61ਵਾਂ ਮਹਾਂ ਰਹਿਮੋ-ਕਰਮ ਦਿਵਸ 28 ਫਰਵਰੀ, ਵਿਸ਼ੇਸ਼:- ‘ਸਤਿਨਾਮ’ ਖੰਡ-ਬ੍ਰਹਿਮੰਡ ਹਨ ਜਿਸ ਦੇ ਸਹਾਰੇ 61st maha rehmo karam diwas 28th february special
28 ਫਰਵਰੀ 1960 ਨੂੰ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਗਜ਼ਬ ਦਾ ਖੇਡ ਰਚਿਆ ਆਪਣੀ ਰੂਹਾਨੀ ਹਸਤੀ ਨੂੰ ਜਗ-ਜ਼ਾਹਿਰ ਕਰਨ ਦਾ ਇਹ ਉਪਯੁਕਤ ਸਮਾਂ ਪੂਜਨੀਕ ਬੇਪਰਵਾਹ ਜੀ ਨੇ ਖੁਦ ਨਿਰਧਾਰਤ ਕੀਤਾ ਆਪ ਜੀ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਨਵੇਂ-ਨਵੇਂ ਨੋਟਾਂ ਦੇ ਸਿਰ ਤੋਂ ਪੈਰਾਂ ਤੱਕ ਲੰਬੇ-ਲੰਬੇ ਹਾਰ ਪਹਿਨਾਏ ਅਤੇ ਸਰਸਾ ਸ਼ਹਿਰ ਵਿੱਚ ਸ਼ਾਹੀ ਜਲੂਸ ਕਢਵਾਇਆ ਤਾਂ ਕਿ ਦੁਨੀਆ ਨੂੰ ਵੀ ਪਤਾ ਲੱਗੇ
ਕਿ ਸਾਈਂ ਮਸਤਾਨਾ ਜੀ ਮਹਾਰਾਜ ਨੇ ਸ੍ਰੀ ਜਲਾਲਆਣਾ ਸਾਹਿਬ ਦੇ ਜ਼ੈਲਦਾਰ ਸਰਦਾਰ ਸਤਿਨਾਮ ਸਿੰਘ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ) ਨੂੰ ਡੇਰਾ ਸੱਚਾ ਸੌਦਾ ਵਿੱਚ ਆਪਣਾ ਉੱਤਰਅਧਿਕਾਰੀ ਬਣਾ ਲਿਆ ਹੈ ਦੁਨੀਆ ਨੂੰ ਦੱਸਣ ਲਈ ਵੀ ਇਹ ਜ਼ਰੂਰੀ ਸੀ ਹਾਲਾਂਕਿ ਬੇਪਰਵਾਹ ਜੀ ਨੇ ਪੂਰੀ ਤਰ੍ਹਾਂ ਠੋਕ ਵਜਾ ਕੇ ਪੂਜਨੀਕ ਪਰਮ ਪਿਤਾ ਜੀ ਨੂੰ ਆਪਣੇ ਵਾਰਿਸ ਦੇ ਤੌਰ ’ਤੇ ਚੁਣਿਆ ਸੀ, ਤਾਂ ਕਿ ਦੁਨੀਆਂ ਵੀ ਇਹ ਜਾਣ ਜਾਵੇ ਕਿ ਉਹਨਾਂ ਨੇ ਸਰਦਾਰ ਸਤਿਨਾਮ ਸਿੰਘ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ) ਨੂੰ ਡੇਰਾ ਸੱਚਾ ਸੌਦਾ ਗੁਰਗੱਦੀ ’ਤੇ ਬਤੌਰ ਦੂਜੇ ਪਾਤਸ਼ਾਹ ਬਿਰਾਜ਼ਮਾਨ ਕੀਤਾ ਹੈ
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਗੁਰਗੱਦੀ ਬਖਸ਼ਿਸ਼ ਦਾ 28 ਫਰਵਰੀ 1960 ਦਾ ਦਿਨ ਤੈਅ ਕੀਤਾ ਪੂਜਨੀਕ ਬੇਪਰਵਾਹ ਜੀ ਦੇ ਹੁਕਮ ਅਨੁਸਾਰ ਇਸ ਸ਼ੁੱਭ ਦਿਨ ’ਤੇ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਆਦਿ ਰਾਜਾਂ ਤੋਂ ਸਾਧ-ਸੰਗਤ ਡੇਰਾ ਸੱਚਾ ਸੌਦਾ ਸਰਸਾ ਦਰਬਾਰ ਵਿੱਚ ਪਹੁੰਚ ਗਈ ਸੀ ਬੇਪਰਵਾਹੀ ਹੁਕਮ ਦੇ ਅਨੁਸਾਰ ਪੂਜਨੀਕ ਪਰਮ ਪਿਤਾ ਜੀ ਨੂੰ ਸਿਰ ਤੋਂ ਪੈਰਾਂ ਤੱਕ ਨਵੇਂ-ਨਵੇਂ ਨੋਟਾਂ ਦੇ ਲੰਬੇ-ਲੰਬੇ ਹਾਰ ਪਹਿਨਾਏ ਗਏ
ਇਕ ਜੀਪ ਨੂੰ ਵਿਸ਼ੇਸ਼ ਤੌਰ ’ਤੇ ਸਜਾਇਆ ਗਿਆ ਸੀ ਅਤੇ ਉਸ ਵਿੱਚ ਇੱਕ ਕੁਰਸੀ ਵੀ ਸਜਾਈ ਗਈ ਸੀ ਪੂਜਨੀਕ ਸਾਈਂ ਜੀ ਨੇ ਪੂਜਨੀਕ ਪਰਮ ਪਿਤਾ ਜੀ ਨੂੰ ਉਸ ਕੁਰਸੀ ’ਤੇ ਬਿਰਾਜਮਾਨ ਕੀਤਾ ਅਤੇ ਸਰਸਾ ਸ਼ਹਿਰ ਵਿੱਚ ਸ਼ੋਭਾ ਯਾਤਰਾ ਕੱਢਣ ਦਾ ਹੁਕਮ ਫਰਮਾਇਆ ਆਪ ਜੀ ਨੇ ਸੰਗਤ ਵਿੱਚ ਫਰਮਾਇਆ ਕਿ ‘ਸਰਦਾਰ ਸਤਿਨਾਮ ਸਿੰਘ ਜੀ ਬਹੁਤ ਬਹਾਦਰ ਹੈਂ ਇਨਹੋਂ ਨੇ ਇਸ ਮਸਤਾਨਾ ਗਰੀਬ ਕੇ ਹਰ ਹੁਕਮ ਕੋ ਮਾਨਾ ਹੈ ਇਹਨੋਂ ਨੇ ਹਮਾਰੇ ਲੀਏ ਬਹੁਤ ਬੜੀ ਕੁਰਬਾਨੀ ਦੀ ਹੈ ਇਨਕੀ ਜਿਤਨੀ ਤਰੀਫ ਕੀ ਜਾਏ ਉਤਨੀ ਹੀ ਕਮ ਹੈ ਆਜ ਸੇ ਹਮ ਇਨਹੇਂ ਆਪਣਾ ਵਾਰਿਸ, ਸੱਚਾ ਸੌਦਾ ਗੁਰਗੱਦੀ ਦਾ ਉੱਤਰਅਧਿਕਾਰੀ, ਖੁਦ-ਖੁਦਾ, ਕੁਲ ਮਾਲਕ ਬਨਾ ਦੀਆ ਹੈ’
ਪੂਜਨੀਕ ਬੇਪਰਵਾਹ ਜੀ ਨੇ ਸਾਧ-ਸੰਗਤ ਨੂੰ ਵੀ ਹੁਕਮ ਦਿੱਤਾ ਕਿ ਸਰਸਾ ਸ਼ਹਿਰ ਦੀ ਹਰ ਗਲੀ, ਹਰ ਮੁਹੱਲੇ ਵਿੱਚ ਇਹ ਸ਼ੋਭਾ ਯਾਤਰਾ ਕੱਢਣੀ ਹੈ ਤਾਂ ਕਿ ਸ਼ਹਿਰ (ਦੁਨੀਆਂ) ਦੇ ਹਰ ਬੱਚੇ-ਬੱਚੇ ਨੂੰ ਵੀ ਪਤਾ ਲੱਗ ਜਾਵੇ ਕਿ ਸ੍ਰੀ ਜਲਾਲਆਣਾ ਵਾਲੇ ਸਰਦਾਰ ਸਤਿਨਾਮ ਸਿੰਘ ਜੀ ਨੂੰ ਅੱਜ ਤੋਂ ਹੀ ਸੱਚਾ ਸੌਦਾ ਦਾ ਵਾਰਿਸ ਬਣਾ ਦਿੱਤਾ ਹੈ ਦਰਬਾਰ ਦੇ ਹਰ ਸ਼ਖ਼ਸ ਨੂੰ ਜਲੂਸ ਵਿੱਚ ਸ਼ਾਮਲ ਹੋਣ ਦਾ ਹੁਕਮ ਸੀ ਕਿ ‘ਮੌਜ ਦੇ ਦਰਸ਼ਨ ਕਰਨੇ ਹਨ ਤਾਂ ਜਲੂਸ ਵਿੱਚ ਸ਼ਾਮਲ ਹੋ ਕੇ ਸਰਦਾਰ ਸਤਿਨਾਮ ਸਿੰਘ ਜੀ ਦੇ ਦਰਸ਼ਨ ਕਰੋ ਸਰਦਾਰ ਸਤਿਨਾਮ ਸਿੰਘ ਜੀ ਨੂੰ ਅਸੀਂ ਆਪਣਾ ਸਵਰੂਪ ਬਣਾ ਲਿਆ ਹੈ ’
ਸ਼ਹਿਨਸ਼ਾਹੀ ਹੁਕਮ ਅਨੁਸਾਰ ਸ਼ਾਹੀ ਸ਼ੋਭਾ ਯਾਤਰਾ ਪੂਰੇ ਸਰਸਾ ਸ਼ਹਿਰ ਵਿੱਚ ਭ੍ਰਮਣ ਤੋਂ ਬਾਅਦ ਜਦੋਂ ਵਾਪਸ ਪਹੁੰਚੀ ਤਾਂ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਆਸ਼ਰਮ ਦੇ ਮੁੱਖ ਦਰਵਾਜੇ ’ਤੇ ਪੂਜਨੀਕ ਪਰਮ ਪਿਤਾ ਜੀ ਦਾ ਖੁਦ ਸੁਆਗਤ ਕੀਤਾ ਸਾਈਂ ਮਸਤਾਨਾ ਜੀ ਮਹਾਰਾਜ ਨੇ ਸੰਗਤ ਵਿੱਚ ਬਚਨ ਫਰਮਾਇਆ, ‘ਭਈ, ਸਰਦਾਰ ਸਤਿਨਾਮ ਜੀ ਕੋ ਆਜ ਆਤਮਾ ਸੇ ਪਰਮਾਤਮਾ ਕਰ ਦੀਆ ਹੈ’ ਜਲੂਸ ਵਿੱਚ ਸ਼ਾਮਲ ਸਾਰੀ ਸਾਧ-ਸੰਗਤ ਨੂੰ ਪੰਗਤੀਆਂ ਵਿੱਚ ਬਿਠਾ ਕੇ ਪੂਜਨੀਕ ਸਾਈਂ ਜੀ ਨੇ ਖੁਦ ਪ੍ਰਸ਼ਾਦ ਵੰਡਿਆ
ਡੇਰਾ ਸੱਚਾ ਸੌਦਾ ਦੀ ਪਹਿਲੀ ਪਾਤਸ਼ਾਹੀ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੂੰ ਆਪਣੇ ਵਾਰਿਸ (ਡੇਰਾ ਸੱਚਾ ਸੌਦਾ ਦਾ ਉੱਤਰਅਧਿਕਾਰੀ) ਦੇ ਰੂਪ ਵਿੱਚ ਬਤੌਰ ਦੂਜੇ ਪਾਤਸ਼ਾਹ ਪ੍ਰਗਟ ਕਰਕੇ ਦੁਨੀਆਂ ਨੂੰ ਇੱਕ ਉਸ ਮਹਾਨ ਈਸ਼ਵਰੀ ਹਸਤੀ ਨਾਲ ਰੂ-ਬ-ਰੂ ਕਰਵਾਇਆ ਜਿਸ ਦੇ ਸਹਾਰੇ ਖੰਡ-ਬ੍ਰਹਿਮੰਡ ਖੜ੍ਹੇ ਹਨ, ਸਭ ਵੇਦ-ਪੁਰਾਣਾਂ, ਸੰਤਾਂ ਨੇ ਜਿਸ ਦਾ ਗੁਣਗਾਨ ਕੀਤਾ ਹੈ
ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ 14 ਮਾਰਚ 1954 ਨੂੰ ਪੂਜਨੀਕ ਪਰਮ ਪਿਤਾ ਜੀ ਨੂੰ ਘੂਕਿਆਂਵਾਲੀ ਦਰਬਾਰ ਵਿੱਚ ਸਤਿਸੰਗ ਤੋਂ ਬਾਅਦ ਖੁਦ ਅਵਾਜ਼ ਦੇ ਕੇ, ਬੁਲਾ ਕੇ ਆਪਣੇ ਮੂਹੜੇ ਦੇ ਕੋਲ ਬਿਠਾ ਕੇ ਨਾਮ-ਸ਼ਬਦ ਦਿੱਤਾ ਕਿ ‘ਆਪਕੋ ਇਸ ਲੀਏ ਪਾਸ ਬਿਠਾ ਕਰ ਨਾਮ ਦੇੇਤੇ ਹੈਂ ਕਿ ਆਪਸੇ ਕੋਈ ਕਾਮ ਲੇਨਾ ਹੈ, ਆਪ ਕੋ ਜਿੰਦਾਰਾਮ (ਰੂਹਾਨੀਅਤ) ਕਾ ਲੀਡਰ ਬਨਾਏਂਗੇ ਜੋ ਦੁਨੀਆਂ ਮੇਂ ਨਾਮ ਜਪਾਏਗਾ’ ਬੇਪਰਵਾਹੀ ਬਚਨਾਂ ਨੂੰ ਉਸ ਸਮੇਂ ਕੋਈ ਨਹੀਂ ਸਮਝ ਪਾਇਆ ਸੀ
28 ਫਰਵਰੀ 1960 ਨੂੰ ਪੂਜਨੀਕ ਬੇਪਰਵਾਹ ਜੀ ਨੇ ਪੂਜਨੀਕ ਪਰਮ ਪਿਤਾ ਜੀ ਨੂੰ ਆਪਣਾ ਵਾਰਿਸ ਐਲਾਨ ਕੀਤਾ ਤਾਂ ਉਹਨਾਂ ਬਚਨਾਂ ਦੀ ਸੱਚਾਈ ਤਦ ਦੁਨੀਆਂ ਸਮਝ ਪਾਈ ਪੂਜਨੀਕ ਬੇਪਰਵਾਹ ਜੀ ਨੇ ਇਸ ਤੋਂ ਪਹਿਲਾਂ ਵੀ ਪੂਜਨੀਕ ਪਰਮ ਪਿਤਾ ਜੀ ਦੀ ਮਹਾਨ ਹਸਤੀ ਬਾਰੇ ਸਮੇਂ-ਸਮੇਂ ’ਤੇ ਕਈ ਵਾਰ ਇਸ਼ਾਰੇ ਕੀਤੇ ਸਨ ‘ਭਈ, ਯੇ ਰੱਬ ਕੀ ਪੈੜ ਹੈ’, ਜਦੋਂ ਬੇਪਰਵਾਹ ਜੀ ਨੇ ਇੱਕ ਪੈਰ ਦੇ ਨਿਸ਼ਾਨ ਨੂੰ ਆਪਣੀ ਡੰਗੋਰੀ ਨਾਲ ਘੇਰਾ ਬਣਾ ਕੇ ਬਚਨ ਕੀਤੇ ਕਿ ‘ਆਓ ਭਈ ਤੁਮਹੇਂ ਰੱਬ ਕੀ ਪੈੜ ਦਿਖਾਏਂ’ ਹਾਲਾਂਕਿ ਨਾਲ ਵਾਲੇ ਸੇਵਾਦਾਰਾਂ ਨੇ ਚਾਹੇ ਕੁਝ ਵੀ ਕਿਹਾ ਪਰ ਪੂਜਨੀਕ ਸਾਈਂ ਜੀ ਨੇ ਜ਼ਮੀਨ ’ਤੇ ਡੰਗੋਰੀ ਠੋਕ ਕੇ ਕਿਹਾ ਕਿ ‘ਯੇ ਰੱਬ ਕੀ ਹੀ ਪੈੜ ਹੈ’ ਅਤੇ ਸਮਾਂ ਆਉਣ ’ਤੇ ਸਾਈਂ ਜੀ ਨੇ ਰੱਬ ਨੂੰ ਜ਼ਾਹਿਰ ਵੀ ਕਰ ਦਿੱਤਾ
Table of Contents
ਜੀਵਨ ਦਰਸ਼ਨ:-
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਪਿੰਡ ਸ੍ਰੀ ਜਲਾਲਆਣਾ ਸਾਹਿਬ ਜ਼ਿਲ੍ਹਾ ਸਰਸਾ ਦੇ ਰਹਿਣ ਵਾਲੇ ਸਨ ਆਪ ਜੀ ਦੇ ਪੂਜਨੀਕ ਪਿਤਾ ਜੀ ਦਾ ਨਾਂਅ ਜ਼ੈਲਦਾਰ ਸਰਦਾਰ ਵਰਿਆਮ ਸਿੰਘ ਜੀ ਅਤੇ ਪੂਜਨੀਕ ਮਾਤਾ ਜੀ ਦਾ ਨਾਂਅ ਪੂਜਨੀਕ ਮਾਤਾ ਆਸ ਕੌਰ ਜੀ ਸੀ ਪੂਜਨੀਕ ਪਿਤਾ ਜੀ ਬਹੁਤ ਵੱਡੇ ਜ਼ਮੀਨ-ਜਾਇਦਾਦ ਦੇ ਮਾਲਕ ਸਨ ਘਰ ਵਿੱਚ ਕਿਸੇ ਵੀ ਦੁਨਿਆਵੀ ਪਦਾਰਥ ਦੀ ਕਮੀ ਨਹੀਂ ਸੀ ਕਮੀ ਸੀ ਤਾਂ ਆਪਣੇ ਖਾਨਦਾਨ ਦੇ ਵਾਰਿਸ ਦੀ 18 ਸਾਲਾਂ ਤੋਂ ਪੂਜਨੀਕ ਮਾਤਾ-ਪਿਤਾ ਜੀ ਨੂੰ ਸੰਤਾਨ ਦੀ ਚਿੰਤਾ ਸਤਾਏ ਹੋਏ ਸੀ ਪੂਜਨੀਕ ਮਾਤਾ-ਪਿਤਾ ਜੀ ਮਾਲਕ, ਵਾਹਿਗੁਰੂ, ਪਰਮਾਤਮਾ ਦੀ ਭਗਤੀ ਅਤੇ ਸਾਧੂ, ਸੰਤ-ਮਹਾਤਮਾਵਾਂ ਦੀ ਸੇਵਾ ਵਿੱਚ ਦ੍ਰਿੜ੍ਹ ਵਿਸ਼ਵਾਸ ਰੱਖਦੇ ਸਨ ਇੱਕ ਸੱਚੇ ਫਕੀਰ-ਬਾਬਾ ਦੇ ਨਾਲ ਉਹਨਾਂ ਦਾ ਮਿਲਾਪ ਹੋਇਆ ਉਹ ਫਕੀਰ-ਬਾਬਾ ਕਈ ਦਿਨਾਂ ਤੱਕ ਸ੍ਰੀ ਜਲਾਲਆਣਾ ਸਾਹਿਬ ਵਿੱਚ ਰਹੇ ਭੋਜਨ-ਪਾਣੀ ਉਹ ਪੂਜਨੀਕ ਮਾਤਾ-ਪਿਤਾ ਜੀ ਦੇ ਇੱਥੇ ਹੀ ਕਰਿਆ ਕਰਦੇ ਸਨ
ਪੂਜਨੀਕ ਮਾਤਾ-ਪਿਤਾ ਜੀ ਆਪਣੇ ਨੇਕ ਸੁਭਾਅ ਅਨੁਸਾਰ ਉਸ ਫਕੀਰ ਬਾਬਾ ਦੀ ਸੱਚੇ ਦਿਲੋਂ ਸੇਵਾ ਕਰਦੇ, ਆਦਰਪੂਰਵਕ ਬਿਠਾਉਂਦੇ, ਭੋਜਨ-ਪਾਣੀ ਕਰਵਾਉਂਦੇ ਸਾਈਂ ਬਾਬਾ ਨੇ ਪੂਜਨੀਕ ਮਾਤਾ-ਪਿਤਾ ਦੀ ਪਵਿੱਤਰ ਸੇਵਾ-ਭਾਵਨਾ ਤੋਂ ਖੁਸ਼ ਹੋ ਕੇ ਕਿਹਾ, ‘ਈਸ਼ਵਰ ਤੁਹਾਡੀ ਮਨੋਕਾਮਨਾ ਜ਼ਰੂਰ ਪੂਰੀ ਕਰਨਗੇ ਆਪਦੇ ਘਰ ਆਪ ਦਾ ਵਾਰਿਸ ਜ਼ਰੂਰ ਆਏਗਾ ਕੇਵਲ ਆਪਣੇ ਖਾਨਦਾਨ ਦਾ ਹੀ ਵਾਰਿਸ ਨਹੀਂ, ਉਹ ਕੁੱਲ ਦੁਨੀਆਂ ਦਾ ਵਾਰਸ ਕਹਾਏਗਾ’ ਇਸ ਪ੍ਰਕਾਰ ਫਕੀਰ ਬਾਬਾ ਦੀਆਂ ਦੁਆਵਾਂ ਅਤੇ ਈਸ਼ਵਰ ਦੀ ਕ੍ਰਿਪਾ ਨਾਲ ਆਪ ਜੀ ਨੇ 25 ਜਨਵਰੀ 1919 ਨੂੰ ਅਵਤਾਰ ਧਾਰਨ ਕੀਤਾ ਇਸ ਸ਼ੁੱਭ ਮੌਕੇ ’ਤੇ ਉਸ ਫਕੀਰ ਬਾਬਾ ਦਾ ਇੱਕ ਵਾਰ ਫਿਰ ਤੋਂ ਪਿੰਡ ਵਿੱਚ ਆਉਣਾ ਹੋਇਆ ਉਸ ਨੇ ਪੂਜਨੀਕ ਮਾਤਾ-ਪਿਤਾ ਨੂੰ ਵਧਾਈ ਦਿੰਦੇ ਹੋਏ ਕਿਹਾ, ਭਾਈ ਭਗਤੋ! ਆਪ ਦੇ ਘਰ ਆਪ ਦੀ ਸੰਤਾਨ ਦੇ ਰੂਪ ’ਚ ਖੁਦ ਪਰਮੇਸ਼ਵਰ ਦਾ ਅਵਤਾਰ ਆਇਆ ਹੈ ਇਸ ਨੂੰ ਕੋਈ ਆਮ ਬੱਚਾ ਨਾ ਸਮਝਣਾ ਇਹ ਖੁਦ ਈਸ਼ਵਰੀ ਸਵਰੂਪ ਹਨ
ਇਹ ਆਪਦੇ ਕੋਲ ਚਾਲੀ ਸਾਲ ਤੱਕ ਹੀ ਰਹਿਣਗੇ, ਉਸ ਤੋਂ ਬਾਅਦ ਸ੍ਰਿਸ਼ਟੀ ਉੱਧਾਰ (ਜੀਵ-ਕਲਿਆਣ) ਦੇ ਜਿਸ ਉਦੇਸ਼ ਲਈ ਈਸ਼ਵਰ ਨੇ ਇਨ੍ਹਾਂ ਨੂੰ ਭੇਜਿਆ ਹੈ, ਸਮਾਂ ਆਉਣ ’ਤੇ ਉਸੇ ਪਵਿੱਤਰ ਕਾਰਜ ਲਈ ਉਹਨਾਂ ਕੋਲ ਹੀ ਚਲੇ ਜਾਣਗੇ ਪੂਜਨੀਕ ਪਰਮ ਪਿਤਾ ਜੀ, ਪੂਜਨੀਕ ਮਾਤਾ-ਪਿਤਾ ਦੀ ਇਕਲੌਤੀ ਸੰਤਾਨ ਸਨ ਆਪ ਜੀ ਸਿੱਧੂ ਵੰਸ਼ ਨਾਲ ਸੰਬੰਧ ਰੱਖਦੇ ਸਨ ਪੂਜਨੀਕ ਮਾਤਾ-ਪਿਤਾ ਜੀ ਨੇ ਆਪ ਜੀ ਦਾ ਨਾਂਅ ਸਰਦਾਰ ਹਰਬੰਸ ਸਿੰਘ ਜੀ ਰੱਖਿਆ ਸੀ, ਪਰ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਸੰਪਰਕ ਵਿੱਚ ਆਉਣ ’ਤੇ ਉਹਨਾਂ ਨੇ ਆਪ ਜੀ ਦਾ ਨਾਂਅ ਬਦਲ ਕੇ ਸਰਦਾਰ ਸਤਿਨਾਮ ਸਿੰਘ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਰੱਖ ਦਿੱਤਾ ਆਪ ਜੀ ਦੇ ਨੂਰੀ ਬਚਪਨ ਦੀਆਂ ਅਨੋਖੀਆਂ ਕ੍ਰੀੜਾਵਾਂ, ਬੋਲਚਾਲ, ਕਾਰਜ ਵਿਹਾਰ, ਕਿਰਿਆ-ਕਲਾਪਾਂ ਨੂੰ ਦੇਖ ਕੇ ਪਿੰਡ ਦੇ ਸਭ ਲੋਕਾਂ ਦੇ ਮੂੰਹ ’ਤੇ ਸੀ ਕਿ ਜੈਲਦਾਰਾਂ ਦਾ ਕਾਕਾ (ਲੜਕਾ) ਆਮ ਬੱਚਿਆਂ ਵਾਂਗ ਨਹੀਂ! ਇਹ ਕੋਈ ਖਾਸ ਹਸਤੀ ਹੈ!
ਸਾਈਂ ਮਸਤਾਨਾ ਜੀ ਦਾ ਮਿਲਾਪ:-
ਵੱਡੇ ਹੋਣ ’ਤੇ ਆਪ ਜੀ ਦੁਆਰਾ ਕੀਤੇ ਜਾ ਰਹੇ ਪਰਮਾਰਥੀ ਕਾਰਜਾਂ ਤੇ ਪਰਮ ਪਿਤਾ ਪਰਮਾਤਮਾ ਦੀ ਭਗਤੀ ਦਾ ਦਾਇਰਾ ਵੀ ਹੋਰ ਵਿਸ਼ਾਲ ਹੋ ਗਿਆ ਅੱਲ੍ਹਾ, ਵਾਹਿਗੁਰੂ, ਰਾਮ ਦੀ ਸੱਚੀ ਬਾਣੀ ਨੂੰ ਹਾਸਲ ਕਰਨ ਲਈ ਹਾਲਾਂਕਿ ਆਪ ਜੀ ਨੇ ਅਨੇਕ ਸਾਧੂ-ਮਹਾਂਪੁਰਸ਼ਾਂ ਨਾਲ ਭੇਂਟ ਕੀਤੀ, ਪਰ ਕਿਤੋਂ ਵੀ ਅੰਦਰ ਦੀ ਤਸੱਲੀ ਨਹੀਂ ਹੋਈ ਉਪਰੰਤ ਜਿਵੇਂ ਹੀ ਆਪ ਜੀ ਦਾ ਮਿਲਾਪ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨਾਲ ਹੋਇਆ ਪਵਿੱਤਰ ਮੁੱਖ ਦੀ ਇਲਾਹੀ ਬਾਣੀ ਨੂੰ ਸੁਣਿਆ ਆਪ ਜੀ ਨੂੰ ਅੰਦਰੋਂ-ਬਾਹਰੋਂ ਪੂਰੀ ਤਸੱਲੀ ਹੋਈ,
ਸੱਚੀ ਸੰਤੁਸ਼ਟੀ ਦਾ ਅਹਿਸਾਸ ਆਪ ਜੀ ਨੂੰ ਹੋਇਆ ਆਪ ਜੀ ਨੇ ਆਪਣੇ ਆਪ ਨੂੰ ਪੂਰਨ ਤੌਰ ’ਤੇ ਉਹਨਾਂ ਦੇ ਸੁਪੁਰਦ ਕਰ ਦਿੱਤਾ ਸੀ ਅਤੇ ਉਸੇੇ ਤਰ੍ਹਾਂ ਪੂਜਨੀਕ ਬੇਪਰਵਾਹ ਜੀ ਨੇ ਵੀ ਆਪ ਜੀ ਨੂੰ ਆਪਣੇ ਭਾਵੀ ਉੁਤਰਅਧਿਕਾਰੀ ਦੇ ਰੂਪ ਵਿੱਚ ਪਾ ਲਿਆ ਸੀ ‘ਰੱਬ ਕੀ ਪੈੜ’, ‘ਜ਼ਿੰਦਾਰਾਮ ਕਾ ਲੀਡਰ’ ਆਦਿ ਰੱਬੀ ਕਲਾਮ ਪੂਜਨੀਕ ਬੇਪਰਵਾਹ ਜੀ ਨੇ ਆਪ ਜੀ ਦੇ ਬਾਰੇ ਸਾਧ-ਸੰਗਤ ਵਿੱਚ ਇਸ਼ਾਰਿਆਂ-ਇਸ਼ਾਰਿਆਂ ਨਾਲ ਜ਼ਾਹਿਰ ਕੀਤਾ ਅਤੇ ਨਾਮ-ਸ਼ਬਦ ਦੇਣ ਤੋਂ ਬਾਅਦ ਤਾਂ ਪੂਜਨੀਕ ਬੇਪਰਵਾਹ ਸਾਈਂ ਜੀ ਆਪ ਜੀ ਨੂੰ ਡੇਰਾ ਸੱਚਾ ਸੌਦਾ ਦੇ ਭਾਵੀ ਵਾਰਸ ਦੇ ਰੂਪ ਵਿੱਚ ਨਿਹਾਰਨ ਲੱਗੇ ਸਨ
ਸਖ਼ਤ ਪ੍ਰੀਖਿਆ:-
ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਪਰਮ ਪਿਤਾ ਜੀ ਨੂੰ ਪਹਿਲੇ ਦਿਨ ਤੋਂ ਹੀ ਆਪਣੀ ਨੂਰੀ ਨਜ਼ਰ ਵਿੱਚ ਲੈ ਲਿਆ ਸੀ ਅਤੇ ਨਾਲ ਆਪ ਜੀ ਦੇ ਲਈ ਪਲ-ਪਲ, ਕਦਮ-ਕਦਮ ’ਤੇ ਇਮਤਿਹਾਨ ਵੀ ਸ਼ੁਰੂ ਕਰ ਦਿੱਤੇ ਗਏ ਸਨ ਰੂਹਾਨੀ ਪ੍ਰੀਖਿਆਵਾਂ ਦੇ ਸਬੰਧ ਵਿੱਚ ਇੱਕ ਵਾਰ ਪੂਜਨੀਕ ਬੇਪਰਵਾਹ ਜੀ ਸ੍ਰੀ ਜਲਾਲਆਣਾ ਸਾਹਿਬ ਪਧਾਰੇ ਉਹਨੀਂ ਦਿਨੀਂ ਬੇਪਰਵਾਹ ਜੀ ਲਗਾਤਾਰ 18 ਦਿਨ ਤੱਕ ਸ੍ਰ੍ਰੀ ਜਲਾਲਆਣਾ ਸਾਹਿਬ ਦਰਬਾਰ ਵਿੱਚ ਠਹਿਰੇ ਉਸੇ ਦੌਰਾਨ ਪੂਜਨੀਕ ਬੇਪਰਵਾਹ ਜੀ ਨੇ ਗਦਰਾਣਾ ਦਾ ਡੇਰਾ ਗਿਰਵਾ ਦਿੱਤਾ ਅਤੇ ਕਦੇ ਰਾਤੋਂ-ਰਾਤ ਚੋਰਮਾਰ ਦਾ ਡੇਰਾ ਗਿਰਵਾ ਕੇ ਡੇਰੇ ਦਾ ਮਲਬਾ ਸ੍ਰੀ ਜਲਾਲਆਣਾ ਸਾਹਿਬ ਵਿੱਚ ਮੰਗਵਾ ਲਿਆ ਇੱਧਰ ਪੂਜਨੀਕ ਪਰਮ ਪਿਤਾ ਜੀ ਗਿਰਾਏ ਗਏ ਡੇਰਿਆਂ ਦਾ ਮਲਬਾ ਢੋਣ ਵਿੱਚ ਲੱਗੇ ਰਹੇ ਤਾਂ ਦੂਜੇ ਪਾਸੇ ਪੂਜਨੀਕ ਬੇਪਰਵਾਹ ਜੀ ਨੇ ਉੱਥੇ ਇਕੱਠਾ ਕੀਤਾ ਗਿਆ ਮਲਬਾ ਘੂਕਿਆਂਵਾਲੀ ਦਰਬਾਰ ਲਈ ਸੇਵਾਦਾਰਾਂ ਨੂੰ ਚੁਕਵਾ ਦਿੱਤਾ
ਅਤੇ ਗਦਰਾਣਾ ਵਾਲਿਆਂ ਨੂੰ ਵੀ ਆਦੇਸ਼ ਦੇ ਦਿੱਤਾ ਕਿ ਮਲਬਾ ਚੁੱਕ ਕੇ ਲੈ ਜਾਣ, ਡੇਰਾ ਫਿਰ ਤੋਂ ਬਨਾਉਣ ਸਗੋਂ ਖੁਦ ਕੋਲ ਖੜ੍ਹੇ ਹੋ ਕੇ ਅਲੱਗ-ਅਲੱਗ ਡੇਰਿਆਂ ਵਿੱਚ ਮਲਬਾ ਭਿਜਵਾਇਆ ਇਹ ਇੱਕ ਰੂਹਾਨੀ ਰਹੱਸਮਈ ਬੇਪਰਵਾਹੀ ਅਲੌਕਿਕ ਖੇਡ ਸੀ ਦੂਸਰੇ ਸ਼ਬਦਾਂ ਵਿੱਚ ਪੂਜਨੀਕ ਪਰਮ ਪਿਤਾ ਜੀ ਦਾ ਇਮਤਿਹਾਨ ਸੀ ਪਰ ਆਪ ਜੀ ਤਾਂ ਪਹਿਲੇ ਦਿਨ ਤੋਂ ਆਪਣੇ ਪੀਰੋ-ਮੁਰਸ਼ਿਦ ’ਤੇ ਆਪਣਾ ਤਨ-ਮਨ-ਧਨ ਅਤੇ ਸਭ ਕੁਝ ਕੁਰਬਾਨ ਕਰ ਚੁੱਕੇ ਸਨ ਪੂਜਨੀਕ ਬੇਪਰਵਾਹ ਜੀ ਜੋ ਵੀ ਹੁਕਮ ਆਪ ਜੀ ਨੂੰ ਫਰਮਾਉਂਦੇ, ਆਪ ਜੀ ਆਪਣੇ ਖੁਦਾ, ਸਤਿਗੁਰੂ ਜੀ ਦੇ ਹਰ ਹੁਕਮ ਨੂੰ ਸਤਿ-ਬਚਨ ਕਹਿ ਕੇ ਬਚਨਾਂ ’ਤੇ ਫੁੱਲ ਚੜ੍ਹਾਉਂਦੇ ਇਸ ਪ੍ਰਕਾਰ ਪੂਜਨੀਕ ਬੇਪਰਵਾਹ ਜੀ ਨੇ ਆਪ ਜੀ ਨੂੰ ਹਰ ਤਰ੍ਹਾਂ ਨਾਲ ਯੋਗ ਪਾਇਆ ਅਤੇ ਇੱਕ ਦਿਨ ਆਖਰ ਇਸ ਅਲੌਕਿਕ ਖੇਡ ਦਾ ਰਹੱਸ ਪ੍ਰਗਟ ਕਰਦੇ ਹੋਏ ਸਾਧ-ਸੰਗਤ ਵਿੱਚ ਫਰਮਾਇਆ ਕਿ ਅਸੀਂ ਸਰਦਾਰ ਹਰਬੰਸ ਸਿੰਘ ਜੀ (ਪੂਜਨੀਕ ਪਰਮ ਪਿਤਾ ਜੀ) ਦਾ ਇਮਤਿਹਾਨ ਲਿਆ, ਪਰ ਇਹਨਾਂ ਨੂੰ ਪਤਾ ਵੀ ਨਹੀਂ ਲੱਗਣ ਦਿੱਤਾ
ਹਵੇਲੀ (ਮਕਾਨ) ਤੋੜਨਾ (ਇੱਟ-ਇੱਟ ਕਰ ਦਿੱਤੀ)
ਫਿਰ ਇੱਕ ਦਿਨ ਜਿਵੇਂ ਹੀ ਪੂਜਨੀਕ ਬੇਪਰਵਾਹ ਜੀ ਵੱਲੋਂ ਮਕਾਨ (ਹਵੇਲੀ) ਨੂੰ ਤੋੜਨ ਅਤੇ ਸਾਰਾ ਸਮਾਨ ਡੇਰੇ ਵਿੱਚ ਲਿਆਉਣ ਦਾ ਆਦੇਸ਼ ਆਪ ਜੀ ਨੂੰ ਮਿਲਿਆ, ਆਪ ਜੀ ਨੇ ਤੁਰੰਤ ਹੁਕਮ ਦੀ ਪਾਲਣਾ ਕੀਤੀ ਅਤੇ ਆਪਣੇ ਹੱਥਾਂ ਨਾਲ ਹਵੇਲੀਨੁੰਮਾ ਮਕਾਨ ਦੀ ਇੱਕ-ਇੱਕ ਇੱਟ ਕਰ ਦਿੱਤੀ ਦੁਨੀਆਂ ਦੀ ਨਜ਼ਰ ਨਾਲ ਦੇਖਿਆ ਜਾਵੇ ਤਾਂ ਇਹ ਇੱਕ ਬਹੁਤ ਸਖ਼ਤ ਪ੍ਰੀਖਿਆ ਸੀ, ਪਰ ਆਪ ਜੀ ਨੇ ਦੁਨੀਆ ਦੀ ਲੋਕ-ਲਾਜ਼ ਦੀ ਜ਼ਰ੍ਹਾ ਵੀ ਪ੍ਰਵਾਹ ਨਹੀਂ ਕੀਤੀ ਐਨੀ ਵੱਡੀ ਹਵੇਲੀ ਦੀ ਇੱਕ-ਇੱਕ ਇੱਟ, ਛੋਟੇ ਕੰਕਰ ਤੱਕ (ਬੇਪਰਵਾਹੀ ਆਦੇਸ਼ ਅਨੁਸਾਰ) ਲੱਕੜ-ਬਾਲਾ, ਸ਼ਤੀਰ, ਲੋਹੇ ਦੇ ਗਾਡਰ ਅਤੇ ਘਰ ਦਾ ਸਾਰਾ ਸਮਾਨ (ਸੂਈ ਤੋਂ ਲੈ ਕੇ ਹਰ ਚੀਜ਼) ਟਰੱਕਾਂ, ਟਰੈਕਟਰ ਟਰਾਲੀਆਂ ਵਿੱਚ ਭਰ ਕੇ ਡੇਰਾ ਸੱਚਾ ਸੌਦਾ ਸਰਸਾ ਦਰਬਾਰ ਵਿੱਚ ਲਿਆ ਕੇ ਰੱਖ ਦਿੱਤਾ ਮਹੀਨੇਵਾਰੀ ਸਤਿਸੰਗ ਦਾ ਦਿਨ ਸੀ, ਸਮਾਨ ਦਾ ਐਨਾ ਵੱਡਾ ਢੇਰ ਡੇਰੇ ਵਿੱਚ ਲੱਗਿਆ ਸੀ ਬੇਪਰਵਾਹ ਜੀ ਨੇ ਸ਼ਨੀਵਾਰ ਰਾਤ ਨੂੰ ਸਮਾਨ ਤੁਰੰਤ ਬਾਹਰ ਕੱਢਣ ਦਾ ਹੁਕਮ ਫਰਮਾਇਆ ਕਿ ਕੋਈ ਸਾਥੋਂ ਪੁੱਛੇ ਕਿ ਇਹ ਕਿਸ ਦਾ ਸਮਾਨ ਹੈ
ਤਾਂ ਅਸੀਂ ਕੀ ਜਵਾਬ ਦੇਵਾਂਗੇ ਅਤੇ ਆਪਣੇ ਸਮਾਨ ਦੀ ਖੁਦ ਰਖਵਾਲੀ ਕਰਨ ਦਾ ਵੀ ਹੁਕਮ ਦਿੱਤਾ ਸਰਦੀ ਦੀ ਠੰਡੀ ਰਾਤ, ਸ਼ੀਤ ਲਹਿਰ ਅਤੇ ਉੱਪਰੋਂ ਬੂੰਦਾਂ-ਬਾਂਦੀ ਐਨੀ ਕੜਾਕੇ ਦੀ ਠੰਡ ਕਿ ਹੱਥ-ਪੈਰ ਸੁੰਨ ਹੋ ਰਹੇ ਸਨ ਆਪ ਜੀ ਨੇ ਆਪਣੇ ਦਾਤਾ ਰਹਿਬਰ ਦੇ ਇਸ ਇਲਾਹੀ ਫਰਮਾਨ ਨੂੰ ਹੱਸ ਕੇ ਦਿਲ ਨਾਲ ਲਾਇਆ ਕਿਸੇ ਵੀ ਚੀਜ਼ ਨੂੰ ਇਲਾਹੀ ਰਸਤੇ ਦੀ ਰੁਕਾਵਟ ਨਹੀਂ ਬਣਨ ਦਿੱਤਾ ਅਗਲੇ ਦਿਨ ਬੇਪਰਵਾਹੀ ਰਜ਼ਾ ਅਨੁਸਾਰ ਇੱਕ-ਇੱਕ ਚੀਜ਼ ਆਪਣੇ ਹੱਥਾਂ ਨਾਲ ਸਾਧ-ਸੰਗਤ ਵਿੱਚ ਵੰਡ ਦਿੱਤੀ ਅਤੇ ਬੇਫਿਕਰ ਹੋ ਕੇ ਪਾਵਨ ਹਜ਼ੂਰੀ ਵਿੱਚ ਬੈਠ ਕੇ ਅਪਾਰ ਖੁਸ਼ੀਆਂ ਪ੍ਰਾਪਤ ਕੀਤੀਆਂ ਆਪ ਜੀ ਨੇ ਆਪਣੇ ਇੱਕ ਭਜਨ-ਸ਼ਬਦ ਵਿੱਚ ਵੀ ਲਿਖਿਆ ਹੈ:-
ਪੇ੍ਰਮ ਦਿਆਂ ਰੋਗੀਆਂ ਦਾ ਦਾਰੂ ਨਹੀਂ ਜਹਾਨ ’ਤੇ,
ਰੋਗ ਟੁੱਟ ਜਾਂਦੇ ਦਾਰੂ, ਦਰਸ਼ਨਾਂ ਦੀ ਖਾਣ ’ਤੇ
ਪੇ੍ਰਮ ਵਾਲਾ ਰੋਗ ਸ਼ਾਹ ਸਤਿਨਾਮ ਜੀ ਵੀ ਦੇਖਿਆ,
ਆਪਣੀ ਕੁੱਲੀ ਨੂੰ ਹੱਥੀਂ ਅੱਗ ਲਾ ਕੇ ਸੇਕਿਆ
ਕਰਤਾ ਹਵਾਲੇ ਵੈਦ ‘ਸ਼ਾਹ ਮਸਤਾਨ’ ਦੇ, ਰੋਗ ਟੁੱਟ ਜਾਂਦੇ…….
ਸਤਿਨਾਮ (ਕੁੱਲ ਮਾਲਕ ਦਾ ਨਾਮ) ਖੰਡ, ਬ੍ਰਹਿਮੰਡ ਹਨ ਜਿਸ ਦੇ ਸਹਾਰੇ:-
ਪੂਜਨੀਕ ਪਰਮ ਪਿਤਾ ਜੀ ਦੀ ਇਸ ਮਹਾਨ ਕੁਰਬਾਨੀ ’ਤੇ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਫਰਮਾਇਆ, ‘ਹਰਬੰਸ ਸਿੰਘ, (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਆਪ ਕੋ ਆਪ ਕੀ ਕੁਰਬਾਨੀ ਕੇ ਬਦਲੇ ‘ਸੱਚ’ ਦੇਤੇ ਹੈਂ, ਆਪ ਕੋ ਸਤਿਨਾਮ ਕਰਤੇ ਹੈਂ’ ਪੂਜਨੀਕ ਸਾਈਂ ਜੀ ਨੇ ਸਾਧ-ਸੰਗਤ ਵਿੱਚ ਫਰਮਾਇਆ, ‘ਹਮਨੇਂ ਸਰਦਾਰ ਸਤਿਨਾਮ ਸਿੰਘ ਜੀ ਕੋ ਸਤਿਗੁਰੂ, ਕੁੱਲ ਮਾਲਕ ਬਣਾ ਦੀਆ ਹੈ ਮਾਲਕ ਨੇ ਸਰਦਾਰ ਸਤਿਨਾਮ ਸਿੰਘ ਜੀ ਸੇ ਬਹੁਤ ਕਾਮ ਲੇਨਾ ਹੈ’ ਡੇਰਾ ਸੱਚਾ ਸੌਦਾ ਦਰਬਾਰ ਵਿੱਚ ਇੱਕ ਤਿੰਨ ਮੰਜ਼ਿਲੀ ਅਨਾਮੀ ਗੁਫ਼ਾ ਵਿਸ਼ੇਸ਼ ਤੌਰ ’ਤੇ ਪੂਜਨੀਕ ਪਰਮ ਪਿਤਾ ਜੀ ਦੇ ਲਈ ਬਣਾਈ ਗਈ ਸੀ,
ਪੂਜਨੀਕ ਬੇਪਰਵਾਹ ਜੀ ਨੇ ਖੁਦ ਆਪ ਜੀ ਨੂੰ ਉਸ ਅਨਾਮੀ ਗੁਫ਼ਾ ਵਿੱਚ ਬਿਰਾਜਮਾਨ ਕੀਤਾ ਬੇਪਰਵਾਹ ਜੀ ਨੇ ਫਰਮਾਇਆ ਕਿ ਇਹ ਅਨਾਮੀ ਗੁਫ਼ਾ ਸਰਦਾਰ ਸਤਿਨਾਮ ਸਿੰਘ ਜੀ ਨੂੰ ਇਹਨਾਂ ਦੀ ਕੁਰਬਾਨੀ ਦੇ ਬਦਲੇ ਇਨਾਮ ਵਿੱਚ ਦਿੱਤੀ ਜਾਂਦੀ ਹੈ ਇਸ ਤਿੰਨ ਮੰਜ਼ਿਲੀ ਗੁਫ਼ਾ ਵਿੱਚ ਜੋ ਖੁਦ ਬੇਪਰਵਾਹ ਸਾਈਂ ਜੀ ਨੇ ਆਪਣੇ ਦਿਸ਼ਾ-ਨਿਰਦੇਸ਼ਨ ਵਿੱਚ ਤਿਆਰ ਕਰਵਾਈ, ਜਿਸ ਵਿੱਚ ਇੱਟ, ਲੱਕੜ, ਬਾਲਾ, ਸ਼ਤੀਰ, ਗਾਡਰ ਆਦਿ ਸਭ ਕੁਝ ਪੂਜਨੀਕ ਪਰਮ ਪਿਤਾ ਜੀ ਦੀ ਹਵੇਲੀ ਦਾ ਪ੍ਰਯੋਗ ਕੀਤਾ ਗਿਆ ਹੈ ਇਹ ਗੋਲ ਗੁਫ਼ਾ ਸਤਿਗੁਰੂ ਦੇ ਹੁਕਮ ਨਾਲ ਹੀ ਬਣਾਈ ਗਈ ਹੈ, ਜੋ ਸਰਦਾਰ ਸਤਿਨਾਮ ਸਿੰਘ ਜੀ ਨੂੰ ਦਿੱਤੀ ਗਈ ਹੈ
ਇੱਥੇ ਹਰ ਕੋਈ ਰਹਿਣ ਦਾ ਅਧਿਕਾਰੀ ਨਹੀਂ ਹੈ ਉਪਰੰਤ ਪਾਠੀ ਤੋਂ ਗ੍ਰੰਥ ਵਿੱਚੋਂ ਸ੍ਰੀ ਕ੍ਰਿਸ਼ਨ ਜੀ ਦਾ ਗੋਪੀਆਂ ਦੇ ਪ੍ਰਤੀ ਸੰਵਾਦ ਪੜ੍ਹਵਾ ਕੇ ਸੰਗਤ ਵਿੱਚ ਸੁਣਾਇਆ ਜੋ ਕਿ ਇਸ ਪ੍ਰਕਾਰ ਹੈ, ਸ੍ਰੀ ਕ੍ਰਿਸ਼ਨ ਜੀ ਮਹਾਰਾਜ ਗੋਪੀਆਂ ਨੂੰ ਸੰਬੋਧਿਤ ਕਰਦੇ ਹੋਏ ਫਰਮਾਉਂਦੇ ਹਨ ਕਿ ਤੁਮਨੇ ਲੋਹੇ ਕੇ ਸਮਾਨ ਅਟੂਟ ਬੰਧਨੋਂ ਕੋ ਤੋੜਕਰ ਮੁਝਸੇ ਅਤਿ ਦਰਜੇ ਕੀ ਪ੍ਰੀਤ ਕੀ ਹੈ ਔਰ ਇਸ ਕੇ ਬਦਲੇ ਮੈਨੇ ਤੁਮ੍ਹੇਂ ਜੋ ਰਾਮ ਨਾਮ ਕਾ ਰਸ ਪ੍ਰਦਾਨ ਕੀਆ ਹੈ ਵੋਹ ਬਹੁਤ ਤੁੱਛ (ਕਮ) ਹੈ, ਇਸ ਲੀਏ ਮੈਂ ਖਿਮਾ ਕਾ ਪ੍ਰਾਰਥੀ ਹੂੰ (ਮੁਝੇ ਖਿਮਾ ਕਰਨਾ)’, ਇਸ ’ਤੇ ਪੂਜਨੀਕ ਬੇਪਰਵਾਹ ਜੀ ਨੇ ਫਰਮਾਇਆ, ‘ਉਨ ਗੋਪੀਓਂ ਕੀ ਤਰ੍ਹਾ ਸਰਦਾਰ ਸਤਿਨਾਮ ਸਿੰਘ ਜੀ ਨੇ ਭੀ ਆਪਣੇ ਸਤਿਗੁਰੂ ਕੇ ਨਾਮ ਪਰ ਇਤਨੀ ਬੜੀ ਜੋ ਕੁਰਬਾਨੀ ਦੀ ਹੈ, ਇਸਕੇ ਬਦਲੇ ਮੇਂ ਅਸੀਂ ਜੋ ਇਨਹੇਂ ਰਾਮ ਨਾਮ ਕਾ ਰਸ ਦੀਆ ਹੈ, ਵੋਹ ਬਹੁਤ ਹੀ ਕਮ ਹੈ ਇਸ ਲੀਏ ਹਮ ਭੀ ਮਾਫੀ ਕੇ ਅਧਿਕਾਰੀ ਹੈਂ
ਨਾ ਹਿਲ ਸਕੇ ਨਾ ਕੋਈ ਹਿਲਾ ਸਕੇ:-
ਅਨਾਮੀ ਗੁਫਾ (ਤੇਰਾ ਵਾਸ) ਵਿੱਚ ਆਪ ਜੀ ਨੂੰ ਬਿਰਾਜਮਾਨ ਕਰਕੇ ਬੇਪਰਵਾਹ ਸਾਈਂ ਜੀ ਨੇ ਇੱਕ ਵਾਰ ਫਿਰ ਤੋਂ ਫਰਮਾਇਆ ‘ਸਰਦਾਰ ਸਤਿਨਾਮ ਸਿੰਘ ਜੀ ਦਾ ਨਾਂਅ ਪਹਿਲਾਂ ਸਰਦਾਰ ਹਰਬੰਸ ਸਿੰਘ ਜੀ ਸੀ ਇਹ ਈਸ਼ਵਰੀ ਸ਼ਕਤੀ ਪਿੰਡ ਸ੍ਰੀ ਜਲਾਲਆਣਾ ਸਾਹਿਬ ਜ਼ਿਲ੍ਹਾ ਸਰਸਾ ਦੇ ਰਹਿਣ ਵਾਲੇ ਹਨ ਰਾਮ-ਨਾਮ ਨੂੰ ਹਾਸਲ ਕਰਨ ਲਈ (ਆਪਣੇ ਸਤਿਗੁਰੂ ਦੇ ਲਈ) ਇਹਨਾਂ ਨੇ ਆਪਣਾ ਮਕਾਨ ਤੋੜਿਆ ਅਤੇ ਦੁਨੀਆਂ ਦੀ ਬਦਨਾਮੀ ਸਹੀ,
ਇਸ ਲਈ ਇਹ ਗੁਫ਼ਾ ਇਹਨਾਂ ਨੂੰ ਇਨਾਮ ਵਿੱਚ ਮਿਲੀ ਹੈ ਹਰ ਕੋਈ ਇੱਥੇ ਰਹਿਣ ਦਾ ਅਧਿਕਾਰੀ ਨਹੀਂ ਹੈ ਜਿਸ ਨੂੰ ਉੱਪਰੋਂ ਸਤਿਗੁਰੂ ਦਾ ਹੁਕਮ ਹੁੰਦਾ ਹੈ, ਇੱਥੇ ਉਸੇ ਨੂੰ ਹੀ ਜਗ੍ਹਾ ਮਿਲਦੀ ਹੈ ਪੂਜਨੀਕ ਬੇਪਰਵਾਹ ਜੀ ਨੇ ਫਰਮਾਇਆ, ਜਿਸ ਤਰ੍ਹਾਂ ਮਿਸਤਰੀਆਂ ਨੇ ਇਸ ਬਿਲਡਿੰਗ (ਗੁਫ਼ਾ) ਦੀ ਮਜ਼ਬੂਤੀ ਲਈ ਇਸ ਵਿੱਚ ਤਿੰਨ ਬੰਦ ਲਾਏ ਹਨ, ਅਸੀਂ ਵੀ ਸਰਦਾਰ ਸਤਿਨਾਮ ਸਿੰਘ ਜੀ ਨੂੰ (ਹੱਥ ਨਾਲ ਇਸ਼ਾਰਾ ਕਰਦੇ ਹੋਏ) ਇੱਕ-ਦੋ-ਤਿੰਨ ਬੰਦ ਲਾ ਦਿੱਤੇ ਹਨ ਬਾਰਿਸ਼ ਆਏ, ਝੱਖੜ ਆਏ, ਆਂਧੀ ਆਏ, ਨਾ ਯੇ ਹਿੱਲ ਸਕੇਂਗੇ ਅਤੇ ਨਾ ਹੀ ਇਨਹੇਂ ਕੋਈ ਹਿਲਾ ਸਕੇਗਾ
ਗੁਰਗੱਦੀ ਰਸਮ:-
28 ਫਰਵਰੀ 1960 ਨੂੰ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਹੁਕਮ ਅਨੁਸਾਰ ਸ਼ਾਹੀ ਸਟੇਜ ਨੂੰ ਵਿਸ਼ੇਸ਼ ਤੌਰ ’ਤੇ ਸਜਾਇਆ ਗਿਆ ਉਪਰੰਤ ਪੂਜਨੀਕ ਬੇਪਰਵਾਹ ਜੀ ਨੇ ਸੇਵਾਦਾਰਾਂ ਨੂੰ ਸੰਬੋਧਿਤ ਕਰਦੇ ਹੋਏ ਹੁਕਮ ਫਰਮਾਇਆ, ‘ਭਾਈ, ਸਰਦਾਰ ਸਤਿਨਾਮ ਸਿੰਘ ਜੀ ਨੂੰ ਗੁਫ਼ਾ ਤੋਂ ਲੈ ਕੇ ਆਓ ਬੇਪਰਵਾਹ ਜੀ ਦਾ ਆਦੇਸ਼ ਪਾ ਕੇ ਦੋ-ਇੱਕ ਸੇਵਾਦਾਰ ਗੁਫ਼ਾ ਵੱਲ ਦੌੜੇ ਪੂਜਨੀਕ ਸਾਈਂ ਜੀ ਨੇ ਉਹਨਾਂ ਨੂੰ ਰੋਕਦੇ ਹੋਏ ਫਰਮਾਇਆ, ‘ਭਈ, ਐਸੇ ਨਹੀਂ! ਦਸ ਸੇਵਾਦਾਰ ਭਾਈ (ਪੰਚਾਇਤ ਰੂਪ ਵਿੱਚ) ਇਕੱਠੇ ਹੋ ਕੇ ਜਾਓ ਅਤੇ ਸਰਦਾਰ ਸਤਿਨਾਮ ਸਿੰਘ ਜੀ ਨੂੰ ਪੂਰੇ ਆਦਰ-ਸਨਮਾਨ ਸਹਿਤ ਸਟੇਜ ’ਤੇ ਲੈ ਕੇ ਆਓ ਪੂਜਨੀਕ ਬੇਪਰਵਾਹ ਜੀ ਨੇ ਆਪਣਾ ਭਰਪੂਰ ਸਨੇਹ ਪ੍ਰਦਾਨ ਕਰਦੇ ਹੋਏ ਆਪ ਜੀ ਨੂੰ ਆਪਣੇ ਨਾਲ ਸਟੇਜ਼ ’ਤੇ ਬਿਰਾਜਮਾਨ ਕੀਤਾ
ਉਪਰੰਤ ਪੂਜਨੀਕ ਬੇਪਰਵਾਹ ਜੀ ਨੇ ਆਪ ਜੀ ਨੂੰ ਨੋਟਾਂ ਦੇ ਹਾਰ ਪਹਿਨਾਏ ਅਤੇ ਸਾਧ-ਸੰਗਤ ਨੂੰ, ਜੋ ਇਸ ਸ਼ਾਹੀ ਨਜ਼ਾਰੇ ਨੂੰ ਉਤਸ਼ਾਹਿਤ ਹੋ ਕੇ ਦੇਖ ਰਹੀ ਸੀ, ਬਚਨ ਫਰਮਾਇਆ, ‘ਦੁਨੀਆਂ ਸਤਿਨਾਮ, ਸਤਿਨਾਮ ਜਪਦੀ ਮਰ ਗਈ, ਕਿਸੇ ਨੇ ਦੇਖਿਆ ਹੈ ਭਾਈ! ਸੰਗਤ ਵਿਚ ਇੱਕ ਦਮ ਸੰਨਾਟਾ ਛਾ ਗਿਆ, ਕੋਈ ਕੁਝ ਨਹੀਂ ਬੋਲ ਸਕਿਆ ਬੇਪਰਵਾਹ ਸਾਈਂ ਜੀ ਨੇ ਜੋਸ਼ ਭਰੀ ਅਵਾਜ਼ ਵਿੱਚ ਫਰਮਾਇਆ, ‘ਭਈ ਜਿਸ ਸਤਿਨਾਮ ਕੋ ਦੁਨੀਆਂ ਜਪਤੀ ਜਪਤੀ ਮਰ ਗਈ, ਪਰ ਸਤਿਨਾਮ ਨਹੀਂ ਮਿਲਾ ਵੋ ਸਤਿਨਾਮ (ਆਪ ਜੀ ਵੱਲ ਪਾਵਨ ਇਸ਼ਾਰਾ ਕਰਦੇ ਹੋਏ) ਯੇ ਹੈਂ ਯੇ ਵੋ ਹੀ ਸਤਿਨਾਮ ਹੈ
ਜਿਸ ਕੇ ਸਹਾਰੇ ਯੇ ਸਾਰੇ ਖੰਡ-ਬ੍ਰਹਿਮੰਡ ਖੜ੍ਹੇ ਹੈਂ ਹਮ ਇਨਹੇਂ ਦਾਤਾ ਸਾਵਣ ਸ਼ਾਹ ਸਾਈਂ ਜੀ ਕੇ ਹੁਕਮ ਸੇ ਮਾਲਕ ਸੇ ਮਨਜ਼ੂਰ ਕਰਵਾ ਕਰ ਲਾਏ ਹੈਂ ਔਰ ਤੁਮ੍ਹਾਰੇ ਸਾਹਮਣੇ ਬਿਠਾ ਦੀਆ ਹੈ’ ਆਪ ਜੀ ਨੇ ਫਰਮਾਇਆ, ‘ਇਨਕੇ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਕੇ) ਭਾਈਚਾਰੇ ਕਾ ਕੋਈ ਆਦਮੀ, ਯਾ ਇਨਕਾ ਕੋਈ ਰਿਸ਼ਤੇਦਾਰ, ਸੰਬੰਧੀ ਆਕਰ ਪੂਛੇ, ਕਿ ਗਰੀਬ ਮਸਤਾਨੇ ਨੇ ਤੇਰਾ ਘਰ-ਬਾਰ ਤੁੜਵਾਇਆ, ਤੇਰੇ ਕੋ ਕਿਆ ਮਿਲਾ? ਤੋ ਭਾਈ, ਯੇ ਉਨਹੇਂ ਯੇ ਗੋਲ ਗੁਫਾ ਦਿਖਾ ਸਕਦੇ ਹੈਂ ਯੇ ਗੋਲ ਗੁਫਾ ਤੋ ਭੀਤਂੋ (ਪੱਕੀ ਇੱਟਾਂ) ਸੇ ਬਣੀ ਹੈ, ਪਰ ਜੋ ਅਸਲੀ ਗੋਲ ਗੁਫਾ (ਆਪਣੀਆਂ ਦੋਵਾਂ ਅੱਖਾਂ ਦੇ ਵਿਚਕਾਰ ਇਸ਼ਾਰ ਕਰਦੇ ਹੋਏ) ਇਨਕੋ ਦੀ ਹੈ, ਉਸ ਕੇ ਏਕ ਬਾਲ ਕੇ ਬਰਾਬਰ ਯੇ ਤੀਨ ਲੋਕ ਭੀ ਨਹੀਂ ਹੈਂ
ਇਸ ਪ੍ਰਕਾਰ ਪੂਜਨੀਕ ਬੇਪਰਵਾਹ ਸਾਈਂ ਜੀ ਨੇ ਗੁਰਗੱਦੀ ਦੀ ਪਵਿੱਤਰ ਰਸਮ ਨੂੰ ਖੁਦ ਗੁਰ ਮਰਿਆਦਾ ਅਨੁਸਾਰ ਪੂਰਨ ਕਰਵਾਇਆ ਪੂਜਨੀਕ ਬੇਪਰਵਾਹ ਜੀ ਨੇ ਡੇਰਾ ਸੱਚਾ ਸੌਦਾ ਤੇ ਸਾਧ-ਸੰਗਤ ਦੇ ਸਾਰੇ ਅਧਿਕਾਰ ਅਤੇ ਆਪਣੀਆਂ ਪੂਰੀਆਂ ਜ਼ਿੰਮੇਵਾਰੀਆਂ ਵੀ ਉਸੇ ਦਿਨ ਤੋਂ ਹੀ ਆਪ ਜੀ ਨੂੰ ਸੌਂਪ ਦਿੱਤੀਆਂ ਅਤੇ ਆਪਣਾ ਖੁਦ ਦਾ ਇਲਾਹੀ ਸਵਰੂਪ ਵੀ ਆਪ ਜੀ ਨੂੰ ਬਖ਼ਸ਼ ਕੇ ਖੁਦ ਖੁਦਾ ਬਣਾ ਦਿੱਤਾ ਗੁਰਗੱਦੀ ਰਸਮ ਦੀ ਇਹ ਪਵਿੱਤਰ ਕਾਰਵਾਈ ਦੁਨੀਆਂ ਦੇ ਸਾਹਮਣੇ ਇੱਕ ਅਨੋਖਾ ਉਦਾਹਰਨ ਹੈ ਵਰਣਨਯੋਗ ਹੈ ਕਿ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਉਸ ਦਿਨ ਤੋਂ ਬਾਅਦ ਆਪ ਜੀ ਨੂੰ ਭੇਂਟ ਕੀਤੀ ਗਈ ਇਸ ਅਨਾਮੀ ਗੁਫ਼ਾ ਵਿੱਚ ਕਦੇ ਨਹੀਂ ਗਏ ਸਗੋਂ ਆਸ਼ਰਮ ਵਿੱਚ ਇੱਕ ਅਲੱਗ ਕਮਰੇ ਨੂੰ ਆਪਣਾ ਨਿਵਾਸ ਬਣਾਇਆ
ਦੁਨੀਆਂ ਵਿੱਚ ਵੱਜ ਰਿਹਾ ਰਾਮ-ਨਾਮ ਦਾ ਡੰਕਾ:-
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 28 ਫਰਵਰੀ 1960 ਨੂੰ ਡੇਰਾ ਸੱਚਾ ਸੌਦਾ ਵਿੱਚ ਬਤੌਰ ਦੂਜੀ ਪਾਤਸ਼ਾਹੀ ਗੱਦੀਨਸ਼ੀਨ ਹੋ ਕੇ ਕਰੀਬ 31 ਸਾਲਾਂ ਤੱਕ (ਅਪਰੈਲ 1963 ਤੋਂ ਅਗਸਤ 1990 ਤੱਕ) ਗਿਆਰਾਂ ਲੱਖ ਤੋਂ ਵੀ ਜ਼ਿਆਦਾ ਲੋਕਾਂ ਨੂੰ ਨਾਮ-ਗੁਰਮੰਤਰ ਪ੍ਰਦਾਨ ਕਰਕੇ ਉਹਨਾਂ ਨੂੰ ਪਾਪ ਬੁਰਾਈਆਂ ਤੋਂ ਮੁਕਤ ਕੀਤਾ ਆਪ ਜੀ ਨੇ ਜਿੱਥੇ ਲੋਕਾਂ ਦਾ ਮਾਸ-ਸ਼ਰਾਬ ਆਦਿ ਬੁਰਾਈਆਂ ਤੋਂ ਛੁਟਕਾਰਾ ਕਰਵਾਇਆ, ਉੱਥੇ ਹੀ ਰਾਮ-ਨਾਮ ਦੇ ਦੁਆਰਾ ਉਹਨਾਂ ਦੀ ਜੀਵ-ਆਤਮਾ ਨੂੰ ਜਨਮ-ਮਰਨ ਤੋਂ ਮੁਕਤ ਕੀਤਾ ਅੱਜ ਕਰੋੜਾਂ ਲੋਕ ਆਪ ਜੀ ਦੀਆਂ ਪਵਿੱਤਰ ਸਿੱਖਿਆਵਾਂ ਨੂੰ ਧਾਰਨ ਕਰਕੇ ਬੇਫਿਕਰੀ ਦੀ ਜ਼ਿੰਦਗੀ ਜੀਅ ਰਹੇ ਹਨ
ਰਹਿਮੋ-ਕਰਮ ਜੋ ਬਿਆਨ ਨਾ ਹੋ ਸਕੇ:-
ਸਾਧ-ਸੰਗਤ ਪ੍ਰਤੀ ਆਪ ਜੀ ਦੇ ਅਣਗਿਣਤ ਪਰਉਪਕਾਰ ਹਨ ਆਪ ਜੀ ਦੇ ਅਪਾਰ ਰਹਿਮੋ-ਕਰਮ ਦਾ ਵਰਣਨ ਨਹੀਂ ਹੋ ਸਕਦਾ ਸਾਧ-ਸੰਗਤ ਪ੍ਰਤੀ ਆਪ ਜੀ ਦੇ ਬਚਨ ਕਿ ਸਾਧ-ਸੰਗਤ ਤਾਂ ਸਾਨੂੰ ਦਿਲੋਂ ਜਾਨ ਤੋਂ, ਆਪਣੀ ਸੰਤਾਨ ਤੋਂ ਵੀ ਜ਼ਿਆਦਾ ਪਿਆਰੀ ਹੈ ਅਸੀਂ ਦਿਨ-ਰਾਤ ਸਾਧ-ਸੰਗਤ ਦੇ ਭਲੇ ਦੀ, ਸਾਧ-ਸੰਗਤ ਦੀ ਚੜ੍ਹਦੀ ਕਲਾ ਦੀ ਪਰਮ ਪਿਤਾ ਪਰਮਾਤਮਾ ਨੂੰ ਦੁਆ ਕਰਦੇ ਹਾਂ
ਇੱਕ ਹੋਰ ਪਰਉਪਕਾਰ ਜੋ ਕਹਿਣ ਸੁਣਨ ਤੋਂ ਪਰ੍ਹੇ ਹੈ
ਆਪ ਜੀ ਨੇ 23 ਸਤੰਬਰ 1990 ਨੂੰ ਪੂਜਨੀਕ ਮੌਜ਼ੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਖੁਦ ਆਪਣੇ ਪਵਿੱਤਰ ਕਰ-ਕਮਲਾਂ ਨਾਲ ਡੇਰਾ ਸੱਚਾ ਸੌਦਾ ਗੁਰਗੱਦੀ ’ਤੇ ਬਤੌਰ ਤੀਜੇ ਪਾਤਸ਼ਾਹ ਬਿਰਾਜਮਾਨ ਕਰਕੇ ਸਾਧ-ਸੰਗਤ ’ਤੇ ਮਹਾਨ ਰਹਿਮੋ-ਕਰਮ ਫਰਮਾਇਆ ਹੈ ਬਲਕਿ ਆਪ ਜੀ ਖੁਦ ਵੀ 15 ਮਹੀਨੇ ਨਾਲ ਰਹੇ ਆਪ ਜੀ ਦੇ ਬਚਨ ਕਿ ਇਹ (ਪੂਜਨੀਕ ਗੁਰੂ ਜੀ) ਸਾਡਾ ਸਵਰੂਪ ਹਨ ਹੁਣ ਅਸੀਂ ਇਸ ਨੌਜਵਾਨ ਬਾੱਡੀ ਵਿੱਚ ਖੁਦ ਕੰਮ ਕਰਾਂਗੇ
ਪੂਜਨੀਕ ਹਜ਼ੂਰ ਪਿਤਾ ਜੀ ਦੀਆਂ ਪਵਿੱਤਰ ਪ੍ਰੇਰਨਾਵਾਂ ਅਨੁਸਾਰ ਡੇਰਾ ਸੱਚਾ ਸੌਦਾ ਰੂਹਾਨੀਅਤ, ਸਮਾਜ ਤੇ ਮਾਨਵਤਾ ਭਲਾਈ ਕਾਰਜਾਂ ਵਿੱਚ ਪੂਰੇ ਵਿਸ਼ਵ ਵਿੱਚ ਪ੍ਰਸਿੱਧ ਹੈ ਆਪ ਜੀ ਦੇ ਦਰਸਾਏ ਸੱਚ ਦੇ ਮਾਰਗ ’ਤੇ ਚੱਲਦੇ ਹੋਏ ਅੱਜ ਕਰੋੜਾਂ ਲੋਕ ਨਸ਼ਾ, ਭ੍ਰਿਸ਼ਟਾਚਾਰ, ਵੇਸ਼ਵਾ-ਗਮਨੀ, ਹਰਾਮਖੋਰੀ ਆਦਿ ਬੁਰਾਈਆਂ ਨੂੰ ਤਿਆਗ ਕੇ ਰਾਮ-ਨਾਮ, ਪਰਮ ਪਿਤਾ ਪਰਮਾਤਮਾ ਦੀ ਭਗਤੀ ਨਾਲ ਜੁੜੇ ਹਨ ਘਰ-ਘਰ ਵਿੱਚ ਪ੍ਰੇਮ ਪਿਆਰ ਦੀ ਗੰਗਾ ਵਹਿ ਰਹੀ ਹੈ ਘਰ-ਘਰ ਵਿੱਚ ਰਾਮ-ਨਾਮ ਦੀ ਚਰਚਾ ਹੈ ਅਤੇ ਉੱਥੇ ਹੀ ਦੀਨ-ਦੁਖੀਆਂ ਨੂੰ ਸਾਧ-ਸੰਗਤ ਦੇ ਦੁਆਰਾ ਸਹਾਰਾ ਮਿਲ ਰਿਹਾ ਹੈ ਮਾਨਵਤਾ, ਇਨਸਾਨੀਅਤ ਦੇ ਤੌਰ ’ਤੇ ਸਾਧ-ਸੰਗਤ ਅੱਜ ਹਰ ਦੁਖੀਏ ਲਈ ਆਸ਼ਾ ਤੇ ਉਮੀਦ ਦੀ ਕਿਰਨ ਬਣ ਚੁੱਕੀ ਹੈ
ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਅਨੁਸਾਰ ਡੇਰਾ ਸੱਚਾ ਸੌਦਾ ਦੇ ਬਲੱਡ ਪੰਪ (ਸੇਵਾਦਾਰ) ਜ਼ਰੂਰਤਮੰਦ, ਬਿਮਾਰਾਂ, ਥੈਲੀਸੀਮੀਆ ਪੀੜਤਾਂ ਲਈ, ਕੋਵਿਡ-19 ਲਾੱਕਡਾਊਨ ਦੌਰਾਨ ਵੀ ਵਧ-ਚੜ੍ਹ ਕੇ ਆਪਣਾ ਖੂਨਦਾਨ ਕਰਦੇ ਰਹੇ ਹਨ ਉੱਥੇ ਹੀ ਜ਼ਰੂਰਤਮੰਦ ਪਰਿਵਾਰਾਂ ਨੂੰ ਘਰ (ਪੱਕੇ ਮਕਾਨ) ਬਣਾ ਕੇ ਦਿੱਤੇ ਜਾ ਰਹੇ ਹਨ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੀ ਸ਼ਾਦੀ ਵਿੱਚ ਮੱਦਦ ਕੀਤੀ ਜਾ ਰਹੀ ਹੈ ਅਤੇ ਇਸ ਤਰ੍ਹਾਂ ਸਾਧ-ਸੰਗਤ ਆਪ ਜੀ ਦੀ ਪ੍ਰੇਰਨਾ ਅਨੁਸਾਰ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਲੱਗੀ ਹੋਈ ਹੈ
ਇਹ 28 ਫਰਵਰੀ ਦਾ ਦਿਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦਾ ਇਹ ਪਾਕ-ਪਵਿੱਤਰ ਗੁਰਗੱਦੀਨਸ਼ੀਨੀ ਦਿਵਸ ਹੈ ਪੂਜਨੀਕ ਪਰਮ ਪਿਤਾ ਜੀ ਨੇ ਡੇਰਾ ਸੱਚਾ ਸੌਦਾ ਵਿੱਚ ਗੱਦੀਨਸ਼ੀਨ ਹੋ ਕੇ ਸਾਧ-ਸੰਗਤ ’ਤੇ ਆਪਣਾ ਅਪਾਰ ਰਹਿਮੋ-ਕਰਮ ਫਰਮਾਇਆ ਪੂਜਨੀਕ ਪਰਮ ਪਿਤਾ ਜੀ ਦੇ ਪਰਉਪਕਾਰਾਂ ਦੀ ਗਣਨਾ ਨਹੀਂ ਹੋ ਸਕਦੀ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪ੍ਰੇਰਨਾਵਾਂ ਅਨੁਸਾਰ ਇਹ ਪਾਕ-ਪਵਿੱਤਰ ਦਿਨ ਡੇਰਾ ਸੱਚਾ ਸੌਦਾ ਵਿੱਚ ‘ਮਹਾਂ ਰਹਿਮੋ-ਕਰਮ ਦਿਵਸ’ ਦੇ ਰੂਪ ਵਿੱਚ ਹਰ ਸਾਲ, ਭੰਡਾਰੇ ਦੇ ਰੂਪ ਵਿੱਚ ਸਾਧ-ਸੰਗਤ ਮਨਾਉਂਦੀ ਹੈ ਅਤੇ ਇਸ ਦਿਨ ਵਧ-ਚੜ੍ਹ ਕੇ ਮਾਨਵਤਾ ਦੀ ਸੇਵਾ ਹਿੱਤ ਕਾਰਜ ਕੀਤੇ ਜਾਂਦੇ ਹਨ
ਪਵਿੱਤਰ ਮਹਾਂ ਰਹਿਮੋ-ਕਰਮ ਦਿਵਸ ਦੀ ਸਾਰੀ ਸਾਧ-ਸੰਗਤ ਨੂੰ ਬਹੁਤ-ਬਹੁਤ ਵਧਾਈ ਹੋਵੇ ਜੀ