ਕੁਦਰਤ ਦੀ ਸੁੰਦਰਤਾ- ਈਸ਼ਵਰ ਵੱਲੋਂ ਬਣਾਈ ਇਹ ਸਮੁੱਚੀ ਕੁਦਰਤ ਬਹੁਤ ਹੀ ਸੁੰਦਰ ਹੈ ਇਸ ਦੀ ਸੁੰਦਰਤਾ ਮਨਮੋਹਕ ਹੈ ਇਸਦੇ ਕਿਸੇ ਵੀ ਅੰਸ਼ ’ਤੇ ਜੇਕਰ ਧਿਆਨ ਦਿੱਤਾ ਜਾਵੇ ਤਾਂ ਉਸ ਦੀ ਸੁੰਦਰਤਾ ’ਚ ਮਨ ਗੁਆਚ ਜਾਣਾ ਚਾਹੀਦਾ ਹੈ ਇਸ ਨੂੰ ਜਿੰਨਾ ਵੀ ਡੂੰਘਾਈ ਨਾਲ ਅਸੀਂ ਨਿਹਾਰਦੇ ਹਾਂ ਉਹ ਓਨਾ ਹੀ ਮਨ ’ਚ ਡੂੰਘੀ ਉੱਤਰਦੀ ਜਾਂਦੀ ਹੈ ਇੱਕ ਤੋਂ ਇੱਕ ਸੁੰਦਰ ਪੰਛੀ ਸਾਨੂੰ ਦਿਖਾਈ ਦਿੰਦੇ ਹਨ ਮਨ ਕਰਦਾ ਹੈ ਕਿ ਉਨ੍ਹਾਂ ਨੂੰ ਦੇਖਦੇ ਹੀ ਰਹੀਏ ਸਵੇਰ ਦੇ ਸਮੇਂ ਹੋਣ ਵਾਲੀ ਉਨ੍ਹਾਂ ਦੀ ਚਹਿਚਹਾਟ ਇਸ ਸ੍ਰਿਸ਼ਟੀ ’ਚ ਸਦਾ ਨਵਜੀਵਨ ਦਾ ਸੰਚਾਰ ਕਰਦੀ ਹੈ।
ਪੰਛੀਆਂ ਦਾ ਚਹਿਚਹਾਉਣਾ ਜੀਵਨਦਾਈ ਸ਼ਕਤੀ ਹੁੰਦਾ ਹੈ ਮੋਰ ਦਾ ਨਾਚ, ਤੋਤੇ ਦੀ ਬੋਲੀ, ਕੋਇਲ ਦੇ ਮਿੱਠੇ ਗੀਤ ਕਿਸੇ ਨੂੰ ਵੀ ਪ੍ਰਭਾਵਿਤ ਕਰ ਲੈਂਦੇ ਹਨ ਇਨ੍ਹਾਂ ਦੀ ਮਾਸੂਮ ਸੁੰਦਰਤਾ ਉਦੋਂ ਇਨ੍ਹਾਂ ਦੀ ਦੁਸ਼ਮਣ ਬਣ ਜਾਂਦੀ ਹੈ ਜਦੋਂ ਅਸੀਂ ਮਨੁੱਖ ਆਪਣੇ ਮਨੋਰੰਜਨ ਲਈ ਇਨ੍ਹਾਂ ਨੂੰ ਪਿੰਜਰਿਆਂ ’ਚ ਕੈਦ ਕਰ ਲੈਂਦੇ ਹਾਂ। ਇਸੇ ਤਰ੍ਹਾਂ ਅਸੀਂ ਪਸ਼ੂਆਂ ਦੀ ਸੁੰਦਰਤਾ ਦੇ ਵਿਸ਼ੇ ’ਚ ਵੀ ਕਹਿ ਸਕਦੇ ਹਾਂ ਹਿਰਨ ਆਦਿ ਪਸ਼ੂ ਆਪਣੀ ਮਾਸੂਮੀਅਤ ਕਾਰਨ ਬਹੁਤ ਹੀ ਮਨਮੋਹਕ ਲੱਗਦੇ ਹਨ ਪਸ਼ੂ ਜਗਤ ਸਾਡੇ ਲਈ ਬਹੁਤ ਹੀ ਲਾਹੇਵੰਦ ਹੈ ਇਨ੍ਹਾਂ ਨੂੰ ਅਸੀਂ ਪਾਲਤੂ ਬਣਾ ਕੇ ਜਾਂ ਕੈਦ ਕਰਕੇ ਇਨ੍ਹਾਂ ਤੋਂ ਅਸੀਂ ਵੱਖ-ਵੱਖ ਤਰ੍ਹਾਂ ਦੇ ਕੰਮ ਕਰਵਾਉਂਦੇ ਹਾਂ।
ਸਮੁੰਦਰ ਅਤੇ ਸਮੁੰਦਰੀ ਜੀਵ ਭਾਵ ਪਾਣੀ ’ਚ ਰਹਿਣ ਵਾਲੇ ਜੀਵ ਸਦਾ ਤੋਂ ਹੀ ਸਾਡੀ ਖਿੱਚ ਦਾ ਕੇਂਦਰ ਰਹੇ ਹਨ ਇਨ੍ਹਾਂ ਨੂੰ ਵੀ ਅਸੀਂ ਸਜਾਵਟ ਦਾ ਸਾਮਾਨ ਸਮਝਦੇ ਹਾਂ ਹੱਦ ਤਾਂ ਅਸੀਂ ਮਨੁੱਖ ਉਦੋਂ ਕਰਦੇ ਹਾਂ, ਜਦੋਂ ਇਨ੍ਹਾਂ ਮਾਸੂਮ ਅਤੇ ਸੁੰਦਰ ਜੀਵ-ਜੰਤੂਆਂ ਨੂੰ ਮਾਰ ਕੇ ਖਾ ਜਾਂਦੇ ਹਾਂ ਸੁੰਦਰ ਅਤੇ ਰੰਗ-ਬਿਰੰਗੀਆਂ, ਮਨ ਨੂੰ ਭਾਉਣ ਵਾਲੀਆਂ ਤਿੱਤਲੀਆਂ ਇੱਧਰ-ਉੱਧਰ ਉੱਡਦੀਆਂ ਹੋਈਆਂ ਬੱਚਿਆਂ ਦੇ ਨਾਲ-ਨਾਲ ਵੱਡਿਆਂ ਦਾ ਧਿਆਨ ਆਕਰਸ਼ਿਤ ਕਰਦੀਆਂ ਹਨ ਇਨ੍ਹਾਂ ਨੂੰ ਵੀ ਫੜ ਕੇ ਬੱਚੇ ਮਨੋਰੰਜਨ ਕਰਦੇ ਹਨ ਵੱਖ-ਵੱਖ ਤਰ੍ਹਾਂ ਦੇ ਸੁੰਦਰ, ਮੋਹਕ ਅਤੇ ਸੁਗੰਧਿਤ ਫੁੱਲ ਪੂਰੇ ਵਾਤਾਵਰਨ ਨੂੰ ਮਹਿਕਾ ਦਿੰਦੇ ਹਨ ਇਨ੍ਹਾਂ ਨੂੰ ਤੋੜ ਕੇ ਅਸੀਂ ਆਪਣੇ ਸਵਾਰਥਾਂ ਦੀ ਪੂਰਤੀ ਕਰਦੇ ਹਾਂ।
ਇਸੇ ਤਰ੍ਹਾਂ ਨਦੀਆਂ, ਝਰਨੇ ਅਤੇ ਸਮੁੰਦਰ ਵੀ ਸਾਨੂੰ ਪਲ-ਪਲ ਬੁਲਾਉਂਦੇ ਹਨ ਇਨ੍ਹਾਂ ਦਾ ਸੁੰਦਰ ਰੂਪ ਹਰ ਕਿਸੇ ਨੂੰ ਮੋਹ ਲੈਂਦਾ ਹੈ ਲੋਕ ਇਨ੍ਹਾਂ ਨੂੰ ਦੇਖਣ ਲਈ ਦੂਰ-ਦੂਰ ਤੋਂ ਆਪਣਾ ਸਮਾਂ ਅਤੇ ਪੈਸਾ ਖਰਚ ਕਰਕੇ ਜਾਂਦੇ ਹਨ ਪਹਾੜਾਂ ਦੀ ਸੁੰਦਰਤਾ ਦਾ ਬਖਿਆਨ ਕੀ ਕੀਤਾ ਜਾਵੇ? ਇਨ੍ਹਾਂ ਦੀ ਸੁੰਦਰਤਾ ਦੇ ਪ੍ਰੇਮੀ ਪਤਾ ਨਹੀਂ ਕਿੰਨੀਆਂ ਤਕਲੀਫ਼ਾਂ ਝੱਲ ਕੇ ਇਨ੍ਹਾਂ ਨੂੰ ਦੇਖਣ ਆਉਂਦੇ ਹਨ ਇਨ੍ਹਾਂ ਦੇ ਆਕਰਸ਼ਣ ’ਚ ਬੱਝੇ ਹੋਏ ਲੋਕ ਖੁਦ ਨੂੰ ਤਰੋਤਾਜਾ ਬਣਾਉਣ ਲਈ ਆਪਣੇ ਸਾਥੀਆਂ ਜਾਂ ਪਰਿਵਾਰ ਦੇ ਨਾਲ ਆਉਂਦੇ ਹਨ ਕੰਮਕਾਜ ਦੀ ਹਫੜਾ-ਦਫੜੀ ਅਤੇ ਸ਼ਹਿਰਾਂ ਦੇ ਰੌਲੇ-ਰੱਪੇ ਤੋਂ ਦੂਰ ਇਨ੍ਹਾਂ ਸ਼ਾਂਤ ਪਹਾੜਾਂ ਦੀ ਗੋਦ ’ਚ ਸਮਾਂ ਬਤੀਤ ਕਰਕੇ ਤਾਜ਼ਗੀ ਦੇ ਨਾਲ ਆਤਮ-ਸੰਤੋਖ ਵੀ ਮਿਲਦਾ ਹੈ।
ਜੇਕਰ ਪਹਾੜਾਂ ਦੀਆਂ ਚੋਟੀਆਂ ਬਰਫ ਨਾਲ ਢੱਕੀਆਂ ਹੋਣ, ਰਸਤਿਆਂ ’ਤੇ ਬਰਫ ਦਾ ਸਾਮਰਾਜ ਹੋਵੇ, ਦਰੱਖਤਾਂ ’ਤੇ ਲਮਕਦੀ ਸਫੈਦ ਬਰਫ ਹੋਵੇ ਅਤੇ ਚਾਰੇ ਪਾਸੇ ਬਰਫ ਦੀ ਸਫੈਦ ਚਾਦਰ ਵਿਛੀ ਹੋਵੇ ਤਾਂ ਉਸ ਦ੍ਰਿਸ਼ ਦੇ ਕੀ ਕਹਿਣੇ? ਮਾਲਿਕ ਨੇ ਅਜਿਹੀ ਜਗ੍ਹਾਵਾਂ ਵੀ ਸਾਨੂੰ ਦਿੱਤੀਆਂ ਹਨ ਇਹ ਸਫੈਦੀ ਮਨ ਨੂੰ ਆਨੰਦ ਨਾਲ ਭਰਪੂਰ ਕਰ ਦਿੰਦੀ ਹੈ ਗ੍ਰਹਿ-ਨਛੱਤਰ, ਚੰਦ-ਤਾਰੇ ਹਮੇਸ਼ਾ ਤੋਂ ਹੀ ਮਨੁੱਖਾਂ ਲਈ ਰਹੱਸ ਰਹੇ ਹਨ ਇਨ੍ਹਾਂ ਸਭ ਦੀਆਂ ਕਥਾਵਾਂ ਅਸੀਂ ਸਮੇਂ-ਸਮੇਂ ’ਤੇ ਸੁਣਦੇ ਅਤੇ ਪੜ੍ਹਦੇ ਰਹਿੰਦੇ ਹਾਂ।
ਕਹਿਣ ਦਾ ਮਤਲਬ ਹੈ ਕਿ ਇਸ ਸ੍ਰਿਸ਼ਟੀ ਦੀ ਹਰੇਕ ਰਚਨਾ ਨੂੰ ਅਸੀਂ ਨਿਹਾਰਨ ਲੱਗੀਏ ਅਤੇ ਉਸ ’ਚ ਡੁੱਬਦੇ ਚਲੇ ਜਾਈਏ ਤਾਂ ਉੁਸ ਮਾਲਕ ਦੀ ਪ੍ਰਸੰਸਾ ਕਰਨ ਦੀ ਇੱਛਾ ਹੁੰਦੀ ਹੈ ਉਸਨੇ ਚਾਰੇ ਪਾਸੇ ਏਨੀ ਜ਼ਿਆਦਾ ਸੁੰਦਰਤਾ ਭਰ ਦਿੱਤੀ ਹੈ ਜਿਸ ਦੀ ਅਸੀਂ ਕਦੇ ਸੁਫਨੇ ’ਚ ਵੀ ਕਲਪਨਾ ਨਹੀਂ ਕਰ ਸਕਦੇ ਉਸ ਪ੍ਰਭੂ ਦੀ ਸ੍ਰਿਸ਼ਟੀ ’ਚ ਕੋਈ ਕਮੀ ਕੱਢਣ ਦੀ ਸਮਰੱਥਾ ਸਾਡੇ ਇਨਸਾਨਾਂ ’ਚ ਨਹੀਂ ਹੈ ਈਸ਼ਵਰ ਨੇ ਇਸ ਸ੍ਰਿਸ਼ਟੀ ਨੂੰ ਐਨਾ ਸੁੰਦਰ ਬਣਾਇਆ ਹੈ ਅਤੇ ਉਹ ਚਾਹੁੰਦਾ ਹੈ ਕਿ ਅਸੀਂ ਇਸਨੂੰ ਆਪਣੇ ਵਿਹਾਰ ਅਤੇ ਆਪਣੇ ਬੁਰੇ ਕਰਮਾਂ ਨਾਲ ਦੂਸ਼ਿਤ ਨਾ ਕਰੀਏ ਅਸੀਂ ਉਸਨੂੰ ਉਸੇ ਤਰ੍ਹਾਂ ਹੀ ਸੰਭਾਲ ਕੇ ਰੱਖੀਏ ਜਿਵੇਂ ਕਿ ਉਸਨੇ ਇਸ ਨੂੰ ਬਣਾਇਆ ਹੈ।
-ਚੰਦਰ ਪ੍ਰਭਾ ਸੂਦ