ਕਦੇ ਹੁੰਦਾ ਸੀ ਸਾਉਣ ਮਹੀਨੇ ਵਿੱਚ ਤੀਆਂ, ਸਾਵਿਆਂ ਦਾ ਵੱਖਰਾ ਹੀ ਚਾਅ
ਦੇਸੀ ਮਹੀਨਿਆਂ ਵਿਚ ਸਾਉਣ ਮਹੀਨਾ ਆਪਣੀ ਵੱਖਰੀ ਪਛਾਣ ਰੱਖਦਾ ਹੈ ਇੱਕ ਤਾਂ ਸਾਉਣ ਮਹੀਨਾ ਮੀਂਹਾਂ ਦਾ ਮਹੀਨਾ ਹੋਣ ਕਰਕੇ ਫ਼ਸਲਾਂ ਆਦਿ ਲਈ ਚੰਗਾ ਹੁੰਦਾ ਹੈ ਤੇ ਦੂਜਾ ਇਸ ਮਹੀਨੇ ਵਿਆਹੀਆਂ ਕੁੜੀਆਂ ਆਪਣੇ ਪੇਕੀਂ ਆਉਂਦੀਆਂ ਹਨ ਤੇ ’ਕੱਠੀਆਂ ਹੋ ਕੇ ਨੱਚ-ਗਾ ਕੇ ਇਸ ਮਹੀਨੇ ਦੀਆਂ ਖੁਸ਼ੀਆਂ ਅਤੇ ਤੀਆਂ ਮਨਾਉਂਦੀਆਂ ਹਨ ਤੀਆਂ ਦਾ ਨਾਂਅ ਲੈਂਦਿਆਂ ਹੀ ਦਿਲ ਖੁਸ਼ੀ ਨਾਲ ਭਰ ਜਾਂਦਾ ਹੈ ।ਕੁੜੀਆਂ-ਚਿੜੀਆਂ, ਮੁਟਿਆਰਾਂ, ਵਿਆਂਹਦੜਾਂ ਤੇ ਹੋਰ ਸਭ ਔਰਤਾਂ ਦੇ ਮਨਾਂ ਵਿਚ ਇਸ ਮਹੀਨੇ ਪ੍ਰ ਤੀ ਬਹੁਤ ਖਿੱਚ ਹੁੰਦੀ ਹੈ।
ਤੀਆਂ ਸਾਉਣ ਦੇ ਮਹੀਨੇ ਦੇ ਚਾਨਣ ਪੱਖ ਦੀ ਤੀਜ ਵਾਲੇ ਦਿਨ ਸ਼ੁਰੂ ਹੁੰਦੀਆਂ ਹਨ । ਪੁੰਨਿਆਂ ਨੂੰ ਖਤਮ ਹੋ ਜਾਂਦੀਆਂ ਹਨ। ਰੀਤ ਮੁਤਾਬਕ ਮਾਪੇ ਆਪਣੀਆਂ ਧੀਆਂ ਨੂੰ ਸਾਉਣ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੇਕੇ ਲੈ ਆਉਂਦੇ ਹਨ। ਕੁੜੀਆਂ ਹੱਥਾਂ ’ਤੇ ਮਹਿੰਦੀ ਲਾਉਂਦੀਆਂ ਹਨ ਤੇ ਨਾਲੇ ਰੰਗ-ਬਿਰੰਗੀਆਂ ਚੂੜੀਆਂ ਵੀ ਚੜ੍ਹਾਉਂਦੀਆਂ ਹਨ। ਫਿਰ ਸ਼ਾਮ ਨੂੰ ਤਿਆਰ ਹੋ ਕੇ ਕਿਸੇ ਸਾਂਝੀ ਥਾਂ ’ਤੇ ਜਾਂਦੀਆਂ ਹਨ।ਪਿੱਪਲਾਂ, ਟਾਹਲੀਆਂ, ਬੋਹੜਾਂ ’ਤੇ ਪੀਘਾਂ ਪਾਉਂਦੀਆਂ ਹਨ, ਗਿੱਧਾ ਪਾਉਂਦੀਆਂ ਹਨ। ਪੁੰਨਿਆਂ ਵਾਲੇ ਦਿਨ ਵੱਅਲੋ (ਬੱਲੋ) ਪਾਈ ਜਾਂਦੀ ਹੈ। ਕੁੜੀਆਂ ਘਰ ਨੂੰ ਵਾਪਸ ਜਾਂਦੀਆਂ ਵਾਰ-ਵਾਰ ਰੁਕ-ਰੁਕ ਕੇ ਗਿੱਧਾ ਪਾਉਂਦੀਆਂ ਤੇ ਨਾਲੇ ਗੀਤ ਗਾਉਂਦੀਆਂ ਘਰਾਂ ਨੂੰ ਜਾਂਦੀਆਂ ਹਨ ਅਤੇ ਦੱਬ੍ਹ (ਹਰਾ ਘਾਹ) ਪੁੱਟ ਕੇ ਲਿਆਉਂਦੀਆਂ ਹਨ ਤਾਂ ਜੋ ਵੀਰ ਦਾ ਘਰ ਸਾਉਣ ਦੇ ਮਹੀਨੇ ਦੇ ਘਾਹ ਵਾਂਗੂੰ ਹਰਿਆ-ਭਰਿਆ ਰਹੇ। ਗਿੱਧੇ ਦਾ ਅੰਤ ਕਰਦੀਆਂ ਹੋਈਆਂ ਉਹ ਕਹਿੰਦੀਆਂ ਹਨ:
‘‘ਸਾਉਣ ਵੀਰ ’ਕੱਠੀਆਂ ਕਰੇ, ਭਾਦੋਂ ਚੰਦਰੀ ਵਿਛੋੜੇ ਪਾਵੇ।
Also Read :-
- ਅਟੁੱਟ ਵਿਸ਼ਵਾਸ ਦਾ ਪ੍ਰਤੀਕ: ਰੱਖੜੀ ਦਾ ਤਿਉਹਾਰ
- ਆਇਆ ਤੀਆਂ ਦਾ ਤਿਉਹਾਰ…
- ਇੰਜ ਆਸਾਨ ਹੋਣਗੀਆਂ ਟੀਨਏੇਜ਼ ਬੱਚਿਆਂ ਦੀਆਂ ਮੁਸ਼ਕਲਾਂ
- ਰੋਮ-ਰੋਮ ’ਚ ਤਾਜ਼ਗੀ ਭਰਦਾ ਸਾਉਣ ਦਾ ਮੀਂਹ
- ਖੁਸ਼ੀਆਂ ਭਰਿਆ ਤੀਆਂ ਦਾ ਤਿਉਹਾਰ
ਤੀਆਂ ਤੋਂ ਬਾਦ ਜਦੋਂ ਕੁੜੀਆਂ ਆਪਣੇ ਸਹੁਰੇ ਵਾਪਸ ਜਾਂਦੀਆਂ ਹਨ ਤਾਂ ਪੇਕੇ ਕੁੜੀਆਂ ਨੂੰ ਕੱਪੜੇ ਤੇ ਬਿਸਕੁਟ ਆਦਿ ਦੇ ਕੇ ਤੋਰਦੇ ਹਨ। ਪੰਜਾਬ ਦੇ ਕਈ ਇਲਾਕਿਆਂ ਵਿਚ ਤੀਆਂ ਦੇ ਤਿਉਹਾਰ ਨੂੰ ਸਾਵੇਂ ਕਿਹਾ ਜਾਂਦਾ ਹੈ । ਪਰ ਤੀਆਂ ਤੇ ਸਾਵਿਆਂ ਵਿਚ ਇਹ ਫ਼ਰਕ ਹੈ, ਤੀਆਂ ਸ਼ੁਰੂ ਹੋਣ ਤੋਂ ਬਾਅਦ ਲਗਾਤਾਰ ਮਨਾਈਆਂ ਜਾਂਦੀਆਂ ਹਨ ਪਰ ਸਾਵੇਂ ਸਾਉਣ ਦੇ ਹਰ ਐਤਵਾਰ ਨੂੰ ਮਨਾਏ ਜਾਂਦੇ ਹਨ । ਬਾਕੀ ਖਾਣ-ਪਾਣ ਦਾ ਢੰਗ, ਮਹਿੰਦੀ ਲਾਉਣ ਦਾ ਢੰਗ, ਕੁੜੀਆਂ ਦਾ ਤਿਆਰ ਹੋਣ ਦਾ ਢੰਗ ਤੇ ਸ਼ਾਮ ਵੇਲੇ ਗਿੱਧਾ ਪਾਉਣਾ ਆਦਿ ਰਸਮਾਂ ਇੱਕੋ-ਜਿਹੀਆਂ ਹਨ
ਤੀਆਂ ਤੋਂ ਪਹਿਲਾਂ ਦੂਜ ਦੀ ਰਾਤ ‘ਮਹਿੰਦੀ ਵਾਲੀ ਰਾਤ’ ਹੁੰਦੀ ਹੈ। ਸਭ ਔਰਤਾਂ, ਮੁਟਿਆਰਾਂ ਕੁੜੀਆਂ ਆਪਣੇ ਹੱਥਾਂ ਅਤੇ ਪੈਰਾਂ ’ਤੇ ਮਹਿੰਦੀ ਲਾਉਂਦੀਆਂ ਹਨ। ਵਣਜਾਰਿਆਂ ਤੋਂ ਰੰਗ-ਬਰੰਗੀਆਂ ਚੂੜੀਆਂ ਚੜ੍ਹਾਉਂਦੀਆਂ ਹਨ। ਕੁੜੀਆਂ ਵਹੁਟੀਆਂ ਤੀਲੇ ਨਾਲ ਹੀ ਆਪਣੇ ਹੱਥਾਂ ’ਤੇ ਮਹਿੰਦੀ ਦੇ ਖੂਬਸੂਰਤ ਫੁੱਲ-ਬੂਟੇ ਚਿੱਤਰ ਲੈਂਦੀਆਂ ਨੇ। ਮਹਿੰਦੀ ਦੇ ਉੱਘੜਨ ਬਾਰੇ ਇੱਕ ਕਹਾਵਤ ਹੈ ਕਿ ਜਿਸ ਕੁੜੀ ਦੇ ਹੱਥਾਂ ਉੱਤੇ ਮਹਿੰਦੀ ਵੱਧ ਉੁਘੜੇ, ਉਹ ਕੁੜੀ ਓਨੀ ਹੀ ਆਪਣੀ ਸੱਸ ਨੂੰ ਵੱਧ ਪਿਆਰੀ ਹੁੰਦੀ ਹੈ।
ਤੀਆਂ ਵਾਲੇ ਦਿਨ, ਦੁਪਹਿਰ ਢਲਣ ਸਾਰ, ਸਭ ਕੁੜੀਆਂ-ਚਿੜੀਆਂ, ਤਿਆਰ ਹੋ ਕੇ, ਰੱਸੇ ਚੁੱਕ ਕੇ, ਤੀਆਂ ਦੇ ਪਿੜ ਵੱਲ ਜਾਂਦੀਆਂ ਹਨ। ਪੀਂਘ ਝੂਟਦੀਆਂ ਕੁੜੀਆਂ, ਰੁੱਖ ਦਾ ਟੀਸੀ ਦਾ ਪੱਤਾ, ਆਪਣੇ ਦੰਦਾਂ ਨਾਲ ਤੋੜਨਾ ਚਾਹੁੰਦੀਆਂ ਹਨ। ਮੁਟਿਆਰਾਂ ਦਾ ਗਿੱਧਾ, ਤੀਆਂ ਵਿੱਚ ਸਭ ਤੋਂ ਵੱਧ ਖਿੱਚ ਦਾ ਕੇਂਦਰ ਹੁੰਦਾ ਹੈ। ਗਿੱਧਾ ਪੰਜਾਬਣ ਦੇ ਅੰਦਰੂਨੀ ਜਜ਼ਬਿਆਂ ਨੂੰ ਜ਼ੁਬਾਨ ਦਿੰਦਾ ਹੈ। ਮਨ ਦੇ ਵਲਵਲਿਆਂ ਦਾ ਅਲੋਕਾਰ ਪ੍ਰਦਰਸ਼ਨ ਹੋ ਨਿੱਬੜਦਾ ਹੈ । ਤੀਆਂ ਦੇ ਦਿਨਾਂ ’ਚ ਬੰਧਨਾਂ ਤੋਂ ਮੁਕਤ, ਆਜ਼ਾਦ ਪੰਖੇਰੂਆਂ ਵਾਂਗ, ਕੁੜੀਆਂ ਅੰਬਰੀਂ ਉਡਾਰੀਆਂ ਭਰਨਾ ਚਾਹੁੰਦੀਆਂ ਹਨ।
ਇਨ੍ਹਾਂ ਦਿਨਾਂ ’ਚ ਘਰ-ਘਰ ਮੱਠੀਆਂ ਤਲੀਆਂ ਜਾਂਦੀਆਂ ਨੇ, ਗੁਲਗੁਲੇ ਪੱਕਦੇ, ਮਾਲ੍ਹਪੂੜੇ ਬਣਦੇ ਅਤੇ ਖੀਰਾਂ ਰਿੱਝਦੀਆਂ ਹਨ। ਕਹਿੰਦੇ ਨੇ: ‘ਕਾਹਦਾ ਆਇਆ ਅਪਰਾਧੀਆ, ਜੇ ਸਾਵਣ ਖੀਰ ਨਾ ਖਾਧੀ ਆ।’ ਜਿਹੜੀਆਂ ਕੁੜੀਆਂ ਤੀਆਂ ਦੇ ਦਿਨਾਂ ’ਚ ਪੇਕੇ ਨਹੀਂ ਆਉਂਦੀਆਂ, ਉਨ੍ਹਾਂ ਨੂੰ ਮਾਪੇ ਤੀਆਂ ਦਾ ਸੰਧਾਰਾ ਭੇਜਦੇ ਹਨ। ਸੰਧਾਰੇ ਵਿੱਚ ਕੁੜੀ ਦਾ ਸੂਟ, ਚੂੜੀਆਂ, ਰੰਗਲੀ ਮਹਿੰਦੀ, ਰੇਸ਼ਮ ਦੀ ਲੱਜ, ਮਠਿਆਈ, ਸ਼ਗਨ ਵਜੋਂ ਪੈਸੇ, ਸੱਸ, ਨਣਦ ਤੇ ਜੁਆਈ ਦੇ ਕੱਪੜੇ ਹੁੰਦੇ ਹਨ। ਜਿਨ੍ਹਾਂ ਕੁੜੀਆਂ ਦੀ ਮੰਗਣੀ ਹੋਈ ਹੁੰਦੀ ਹੈ, ਉਨ੍ਹਾਂ ਨੂੰ ਤੀਆਂ ਦਾ ਸੰਧਾਰਾ ਸਹੁਰੇ ਘਰੋਂ ਆਉਂਦਾ ਹੈ।
ਪਰ ਤਰਾਸਦੀ ਇਹ ਹੈ ਕਿ ਅੱਜ-ਕੱਲ੍ਹ ਹੋਰ ਪੁਰਾਤਨ ਰੀਤੀ-ਰਿਵਾਜ਼ਾਂ ਵਾਂਗ ਸਾਉਣ ਮਹੀਨੇ ਵਿਚ ਮਨਾਈਆਂ ਜਾਣ ਵਾਲੀਆਂ ਖੁਸ਼ੀਆਂ ਅਤੇ ਇਸ ਮਹੀਨੇ ਦੀ ਵਿਸ਼ੇਸ਼ ਮਹੱਤਤਾ ਵੀ ਖ਼ਤਮ ਹੁੰਦੀ ਜਾ ਰਹੀ ਹੈ ਹੁਣ ਨਾ ਹੀ ਕੁੜੀਆਂ ਸਾਵੇਂ/ਤੀਆਂ ਲਾਉਂਦੀਆਂ ਹਨ ਅਤੇ ਨਾ ਹੀ ਪਹਿਲਾਂ ਵਰਗੇ ਮੋਹ ਅਤੇ ਮਾਣ ਰਹਿ ਗਿਆ ਹੈ ਅੱਜ-ਕੱਲ੍ਹ ਦਾ ਸਾਵੇਂ/ਤੀਆਂ ਆਦਿ ਬੱਸ ਕਲਚਰਲ ਪ੍ਰੋਗਰਾਮਾਂ ਵਿਚ ਵੇਖਣ ਨੂੰ ਮਿਲਦੇ ਹਨ ਜੋ ਵੀ ਹੌਲੀ-ਹੌਲੀ ਖ਼ਤਮ ਹੋ ਜਾਣੇ ਹਨ ਜੇਕਰ ਅਸੀਂ ਆਪਣੇ ਪਿਛੋਕੜ ਨਾਲ ਜੁੜਨ ਦਾ ਹੀਆ ਨਾ ਕੀਤਾ ਤਾਂ