ਜੀਵਨ ਦੀ ਆਪੋਧਾਪੀ ਅਤੇ ਭੱਜ-ਦੌੜ ’ਚ ਅਸੀਂ ਇੱਕ-ਦੂਜੇ ਲਈ ਘੱਟ ਸਮਾਂ ਹੀ ਕੱਢ ਪਾਉਂਦੇ ਹਾਂ ਅਤੇ ਇਸ ’ਚ ਵੀ ਮਿਠਾਸ ਦੀ ਥਾਂ ਸਖ਼ਤ ਸ਼ਬਦਾਂ ਦੇ ਬੋਲਚਾਲ ਦੀ ਬਹੁਤਾਤ ਹੁੰਦੀ ਹੈ ਸੱਚ ਤਾਂ ਇਹ ਹੈ ਕਿ ਜਿੰਨਾ ਅਸਰ ਕਹੇ ਗਏ ਸ਼ਬਦਾਂ ਦਾ ਹੁੰਦਾ ਹੈ, ਓਨਾ ਕਿਸੇ ਚੀਜ਼ ਜਾਂ ਜ਼ਖਮ ਦਾ ਵੀ ਨਹੀਂ ਹੁੰਦਾ ਅਸੀਂ ਆਪਣੀ ਬੋਲੀ ’ਚ ਮਿਠਾਸ ਅਤੇ ਕਠੋਰਤਾ ਦੋਵੇਂ ਹੀ ਰੱਖਦੇ ਹਾਂ ਪਰ ਅਣਜਾਣੇ ’ਚ ਕਠੋਰਤਾ ਦੀ ਹੀ ਜ਼ਿਆਦਾ ਵਰਤੋਂ ਕਰਦੇ ਹਾਂ ਇਸ ਆਦਤ ਨੂੰ ਹੌਲੀ-ਹੌਲੀ ਰੂਟੀਨ ਬਣਾ ਲੈਣ ਨਾਲ ਨਤੀਜਾ ਇਹ ਨਿੱਕਲਦਾ ਹੈ।
ਕਿ ਸਾਡੀ ਭਾਸ਼ਾ ਕੌੜੀ ਹੋ ਜਾਂਦੀ ਹੈ ਅਤੇ ਲੋਕਾਂ ਨੂੰ ਦੁੱਖ ਪਹੁੰਚਾਉਣ ਲੱਗਦੀ ਹੈ ਸਾਡੇ ਪ੍ਰਤੀ ਸਾਨੂੰ ਪਸੰਦ ਕਰਨ ਵਾਲਿਆਂ, ਚਾਹੁਣ ਵਾਲਿਆਂ ਅਤੇ ਪੁੱਛਣ ਵਾਲਿਆਂ ਦਾ ਦਾਇਰਾ ਛੋਟਾ ਹੋਣ ਲੱਗਦਾ ਹੈ ਤੇ ਹੌਲੀ-ਹੌਲੀ ਸਾਡੇ ਲਈ ਉਨ੍ਹਾਂ ਦੀ ਸੋਚ ਵੀ ਬਦਲ ਜਾਂਦੀ ਹੈ। ਤੁਸੀਂ ਦੇਖਿਆ ਵੀ ਹੋਵੇਗਾ ਕਿ ਕੁਝ ਲੋਕ ਬੋਲਦੇ ਹਨ ਤਾਂ ਅਜਿਹਾ ਲੱਗਦਾ ਹੈ ਕਿ ਮੰਨੋ ਫੁੱਲ ਝੜ ਰਹੇ ਹਨ ਜਦੋਂਕਿ ਕੁਝ ਲੋਕਾਂ ਨਾਲ ਗੱਲ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ ਕਿਉਂਕਿ ਇਨ੍ਹਾਂ ਦੇ ਮੂੰਹ ’ਚੋਂ ਸ਼ਬਦ ਏਦਾਂ ਲੱਗਦੇ ਹਨ ਜਿਵੇਂ ਜ਼ਹਿਰ ’ਚ ਡੋਬੇ ਤੀਰ।
ਭਾਸ਼ਾ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਬੋਲੀ ਅਜਿਹਾ ਬ੍ਰਹਮਾਸਤਰ ਹੈ ਜਿਸ ਨੂੰ ਮਿਠਾਸ ਦੇ ਧਨੁਖ ਤੋਂ ਛੱਡਣ ’ਤੇ ਵੱਡੇ-ਵੱਡੇ ਕੰਮ ਬੜੀ ਹੀ ਅਸਾਨੀ ਨਾਲ ਕਢਵਾਏ ਜਾ ਸਕਦੇ ਹਨ ਜਦੋਂਕਿ ਕੌੜੇ ਬੋਲਾਂ ਦਾ ਇਸਤੇਮਾਲ ਕਰਨ ਨਾਲ ਬਣੇ-ਬਣਾਏ ਕੰਮ ਵੀ ਵਿਗੜ ਜਾਂਦੇ ਹਨ ਮੰਨ ਲਓ ਤੁਸੀਂ ਕੋਈ ਸਫਰ ਕਰ ਰਹੇ ਹੋ ਅਤੇ ਗੱਡੀ ’ਚ ਤੁਹਾਡੇ ਬੈਠਣ ਲਈ ਕੋਈ ਸੀਟ ਖਾਲੀ ਨਹੀਂ ਹੈ ਅਜਿਹੇ ’ਚ ਜੇਕਰ ਤੁਸੀਂ ਮਿਠਾਸ ਨਾਲ ਕਿਸੇ ਤੋਂ ਨਿਮਰਤਾਪੂਰਵਕ ਕੁਝ ਜਗ੍ਹਾ ਦੇਣ ਦੀ ਅਪੀਲ ਕਰੋਗੇ ਤਾਂ ਇਸ ਗੱਲ ਦੀ ਬਹੁਤ ਹੀ ਘੱਟ ਸੰਭਾਵਨਾ ਹੈ ਕਿ ਬੈਠਿਆ ਵਿਅਕਤੀ ਤੁਹਾਨੂੰ ਥੋੜ੍ਹੀ ਜਿਹੀ ਜਗ੍ਹਾ ਨਾ ਦੇਵੇ ਪਰ ਜੇਕਰ ਇਸਦੇ ਉਲਟ ਤੁਸੀਂ ਕਠੋਰਤਾ ਅਤੇ ਗੁੱਸੇ ਨਾਲ ਜਗ੍ਹਾ ਮੰਗੋਗੇ ਤਾਂ ਇੱਕ ਤਾਂ ਐਨੇ ਲੋਕਾਂ ’ਤੇ ਤੁਹਾਡਾ ਗਲਤ ਪ੍ਰਭਾਵ ਪਵੇਗਾ ਤੇ ਦੂਜਾ ਜਗ੍ਹਾ ਮਿਲੇਗੀ ਜਾਂ ਨਹੀਂ, ਇਸ ਦਾ ਫੈਸਲਾ ਤੁਸੀਂ ਖੁਦ ਕਰੋ।
ਹਮੇਸ਼ਾ ਇਹ ਧਿਆਨ ਰੱਖੋ ਕਿ ਮੂੰਹ ’ਚੋਂ ਨਿੱਕਲਿਆ ਸ਼ਬਦ ਅਤੇ ਧਨੁਖ ’ਚੋਂ ਨਿੱਕਲਿਆ ਤੀਰ ਕਦੇ ਵਾਪਸ ਨਹੀਂ ਆਉਂਦੇ, ਠੀਕ ਉਵੇਂ ਹੀ ਜਿਵੇਂ ਕਿ ਨਦੀ ’ਚ ਉੱਤਰੋ ਅਤੇ ਭਿੱਜਣ ਤੋਂ ਬਚ ਜਾਓ ਅਜਿਹਾ ਵੀ ਸੰਭਵ ਹੈ ਪਰ ਉਦੋਂ ਜਦੋਂਕਿ ਨਦੀ ’ਚ ਪਾਣੀ ਨਾ ਹੋਵੇ ਪਰ ਅਜਿਹੀ ਸਥਿਤੀ ਨੂੰ ਆਉਣ ਹੀ ਕਿਉਂ ਦਿੱਤਾ ਜਾਵੇ ਸਖ਼ਤ ਬੋਲਾਂ ਨੂੰ ਆਪਣੇ ਬੋਲਚਾਲ ’ਚ ਜਗ੍ਹਾ ਹੀ ਕਿਉਂ ਦਿਓ ਕਿਉਂ ਨਾ ਸਾਹਮਣੇ ਵਾਲੇ ਇਨਸਾਨ ’ਤੇ ਆਪਣੀ ਮਿੱਠੀ ਬੋਲੀ ਦਾ ਅਜਿਹਾ ਜਾਦੂ ਚਲਾਇਆ ਜਾਵੇ ਕਿ ਉਹ ਸਾਡੇ ਨਾਲ ਦੋਸਤੀ ਕਰਨ ਲਈ ਸਾਡੇ ਕਾਬੂ ’ਚ ਹੋ ਜਾਵੇ।
ਮਿੱਠੀ ਬੋਲੀ ਬੋਲਣ ਦਾ ਇੱਕ ਫਾਇਦਾ ਇਹ ਵੀ ਹੈ ਕਿ ਭਲੇ ਹੀ ਤੁਸੀਂ ਕੁਝ ਨਾ ਹੋਵੋ ਪਰ ਜੇਕਰ ਬੋਲਚਾਲ ’ਚ ਰਸ ਝਲਕਦਾ ਹੈ ਤਾਂ ਦੂਜਿਆਂ ਨੂੰ ਆਪਣੀ ਤਾਰੀਫ ਕਰਨ ਲਈ ਜ਼ਰੂਰ ਪ੍ਰੇਰਿਤ ਕਰ ਦੇਵੋਗੇ ਅਜਿਹੇ ਲੋਕ ਸਭ ਨੂੰ ਪਸੰਦ ਵੀ ਆਉਂਦੇ ਹਨ ਜੋ ਅਣਜਾਣੇ ਲੋਕਾਂ ਨਾਲ ਜਲਦੀ ਘੁਲ-ਮਿਲ ਜਾਂਦੇ ਹਨ ਅਤੇ ਆਪਣੀ ਬੋਲਚਾਲ ਨਾਲ ਦੂਜਿਆਂ ਦਾ ਦਿਲ ਜਿੱਤ ਲੈਂਦੇ ਹਨ ਹਮੇੇਸ਼ਾ ਇਹ ਖਿਆਲ ਰੱਖੋ ਕਿ ਵਿਹਾਰ ’ਚ ਨਰਮ ਅਤੇ ਮਿੱਠੀ ਬੋਲੀ ਦੀ ਪ੍ਰਕਿਰਤੀ ਅਪਣਾਉਣ ਨਾਲ ਕਿਸੇ ਨੂੰ ਆਪਣਾ ਦੋਸਤ ਵੀ ਬਣਾਇਆ ਜਾ ਸਕਦਾ ਹੈ ਅਤੇ ਕੌੜੀ ਭਾਸ਼ਾ ਅਪਣਾ ਕੇ ਕਿਸੇ ਨੂੰ ਦੁਖੀ ਵੀ ਕੀਤਾ ਜਾ ਸਕਦਾ ਹੈ।
ਕਿਉਂਕਿ ਦੁਸ਼ਮਣ ਬਣਾਉਣਾ ਸੌਖਾ ਹੈ ਅਤੇ ਮਿੱਤਰ ਬਣਾਉਣਾ ਔਖਾ, ਇਸ ਲਈ ਸਦਾ ਛੋਟੇ ਰਸਤੇ ਦੀ ਤੁਲਨਾ ’ਚ ਲੰਮੇ ਅਤੇ ਚੁਣੌਤੀ ਭਰੇ ਰਸਤੇ ਨੂੰ ਚੁਣਨਾ ਚਾਹੀਦਾ ਹੈ ਅਰਥਾਤ ਬੋਲੀ ਦੇ ਅਸਰ ਨਾਲ ਦੋਸਤਾਂ ਦੀ ਗਿਣਤੀ ਵਧਾਉਣੀ ਚਾਹੀਦੀ ਹੈ ਭਲੇ ਹੀ ਕੋਈ ਕਿੰਨਾ ਬੁਰਾ ਹੋਵੇ, ਉਸ ਨੂੰ ਸੁਧਾਰਨ ਲਈ ਵੀ ਮਿੱਠੇ ਬੋਲਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ ਸਾਨੂੰ ਕਿਸੇ ਨਾਲ ਵੀ ਗੱਲਾਂ ਕਰਦੇ ਸਮੇਂ ਭਾਸ਼ਾ ’ਚ ਐਨੀ ਮਿਠਾਸ, ਨਿਮਰਤਾ ਅਤੇ ਕੋਮਲਤਾ ਦਾ ਸਮਾਵੇਸ਼ ਰੱਖਣਾ ਚਾਹੀਦੈ ਕਿ ਸੁਣਨ ਵਾਲਾ ਸਾਡੇ ਤੋਂ ਪ੍ਰਭਾਵਿਤ ਹੋਏ ਬਿਨਾਂ ਨਾ ਰਹਿ ਸਕੇ ਸਾਹਮਣੇ ਵਾਲੇ ਦੇ ਮੂੰਹੋਂ ਆਪਣੇ-ਆਪ ਹੀ ਇਹ ਨਿੱਕਲ ਜਾਵੇ ਕਿ ਬੋਲੀ ਹੀ ਸਰਵੋਤਮ ਗਹਿਣਾ ਹੈ, ਇਸ ਲਈ ਬੋਲੋ ਪਰ ਮਿੱਠਾ, ਮਿੱਠਾ, ਬੱਸ ਮਿੱਠਾ।
ਅਜੈ ਵਿਕਲਪ