Pigeons and hunter -sachi shiksha punjabi

ਕਬੂਤਰ ਅਤੇ ਸ਼ਿਕਾਰੀ
ਪੁਰਾਣੇ ਸਮੇਂ ਦੀ ਗੱਲ ਹੈ ਜਦੋਂ ਪੰਜਾਬ ’ਚ ਖ਼ਾਸਤੌਰ ’ਤੇ ਮਾਲਵੇ ’ਚ ਪਾਣੀ ਬਹੁਤ ਘੱਟ ਮਿਲਦਾ ਸੀ।ਓਦੋਂ ਇੱਥੇ ਜੰਗਲੀ ਜੀਵ ਜਿਵੇਂ ਹਿਰਨ, ਗਿੱਦੜ, ਬਘਿਆੜ, ਖ਼ਰਗੋਸ਼, ਮੋਰ, ਕਬੂਤਰ, ਚਿੜੀਆਂ, ਇੱਲਾਂ, ਤਿੱਤਰ, ਬਟੇਰੇ, ਤਿੱਤਲੀਆਂ ਆਦਿ ਵੱਡੀ ਗਿਣਤੀ ’ਚ ਪਾਏ ਜਾਂਦੇ ਸਨ ਤੇ ਇਨ੍ਹਾਂ ਨੂੰ ਪਕੜਨ ਲਈ ਅਕਸਰ ਸ਼ਿਕਾਰੀ ਆਇਆ ਕਰਦੇ ਸਨ।

ਓਦੋਂ ਸ਼ਿਕਾਰ ਖੇਡਣਾ ਆਮ ਹੁੰਦਾ ਸੀ। ਸਮੇਂ ਦੇ ਤੌਰ-ਤਰੀਕਿਆਂ ਨਾਲ ਹੌਲੀ-ਹੌਲੀ ਇਨ੍ਹਾਂ ਜੀਵਾਂ ਦੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਅਲੋਪ ਹੋ ਗਈਆਂ ਤੇ ਕਿਤੇ-ਕਿਤੇ ਕੋਈ ਟਾਵਾਂ-ਟੱਲਾ ਜੀਵ ਦਿਖਾਈ ਦੇਣ ਲੱਗਿਆ। ਉਸ ਸਮੇਂ ਇੱਕ ਸ਼ਿਕਾਰੀ ਜੰਗਲ ਵਿੱਚ ਰੋਜ਼ ਹੀ ਸ਼ਿਕਾਰ ਖੇਡਣ ਜਾਇਆ ਕਰਦਾ ਪਰ ਉਸ ਨੂੰ ਕਦੀ ਕੋਈ ਸ਼ਿਕਾਰ ਹੱਥ ਲੱਗੇ ਤੇ ਕਦੀ ਨਾ।

Also Read :-

ਅਚਾਨਕ ਇੱਕ ਵਾਰ ਉਸ ਦੀ ਨਜ਼ਰ ਕਬੂਤਰਾਂ ਦੀ ਡਾਰ ’ਤੇ ਪਈ। ਉਸ ਨੇ ਸੋਚਿਆ ਕਿ ਕਿਉਂ ਨਾ ਕੱਲ੍ਹ ਤੋਂ ਇਨ੍ਹਾਂ ਦਾ ਸ਼ਿਕਾਰ ਕੀਤਾ ਜਾਵੇ। ਉਸ ਸਮੇਂ ’ਚ ਸ਼ਿਕਾਰ ਕਰਨ ਦੇ ਬਹੁਤੇ ਸਾਧਨ ਨਹੀਂ ਸਨ ਤਾਂ ਸ਼ਿਕਾਰੀ ਨੇ ਆਪਣੇ ਘਰ ਜਾ ਕੇ ਇੱਕ ਰੱਸੀਆਂ ਦਾ ਜਾਲ ਤਿਆਰ ਕੀਤਾ। ਫਿਰ ਅਗਲੇ ਦਿਨ ਇੱਕ ਪੋਟਲੀ ’ਚ ਕੁਝ ਦਾਣੇ ਬੰਨ੍ਹ ਲਏ ਤੇ ਜੰਗਲ ਵੱਲ ਤੁਰ ਪਿਆ। ਜੰਗਲ ’ਚ ਜਾ ਕੇ ਸ਼ਿਕਾਰੀ ਨੇ ਜਾਲ ਵਿਛਾਇਆ ਅਤੇ ਪੋਟਲੀ ’ਚੋਂ ਚੋਗਾ (ਦਾਣੇ) ਖਿਲਾਰ ਦਿੱਤਾ। ਫਿਰ ਉਸ ਨੇ ਜਾਲ ਨਾਲ ਇੱਕ ਲੰਮੀ ਰੱਸੀ ਬੰਨ੍ਹ ਲਈ ਤੇ ਖੁਦ ਲੁਕ ਕੇ ਝਾੜੀਆਂ ਦੇ ਵਿੱਚ ਬੈਠ ਗਿਆ।

ਫਿਰ ਕਬੂਤਰਾਂ ਦੀ ਡਾਰ ਦੇ ਕੁਝ ਕਬੂਤਰ ਚੋਗਾ ਚੁਗਣ ਲਈ ਆ ਬੈਠੇ ਅਤੇ ਫਿਰ ਸ਼ਿਕਾਰੀ ਨੇ ਰੱਸੀ ਖਿੱਚ ਲਈ ਤਾਂ ਕਬੂਤਰ ਵਿਚਾਰੇ ਜਾਲ ’ਚ ਫਸ ਗਏ ਤੇ ਫੜਫੜਾਉਣ ਲੱਗੇ ਤਾਂ ਸ਼ਿਕਾਰੀ ਨੂੰ ਮੌਜ ਲੱਗ ਗਈ ਤਾਂ ਸ਼ਿਕਾਰੀ ਹਰ ਰੋਜ਼ ਜੰਗਲ ’ਚ ਜਾ ਕੇ ਕਬੂਤਰ ਫੜ ਲਿਆਇਆ ਕਰੇ। ਜਦੋਂ ਕਬੂਤਰਾਂ ਦੀ ਗਿਣਤੀ ਘੱਟਣ ਲੱਗੀ ਤਾਂ ਕਬੂਤਰ ਸੋਚਣ ਲਈ ਮਜਬੂਰ ਹੋ ਗਏ ਕਿ ਸ਼ਿਕਾਰੀ ਤੋਂ ਕਿਵੇਂ ਬਚਿਆ ਜਾਵੇ? ਇਸ ਦੇ ਲਈ ਉਨ੍ਹਾਂ ਨੇ ਇਕੱਠੇ ਹੋ ਕੇ ਇੱਕ ਸਭਾ ਬੁਲਾਈ ਤੇ ਵਿਚਾਰ-ਵਟਾਂਦਰਾ ਕਰਨ ਲੱਗੇ । ਜਦੋਂ ਵਿਚਾਰ-ਵਟਾਂਦਰੇ ’ਚ ਕੋਈ ਗੱਲ ਸਿਰੇ ਨਾ ਲੱਗੀ ਤਾਂ ਉਨ੍ਹਾਂ ਵਿੱਚੋਂ ਇੱਕ ਨੇ ਕਿਹਾ, ਸਾਡੇ ’ਚੋਂ ਬਜ਼ੁਰਗ ਕਬੂਤਰ ਜੋ ਕਿ ਸਭ ਤੋਂ ਸਿਆਣਾ ਸੀ ਜੋ ਇੱਕ ਪਾਸੇ ਬੈਠਾ ਤੇ ਕੋਈ ਹੁੰਗਾਰਾ ਵੀ ਨਹੀਂ ਭਰ ਰਿਹਾ ਜਦੋਂ ਉਸ ਤੋਂ ਇਸ ਬਾਰੇ ਰਾਇ ਲੈਣ ਲੱਗੇ ਤਾਂ ਉਸ ਨੇ ਕਿਹਾ ਮੇਰੇ ਕੋਲ ਇੱਕ ਅਜਿਹਾ ਗੀਤ ਹੈ ਜਿਸ ਨਾਲ ਤੁਸੀਂ ਸਾਰੇ ਬਚ ਸਕਦੇ ਹੋ ਤਾਂ ਉਹ ਸਾਰੇ ਉਸ ਦਾ ਸ਼ਬਦ ਸੁਣਨ ਲਈ ਉਤਾਵਲੇ ਹੋ ਗਏ।

ਉਸ ਨੇ ਕਿਹਾ ਮੈਂ ਤੁਹਾਨੂੰ ਇੱਕ ਗੀਤ ਬਣਾ ਦਿੰਦਾ ਹਾਂ ਇਸ ਨੂੰ ਹਰ ਵਕਤ ਗੁਣਗੁਣਾਉਂਦੇ ਰਹਿਣਾ, ਤੁਹਾਡਾ ਬਚਾਅ ਹੋ ਜਾਇਆ ਕਰੇਗਾ। ਉਹ ਸੀ, ਸ਼ਿਕਾਰੀ ਆਊਗਾ ਜਾਲ ਵਿਛਾਊਗਾ, ਚੋਗਾ ਪਾਊਗਾ ਚੋਗਾ ਨਹੀਂ ਚੁਗਣਾ। ਸਾਰੇ ਕਬੂਤਰਾਂ ਨੇ ਛੇਤੀ ਹੀ ਇਸ ਗੀਤ ਨੂੰ ਯਾਦ ਕਰ ਲਿਆ। ਜਦੋਂ ਦੂਜੇ ਦਿਨ ਸ਼ਿਕਾਰੀ ਆਇਆ ਤਾਂ ਉਸ ਨੇ ਜਾਲ ਵਿਛਾ ਕੇ ਚੋਗਾ ਪਾਇਆ ਤੇ ਲੁਕ ਕੇ ਬੈਠ ਗਿਆ, ਪਰ ਕੋਈ ਵੀ ਕਬੂਤਰ ਨਾ ਆਇਆ ਕਿਉਂਕਿ ਬੱਚਿਓ ਉਨ੍ਹਾਂ ਦੇ ਗੀਤ ਚੰਗੀ ਤਰ੍ਹਾਂ ਸਮਝ ’ਚ ਆ ਗਿਆ ਸੀ। ਸ਼ਿਕਾਰੀ ਦੇਰ ਸ਼ਾਮ ਤੱਕ ਬੈਠਾ ਰਿਹਾ, ਪਰ ਕੋਈ ਵੀ ਸ਼ਿਕਾਰ ਨਾ ਮਿਲਣ ਕਰਕੇ ਅਖੀਰ ਮਾਯੂਸ ਹੋ ਕੇ ਘਰ ਚਲਿਆ ਗਿਆ। ਸ਼ਿਕਾਰੀ ਦਿਮਾਗੀ ਤੌਰ ‘ਤੇ ਬੜੇ ਚਲਾਕ ਹੁੰਦੇ ਹਨ। ਉਸ ਨੇ ਮਨ ਵਿੱਚ ਇਹ ਧਾਰ ਲਿਆ ਕਿ ਕੁਝ ਹੀ ਦਿਨਾਂ ਵਿੱਚ ਇਸਦਾ ਹੱਲ ਕੱਢ ਲਿਆ ਜਾਏੇਗਾ।

ਤਾਂ ਸ਼ਿਕਾਰੀ ਕੁਝ ਦਿਨਾਂ ਲਈ ਜੰਗਲ ’ਚ ਨਾ ਗਿਆ। ਦੂਜੇ ਪਾਸੇ ਕਬੂਤਰਾਂ ਦੀ ਜ਼ਿੰਦਗੀ ਵੀ ਵਧੀਆ ਲੰਘਣ ਲੱਗੀ। ਉਹ ਸਵੇਰੇ-ਸ਼ਾਮ ਗੀਤ ਨੂੰ ਜ਼ਰੂਰ ਦੁਹਰਾ ਲਿਆ ਕਰਦੇ ਸਨ। ਬੱਚਿਓ, ਤੁਸੀਂ ਵੇਖਿਆ ਹੋਵੇਗਾ ਕਿ ਜਦੋਂ ਅਸੀਂ ਕਿਸੇ ਗੱਲ ਦਾ ਵਾਰ-ਵਾਰ ਦੁਹਰਾਓ ਕਰਦੇ ਹਾਂ ਤਾਂ ਉਸ ਦੀ ਮੂਲ ਭਾਵਨਾ ਭੁੱਲ ਜਾਂਦੇ ਹਾਂ। ਇਸੇ ਤਰ੍ਹਾਂ ਹੀ ਹੋਇਆ ਕਬੂਤਰਾਂ ਨਾਲ। ਕੁਝ ਸਮੇਂ ਬਾਅਦ ਸ਼ਿਕਾਰੀ ਆਇਆ ਅਤੇ ਉਸ ਨੇ ਜਾਲ ਵਿਛਾਇਆ ਤੇ ਚੋਗਾ ਖਿਲਾਰ ਕੇ ਦੂਰ ਕਿਤੇ ਲੁੱਕ ਕੇ ਬੈਠ ਗਿਆ। ਕਬੂਤਰਾਂ ਨੇ ਬੇਸ਼ੱਕ ਗੀਤ ਦੀ ਦੁਹਰਾਈ ਤਾਂ ਸਹਿਜ ਸੁਭਾਅ ਕਰ ਲਈ ਸੀ, ਪਰ ਚੌਕਸ ਨਹੀਂ ਸਨ। ਉਹ ਝੱਟ ਚੋਗੇ ‘ਤੇ ਝੱਪਟ ਪਏ ਅਤੇ ਜਾਲ ਵਿੱਚ ਫਸ ਗਏ, ਪਰ ਹੁਣ ਕੁਝ ਵੀ ਨਹੀਂ ਹੋ ਸਕਦਾ ਸੀ।

ਸਿੱਖਿਆ:-ਸਿਆਣਿਆਂ ਵੱਲੋਂ ਦਿੱਤੀਆਂ ਸਿੱਖਿਆਵਾਂ ਦੀ ਸਿਰਫ਼ ਦੁਹਰਾਈ ਹੀ ਨਹੀਂ ਕਰਨੀ ਚਾਹੀਦੀ ਸਗੋਂ ਉਨ੍ਹਾਂ ਦੀ ਮੂਲ ਭਾਵਨਾ ਨੂੰ ਵੀ ਚੇਤੇ ਰੱਖਣਾ ਚਾਹੀਦਾ ਹੈ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!