ਬੱਚਿਆਂ ਨੂੰ ਸਿਖਾਓ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ
ਅੱਜ ਜ਼ਿਆਦਾਤਰ ਮਾਪੇ ਇਸ ਗੱਲ ਤੋਂ ਪ੍ਰੇਸ਼ਾਨ ਹਨ ਕਿ ਉਨ੍ਹਾਂ ਦੇ ਬੱਚੇ ਦੀਆਂ ਖਾਣ-ਪੀਣ ਦੀਆਂ ਆਦਤਾਂ ਠੀਕ ਨਹੀਂ ਹਨ ਉਨ੍ਹਾਂ ਨੂੰ ਬਸ ਪੀਜ਼ਾ, ਪੋਟੈਟੋ ਚਿਪਸ, ਬਰਗਰ, ਕੋਲਡ ਡਰਿੰਕ ਚਾਹੀਦੇ ਹਨ ਘਰ ਦੇ ਬਣੇ ਖਾਣੇ ਤੋਂ ਤਾਂ ਜਿਵੇਂ ਬੱਚਿਆਂ ਨੂੰ ਪਰਹੇਜ਼ ਹੈ ਇਨ੍ਹਾਂ ਗਲਤ ਆਦਤਾਂ ਦੇ ਜ਼ਿੰਮੇਦਾਰ ਕਾਫੀ ਹੱਦ ਤੱਕ ਮਾਪੇ ਹਨ ਕਿਉਂਕਿ ਬੱਚੇ ਉਹੀ ਸਿੱਖਦੇ ਹਨ ਜੋ ਮਾਪੇ ਉਨ੍ਹਾਂ ਨੂੰ ਸਿਖਾਉਂਦੇ ਹਨ ਮਾਪੇ ਜਿਸ ਤਰ੍ਹਾਂ ਦਾ ਭੋਜਨ ਕਰਦੇ ਹਨ, ਬੱਚੇ ਵੀ ਉਨ੍ਹਾਂ ਦੀ ਦੇਖੋ-ਦੇਖੀ ਉਹੀ ਆਦਤਾਂ ਅਪਣਾਉਂਦੇ ਹਨ
ਇਸ ਤੋਂ ਇਲਾਵਾ ਕਈ ਸੋਧਾਂ ਤੋਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਿਹੜੇ ਪਰਿਵਾਰਾਂ ’ਚ ਇਕੱਠੇ ਬੈਠ ਕੇ ਭੋਜਨ ਕੀਤਾ ਜਾਂਦਾ ਹੈ, ਉਨ੍ਹਾਂ ਪਰਿਵਾਰਾਂ ’ਚ ਬੱਚੇ ਸਹੀ ਭੋਜਨ, ਜੋ ਸਿਹਤ ਲਈ ਸਹੀ ਹੋਣ ਵਰਗੇ ਫਲ, ਸਬਜੀਆਂ ਆਦਿ ਦਾ ਸੇਵਨ ਕਰਦੇ ਹਨ ਜੇਕਰ ਮਾਪੇ ਬਹੁਤ ਜ਼ਿਆਦਾ ਕੈਲਰੀ ਪ੍ਰਤੀ ਸਜਗ ਹਨ ਤਾਂ ਉਹ ਆਪਣੇ ਬੱਚੇ ਦੀ ਖਾਣੇ ਦੀ ਮਾਤਰਾ ’ਤੇ ਬਹੁਤ ਕੰਟਰੋਲ ਰੱਖਦੇ ਹਨ ਕਹਿਣ ਦਾ ਅਰਥ ਇਹ ਹੈ ਕਿ ਜੇਕਰ ਮਾਪੇ ਚਾਹੁਣ ਤਾਂ ਬੱਚਿਆਂ ’ਚ ਸ਼ੁਰੂ ਤੋਂ ਹੀ ਸਹੀ ਆਦਤਾਂ ਪਾ ਸਕਦੇ ਹਨ ਤਾਂ ਕਿ ਅੱਗੇ ਜਾ ਕੇ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ
ਆਓ ਜਾਣਦੇ ਹਾਂ ਕਿਵੇਂ:-
ਇੱਕ ਚੰਗੇ ‘ਰੋਲ ਮਾਡਲ’ ਬਣੋ ਜੇਕਰ ਤੁਸੀਂ ਚਾਹੁੰਦੇ ਹੋ ਬੱਚੇ ਫਲ, ਸਬਜ਼ੀਆਂ ਖਾਣ ਤਾਂ ਤੁਸੀਂ ਆਪਣੇ ਆਪ ’ਚ ਵੀ ਇਹ ਆਦਤਾਂ ਪਾ ਲਓ
ਪਹਿਲਾਂ ਆਪਣੇ ਖਾਣ-ਪੀਣ ’ਤੇ ਧਿਆਨ ਦਿਓ, ਫਿਰ ਬੱਚੇ ’ਤੇ ਤੁਹਾਡੀ ਡਾਈਟ ਬੱਚੇ ਦੀਆਂ ਖਾਣ-ਪੀਣ ਦੀਆਂ ਆਦਤਾਂ ਨੂੰ ਪ੍ਰਭਾਵਿਤ ਕਰਦੀ ਹੈ- ਬੱਚੇ ਜਿਓਂ ਹੀ ਸਖ਼ਤ ਭੋਜਨ ਗ੍ਰਹਿਣ ਕਰਨਾ ਸ਼ੁਰੂ ਕਰੇ, ਉਸ ਨੂੰ ਸਹੀ ਡਾਈਟ ਦੇਣੀ ਸ਼ੁਰੂ ਕਰੋ ਜੇਕਰ ਸ਼ੁਰੂ ਤੋਂ ਹੀ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਤਾਂ ਬੱਚੇ ਵੱਡੇ ਹੋ ਕੇ ਵੀ ਉਹੀ ਆਹਾਰ ਗ੍ਰਹਿਣ ਕਰਦੇ ਹਨ ਜੋ ਬੱਚੇ ਸ਼ੁਰੂ ਤੋਂ ਹੀ ਫਲ ਸਬਜ਼ੀਆਂ ਤੋਂ ਦੂਰ ਭੱਜਦੇ ਹਨ, ਉਹ ਵੱਡੇ ਹੋ ਕੇ ਵੀ ਸਹੀ ਆਹਾਰ ਨਹੀਂ ਲੈਂਦੇ
- ਬੱਚੇ ਨੂੰ ਬਚਪਨ ’ਚ ਜੰਕ ਫੂਡ ਜਾਂ ਫਰਾਈਡ ਫੂਡ ਖੁਆਉਣ ਦੀ ਆਦਤ ਨਾ ਪਾਓ ਉਨ੍ਹਾਂ ਨੂੰ ਫਲ, ਸਬਜ਼ੀਆਂ ਅਤੇ ਪ੍ਰੋਟੀਨਯੁਕਤ ਖਾਧ ਪਦਾਰਥ ਦਿਓ ਜਦੋਂ ਬੱਚਾ ਛੋਟਾ ਹੁੰਦਾ ਹੈ ਤਾਂ ਉਸ ਨੂੰ ਨਹੀਂ ਪਤਾ ਹੁੰਦਾ ਕਿ ਜੰਕ ਫੂਡ ਕੀ ਹੈ ਉਨ੍ਹਾਂ ਨੂੰ ਅਜਿਹੇ ਭੋਜਨ ਤੋਂ ਮਾਤਾ-ਪਿਤਾ ਹੀ ਜਾਣੂ ਕਰਾਉਂਦੇ ਹਨ ਅਤੇ ਇਹ ਜਦੋਂ ਉਨ੍ਹਾਂ ਦੀ ਆਦਤ ਬਣ ਜਾਂਦੀ ਹੈ ਤਾਂ ਮਾਪੇ ਸ਼ਿਕਾਇਤ ਕਰਦੇ ਹਨ
- ਬੱਚਾ ਸਹੀ ਭੋਜਨ ਉਦੋਂ ਗ੍ਰਹਿਣ ਕਰੇਗਾ ਜਦੋਂ ਉਹ ਘਰ ’ਚ ਮੁਹੱਈਆ ਹੋਵੇਗਾ, ਇਸ ਲਈ ਆਪਣੇ ਫਰਿੱਜ਼ ’ਚ ਫਲਾਂ ਅਤੇ ਸਬਜ਼ੀਆਂ ਨੂੰ ਜਗ੍ਹਾ ਦਿਓ ਨਾ ਕਿ ਮਠਿਆਈਆਂ ਅਤੇ ਚਾਕਲੇਟ ਨੂੰ
- ਤੁਹਾਡੇ ਬੱਚੇ ਨੂੰ ਸਾਰੇ ਪੋਸ਼ਕ ਤੱਤਾਂ ਦੀ ਪ੍ਰਾਪਤੀ ਹੋਵੇ, ਇਸ ਲਈ ਉਨ੍ਹਾਂ ਨੂੰ ਦਾਲਾਂ, ਅਨਾਜ, ਫਲ, ਸਬਜ਼ੀਆਂ, ਬੀਨਸ, ਦੁੱਧ ਆਦਿ ਸਭ ਦਿਓ ਉਨ੍ਹਾਂ ਨੂੰ ਇਹ ਵੀ ਦੱਸੋ ਕਿ ਅਜਿਹਾ ਆਹਾਰ ਉਨ੍ਹਾਂ ਦੀ ਸਿਹਤ ਲਈ ਚੰਗਾ ਹੈ ਤੁਸੀਂ ਕੋਸ਼ਿਸ਼ ਕਰੋ ਕਿ ਘਰ ’ਚ ਹੀ ਸਭ ਕੁਝ ਬਣਾਓ ਘਰ ’ਚ ਤੁਸੀਂ ਜੋ ਕੁਝ ਵੀ ਬਣਾ ਰਹੇ ਹੋ, ਉਸ ਨੂੰ ਇੰਜ ਗਾਰਨਿਸ਼ ਕਰੋ ਕਿ ਬੱਚੇੇ ਨੂੰ ਉਹ ਚੰਗਾ ਲੱਗੇ ਅਤੇ ਉਹ ਉਸ ਨੂੰ ਖਾਣ ਲਈ ਉਤਸ਼ਾਹ ਦਿਖਾਏ ਜਿਵੇਂ ਦਾਲ ਨੂੰ ਧਨੀਆਂ ਅਤੇ ਟਮਾਟਰ ਦੇ ਛੋਟੇ-ਛੋਟੇ ਟੁਕੜਿਆਂ ਨਾਲ ਸਜਾਓ ਬਾਜਾਰ ਦੇ ਖਾਣੇ ’ਚ ਪੋਸ਼ਕ ਤੱਤਾਂ ਦਾ ਧਿਆਨ ਨਹੀਂ ਰੱਖਿਆ ਜਾਂਦਾ ਪਰ ਉਨ੍ਹਾਂ ਨੂੰ ਸਜਾਇਆ ਅਜਿਹਾ ਜਾਂਦਾ ਹੈ ਕਿ ਉਹ ਬੱਚਿਆਂ ਨੂੰ ਖਿੱਚਦੇ ਹਨ, ਇਸ ਲਈ ਘਰ ’ਚ ਬਣੇ ਭੋਜਨ ਨੂੰ ਮਨਭਾਉਂਦਾ ਬਣਾਓ
- ਜੇਕਰ ਤੁਹਾਡਾ ਬੱਚਾ ਘਰ ’ਚ ਬਣਿਆ ਖਾਣਾ ਨਹੀਂ ਖਾ ਰਿਹਾ ਤਾਂ ਇਹ ਸੋਚ ਕੇ ਕਿਤੇ ਉਹ ਭੁੱਖਾ ਨਾ ਰਹੇ, ਮਾਤਾ-ਪਿਤਾ ਉਸ ਨੂੰ ਉਸ ਦੀ ਮਨਪਸੰਦ ਦਾ ਭੋਜਨ ਪੀਜ਼ਾ, ਬਰਗਰ ਖੁਆ ਦਿੰਦੇ ਹਨ ਪਰ ਇੱਥੇ ਉਹ ਵੱਡੀ ਭੁੱਲ ਕਰਦੇ ਹਨ ਜੇਕਰ ਬੱਚਾ ਇੱਕ ਦਿਨ ਘਰ ਦਾ ਬਣਿਆ ਭੋਜਨ ਨਹੀਂ ਖਾ ਰਿਹਾ ਤਾਂ ਅਗਲੇ ਦਿਨ ਆਪਣੇ ਆਪ ਖਾ ਲਵੇਗਾ ਪਰ ਉਸ ਨੂੰ ਬਾਹਰ ਦਾ ਭੋਜਨ ਖੁਆ ਕੇ ਤੁਸੀਂ ਉਸ ਦੀ ਆਦਤ ਵਿਗਾੜ ਦਿੰਦੇ ਹੋ, ਇਸ ਲਈ ਕਦੇ-ਕਦੇ ਇਮੋਸ਼ਨਲ ਨਾ ਹੋ ਕੇ ਪ੍ਰੈਕਟੀਕਲ ਸੋਚੋ
- ਬੱਚੇ ਲਈ ਨਾਸ਼ਤਾ ਬਹੁਤ ਜ਼ਰੂਰੀ ਹੈ, ਇਸ ਲਈ ਸਕੂਲ ਜਾਣ ਤੋਂ ਪਹਿਲਾਂ ਉਸ ਨੂੰ ਨਾਸ਼ਤਾ ਜ਼ਰੂਰ ਕਰਵਾ ਕੇ ਭੇਜੋ ਜੇਕਰ ਉਹ ਨਾਸ਼ਤਾ ਢੰਗ ਨਾਲ ਨਹੀਂ ਕਰ ਰਿਹਾ ਤਾਂ ਉਸ ਨੂੰ ਸਕੂਲ ’ਚ ਫਲ ਅਤੇ ਲੰਚ ਜ਼ਰੂਰ ਪੈਕ ਕਰਕੇ ਦਿਓ
- ਬੱਚੇ ਨੂੰ ਪਰੋਸਿਆ ਗਿਆ ਭੋਜਨ ਉਹੀ ਹੋਣਾ ਚਾਹੀਦਾ ਹੈ ਜੋ ਘਰ ਦੇ ਸਾਰੇ ਮੈਂਬਰ ਖਾ ਰਹੇ ਹੋਣ ਜੇਕਰ ਤੁਸੀਂ ਖਾਣੇ ਤੋਂ ਬਾਅਦ ਹਮੇਸ਼ਾ ਮਿੱਠਾ ਪਰੋਸਦੇ ਹੋ ਤਾਂ ਵੀ ਬੱਚਾ ਖਾਣਾ ਘੱਟ ਖਾਵੇਗਾ ਕਿਉਂਕਿ ਉਸ ਨੂੰ ਲੱਗੇਗਾ ਕਿ ਮਿੱਠਾ ਜ਼ਿਆਦਾ ਖਾ ਲਿਆ ਜਾਵੇ ਇਸ ਲਈ ਖਾਣੇ ਦੀ ਟੇਬਲ ’ਤੇ ਸਵੀਟ ਡਿਸ਼ ਖਾਣਾ ਖਾਣ ਤੋਂ ਬਾਅਦ ਹੀ ਲਾਓ ਅਤੇ ਇਸ ਦੀ ਲਗਾਤਾਰ ਆਦਤ ਨਾ ਬਣਾਓ
- ਬੱਚੇ ਨੂੰ ਸਨੈਕਸ ਘੱਟ ਦਿਓ ਕਿਉਂਕਿ ਇਸ ਨਾਲ ਉਸ ਦਾ ਪੇਟ ਭਰ ਜਾਵੇਗਾ ਅਤੇ ਉਹ ਸਹੀ ਤਰ੍ਹਾਂ ਨਹੀਂ ਖਾਵੇਗਾ ਕੋਲਡ ਡਰਿੰਕਸ ਦੀ ਬਜਾਇ ਉਨ੍ਹਾਂ ਨੂੰ ਫਲ, ਫਲਾਂ ਦਾ ਰਸ, ਪਾਣੀ, ਸ਼ਿਕੰਜਵੀ ਆਦਿ ਦਿਓ ਜੋ ਉਨ੍ਹਾਂ ਦੀ ਸਿਹਤ ਲਈ ਫਾਇਦੇਮੰਦ ਹੋਵੇ
- ਬੱਚੇ ਨੂੰ ਸ਼ੁਰੂ ਤੋਂ ਹੀ ਦੱਸੋ ਕਿ ਜ਼ਿਆਦਾ ਚਰਬੀ ਵਾਲੇ ਅਤੇ ਮਿੱਠੇ ਭੋਜਨ ਪਦਾਰਥ ਉਸ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਇਸ ਲਈ ਉਸ ਨੂੰ ਇਨ੍ਹਾਂ ਦੀ ਵਰਤੋਂ ’ਤੇ ਕੰਟਰੋਲ ਰੱਖਣਾ ਹੈ ਤੁਸੀਂ ਉਸ ਨੂੰ ਪੋਟੈਟੋ ਚਿਪਸ ਦੀ ਥਾਂ ਪੌਪ-ਕਾੱਰਨ ਦਿਓ ਚੀਜ਼ ਬਰਗਰ ਦੀ ਬਜਾਇ ਵੈਜ਼ੀਟੇਬਲ, ਮੈਦੇ ਵਾਲੀ ਬਰੈੱਡ ਦੀ ਬਜਾਇ ਬਰਾਊਨ ਬਰੈੱਡ ਦਿਓ ਆਈਸਕ੍ਰੀਮ ਦੀ ਥਾਂ ਫਰੂਟ ਕਸਟਰਡ ਜਾਂ ਦਹੀ ਆਦਿ ਦਿਓ ਇਸ ਦੇ ਲਈ ਤੁਹਾਨੂੰ ਇਹ ਗਿਆਨ ਵੀ ਪ੍ਰਾਪਤ ਕਰਨਾ ਹੋਵੇਗਾ ਕਿ ਤੁਹਾਡੇ ਬੱਚੇ ਲਈ ਕੀ ਸਹੀ ਹੈ ਅਤੇ ਕੀ ਨਹੀਂ, ਤਦ ਤੁਸੀਂ ਇਹ ਛੋਟੇ-ਛੋਟੇ ਬਦਲਾਅ ਕਰਕੇ ਬੱਚੇ ਨੂੰ ਸਹੀ ਡਾਈਟ ਦੇ ਸਕੋਂਗੇ
- ਬੱਚਾ ਜਦੋਂ ਉਸ ਉਮਰ ’ਚ ਪਹੁੰਚ ਜਾਵੇ ਕਿ ਉਹ ਆਪਣੇ ਲਈ ਕੁਝ ਬਣਾ ਲੈਣ ’ਚ ਸਮੱਰਥ ਹੋਵੇ ਤਾਂ ਉਸ ਨੂੰ ਕੁਕਿੰਗ ਸਿਖਾਓ ਜੇਕਰ ਉਹ ਖੁਦ ਬਣਾਏਗਾ ਤਾਂ ਚੰਗਾ ਮਹਿਸੂਸ ਕਰੇਗਾ ਅਤੇ ਇਸ ਦਾ ਸਭ ਤੋਂ ਵੱਡਾ ਫਾਇਦਾ ਇਹੀ ਹੋਵੇਗਾ ਕਿ ਤੁਹਾਡੀ ਗੈਰ-ਹਾਜ਼ਰੀ ਜਾਂ ਬਿਮਾਰ ਹੋਣ ’ਤੇ ਉਹ ਬਾਹਰ ਦੀਆਂ ਵਸਤੂਆਂ ਨਹੀਂ ਖਾਵੇਗਾ
- ਕਦੇ-ਕਦੇ ਬਾਹਰੋਂ ਖਾਣਾ ਗਲਤ ਨਹੀਂ ਪਰ ਇਸ ਨੂੰ ਬੱਚੇ ਦੀ ਆਦਤ ਨਾ ਬਣਨ ਦਿਓ ਤੁਸੀਂ ਬੱਚੇ ਨੂੰ ਸਹੀ ਖਾਣ-ਪੀਣ ਦੀਆਂ ਆਦਤਾਂ ਪਾ ਕੇ ਉਨ੍ਹਾਂ ਨੂੰ ਇੱਕ ਬਹੁਮੁੱਲ ਤੋਹਫਾ ਦੇ ਰਹੇ ਹੋ, ਜੋ ਲੰਮੀ ਉਮਰ ਤੱਕ ਉਸ ਦੇ ਕੰਮ ਆਵੇਗਾ ਅਤੇ ਉਸ ਨੂੰ ਲੰਬਾ ਅਤੇ ਐਕਟਿਵ ਜੀਵਨ ਦੇਵੇਗਾ
ਸੋਨੀ ਮਲਹੋਤਰਾ