Teach boys to do household chores ਲੜਕਿਆਂ ਨੂੰ ਵੀ ਸਿਖਾਓ ਘਰ ਦੇ ਕੰਮ
ਘਰੇਲੂ ਕੰਮ ਲਈ ਸਮਾਜ ’ਚ ਹੁਣ ਵੀ ਸਿਰਫ ਲੜਕੀ ਨੂੰ ਹੀ ਸਿਖਾਉਣਾ ਜ਼ਰੂਰੀ ਸਮਝਿਆ ਜਾਂਦਾ ਹੈ ਨੌਜਵਾਨੀ ’ਚ ਪਹੁੰਚਦੇ ਹੀ ਉਸ ਦੇ ਲਈ ਨਸੀਹਤਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ- ਇਹ ਕੰਮ ਇੱਥੇ ਨਹੀਂ ਸਿੱਖੇਂਗੀ ਤਾਂ ਕੀ ਸਹੁਰਾ ਪਰਿਵਾਰ ’ਚ ਜਾ ਕੇ ਸਿੱਖੇਂਗੀ? ‘ਜਾਂ’ ਬੇਟੀ ਸਹੁਰੇ ਪਰਿਵਾਰ ’ਚ ਪੇਕੇ ਦੀ ਲਾਜ਼ ਰੱਖਣ ਲਈ ਘਰ ਦਾ ਕੰਮ ਤਾਂ ਚੰਗੀ ਤਰ੍ਹਾਂ ਸਿੱਖਣਾ ਹੀ ਪੈਂਦਾ ਹੈ ਇਸ ਤਰ੍ਹਾਂ ਦੀ ਗੱਲ ਔਸਤਨ ਸਾਰਿਆਂ ਘਰਾਂ ’ਚ ਹੁੰਦੀ ਹੈ ਐਨਾ ਹੀ ਨਹੀਂ, ਸਹੁਰਾ ਪਰਿਵਾਰ ’ਚ ਵੀ ਘਰੇਲੂ ਕੰਮ ਦਾ ਤਜ਼ਰਬਾ ਘੱਟ ਹੋਣ ’ਤੇ ਉਸ ਨੂੰ ਕਈ ਤਾਨ੍ਹੇ ਸੁਣਨੇ ਪੈਂਦੇ ਹਨ
Also Read :-
ਮੇਰੇ ਇੱਕ ਮਿੱਤਰ ਹਨ ਉਨ੍ਹਾਂ ਨੇ ਕਿਸੇ ਚੰਗੇ ਘਰ ਦੀ ਲੜਕੀ ਨਾਲ ਪ੍ਰੇਮ ਵਿਆਹ ਕੀਤਾ ਹੈ ਲੜਕੀ ਦੇ ਮਾਂ-ਬਾਪ ਨੇ ਉਸ ਨੂੰ ਰਸੋਈ ਤੋਂ ਦੂਰ ਹੀ ਰੱਖਿਆ ਸੀ ਉਂਜ ਵੀ ਘਰ ’ਚ ਨੌਕਰ-ਚਾਕਰ ਹੀ ਇਹ ਕੰਮ ਕਰਦੇ ਸਨ ਸਹੁਰਾ ਪਰਿਵਾਰ ’ਚ ਉਸ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੱਸ ਅਕਸਰ ਤਾਨ੍ਹੇ ਦੇ ਦਿੰਦੀ ਕਈ ਵਾਰ ਮੇਰੇ ਸਾਹਮਣੇ ਵੀ ਉਨ੍ਹਾਂ ਨੇ ਦੁਹਰਾਇਆ- ਪਤਾ ਨਹੀਂ ਕਿੱਥੋਂ ਚੁੱਕ ਲਿਆਇਆ ਨਾ ਖਾਣਾ ਬਣਾਉਣਾ ਆਉਂਦਾ ਹੈ ਨਾ ਕੱਪੜੇ ਧੋਣਾ ਸਾਡੀ ਬੇਟੀ ਨੂੰ ਦੇਖੋ, ਹਰ ਕੰਮ ਐਵੇਂ ਕਰਦੀ ਹੈ ਜਿਵੇਂ ਢਿੱਡ ’ਚੋਂ ਸਿੱਖ ਕੇ ਆਈ ਹੋਵੇ
ਖੁਦ ਪੇ੍ਰਮੀ ਮਿੱਤਰ ਵੀ ਕਦੇ-ਕਦੇ ਕਹਿ ਦਿੰਦੇ- ਸੱਚੀਂ, ਮੈਂ ਤਾਂ ਪਛਤਾ ਰਿਹਾ ਹਾਂ ਹੁਣ ਰਸ਼ਿਮ ਤੋਂ ਘਰ ਦਾ ਕੋਈ ਕੰਮ ਠੀਕ ਤਰ੍ਹਾਂ ਨਹੀਂ ਹੁੰਦਾ ਹੁਣ ਉਨ੍ਹਾਂ ਤੋਂ ਕੌਣ ਪੁੱਛੇ-ਕੀ ਖੁਦ ਤੈਨੂੰ ਆਉਂਦਾ ਹੈ ਘਰ ਦਾ ਕੋਈ ਕੰਮ? ਜ਼ਿਆਦਾਤਰ ਮਾਂ-ਬਾਪ ਲੜਕੀ ਨੂੰ ਜ਼ਿਆਦਾ ਤੋਂ ਜ਼ਿਆਦਾ ਘਰੇਲੂ ਸਿੱਖਿਆ ਦੇਣ ਦਾ ਯਤਨ ਕਰਦੇ ਹਨ ਸਕੂਲਾਂ ’ਚ ਵੀ ਉਨ੍ਹਾਂ ਲਈ ਗ੍ਰਹਿ ਵਿਗਿਆਨ ਦਾ ਸਿਲੇਬਸ ਪਹਿਲਾਂ ਤੋਂ ਹੀ ਤੈਅ ਹੁੰਦਾ ਹੈ ਜੋ ਮਾਂ-ਬਾਪ ਸਕੂਲ ’ਚ ਹੋਰ ਵਿਸ਼ਿਆਂ ਦੀ ਸਿੱਖਿਆ ਦਿਵਾਉਂਦੇ ਹਨ, ਉਹ ਘਰ ’ਚ ਹੀ ਘਰੇਲੂ ਸਿੱਖਿਆ ਦੇਣ ਦਾ ਪੂਰਾ-ਪੂਰਾ ਯਤਨ ਕਰਦੇ ਹਨ ਪਰ ਅਜਿਹਾ ਘਰ ਸ਼ਾਇਦ ਹੀ ਕੋਈ ਹੋਵੇ, ਜਿੱਥੇ ਲੜਕੇ ਨੂੰ ਘਰੇਲੂ ਕੰਮ ਦੀ ਸਿਖਲਾਈ ਦਿੱਤੀ ਜਾਂਦੀ ਹੋਵੇ ਜਾਂ ਕੋਈ ਲੜਕਾ ਸਕੂਲ ’ਚ ਗ੍ਰਹਿ ਵਿਗਿਆਨ ਦੀ ਸਿੱਖਿਆ ਲੈਂਦਾ ਹੋਵੇੇ
ਘਰੇਲੂ ਕੰਮਕਾਜ਼ ਦਾ ਗਿਆਨ ਨਾ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਕਿਸ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਹ ਕਿਸੇ ਤੋਂ ਛੁਪਿਆ ਨਹੀਂ ਹੈ ਨੌਕਰੀ ਲਈ ਜ਼ਿਆਦਾਤਰ ਘਰ ਤੋਂ ਬਾਹਰ ਹੀ ਜਾਣਾ ਪੈਂਦਾ ਹੈ ਘਰੇਲੂ ਕੰਮ ਨਾ ਆਉਣ ਦਾ ਉਦੋਂ ਉਨ੍ਹਾਂ ਨੂੰ ਕਿੰਨਾ ਮਲਾਲ ਹੁੰਦਾ ਹੈ, ਉਹ ਹੀ ਜਾਣਦੇ ਹਨ
ਦੇਖਿਆ ਜਾਵੇ ਤਾਂ ਘਰੇਲੂ ਕੰਮ ਦੀ ਸਿੱਖਿਆ ਲੜਕਿਆਂ ਲਈ ਵੀ ਓਨੀ ਹੀ ਜ਼ਰੂਰੀ ਹੈ ਜਿੰਨੀ ਲੜਕੀਆਂ ਲਈ ਪਰ ਇਸ ਨੂੰ ਤਾਂ ਔਰਤਾਂ ਵਾਲਾ ਕੰਮ ਕਹਿ ਕੇ ਲੜਕਿਆਂ ਨੂੰ ਹਮੇਸ਼ਾ ਦੂਰ ਹੀ ਰੱਖਿਆ ਜਾਂਦਾ ਹੈ ਜਦਕਿ ਹੋਣਾ ਇਹ ਚਾਹੀਦਾ ਹੈ ਕਿ ਲੜਕਿਆਂ ਨੂੰ ਵੀ ਇਸ ਦੀ ਸਿੱਖਿਆ ਆਪਣੇ ਲਈ ਜ਼ਰੂਰੀ ਸਮਝਣੀ ਚਾਹੀਦੀ ਹੈ
ਕੁਝ ਸਮਾਂ ਪਹਿਲਾਂ ਜਦੋਂ ਮੈਂ ਪਿੰਡ ਗਿਆ ਤਾਂ ਮੇਰੀ ਮੁਲਾਕਾਤ ਇੱਕ ਨਵੇਂ ਲੱਗੇ ਅਧਿਆਪਕ ਨਾਲ ਹੋਈ ਜਦੋਂ ਉਨ੍ਹਾਂ ਨਾਲ ਰਸਮੀ ਪੁੱਛ-ਪੜਤਾਲ ਤੋਂ ਬਾਅਦ ਮੈਂ ਪੁੱਛਿਆ ਕਿ ਇੱਥੋਂ ਦੇ ਲੋਕ ਅਤੇ ਏਰੀਆ ਕਿਵੇਂ ਲੱਗਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਹੋਰ ਤਾਂ ਸਭ ਕੁਝ ਠੀਕ ਹੈ ਪਰ ਹੋਟਲ ਨਹੀਂ ਹੈ ਇਸ ’ਤੇ ਮੈਂ ਕਿਹਾ-ਭਲਾ ਪਿੰਡ ’ਚ ਹੋਟਲ ਦਾ ਕੀ ਕੰਮ, ਉਦੋਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਚੁੱਲ੍ਹਾ ਤੱਕ ਜਲਾਉਣਾ ਨਹੀਂ ਆਉਂਦਾ ਖੈਰ, ਜਿਵੇਂ-ਤਿਵੇਂ ਸਕੂਲ ਦੇ ਬੱਚੇ ਉਨ੍ਹਾਂ ਦਾ ਖਾਣਾ ਆਦਿ ਬਣਾ ਦਿੰਦੇ ਸਨ ਉਸ ਅਧਿਆਪਕ ਦਾ ਕਹਿਣਾ ਸੀ ਕਿ ਬਚਪਨ ’ਚ ਮਾਂ-ਬਾਪ ਪਤਾ ਨਹੀਂ ਕਿਉਂ ਐਨੀ ਮਹੱਤਵਪੂਰਨ ਸਿੱਖਿਆ ਤੋਂ ਵਾਂਝੇ ਰੱਖਦੇ ਹਨ
ਅਜਿਹਾ ਨਹੀਂ ਕਿ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਸਿਰਫ ਉਨ੍ਹਾਂ ਨੂੰ ਦੋ-ਚਾਰ ਹੋਣਾ ਪੈਂਦਾ ਹੈ ਜੋ ਘਰ ਤੋਂ ਦੂਰ ਅਤੇ ਇਕੱਲੇ ਨੌਕਰੀ ਕਰਦੇ ਹਨ ਸਗੋਂ ਉਨ੍ਹਾਂ ਲੋਕਾਂ ਨੂੰ ਹੋਰ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਪਰਿਵਾਰ ਨਾਲ ਰਹਿੰਦੇ ਹਨ ਜੇਕਰ ਵਿਸਥਾਰਤ ਸਰਵੇਖਣ ਕੀਤਾ ਜਾਵੇ ਤਾਂ ਨਤੀਜਾ ਇਹੀ ਨਿੱਕਲੇਗਾ ਕਿ ਜ਼ਿਆਦਾਤਰ ਲੋਕ ਘਰੇਲੂ ਕੰਮ ਦੀ ਸਿੱਖਿਆ ਨਾ ਜਾਨਣ ਕਾਰਨ ਪਰਿਵਾਰਕ ਪ੍ਰੇਸ਼ਾਨੀਆਂ ਝੱਲਦੇ ਹਨ ਮੇਰਾ ਆਪਣਾ ਤਜ਼ਰਬਾ ਤਾਂ ਇਹੀ ਦੱਸਦਾ ਹੈ ਕਿ ਸੌ ਪ੍ਰਤੀਸ਼ਤ ਲੋਕ ਘਰੇਲੂ ਕੰਮ ਲਈ ਔਰਤਾਂ ’ਤੇ ਹੀ ਨਿਰਭਰ ਰਹਿੰਦੇ ਹਨ
ਘਰ ਪਰਿਵਾਰ ’ਚ ਕਈ ਬਿਮਾਰੀਆਂ ਹੁੰਦੀਆਂ ਰਹਿੰਦੀਆਂ ਹਨ ਬਿਮਾਰ ਭਾਵੇਂ ਕੋਈ ਵੀ ਕਿਉਂ ਨਾ ਹੋਵੇ, ਪ੍ਰੇਸ਼ਾਨੀ ਹੁੰਦੀ ਹੀ ਹੈ ਜੇਕਰ ਗ੍ਰਹਿਣੀ ਬਿਮਾਰ ਹੋ ਜਾਵੇ ਤਾਂ ਹੋਰ ਆਫਤ ਖਾਣ ਲਈ ਹੋਟਲ ਦੀ ਸ਼ਰਨ ਅਤੇ ਕੱਪੜੇ ਆਦਿ ਧੋਣ ਲਈ ਧੋਬੀ ਦੀ ਜੇਕਰ ਪਤੀ ਨੂੰ ਕੰਮ ਆਉਂਦਾ ਹੈ ਤਾਂ ਠੀਕ, ਨਹੀਂ ਤਾਂ ਬੱਚਿਆਂ ਨਾਲ ਵੀ ਹੋਵੇ ਪਰੇਸ਼ਾਨ ਅਜਿਹੀ ਹੀ ਇੱਕ ਘਟਨਾ ਕੁਝ ਸਮਾਂ ਪਹਿਲਾਂ ਮੇਰੇ ਸਾਹਮਣੇ ਉਦੋਂ ਘਟੀ ਜਦੋਂ ਮੈਂ ਆਪਣੇ ਕਿਸੇ ਰਿਸ਼ਤੇਦਾਰ ਕੋਲ ਗਿਆ ਉਨ੍ਹਾਂ ਦੀ ਪਤਨੀ ਬਿਮਾਰ ਸੀ ਅਤੇ ਬੱਚੇ ਛੋਟੇ-ਛੋਟੇ ਜਦੋਂ ਉਹ ਖਾਣਾ ਹੋਟਲ ਤੋਂ ਲੈਣ ਜਾਣ ਲੱਗੇ ਤਾਂ ਮੈਂ ਕਿਹਾ-ਕੀ ਖਾਣਾ ਘਰ ’ਚ ਨਹੀਂ ਬਣਾਉਂਦੇ? ਇਸ ’ਤੇ ਉਨ੍ਹਾਂ ਕਿਹਾ ਕਿ ਕੀ ਕਰਾਂ ਕਦੇ ਖਾਣਾ ਬਣਾਉਣ ਦਾ ਯਤਨ ਨਹੀਂ ਕੀਤਾ ਹੁਣ ਰੀਤਾ ਬਿਮਾਰ ਹੈ ਤਾਂ ਕੌਣ ਬਣਾਏਗਾ?
ਇਸ ਤਰ੍ਹਾਂ ਦੀਆਂ ਘਟਨਾਵਾਂ ਲਗਭਗ ਸਾਰਿਆਂ ਨਾਲ ਘਟਦੀਆਂ ਹਨ ਪਰ ਕੋਈ ਵੀ ਇਸ ਵੱਲ ਨਹੀਂ ਸੋਚਦਾ ਕਿ ਲੜਕਿਆਂ ਨੂੰ ਵੀ ਘਰ ਦੇ ਕੰਮ ਦੀ ਸਿੱਖਿਆ ਦੇਣਾ ਜ਼ਰੂਰੀ ਹੈ ਇੱਥੋਂ ਤੱਕ ਕਿ ਉਹ ਲੋਕ ਜੋ ਖੁਦ ਇਸ ਦੀ ਅਗਿਆਨਤਾ ਦਾ ਬੁਰਾ ਅਸਰ ਭੁਗਤ ਚੁੱਕੇ ਹਨ, ਉਹ ਵੀ ਇਸ ਨੂੰ ਔਰਤਾਂ ਦਾ ਕੰਮ ਕਹਿ ਕੇ ਲੜਕਿਆਂ ਨੂੰ ਇਸ ਦੀ ਸਿੱਖਿਆ ਨਹੀਂ ਦਿੰਦੇ ਜਿੱਥੇ ਇੱਕ ਪਾਸੇ ਲੜਕੀ ਘਰ ਦਾ ਪੂਰਾ ਕੰਮ, ਇੱਥੋਂ ਤੱਕ ਕਿ ਖੁਦ ਦੇ ਕੱਪੜੇ ਆਦਿ ਸਿਉਣ ’ਚ ਪੂਰੀ ਆਤਮਨਿਰਭਰ ਹੁੰਦੀ ਹੈ, ਦੂਜੇ ਪਾਸੇ ਲੜਕਾ ਕਮੀਜ਼ ਜਾਂ ਪੈਂਟ ਦਾ ਟੁੱਟਿਆਂ ਬਟਨ ਤੱਕ ਲਗਾਉਣ ਲਈ ਭੈਣ, ਮਾਂ ਜਾਂ ਭਾਬੀ ਆਦਿ ’ਤੇ ਨਿਰਭਰ ਰਹਿੰਦਾ ਹੈ
ਜਿੱਥੇ ਇੱਕ ਪਾਸੇ ਨੌਕਰੀ-ਪੇਸ਼ਾ ਲੜਕੀਆਂ ਖੁਦ ਆਪਣੇ ਹੱਥਾਂ ਨਾਲ ਹਰ ਕੰਮ ਕਰਦੀਆਂ ਹਨ ਉੱਥੇ ਲੜਕੇ ਹਰ ਕੰਮ ਲਈ ਦੂਜਿਆਂ ’ਤੇ ਨਿਰਭਰ ਰਹਿੰਦੇ ਹਨ ਸ਼ਾਇਦ ਹੀ ਕੋਈ ਲੜਕੀ ਅਜਿਹੀ ਹੋਵੇਗੀ ਜੋ ਹੋਟਲ ’ਚ ਰੈਗੂਲਰ ਖਾਣਾ ਪਸੰਦ ਕਰਦੀ ਹੋਵੇ ਪਰ ਪੁਰਸ਼ ਨੂੰ ਅਕਸਰ ਰੈਗੂਲਰ ਤੌਰ ’ਤੇ ਹੋਟਲ ’ਤੇ ਭੋਜਨ ਕਰਦੇ ਜਾਂ ਧੋਬੀ ਆਦਿ ਤੋਂ ਕੱਪੜੇ ਧਵਾਉਂਦੇ ਦੇਖਿਆ ਜਾ ਸਕਦਾ ਹੈ ਅਜਿਹਾ ਉਹ ਖੁਸ਼ੀ ਨਾਲ ਨਹੀਂ ਕਰਦਾ ਸਗੋਂ ਰਸੋਈ ਆਦਿ ਦਾ ਕੰਮ ਨਾ ਆਉਣ ਦੀ ਵਜ੍ਹਾ ਨਾਲ ਕਰਦਾ ਹੈ
ਲੜਕਿਆਂ ਦੀ ਆਉਣ ਵਾਲੀ ਪੀੜ੍ਹੀ ਨੂੰ ਇਸ ਤਰ੍ਹਾਂ ਦੀਆਂ ਘਰੇਲੂ ਪ੍ਰੇਸ਼ਾਨੀਆਂ ਤੋਂ ਬਚਾਉਣ ਲਈ ਮਾਂ-ਬਾਪ ਨੂੰ ਚਾਹੀਦਾ ਹੈ ਕਿ ਉਹ ਲੜਕੀ ਦੇ ਨਾਲ-ਨਾਲ ਲੜਕੇ ਨੂੰ ਵੀ ਸਹੀ ਢੰਗ ਨਾਲ ਘਰ ਦੇ ਕੰਮ ਦੀ ਸਿੱਖਿਆ ਦੇਣ ਕਿਉਂਕਿ ਲੜਕਾ ਹੀ ਅਕਸਰ ਇਸ ਕੰਮ ਦੀ ਅਣਜਾਨਤਾ ਕਾਰਨ ਪ੍ਰੇਸ਼ਾਨੀਆਂ ਦਾ ਸ਼ਿਕਾਰ ਹੁੰਦਾ ਹੈ
ਲਕਸ਼ਮਣ ਸਿੰਘ ਧਾਮੀ