Children's story

ਬਾਲ ਕਥਾ: ਬੁੱਧੀਮਾਨ ਚੋਰ ਅਤੇ ਚੋਰ ਰਾਜਾ

ਇੱਕ ਵਾਰ ਚਾਰ ਚੋਰ ਚੋਰੀ ਕਰਦੇ ਰੰਗੇ ਹੱਥੀਂ ਫੜੇ ਗਏ ਚਾਰਾਂ ਨੂੰ ਰਾਜੇ ਦੇ ਸਾਹਮਣੇ ਪੇਸ਼ ਕੀਤਾ ਗਿਆ ਰਾਜੇ ਨੇ ਚਾਰਾਂ ਚੋਰਾਂ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਅਗਲੇ ਦਿਨ ਇੱਕ-ਇੱਕ ਕਰਕੇ ਚੋਰਾਂ ਨੂੰ ਫਾਂਸੀ ’ਤੇ ਲਟਕਾਇਆ ਜਾਣ ਲੱਗਾ ਜਦੋਂ ਤਿੰਨ ਨੂੰ ਫਾਂਸੀ ਲੱਗ ਗਈ ਤਾਂ ਚੌਥੇ ਚੋਰ ਨੂੰ ਆਪਣੇ ਬਚਣ ਦੀ ਉਮੀਦ ਨਾ ਰਹੀ ਉਹ ਪਹਿਲੀ ਵਾਰ ’ਚ ਹੀ ਚੋਰੀ ਕਰਦੇ ਫੜਿਆ ਗਿਆ ਸੀ ਉਹ ਕੱਲ੍ਹ ਤੋਂ ਹੀ ਜਾਨ ਬਚਾਉਣ ਦੇ ਤਰੀਕੇ ਸੋਚ ਰਿਹਾ ਸੀ

ਅੰਤਿਮ ਸਮੇਂ ’ਚ ਉਸਨੂੰ ਇੱਕ ਯੁਕਤ ਸੁੱਝ ਗਈ ਜਦੋਂ ਜੱਲਾਦ ਉਸਨੂੰ ਲੈਣ ਆਏ ਤਾਂ ਉਸਨੇ ਕਿਹਾ, ‘‘ਰੁਕੋ, ਜ਼ਰਾ ਮੇਰਾ ਇੱਕ ਕੰਮ ਕਰ ਦਿਓ ਰਾਜਾ ਨੂੰ ਜਾ ਕੇ ਦੱਸੋ ਕਿ ਮੈਂ ਇੱਕ ਅਜਿਹਾ ਹੁਨਰ ਜਾਣਦਾ ਹਾਂ ਜਿਸ ਨਾਲ ਸੋਨੇ ਦੀ ਖੇਤੀ ਕੀਤੀ ਜਾਂਦੀ ਹੈ ਜੇਕਰ ਮੈਂ ਮਰ ਗਿਆ ਤਾਂ ਉਹ ਹੁਨਰ ਮੇਰੇ ਨਾਲ ਹੀ ਖ਼ਤਮ ਹੋ ਜਾਵੇਗਾ ਰਾਜਾ ਨੂੰ ਕਹੋ ਕਿ ਖੇਤੀ ਕਰਨ ਦਾ ਹੁਨਰ ਸਿੱਖਣਾ ਹੋਵੇ ਤਾਂ ਮੈਨੂੰ ਫਾਂਸੀ ਦੇਣ ਤੋਂ ਪਹਿਲਾਂ ਸਿੱਖ ਲੈਣ’’

ਜੱਲਾਦਾਂ ਨੇ ਇਹ ਖਬਰ ਰਾਜੇ ਨੂੰ ਦਿੱਤੀ ਰਾਜੇ ਨੇ ਚੋਰ ਨੂੰ ਆਪਣੇ ਕੋਲ ਸੱਦ ਲਿਆ ਚੋਰ ਦੇ ਆਉਣ ’ਤੇ ਰਾਜੇ ਨੇ ਪੁੱਛਿਆ, ‘‘ਤੁਸੀਂ ਸੋਨੇ ਦੀ ਖੇਤੀ ਦਾ ਹੁਨਰ ਜਾਣਦੇ ਹੋ?’’ ਚੋਰ ਬੋਲਿਆ, ‘‘ਜੀ ਹਜ਼ੂਰ, ਉਹ ਹੁਨਰ ਸਿਰਫ ਮੈਂ ਹੀ ਜਾਣਦਾ ਹਾਂ’’ ਰਾਜਾ ਬੋਲਿਆ, ‘‘ਤਾਂ ਦੱਸ ਕਿਵੇਂ ਕੀਤੀ ਜਾਂਦੀ ਹੈ ਸੋਨੇ ਦੀ ਖੇਤੀ?’’ ਚੋਰ ਨੇ ਕਿਹਾ, ‘‘ਹਜ਼ੂਰ, ਸਭ ਦੇ ਸਾਹਮਣੇ ਦੱਸ ਦੇਵਾਂ? ਇਸ ਤਰ੍ਹਾਂ ਤਾਂ ਸਭ ਜਾਣ ਜਾਣਗੇ ਅਤੇ ਖੇਤੀ ਕਰਕੇ ਅਮੀਰ ਬਣ ਜਾਣਗੇ ਫਿਰ ਤੁਹਾਡਾ ਹੁਕਮ ਕੌਣ ਮੰਨੇਗਾ?’’

ਰਾਜੇ ਨੂੰ ਝਟਕਾ ਲੱਗਾ ਗੱਲ ਤਾਂ ਸਹੀ ਹੈ ਚੋਰ ਅਕਲਮੰਦ ਹੈ ਉਹ ਉਸਨੂੰ ਨਿੱਜੀ ਕਮਰੇ ’ਚ ਲੈ ਗਿਆ ਚੋਰ ਨੇ ਦੱਸਿਆ, ‘‘ਹਜ਼ੂਰ ਇੱਕ ਕਿੱਲੋ ਸੋੋਨੇ ਦੇ ਸਰ੍ਹੋਂ ਵਰਗੇ ਦਾਣੇ ਸੁਨਿਆਰ ਤੋਂ ਬਣਵਾ ਕੇ ਮੰਗਵਾ ਦਿਓ ਅਤੇ ਆਪਣੇ ਹੀ ਰਾਜ ਮਹਿਲ ਦੇ ਵਿਹੜੇ ’ਚ ਕਿਆਰੀ ਬਣਾਉਣ ਦੀ ਜਗ੍ਹਾ ਮੈਨੂੰ ਦੱਸ ਦਿਓ ਜਦੋਂ ਤੱਕ ਸੋਨੇ ਦੇ ਦਾਣੇ ਆਉਣਗੇ, ਉਦੋਂ ਤੱਕ ਮੈਂ ਕਿਆਰੀਆਂ ਤਿਆਰ ਕਰ ਲਵਾਂਗਾ’’

ਰਾਜਾ ਨੇ ਇੱਕ ਵੱਡੇ ਸੁਨਿਆਰੇ ਨੂੰ ਸੋਨੇ ਦੇ ਦਾਣੇ ਬਣਾ ਕੇ ਭੇਜਣ ਦਾ ਆਦੇਸ਼ ਭਿਜਵਾ ਦਿੱਤਾ ਅਤੇ ਚੋਰ ਨੂੰ ਕਿਆਰੀ ਲਈ ਜਗ੍ਹਾ ਦੱਸ ਦਿੱਤੀ ਚੋਰ ਬੋਲਿਆ, ‘‘ਹੁਣ, ਤੁਸੀਂ ਮੈਨੂੰ ਦੇਖਦੇ ਰਹੋ, ਕਿਵੇਂ ਕਿਆਰੀ ਬਣਦੀ ਹੈ’’ ਚੋਰ ਨੇ ਕਹੀ ਨਾਲ ਮਿੱਟੀ ਗੋਡੀ ਫਿਰ ਰੰਬੇ ਤੇ ਹੱਥਾਂ ਦੀ ਮੱਦਦ ਨਾਲ ਮਿੱਟੀ ਭੁਰਭੁਰੀ ਕੀਤੀ ਉਸਨੇ ਖੇਤ ’ਚ ਰੂੜੀ, ਆਟਾ ਵਗੈਰਾ ਕਈ ਚੀਜ਼ਾਂ ਮਿਲਾਈਆਂ ਜਦੋਂ ਸੋਨੇ ਦੇ ਦਾਣੇ ਆ ਗਏ ਤਾਂ ਚੋਰ ਨੇ ਦੱਸਿਆ, ‘‘ਹਜ਼ੂਰ, ਤੁਸੀਂ ਆਪਣੇ ਹੱਥਾਂ ਨਾਲ ਇਨ੍ਹਾਂ ਕਿਆਰੀਆਂ ’ਚ ਸੋਨੇ ਦਾ ਇਹ ਬੀਜ ਬੀਜ ਦਿਓ ਮੈਂ ਆਪਣੇ ਹੱਥਾਂ ਨਾਲ ਇਨ੍ਹਾਂ ਨੂੰ ਨਹੀਂ ਬੀਜ ਸਕਦਾ ਕਿਉਂਕਿ ਮੈਂ ਚੋਰੀ ਕੀਤੀ ਹੈ ਸੋਨੇ ਦੀ ਖੇਤੀ ਸਿਰਫ ਉਹੀ ਕਰ ਸਕਦਾ ਹੈ ਜਿਸ ਨੇ ਕਦੇ ਚੋਰੀ ਨਾ ਕੀਤੀ ਹੋਵੇ’’

ਰਾਜਾ ਸ਼ਰਮਿੰਦਾ ਹੋ ਕੇ ਬੋਲਿਆ, ‘‘ਯਾਰ, ਮੈਂ ਤਾਂ ਇੱਕ ਸਾਜਿਸ਼ ਦੇ ਤਹਿਤ ਪਹਿਲੇ ਰਾਜੇ ਨੂੰ ਮਰਵਾ ਕੇ ਰਾਜਸ਼ਾਹੀ ਹਥਿਆਈ ਸੀ, ਇਸ ਲਈ ਮੈਂ ਵੀ ਤਾਂ ਚੋਰ ਹੋਇਆ’’ ਚੋਰ ਬੋਲਿਆ, ‘‘ਕਿਸੇ ਮੰਤਰੀ ਨੂੰ ਬੁਲਾ ਲਓ’’ ਰਾਜੇ ਨੇ ਇੱਕ-ਇੱਕ ਮੰਤਰੀ ਨੂੰ ਸੋਨੇ ਦੀ ਖੇਤੀ ਦੀ ਸ਼ਰਤ ਦੱਸ ਕੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਤਨਖਾਹ ਘੱਟ ਅਤੇ ਖਰਚੇ ਜ਼ਿਆਦਾ ਹੋਣ ਕਾਰਨ ਰਾਜ-ਕਾਜ ਦੇ ਖਰਚਿਆਂ ’ਚ ਉਨ੍ਹਾਂ ਨੂੰ ਕਦੇ-ਕਦੇ ਹੇਰਾਫੇਰੀ ਕਰਨੀ ਪੈਂਦੀ ਹੈ ਫਿਰ ਅਫਸਰਾਂ ਨਾਲ ਸੰਪਰਕ ਕੀਤਾ ਗਿਆ, ਉਹ ਵੀ ਹੇਰਾਫੇਰੀ ਕਰਨ ਵਾਲੇ ਨਿੱਕਲੇ ਸ਼ਹਿਰ ਦੇ ਵਪਾਰੀਆਂ ’ਚੋਂ ਕੋਈ ਇਮਾਨਦਾਰ ਲੱਭਣ ਦੀਆਂ ਕੋਸ਼ਿਸ਼ਾਂ ਦੌਰਾਨ ਪਤਾ ਲੱਗਾ ਕਿ ਉਹ ਟੈਕਸ ਦੀ ਚੋਰੀ, ਘਟ ਤੋਲਣ ਅਤੇ ਮਿਲਾਟਵ ਕਰਦੇ ਹਨ’’

ਰਾਜਾ ਇਸ ਨਾਲ ਚਕਰਾ ਗਿਆ ਬੋਲਿਆ, ‘‘ਚੋਰ  ਭਾਈ, ਇੱਥੇ ਤਾਂ ਸਾਰੇ ਚੋਰ ਹਨ’’ ਚੋਰ ਹੱਥ ਜੋੜ ਕੇ ਬੋਲਿਆ, ‘‘ਹਜ਼ੂਰ, ਮੇਰੀ ਫਾਂਸੀ ਤਾਂ ਤੈਅ ਹੈ, ਇੱਕ ਗੱਲ ਜਾਂਦੇ-ਜਾਂਦੇ ਕਹਿਣਾ ਚਾਹਾਂਗਾ ਜਿਸ ਸੂਬੇ ਦਾ ਰਾਜਾ ਚੋਰ ਹੋਵੇ, ਉੱਥੇ ਜਨਤਾ ਤੋਂ ਇਮਾਨਦਾਰੀ ਦੀ ਉਮੀਦ ਕਰਨਾ ਨਿਆਂਪੂਰਨ ਨਹੀਂ ਹੈ ਰਾਜੇ ਨੂੰ ਜੇਕਰ ਜਨਤਾ ਦੀਆਂ ਦੁੱਖ-ਤਕਲੀਫਾਂ ਨਾਲ ਕੋਈ ਮਤਲਬ ਨਹੀਂ ਹੈ, ਸਿਰਫ ਆਪਣੇ ਐਸ਼ੋ-ਆਰਾਮ ਨਾਲ ਮਤਲਬ ਹੈ ਤਾਂ ਉੱਥੇ ਅਪਰਾਧ ਹੋਣਗੇ ਹੀ’’

ਥੋੜ੍ਹਾ ਰੁਕ ਕੇ ਚੋਰ ਨੇ ਅੱਗੇ ਕਿਹਾ, ‘‘ਇੱਥੇ ਤੁਹਾਡੇ ਕਿਰਪਾ-ਪਾਤਰ ਜਿਮੀਂਦਾਰ ਕਿਸਾਨਾਂ ਨੂੰ ਲੁੱਟਦੇ ਹਨ, ਵਪਾਰੀ ਉਤਪਾਦਕਾਂ ਤੇ ਗ੍ਰਾਹਕਾਂ ਨੂੰ, ਅਫਸਰ ਜਨਤਾ ਨੂੰ ਲੁੱਟਦੇ ਹਨ ਤੁਸੀਂ ਜਾਂ ਤੁਹਾਡੇ ਪਰਿਵਾਰ ਦੇ ਲੋਕ ਕੋਈ ਕੰਮ-ਧੰਦਾ ਨਾ ਕਰਕੇ ਮੁਫਤ ਦੀ ਆਮਦਨੀ-ਮਤਲਬ ਜਨਤਾ ਦੀ ਮਿਹਨਤ ਦੀ ਕਮਾਈ ’ਚੋਂ ਜ਼ਬਰਦਸਤੀ ਲਏ ਜਾਣ ਵਾਲੇ ਟੈਕਸ ’ਤੇ ਐਸ਼ ਕਰਦੇ ਹੋ ਮੈਂ ਵੀ ਜਦੋਂ ਬੇਰੁਜ਼ਗਾਰੀ ਅਤੇ ਪਰਿਵਾਰ ਦੀ ਭੁੱਖਮਰੀ ਤੋਂ ਤੰਗ ਹੋ ਗਿਆ ਤਾਂ ਚੋਰਾਂ ਦੇ ਗਿਰੋਹ ’ਚ ਸ਼ਾਮਲ ਹੋਇਆ ਜੇਕਰ ਸਾਰਿਆਂ ਨੂੰ ਰੁਜ਼ਗਾਰ, ਇਮਾਨਦਾਰ ਸ਼ਾਸਨ-ਪ੍ਰਸ਼ਾਸਨ ਮਿਲੇ ਤਾਂ ਕੋਈ ਬੇਈਮਾਨ, ਅਪਰਾਧੀ ਨਾ ਬਣੇ’’ ਰਾਜਾ ਬੜਾ ਸ਼ਰਮਸਾਰ ਹੋਇਆ ਉਸਨੇ ਚੋਰ ਦੀ ਸਜ਼ਾ ਮੁਆਫ ਕਰਕੇ ਉਸਨੂੰ ਸੋਨੇ ਸਮੇਤ ਜਾਣ ਦਿੱਤਾ ਅਤੇ ਆਪਣਾ ਸਲਾਹਕਾਰ ਨਿਯੁਕਤ ਕਰ ਲਿਆ
ਏ. ਪੀ. ਭਾਰਤੀ