ਬੇਟਾ! ਤੇਰਾ ਵਾਲ ਵੀ ਵਿੰਗਾ ਨਹੀਂ ਹੋਣ ਦੇਵਾਂਗੇ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ
ਪ੍ਰੇਮੀ ਦਰਸ਼ਨ ਸਿੰਘ ਮੁਖੀ ਇੰਸਾਂ ਆਪਣੇ ਪੁੱਤਰ ਸ. ਮਿੱਠੂ ਸਿੰਘ ਮੁਹੱਲਾ ਗੁਰੂ ਨਾਨਕਪੁਰਾ ਬਠਿੰਡਾ ਸ਼ਹਿਰ ਤੋਂ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਆਪਣੇ ’ਤੇ ਹੋਈ ਰਹਿਮਤ ਦਾ ਵਰਣਨ ਕਰਦਾ ਹੈ
20 ਮਾਰਚ 1993 ਦੀ ਗੱਲ ਹੈ ਮੈਂ ਖੱਚਰ ਰੇਹੜੀ ਦਾ ਕੰਮ ਕਰਦਾ ਸੀ ਮੈਂ ਆਪਣੀ ਰੇਹੜੀ ’ਤੇ 25 ਬੋਰੀਆਂ ਸੀਮਿੰਟ ਕਿਸੇ ਦੁਕਾਨਦਾਰ ਦੇ ਘਰ ਲਿਜਾ ਰਿਹਾ ਸੀ ਉਸ ਦੁਕਾਨਦਾਰ ਦੇ ਘਰ ਦਾ ਗੇਟ ਛੋਟਾ ਸੀ ਤੇ ਗਲੀ ਭੀੜੀ ਸੀ ਜਦੋਂ ਰੇਹੜੀ ਅੰਦਰ ਵੜ ਰਹੀ ਸੀ ਤਾਂ ਮੈਂ ਰੇਹੜੀ ਨੂੰ ਪਿੱਛੋਂ ਧੱਕਾ ਲਾਉਣ ਲੱਗਾ ਤਾਂ ਖੱਚਰ ਰੇਹੜੀ ਪਿੱਛੇ ਵੱਲ ਆਉਣ ਲੱਗੀ ਖੱਚਰ ਨੇ ਮੈਨੂੰ ਕੰਧ ਤੇ ਰੇਹੜੀ ਦੇ ਸੰਨ੍ਹ ਵਿੱਚ ਲੈ ਲਿਆ ਇਸ ਘਟਨਾ ਵਿੱਚ ਮੇਰੀ ਲੱਤ ਟੁੱਟ ਗਈ ਅਤੇ ਮੈਂ ਬੇਹੋਸ਼ ਹੋ ਕੇ ਡਿੱਗ ਪਿਆ ਕਿਸੇ ਨੇ ਇਸ ਘਟਨਾ ਬਾਰੇ ਪ੍ਰੇਮੀ ਬਾਈ ਜਗਜੀਤ ਸਿੰਘ ਨੂੰ ਦੱਸ ਦਿੱਤਾ ਉਹ ਕੁਝ ਹੋਰ ਪ੍ਰੇਮੀਆਂ ਤੇ ਗਲੀ ਵਾਲਿਆਂ ਨੂੰ ਨਾਲ ਲੈ ਕੇ ਮੈਨੂੰ ਚੁੱਕ ਕੇ ਹਸਪਤਾਲ ਲੈ ਗਏ ਡਾਕਟਰ ਨੇ ਲੱਤ ਜੋੜਕੇ ਪਲੱਸਤਰ ਚੜ੍ਹਾ ਦਿੱਤਾ ਅਤੇ ਮੈਨੂੰ ਘਰ ਭੇਜ ਦਿੱਤਾ ਮੇਰੀ ਲੱਤ ਵਿੱਚ ਬਹੁਤ ਦਰਦ ਰਹਿਣ ਲੱਗਾ ਤੇ ਮੇਰੀ ਹਾਲਤ ਦਿਨੋਂ-ਦਿਨ ਵਿਗੜਦੀ ਗਈ
ਉਹਨਾਂ ਦਿਨਾਂ ਵਿੱਚ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸ਼੍ਰੀ ਗੁਰੂਸਰ ਮੋਡੀਆ ਵਿਖੇ ਪਧਾਰੇ ਹੋਏ ਸਨ ਮੇਰਾ ਪਰਿਵਾਰ ਤੇ ਸੇਵਾਦਾਰ ਪ੍ਰੇਮੀ ਮੈਨੂੰ ਸ੍ਰੀ ਗੁਰੂਸਰ ਮੋਡੀਆ ਵਿਖੇ ਲੈ ਗਏ ਕਿ ਮਰੀਜ਼ ਨੂੰ ਪਿਤਾ ਜੀ ਤੋਂ ਪ੍ਰਸ਼ਾਦ ਦਿਵਾ ਦੇਵਾਂਗੇ ਤੇ ਪਿਤਾ ਜੀ ਦੇ ਬਚਨਾਂ ਅਨੁਸਾਰ ਇਲਾਜ ਕਰਵਾਵਾਂਗੇ
ਪ੍ਰੇਮੀਆਂ ਦੀ ਮੱਦਦ ਨਾਲ ਮੈਨੂੰ ਜੀਪ ਵਿੱਚ ਲਿਟਾਕੇ ਸ਼੍ਰੀ ਗੁਰੂਸਰ ਮੋਡੀਆ ਵਿਖੇ ਲਿਜਾਇਆ ਗਿਆ ਸੇਵਾਦਾਰ ਮੋਹਨ ਲਾਲ ਨੇ ਹਜ਼ੂਰ ਪਿਤਾ ਜੀ ਨੂੰ ਮੇਰੀ ਹਾਲਤ ਬਾਰੇ ਦੱਸਿਆ ਕਿ ਪ੍ਰੇਮੀ ਦੀ ਲੱਤ ਦੀ ਹਾਲਤ ਬਹੁਤ ਖਰਾਬ ਹੈ ਹਜ਼ੂਰ ਪਿਤਾ ਜੀ ਉਸੇ ਵੇਲੇ ਮੇਰੇ ਕੋਲ ਆ ਗਏ, ਜਿੱਥੇ ਕਿ ਮੈਨੂੰ ਜੀਪ ਵਿੱਚ ਲਿਟਾਇਆ ਹੋਇਆ ਸੀ
ਪਿਤਾ ਜੀ ਨੇ ਪੁੱਛਿਆ, ‘‘ਪ੍ਰੇਮੀ ਨੂੰ ਕੀ ਹੋਇਆ?’’ ਪ੍ਰੀਤਮ ਸਿੰਘ ਨੇ ਕਿਹਾ, ਪਿਤਾ ਜੀ! ਇਸ ਦੀ ਲੱਤ ਬਹੁਤ ਬੁਰੀ ਤਰ੍ਹਾਂ ਨਾਲ ਟੁੱਟ ਗਈ ਹੈ ਪਿਤਾ ਜੀ ਨੇ ਮੇਰੇ ਮੂੰਹ ਤੋਂ ਕੰਬਲ ਚੁੱਕ ਕੇ ਬਚਨ ਕੀਤੇ, ‘‘ਬੇਟਾ! ਤੇਰਾ ਵਾਲ ਵੀ ਵਿੰਗਾ ਨਹੀਂ ਹੋਣ ਦੇਵਾਂਗੇ ਜਿਵੇਂ ਪਹਿਲਾਂ ਤੁਰਦਾ ਸੀ, ਉਸੇ ਤਰ੍ਹਾਂ ਹੀ ਤੁਰੇਂਗਾ’’ ਸੇਵਾਦਾਰ ਨੇ ਪਿਤਾ ਜੀ ਦੇ ਹੁਕਮ ਅਨੁਸਾਰ ਬਰਫੀ ਦਾ ਪ੍ਰਸ਼ਾਦ ਮੇਰੇ ਮੂੰਹ ਵਿੱਚ ਪਾ ਦਿੱਤਾ ਪਿਤਾ ਜੀ ਨੇ ਮੇਰੇ ਪਰਿਵਾਰ ਨੂੰ ਬਚਨ ਕੀਤੇ, ‘‘ਭਾਈ, ਇਸਨੂੰ ਸ਼੍ਰੀ ਗੰਗਾਨਗਰ ਲੈ ਕੇ ਜਾਣਾ ਹੈ’’ ਪਿਤਾ ਜੀ ਦੇ ਬਚਨਾਂ ਅਨੁਸਾਰ ਮੈਨੂੰ ਸਿੰਹਾਗ ਹਸਪਤਾਲ ਸ਼੍ਰੀ ਗੰਗਾਨਗਰ ਲਿਜਾਇਆ ਗਿਆ ਜਦੋਂ ਅਸੀਂ ਹਸਪਤਾਲ ਪਹੁੰਚੇ ਤਾਂ ਡਾਕਟਰ ਨੇ ਮੈਨੂੰ ਚੈਕਅੱਪ ਕਰਕੇ ਮੇਰੇ ਪਰਿਵਾਰ ਨੂੰ ਕਿਹਾ, ਦੋ ਬੋਤਲਾਂ ਖੂਨ ਦੀਆਂ ਤਿਆਰ ਕਰ ਲਓ ਮੈਂ ਇਸ ਮਰੀਜ਼ ਨੂੰ ਪੰਦਰਾਂ ਦਿਨਾਂ ਵਿੱਚ ਤੋਰਕੇ ਦਿਖਾ ਦੇਵਾਂਗਾ
ਰਾਤ ਨੂੰ ਮੇਰਾ ਅਪਰੇਸ਼ਨ ਹੋਣਾ ਸੀ ਮੈਨੂੰ ਘਬਰਾਹਟ ਹੋ ਰਹੀ ਸੀ ਰਾਤ ਨੂੰ ਜਾਗੋ-ਮੀਟੀ ਅਵਸਥਾ ਵਿੱਚ ਹਜ਼ੂਰ ਪਿਤਾ ਜੀ ਨੇ ਮੈਨੂੰ ਦਰਸ਼ਨ ਦਿੱਤੇ ਅਤੇ ਬਚਨ ਫਰਮਾਇਆ, ‘‘ਇਕ ਲਾਸ਼ ਜੋ ਕਿ ਟੀ.ਵੀ ਟਾਵਰ ਕੋਲ ਪਈ ਹੈ, ਉਸ ਦੇ ਸਵਾਸ ਕੱਢ ਕੇ ਤੇਰੇ ਵਿਚ ਪਾਏ ਹਨ’’ ਪਿਤਾ ਜੀ ਨੇ ਉਹ ਲਾਸ਼ ਮੈਨੂੰ ਟੀ.ਵੀ. ਟਾਵਰ ਬਠਿੰਡਾ ਕੋਲ ਪਈ ਦਿਖਾਈ ਜਿਹੜੀ ਕਿ ਸਫੈਦ ਚਾਦਰ ਨਾਲ ਢੱਕੀ ਹੋਈ ਸੀ
ਸਵੇਰ ਹੋ ਗਈ ਸੀ ਜਦੋਂ ਸੁਬਹ ਦੇ ਪੰਜ ਵਜੇ ਮੈਨੂੰ ਰੇਹੜੀ ਵਿੱਚ ਪਾ ਕੇ ਅਪਰੇਸ਼ਨ ਲਈ ਲਿਜਾਇਆ ਜਾ ਰਿਹਾ ਸੀ ਤਾਂ ਉਸ ਸਮੇਂ ਮੇਰੇ ਘਰਵਾਲੀ ਤੇ ਮੇਰੀ ਭੈਣ ਰੋਣ ਲੱਗ ਪਈਆਂ ਉਸ ਤੋਂ ਪਹਿਲਾਂ ਉਹਨਾਂ ਤੋਂ ਦਸਤਖ਼ਤ ਕਰਵਾ ਲਏ ਗਏ ਸਨ ਕਿ ਮਰੀਜ਼ ਦੀ ਮੌਤ ਹੋਣ ਦੀ ਸੂਰਤ ਵਿੱਚ ਡਾਕਟਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ ਉਸ ਸਮੇਂ ਮੈਨੂੰ ਇੱਕ ਪਾਸੇ ਪਰਮਪਿਤਾ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਤੇ ਦੂਜੇ ਪਾਸੇ ਪੂਜਨੀਕ ਹਜ਼ੂਰ ਪਿਤਾ ਜੀ ਦੇ ਦਰਸ਼ਨ ਹੋ ਰਹੇ ਸਨ ਡਾਕਟਰ ਨੇ ਬੇਹੋਸ਼ੀ ਦਾ ਟੀਕਾ ਲਾਇਆ
ਹੁਣ ਮੇਰਾ ਅਪਰੇਸ਼ਨ ਹੋ ਚੁੱਕਾ ਸੀ ਉਸ ਤੋਂ ਬਾਅਦ ਮੈਨੂੰ ਥੋੜ੍ਹੀ-ਥੋੜ੍ਹੀ ਬੇਹੋਸ਼ੀ ਸੀ ਹਜ਼ੂਰ ਪਿਤਾ ਜੀ ਨੇ ਮੈਨੂੰ ਆਪਣੇ ਦੋਨਾਂ ਪਵਿੱਤਰ ਹੱਥਾਂ ਨਾਲ ਅਸ਼ੀਰਵਾਦ ਦਿੱਤਾ ਅਤੇ ਫੁਰਮਾਇਆ, ‘‘ਬੇਟਾ! ਘਬਰਾ ਨਾ, ਅਸੀਂ ਤੇਰੇ ਨਾਲ ਹਾਂ’’ ਅਗਲੇ ਦਿਨ ਹਜ਼ੂਰ ਪਿਤਾ ਜੀ ਨੇ ਸ਼੍ਰੀ ਗੁਰੂਸਰ ਮੋਡੀਆ ਤੋਂ ਮੇਰੇ ਲਈ ਸਪੈਸ਼ਲ ਪ੍ਰਸ਼ਾਦ ਭੇਜਿਆ 12 ਦਿਨਾਂ ਬਾਅਦ ਮੈਨੂੰ ਹਸਪਤਾਲ ਤੋਂ ਛੁੱਟੀ ਮਿਲੀ ਤਾਂ ਡਾਕਟਰ ਨੇ ਕਿਹਾ ਕਿ ਇਹ ਜਿਹੜੀਆਂ ਪਲੇਟਾਂ ਹਨ ਇਹ ਤੁਸੀਂ ਇੱਕ ਸਾਲ ਵਿੱਚ ਕਢਵਾ ਦੇਣੀਆਂ ਹਨ
ਦੋ ਦਿਨ ਬਾਅਦ ਮੈਂ ਪੂਜਨੀਕ ਹਜ਼ੂਰ ਪਿਤਾ ਜੀ ਦੇ ਦਰਸ਼ਨ ਕਰਨ ਲਈ ਸਰਸਾ ਦਰਬਾਰ ਗਿਆ ਜਦੋਂ ਮੈਨੂੰ ਪਿਤਾ ਜੀ ਨੂੰ ਮਿਲਣ ਦਾ ਸਮਾਂ ਮਿਲਿਆ ਤਾਂ ਮੈਂ ਜੀਅ ਭਰਕੇ ਪਿਤਾ ਜੀ ਦੇ ਦਰਸ਼ਨ ਕੀਤੇ ਪਿਤਾ ਜੀ ਨੇ ਮੈਨੂੰ ਬਚਨ ਫਰਮਾਏ, ‘‘ਬੇਟਾ! ਘਬਰਾ ਨਾ, ਕੁਝ ਦਿਨਾਂ ਵਿੱਚ ਤੇਰੀਆਂ ਇਹ ਫੌਹੜੀਆਂ ਵੀ ਛੁਡਾ ਦੇਵਾਂਗੇ’’ ਕੁਝ ਸਮੇਂ ਬਾਅਦ ਮੈਂ ਬਿਲਕੁਲ ਠੀਕ ਹੋ ਗਿਆ ਇਸ ਪੂਰੇ ਸਮੇਂ ਦੌਰਾਨ ਬਠਿੰਡਾ ਦੀ ਸਾਧ-ਸੰਗਤ ਨੇ ਮੇਰੀ ਹਰ ਤਰ੍ਹਾਂ ਨਾਲ ਮੱਦਦ ਕੀਤੀ ਜਿਵੇਂ ਕਿ ਮੈਂ ਗਰੀਬ ਆਦਮੀ ਸੀ
ਮੈਂ ਆਪਣੇ ਆਪ ਐਨੇ ਵੱਡੇ ਹਸਪਤਾਲ ਵਿੱਚ ਇਲਾਜ ਨਹੀਂ ਕਰਵਾ ਸਕਦਾ ਸੀ ਮੇਰੇ ਬੱਚੇ ਛੋਟੇ ਸਨ ਕਮਾਈ ਦਾ ਕੋਈ ਸਾਧਨ ਨਹੀਂ ਸੀ ਇਸ ਤੋਂ ਬਾਅਦ ਮੈਂ ਪਿਤਾ ਜੀ ਨੂੰ ਮਿਲਕੇ ਉਹਨਾਂ ਦਾ ਲੱਖ-ਲੱਖ ਵਾਰ ਧੰਨਵਾਦ ਕੀਤਾ ਤੇ ਅਰਜ਼ ਕੀਤੀ, ਪਿਤਾ ਜੀ, ਮੈਂ ਕੋਈ ਕੰਮ ਕਰਨਾ ਚਾਹੁੰਦਾ ਹਾਂ ਪਿਤਾ ਜੀ ਨੇ ਬਚਨ ਕੀਤੇ, ‘‘ਬੇਟਾ! ਸਾਡਾ ਅਸ਼ੀਰਵਾਦ ਤੇਰੇ ਨਾਲ ਹੈ, ਤੂੰ ਜੋ ਵੀ ਚੰਗਾ ਕੰਮ ਕਰੇਂਗਾ’’ ਉਸ ਤੋਂ ਬਾਅਦ ਮੈਂ ਟਮਾਟਰ ਦਾ ਕੰਮ ਸ਼ੁਰੂ ਕੀਤਾ, ਜੋ ਅੱਜ ਵੀ ਪਿਤਾ ਜੀ ਦੀ ਰਹਿਮਤ ਨਾਲ ਕਰ ਰਿਹਾ ਹਾਂ ਪਿਤਾ ਜੀ ਦੀ ਰਹਿਮਤ ਨਾਲ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈ ਮੈਂ ਪਿਤਾ ਜੀ ਦੇ ਆਪਣੇ ਤੇ ਹੋਏ ਉਪਕਾਰਾਂ ਦਾ ਬਦਲਾ ਕਿਵੇਂ ਵੀ ਨਹੀਂ ਚੁਕਾ ਸਕਦਾ ਬਸ! ਧੰਨ ਧੰਨ ਹੀ ਕਰ ਸਕਦਾ ਹਾਂ