੱਖਾ ਜਵਾਬ ਦਿੱਤਾ।
‘‘ਚੰਗਾ ਮੈਂ ਚੱਲਦੀ ਹਾਂ ਤੂੰ ਮਿਹਨਤ ਕਰ ਤੇ ਸਿਆਲ ਲਈ ਖਾਣਾ ਇਕੱਠਾ ਕਰ ਲੈ, ਨਹੀਂ ਤਾਂ ਵੇਲਾ ਹੱਥ ਨਹੀਂ ਆਉਣਾ।’’
ਏਦਾਂ ਹੀ ਹੋਇਆ, ਸਰਦ ਰੁੱਤ ਦੀ ਸ਼ੁਰੂਆਤ ਹੋ ਗਈ ਸੀ ਤੇ ਵੇਲ ਹੌਲੀ-ਹੌਲੀ ਸੁੱਕ ਰਹੀ ਸੀ, ਤੇ ਦੋ-ਚਾਰ ਜੋ ਪੱਕੇ ਚਿੱਬੜ ਸਨ ਉਸ ਨੂੰ ਕੀੜੇ ਖਾ ਗਏ। ਕੜਾਕੇ ਦੀ ਠੰਢ ਵਿੱਚ ਚੂਹੀ ਵਿਚਾਰੀ ਕੀ ਕਰਦੀ। ਜੇ ਬਾਹਰ ਨਿੱਕਲਦੀ ਤਾਂ ਹੱਡ ਚੀਰਵਾਂ ਪਾਲ਼ਾ ਉਸਦਾ ਤ੍ਰਾਹ ਕੱਢ ਦਿੰਦਾ। ਠਰਦੀ-ਠਰਦੀ ਤੇ ਭੁੱਖਣਭਾਣੀ ਉਹ ਕਈ ਚੂਹੀਆਂ ਕੋਲ ਗਈ ਪਰ ਚੂਹੀਆਂ ਨੇ ਉਸਨੂੰ ਕੋਸਦੇ ਹੋਏ ਖਾਣਾ ਤਾਂ ਕੀ ਦੇਣਾ ਸੀ, ਬਾਹਰ ਵੀ ਨਹੀਂ ਆਈਆਂ ਤੇ ਉਸਨੂੰ ਚਲੇ ਜਾਣ ਲਈ ਕਿਹਾ।
ਆਖਰਕਾਰ ਉਸਨੂੰ ਬੁੱਢੀ ਚੂਹੀ ਦਾ ਖਿਆਲ ਆਇਆ, ਠਰਦੀ-ਠਰਦੀ ਉਹ ਬੁੱਢੀ ਚੂਹੀ ਕੋਲ ਪੁੱਜ ਗਈ। ਬੁੱਢੀ ਚੂਹੀ ਨੇ ਉਸਨੂੰ ਅੰਦਰ ਆਉਣ ਲਈ ਕਿਹਾ। ਬਜ਼ੁਰਗ ਚੂਹੀ ਦੀ ਖੁੱਡ ਵਿੱਚ ਤਰ੍ਹਾਂ-ਤਰ੍ਹਾਂ ਦਾ ਖਾਣਾ ਭਰਿਆ ਹੋਇਆ ਵੇਖ ਕੇ ਉਸ ਦੀ ਭੁੱਖ ਹੋਰ ਵੀ ਵੱਧ ਗਈ। ‘‘ਮੈਨੂੰ ਪਤਾ ਬੇਟੀ! ਤੈਨੂੰ ਕੀ ਚਾਹੀਦੈ, ਜੋ ਤੇਰਾ ਜੀਅ ਕਰਦੈ ਰੱਜ ਕੇ ਖਾ ਲੈ। ਪਰ ਇੱਕ ਸ਼ਰਤ ਐ ਕਿ ਜਦ ਸਿਆਲ ਖਤਮ ਹੋ ਗਿਆ ਤੂੰ ਮੇਰੇ ਤੋਂ ਜਿੰਨਾ ਖਾਣਾ ਲਿਆ ਉਹ ਵਾਪਸ ਕਰ ਦੇਵੀਂ।’’ ਬੁੱਢੀ ਚੂਹੀ ਨੂੰ ਉਸ ਚੂਹੀ ਦੀ ਹਾਲਤ ’ਤੇ ਤਰਸ ਆ ਰਿਹਾ ਸੀ। ਹੁਣ ਸਿਆਲ ਲੰਘ ਚੁੱਕਾ ਸੀ ਤੇ ਚੂਹੀ ਨੇ ਉਧਾਰ ਲਿਆ ਖਾਣਾ ਮੋੜਨ ਅਤੇ ਅਗਲੇ ਸਿਆਲ ਲਈ ਖਾਣਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਉਹ ਨਾਲ-ਨਾਲ ਨਵੀਂ ਫੁੱਟੀ ਚਿੱਬੜਾਂ ਦੀ ਵੇਲ ਦਾ ਵੀ ਖਿਆਲ ਰੱਖਦੀ ਤੇ ਮਿੱਠੇ ਚਿੱਬੜ ਖਾਂਦੀ।
ਨਿਖਿਲ ’ਤੇ ਚੂਹੀ ਦੀ ਕਹਾਣੀ ਦਾ ਅਸਰ ਹੋਇਆ ਤੇ ਉਹ ਸਮਝ ਚੁੱਕਾ ਸੀ ਕਿ ਆਲਸ ਤਿਆਗ ਕੇ ਤੇ ਮਿਹਨਤ ਕਰਕੇ ਸਭ ਪ੍ਰਾਪਤ ਕੀਤਾ ਜਾ ਸਕਦਾ ਹੈ। ਉਸਨੇ ਪਾਪਾ ਨੂੰ ਕਿਹਾ, ‘‘ਪਾਪਾ ਜੋ ਤੁਸੀਂ ਮੈਨੂੰ ਦਿੰਦੇ ਹੋ ਮੈਂ ਤੁਹਾਨੂੰ ਮਿਹਨਤ ਕਰਕੇ ਮੋੜ ਦਿਆਂਗਾ ਤੇ ਕਦੇ ਵੀ ਆਲਸ ਨਹੀਂ ਕਰਾਂਗਾ।’’
ਸਿੱਟਾ: ਆਲਸ ਤਿਆਗ ਕੇ ਮਿਹਨਤ ਕਰਨ ਵਾਲੇ ਸਭ ਕੁਝ ਪ੍ਰਾਪਤ ਕਰ ਲੈਂਦੇ ਹਨ। – ਬੱਗਾ ਸਿੰਘ, ਥਾਂਦੇਵਾਲਾ ਮੋ. 94684-66428