ਰੂਹਾਨੀ ਕਾਲਜ ਹੈ ਡੇਰਾ ਸੱਚਾ ਸੌਦਾ 75ਵਾਂ ਰੂਹਾਨੀ ਸਥਾਪਨਾ ਦਿਵਸ ਮੁਬਾਰਕ! ਮੁਬਾਰਕ!
ਜਨਮ-ਮਰਨ ਦੀ ਫਾਹੀ ਮੁਕਾਉਣ ਦੇ ਲਈ ਅੱਲ੍ਹਾ-ਮਾਲਕ ਨੇ ਸਤਿਗੁਰੂ ਦਾ ਰੂਪ ਧਾਰਨ ਕੀਤਾ ਅਤੇ ਦੁਨੀਆਂ ਨੂੰ ਚਿਤਾਇਆ ਕਿ ਮੁਕਤੀ ਦੇਣ ਵਾਲਾ ਉਹ ਸੱਚਾ ਰਾਮ ਅੰਦਰ ਹਿਰਦੇ ਮੰਦਰ ’ਚ ਬੈਠਾ ਹੈ ਉਸੇ ਰਾਮ ਦਾ ਜਾਪ ਕਰਨ ਅਤੇ ਕਰਾਉਣ ਲਈ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਰੂਹਾਨੀ ਕਾਲਜ ਬਣਾਇਆ ਹੈ
ਪੂਜਨੀਕ ਬੇਪਰਵਾਹ ਜੀ ਦੇ ਬਚਨਾਂ ’ਚ ਆਇਆ ਹੈ-‘ਅੰਦਰ ਵਾਲਾ ਰਾਮ ਮੇਹਰ ਕਰੇ, ਅਪਨਾ ਰਾਮ ਜਪੇ, ਆਪਣੇ ਰਾਮ ਦੀ ਗੰਢ ਕਪੇ, ਪਰਾਇਆ ਮਾਲ ਕਭੀ ਨਾ ਤੱਕੇ, ਖੁਸ਼ੀਆਂ ਨਿੱਤ ਨਵੀਆਂ ਖੱਟੇ, ਮਾਲਕ ਮੇਹਰ ਕਰੇ’ ਸੱਚੇ ਸਤਿਗੁਰੂ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਇਹ ਪਾਵਨ ਉਪਦੇਸ਼ ਸਾਰਿਆਂ ਲਈ ਇੱਕ ਸਾਂਝਾ ਉਪਦੇਸ਼ ਹੈ ਅਤੇ ਇਹੀ ਸਾਰੇ ਰੂਹਾਨੀ ਮਹਾਂਪੁਰਸ਼ਾਂ ਦਾ ਉਦੇਸ਼ ਰਹਿੰਦਾ ਹੈ ਕਿਸੇ ਵੀ ਜਾਤ, ਧਰਮ-ਮਜ਼੍ਹਬ ਦਾ ਸਵਾਲ ਨਹੀਂ ਅਤੇ ਨਾ ਹੀ ਅਮੀਰ-ਗਰੀਬ, ਛੋਟਾ-ਵੱਡਾ ਅਤੇ ਊਚ-ਨੀਚ ਦਾ ਕੋਈ ਸਵਾਲ ਹੈ ਦੁਨੀਆਂ, ਸਮਾਜ ’ਚ ਅਕਸਰ ਕਿਹਾ ਜਾਂਦਾ ਹੈ-‘ਹਿੰਦੂ, ਮੁਸਲਿਮ, ਸਿੱਖ, ਈਸਾਈ ਹੈ ਆਪਸ ਮੇਂ ਭਾਈ-ਭਾਈ’ ਕੋਈ ਸ਼ੱਕ ਨਹੀਂ ਹੈ
ਸਾਰੇ ਦੇਸ਼ਵਾਸੀ ‘ਇੱਕ’ ਭਾਵ ਭਾਈ-ਭਾਈ ਹਨ ਅਤੇ ਇਸ ਦਾ ਪ੍ਰਤੱਖ ਪ੍ਰਮਾਣ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ‘ਡੇਰਾ ਸੱਚਾ ਸੌਦਾ’ ਦੀ ਸਥਾਪਨਾ ਨਾਲ ਪੂਰੀ ਦੁਨੀਆਂ ਨੂੰ ਦਿਖਾ ਦਿੱਤਾ ਹੈ ਕਿ ਭਾਵੇਂ ਕੋਈ ਕਿਸੇ ਵੀ ਧਰਮ-ਜਾਤ ਦਾ ਹੈ, ਇੱਥੇ ਸਾਰਿਆਂ ਨੂੰ ਬਰਾਬਰ ਸਨਮਾਨ ਦਿੱਤਾ ਜਾਂਦਾ ਹੈ ਕੋਈ ਹਿੰਦੂ ਹੈ ਜਾਂ ਸਿੱਖ, ਈਸਾਈ ਜਾਂ ਮੁਸਲਮਾਨ ਅਤੇ ਭਾਵੇਂ ਕਿਸੇ ਵੀ ਜਾਤ-ਧਰਮ ਦਾ ਹੈ, ਇੱਥੇ ਸਭ ਇਕੱਠੇ ਬੈਠ ਕੇ ਆਪਣੇ-ਆਪਣੇ ਧਰਮ ਅਨੁਸਾਰ ਬੰਦਗੀ-ਇਬਾਦਤ ਕਰਦੇ ਹਨ ਕੋਈ ਰਾਮ ਕਹੇ ਜਾਂ ਅੱਲ੍ਹਾ, ਰਹੀਮ ਕਹੇ ਜਾਂ ਵਾਹਿਗੁਰੂ, ਗੌਡ ਕਹੇ, ਕੋਈ ਰੋਕ-ਟੋਕ ਨਹੀਂ, ਕੋਈ ਮਨਾਹੀ ਨਹੀਂ ਇੱਥੇ ਸਿਰਫ ਸਰਵ ਸਾਂਝਾ ਉਪਦੇਸ਼, ਰੂਹਾਨੀ ਸਿੱਖਿਆ ਦਿੱਤੀ ਜਾਂਦੀ ਹੈ ਇਸ ਲਈ ਇਹ ਸੱਚਾ ਸੌਦਾ ‘ਸਰਵ-ਧਰਮ-ਸੰਗਮ ਹੈ, ਇੱਕ ਰੂਹਾਨੀ ਕਾਲਜ ਹੈ
Table of Contents
ਸੱਚਾ ਸੌਦਾ ਕੀ ਹੈ?
ਸੱਚ ਓਮ, ਹਰੀ, ਅੱਲ੍ਹਾ, ਰਾਮ, ਵਾਹਿਗੁਰੂ, ਗੌਡ, ਖੁਦਾ, ਰੱਬ ਕੁਝ ਵੀ ਕਹੋ, ਨਾਂਅ ਅਨੇਕ ਹਨ, ਪਰ ਉਹ ਪਰਮ ਪਿਤਾ ਪਰਮਾਤਮਾ ਇੱਕ ਹੈ ਅਤੇ ਜੋ ਇੱਕ ਸੱਚ ਹੈ ਅਤੇ ਸੌਦਾ ਭਾਵ ਉਸੇ ਸੱਚ ਪਰਮ ਪਿਤਾ ਪਰਮਾਤਮਾ ਦਾ ਨਾਮ ਜਪਣਾ ਨਾ ਕੋਈ ਢੌਂਗ ਕਰਨਾ, ਨਾ ਕੋਈ ਪਖੰਡ ਜਾਂ ਕੋਈ ਦਿਖਾਵਾ ਹੈ ਅਤੇ ਨਾ ਹੀ ਦਾਨ-ਦਕਸ਼ਣਾ ਦਾ ਕੋਈ ਸਵਾਲ ਹੈ ਉਸ ਸੱਚ ਪਰਮ ਪਿਤਾ ਪਰਮਾਤਮਾ ਦੀ ਬਗੈਰ ਕੋਈ ਢੌਂਗ-ਦਿਖਾਵੇ ਦੇ ਭਗਤੀ ਕਰਨਾ ਹੀ ਸੱਚਾ ਸੌਦਾ ਹੈ ਡੇਰਾ ਸੱਚਾ ਸੌਦਾ ਇੱਕ ਰੂਹਾਨੀ ਕਾਲਜ ਹੈ,
ਜਿੱਥੇ ਪ੍ਰੇਮ ਅਤੇ ਰਾਮ-ਨਾਮ ਦਾ ਅਮਲੀ ਤੇ ਅਸਲੀ ਸਬਕ ਪੜ੍ਹਾਇਆ ਜਾਂਦਾ ਹੈ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪਣੇ ਮੁਰਸ਼ਿਦ-ਏ-ਕਾਮਿਲ ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਬਚਨਾਂ ਅਨੁਸਾਰ ਬੇਗੂ ਰੋਡ, ਸ਼ਾਹ ਸਤਿਨਾਮ ਜੀ ਮਾਰਗ ’ਤੇ ਸਰਸਾ ਸ਼ਹਿਰ ਤੋਂ 2 ਕਿਮੀ. ’ਤੇ 29 ਅਪਰੈਲ 1948 ਨੂੰ ਆਪਣੇ ਇਸੇ ਪਾਵਨ ਉਦੇਸ਼ ਨਾਲ ਡੇਰਾ ਸੱਚਾ ਸੌਦਾ ਨਾਂਅ ਨਾਲ ਇੱਕ ਕੁਟੀਆ ਬਣਾਈ ਜੋ ਕਿ ਅੱਜ ਉਨ੍ਹਾਂ ਦੇ ਹੀ ਪਾਵਨ ਬਚਨਾਂ ਅਨੁਸਾਰ ਬਹੁਤ ਵੱਡਾ ਰੂਹਾਨੀ ਕਾਲਜ ਹੈ ਇੱਥੇ ਪ੍ਰੇਮ ਤੇ ਰਾਮ-ਨਾਮ ਨਾਲ ਜੁੜਨ ਦਾ ਅਸਲੀ ਤੇ ਅਮਲੀ (ਪ੍ਰੈਕਟੀਕਲੀ) ਪਾਠ ਪੜ੍ਹਾਇਆ ਜਾਂਦਾ ਹੈ
ਕੁੱਲ ਆਲਮ ਯਹਾਂ ਝੁਕੇਗਾ:-
ਉਨ੍ਹੀਂ ਦਿਨੀਂ ਇਲਾਕੇ ’ਚ ਭਿਆਨਕ ਸੋਕਾ ਪਿਆ ਹੋਇਆ ਸੀ ‘ਭੁੱਖਾ ਮਰਤਾ ਕਿਆ ਨਾ ਕਰਤਾ’ ਚੋਰੀ-ਚੱਕਾਰੀ ਦੀਆਂ ਵਾਰਦਾਤਾਂ ਵੀ ਆਮ ਗੱਲ ਸੀ ਪੂਜਨੀਕ ਸਾਈਂ ਜੀ ਆਪਣੇ ਪਰਉਪਕਾਰੀ ਕੰਮਾਂ ਹਿੱਤ ਪੀਣ ਦੇ ਪਾਣੀ ਦੇ ਤੌੜੇ ਭਰਵਾ ਕੇ ਗੇਟ ਤੋਂ ਬਾਹਰ ਰੁੱਖਾਂ ਦੀ ਛਾਂ ’ਚ ਰਖਵਾ ਦਿਆ ਕਰਦੇ ਕਿਉਂਕਿ ਲੋਕਾਂ ਦੇ ਆਉਣ-ਜਾਣ ਦਾ ਆਮ ਰਸਤਾ ਇਹੀ ਸੀ ਤਾਂ ਕਿ ਥੱਕੇ-ਹਾਰੇ ਰਾਹਗੀਰ ਠੰਢਾ ਪਾਣੀ ਪੀ ਕੇ ਆਪਣੀ ਪਿਆਸ ਬੁਝਾ ਸਕਣ ਉਨ੍ਹੀਂ ਦਿਨੀਂ ਕੱਚੇ ਰਸਤੇ ਸਨ ਅਤੇ ਲੋਕ ਜ਼ਿਆਦਾਤਰ ਕੋਹਾਂ ਦਾ ਸਫਰ ਪੈਦਲ ਹੀ ਤੈਅ ਕਰਿਆ ਕਰਦੇ ਸਨ ਪਰ ਲੋਕ ਪਾਣੀ ਦੇ ਤੌੜੇ ਹੀ ਚੋਰੀ ਕਰਕੇ ਲੈ ਜਾਂਦੇ
ਇੱਕ ਵਾਰ ਡੇਰੇ ਨਾਲ ਲੱਗਦੀ ਜ਼ਮੀਨ ਦੇ ਮਾਲਕ ਬੂਟਾ ਰਾਮ ਨੇ ਪੂਜਨੀਕ ਮਸਤਾਨਾ ਜੀ ਮਹਾਰਾਜ ਨੂੰ ਕਹਿ ਹੀ ਦਿੱਤਾ ਕਿ ਬਾਬਾ ਜੀ, ਇੱਥੇ ਤਾਂ ਚੋਰ ਰਹਿੰਦੇ ਹਨ ਜੋ ਪਾਣੀ ਦੇ ਤੌੜੇ ਵੀ ਚੋਰੀ ਕਰਕੇ ਲੈ ਜਾਂਦੇ ਹਨ, ਤੁਸੀਂ ਡੇਰਾ ਕਿਤੇ ਹੋਰ ਬਣਾਓ ਇਸ ’ਤੇ ਸੱਚੇ ਪਾਤਸ਼ਾਹ ਜੀ ਨੇ ਹੱਸਦੇ ਹੋਏ ਫਰਮਾਇਆ, ‘ਪੁੱਟਰ! ਪਾਣੀ ਕਿਸ ਲੀਏ ਰੱਖਾ ਥਾ? ਪਾਣੀ ਤੋ ਲੋਗੋਂ ਕੇ ਪੀਨੇ ਕੇ ਲੀਏ ਹੀ ਰੱਖਾ ਥਾ ਅਬ ਯਹ ਉਨਕੀ ਮਰਜ਼ੀ ਹੈ ਪਾਣੀ ਯਹਾਂ ਪਰ ਪੀਏਂ ਜਾਂ ਘੜੇ ਘਰ ਲੈ ਜਾਕਰ ਪੀਏਂ’ ਪੂਜਨੀਕ ਸਾਈਂ ਜੀ ਨੇ ਇਹ ਵੀ ਬਚਨ ਫਰਮਾਇਆ, ‘ਬੂਟਾ ਰਾਮ ਪੁੱਟਰ! ਆਜ ਕੀ ਬਾਤ ਯਾਦ ਰੱਖਣਾ, ਗਾਂਠ ਬਾਂਧ ਲੇ ਸੱਚਾ ਸੌਦਾ ਮੇਂ ਖੁਟਨੇ ਵਾਲੀ ਕੋਈ ਚੀਜ਼ ਨਹੀਂ ਹੈ,
ਅਖੁੱਟ ਖਜ਼ਾਨਾ ਹੈ ਸੱਚਾ ਸੌਦਾ ਤੂੰ ਬੋਲਤਾ ਹੈ ਪੁੱਟਰ ਇਸ ਧਰਤੀ ਕੋ ਛੋੜ ਕਰ ਚਲੇ ਜਾਏਂ ਕੁਟੀਆ (ਡੇਰਾ) ਕਹੀਂ ਔਰ ਬਨਾੲਂੇ ਯਾਦ ਰੱਖਣਾ, ਇੱਥੇ ਲਹਿੰਦਾ ਝੁਕੇਗਾ, ਚੜ੍ਹਦਾ ਝੁਕੇਗਾ, ਝੁਕੇਗੀ ਦੁਨੀਆਂ ਸਾਰੀ ਕੁੱਲ ਆਲਮ ਇੱਥੇ ਝੁਕੇਗਾ ਪਹਿਲੇ ਭੀ ਲੋਗੋਂ ਨੇ ਬਹੁਤ ਜ਼ੋਰ ਲਗਾਇਆ ਕਿ ਡੇਰਾ ਨਹੀਂ ਬਣਨੇ ਦੇਂਗੇ, ਧੰਨ-ਧੰਨ (ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ) ਨਹੀਂ ਕਰਨੇ ਦੇਂਗੇ, ਪਰ ਅੰਦਰ ਵਾਲੇ ਜਿੰਦਾਰਾਮ ਸਾਵਣ ਸ਼ਾਹੀ ਮੌਜ ਨੇ ਡੇਰਾ ਭੀ ਬਨਾਕਰ ਦਿਖਾ ਦੀਆ ਅਭੀ ਤੋ ਪੁੱਟਰ, ਸੱਚਾ ਸੌਦਾ ਕੀ ਦੁਕਾਨ ਬਣੀ ਹੈ, ਫਿਰ ਇਸਮੇਂ ਸੌਦਾ ਡਲੇਗਾ, ਫਿਰ ਦੁਕਾਨ ਚਲੇਗੀ, ਫਿਰ ਦੁਨੀਆਂ ਕੋ ਪਤਾ ਚਲੇਗਾ ਅਭੀ ਤੋ ਜੈਸੇ ਰਿਮਝਿਮ, ਬੂੰਦਾ-ਬਾਂਦੀ ਹੋਤੀ ਹੈ, ਜਬ ਮੂਸਲਾਧਾਰ ਬਾਰਸ਼ ਹੋਗੀ ਤੋ ਪਤਾ ਚਲੇਗਾ ਅਭੀ ਤੋ ਸਾਵਣ ਸ਼ਾਹੀ ਮੌਜ ਕਾਮ ਕਰਤੀ ਹੈ, ਜਬ ਮਸਤਾਨੀ ਮੌਜ ਕਾਮ ਕਰੇਗੀ, ਤੋ ਸਭ ਮਸਤ ਕਰ ਦੇਗੀ, ਫਿਰ ਪਤਾ ਚਲੇਗਾ’
ਹਮੇਸ਼ਾ ਰਹੇਗਾ ਸੱਚਾ ਸੌਦਾ:-
ਸੰਨ 1958 ਦੀ ਗੱਲ ਹੈ ਇੱਕ ਦਿਨ ਸਰਸਾ ਸ਼ਹਿਰ ਦੇ ਕੁਝ ਸੇਵਾਦਾਰ ਭਾਈ ਪੂਜਨੀਕ ਸਾਈਂ ਜੀ ਦੇ ਦਰਸ਼-ਦੀਦਾਰ ਕਰਨ ਲਈ ਡੇਰਾ ਸੱਚਾ ਸੌਦਾ ਦਰਬਾਰ ’ਚ ਆਏ ਇਸ ਦੌਰਾਨ ਉਨ੍ਹਾਂ ਸੇਵਾਦਾਰਾਂ ’ਚੋਂ ਇੱਕ ਸੇਵਾਦਾਰ ਭਾਈ ਖੇਮਾਰਾਮ ਨੇ ਅਚਾਨਕ ਇੱਕ ਅਜਿਹੀ ਗੱਲ ਕਹਿ ਦਿੱਤੀ, ਜਿਸ ਨੂੰ ਸੁਣ ਕੇ ਸਭ ਦੰਗ ਰਹਿ ਗਏ ਹੋ ਸਕਦਾ ਹੈ ਕਿ ਉਨ੍ਹਾਂ ਦੇ ਮਨ ’ਚ ਇਹ ਕੋਈ ਭਾਰੀ ਸ਼ੰਕਾ ਸੀ ਅਤੇ ਆਪਣੀ ਸ਼ੰਕਾ ਨੂੰ ਮਿਟਾਉਣ ਲਈ (ਸ਼ੰਕਾ ਹੱਲ ਲਈ) ਕਿਹਾ ਹੋਵੇ ਉਸ ਭਾਈ ਨੇ ਕਿਹਾ, ਸਾਈਂ ਜੀ, ਆਪ ਜੀ ਤੋਂ ਬਾਅਦ ਇੱਥੇ ਕੀ ਬਣੇਗਾ? ਸਾਈਂ ਜੀ ਨੇ ਉਸ ਦੇ ਵੱਲ ਦੇਖਦੇ ਹੋਏ ਪੁੱਛਿਆ, ‘ਖੇਮਾ! ਤੁਮ੍ਹਾਰੀ ਬਾਤ ਹਮਾਰੀ ਸਮਝ ਮੇਂ ਨਹੀਂ ਆਈ’ ਉਸ ਭਾਈ ਨੇ ਬੇਨਤੀ ਕੀਤੀ, ਸਾਈਂ ਜੀ, ਆਪ ਜੀ ਤੋਂ ਬਾਅਦ ਇੱਥੇ ਕੋਈ ਪੂਜਾ ਦਾ ਸਥਾਨ ਨਾ ਬਣ ਜਾਵੇ
ਕਿ ਲੋਕ ਆਉਣ, ਮੱਥਾ ਟੇਕਣ, ਚੜ੍ਹਾਵਾ ਚੜ੍ਹਾਉਣ ਅਤੇ ਮੰਨਤਾਂ ਲੈ ਕੇ ਚਲੇ ਜਾਣ
ਇਹ ਸੁਣਦੇ ਹੀ ਵਾਲੀ ਦੋ ਜਹਾਨ ਸੱਚੇ ਦਾਤਾਰ ਜੀ ਨੇ ਜੋਸ਼ ਭਰੀ ਆਵਾਜ਼ ’ਚ ਫਰਮਾਇਆ, ‘ਖੇਮਾ! ਕਿਤਨੇ ਸਮੇਂ ਸੇ ਤੂੰ ਹਮਾਰੇ ਸਾਥ ਹੈ! ਤੁਮਨੇ ਹਮੇਂ ਆਦਮੀ ਹੀ ਸਮਝਾ ਹੈ? ਯੇ ਜੋ ਸੱਚਾ ਸੌਦਾ ਬਨਾ ਹੈ, ਯੇ ਕਿਸੀ ਆਦਮੀ ਕਾ ਨਹੀਂ ਬਨਾਇਆ ਯਹ ਖੁਦ-ਖੁਦਾ ਸਾਵਣ ਸ਼ਾਹ ਕੇ ਹੁਕਮ ਸੇ ਬਨਾ ਹੈ ਜਬ ਤੱਕ ਧਰਤੀ-ਆਸਮਾਨ ਰਹੇਗਾ, ਸੱਚਾ ਸੌਦਾ ਰਹੇਗਾ ਸਾਵਣ ਸ਼ਾਹ ਦਾਤਾ ਨੇ ਹਮੇਂ ਜੋ ਅਪਨਾ ਨੂਰੀ ਖ਼ਜ਼ਾਨਾ ਬਖਸ਼ਾ ਹੈ, ਉਸਮੇਂ ਸੇ ਏਕ ਬਾਲ ਜਿਤਨਾ ਭੀ ਹਮਨੇ ਖਰਚ ਨਹੀਂ ਕੀਆ ਹੈ, ਵੋ ਸਾਵਣ ਸ਼ਾਹੀ ਖ਼ਜ਼ਾਨਾ ਵੈਸੇ ਕਾ ਵੈਸਾ ਹੀ ਦਬਾ ਪੜਾ ਹੈ ਹਮਾਰੇ ਬਾਦ ਜੋ ਤਾਕਤ ਆਏਗੀ, ਹਮਨੇ ਤੋ ਲੋਗਂੋ ਮੇਂ ਨੋਟ, ਸੋਨਾ, ਚਾਂਦੀ, ਕੱਪੜੇ, ਕੰਬਲ ਬਾਂਟੇ ਹੈਂ,
ਵੋ ਤਾਕਤ ਚਾਹੇ ਤੋ ਹੀਰੇ ਜਵਾਹਾਰਾਤ ਭੀ ਬਾਂਟ ਸਕਤੀ ਹੈ ਹਮਨੇ ਤੋ ਮਕਾਨ ਬਣਵਾਏ, ਗਿਰਾਏ, ਫਿਰ ਬਣਵਾਏ ਔਰ ਵੋ ਤਾਕਤ ਚਾਹੇ ਤੋ ਬਣੇ-ਬਣਾਏ ਮਕਾਨ ਆਸਮਾਨ ਸੇ ਧਰਤੀ ਪਰ ਭੀ ਉਤਾਰ ਸਕਤੀ ਹੈ ਸੱਚਾ ਸੌਦਾ ਮੇਂ ਇਤਨੀ ਸੰਗਤ ਹੋਗੀ ਕਿ ਹਾਥੀ ਪਰ ਚੜ੍ਹਕਰ ਦਰਸ਼ਨ ਦੇਂਗੇ, ਪਰ ਫਿਰ ਭੀ ਮੁਸ਼ਕਿਲ ਸੇ ਦਰਸ਼ਨ ਹੋਂਗੇ ਸੰਗਤ ਇਤਨੀ ਜ਼ਿਆਦਾ ਹੋਗੀ ਕਿ ਸਰਸਾ-ਨੇਜੀਆ ਏਕ ਹੋ ਜਾਏਗਾ ਊਪਰ ਸੇ ਥਾਲੀ ਫੇਂਕੇੇ ਤੋ ਨੀਚੇ ਨਾ ਗਿਰੇ ਸਰਸਾ ਸੇ ਯਹਾਂ ਤੱਕ ਸੰਗਤ ਹੀ ਸੰਗਤ ਨਜ਼ਰ ਆਏਗੀ ਔਰ ਦਿਨ ਦੁੱਗਣੀ, ਰਾਤ ਚੌਗੁਣੀ ਬੜੇਗੀ’ ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਹੈ ਭੰਡਾਰਿਆਂ ’ਤੇ ਉਸ ਸੱਚਾਈ ਨੂੰ ਵੀ ਖੁਦ ਆਪਣੀਆਂ ਅੱਖਾਂ ਨਾਲ ਦੇਖਿਆ ਜਾ ਸਕਦਾ ਹੈ
ਸੱਚਾ ਸੌਦਾ ਦੀ ਪਾਵਨ ਮਰਿਆਦਾ:-
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੀਆਂ ਪਾਵਨ ਸਿੱਖਿਆਵਾਂ ਅਨੁਸਾਰ ਅੰਡਾ-ਮਾਸ ਨਹੀਂ ਖਾਣਾ, ਸ਼ਰਾਬ ਆਦਿ ਨਸ਼ੇ ਨਹੀਂ ਕਰਨਾ, ਵੱਡੇ ਹਨ ਤਾਂ ਮਾਤਾ-ਪਿਤਾ ਦੇ ਸਮਾਨ, ਬਰਾਬਰ ਦੇ ਹਨ ਤਾਂ ਭਰਾ-ਭੈਣ ਦੇ ਸਮਾਨ ਅਤੇ ਉਮਰ ’ਚ ਛੋਟੇ ਹਨ ਤਾਂ ਬੇਟਾ-ਬੇਟੀ ਸਮਾਨ ਸਮਝੋ ਹੱਕ-ਹਲਾਲ, ਮਿਹਨਤ, ਦਸਾਂ ਨਹੁੰਆਂ ਦੀ ਕਿਰਤ ਕਰਕੇ ਖਾਓ ਕੋਈ ਘਰ-ਬਾਰ ਨਹੀਂ ਛੱਡਣਾ, ਕੋਈ ਪਹਿਰਾਵਾ ਤੇ ਧਰਮ ਪਰਿਵਰਤਨ ਨਹੀਂ ਕਰਨਾ ਆਪਣੇ ਘਰ-ਪਰਿਵਾਰ ’ਚ ਰਹਿੰਦੇ ਹੋਏ ਪਰਿਵਾਰ ਅਤੇ ਸਮਾਜ ਪ੍ਰਤੀ ਆਪਣੇ ਮਨੁੱਖੀ ਕਰਤੱਵਾਂ ਦਾ ਇਮਾਨਦਾਰੀ ਨਾਲ ਨਿਰਵਾਹ ਕਰਨਾ ਮਾਤਾ-ਪਿਤਾ, ਬਜ਼ੁਰਗਾਂ ਦੀ ਸੇਵਾ, ਬੱਚਿਆਂ ਨੂੰ ਚੰਗੇ ਸੰਸਕਾਰੀ ਬਣਾਉਣਾ, ਜ਼ਰੂਰਤਮੰਦ ਗਰੀਬਾਂ ਦੀ ਮੱਦਦ ਕਰਨਾ ਅਤੇ ਨਾਲ ਹੀ ਸੇਵਾ ਤੇ ਸਿਮਰਨ, ਭਗਤੀ-ਇਬਾਦਤ ਕਰਨਾ ਭਾਵ ਦੀਨ ਵੀ ਰਹੇ ਅਤੇ ਦੁਨੀਆਂ ਵੀ ਰਹੇ ਭਾਵ ਆਪਣੇ ਧਰਮ-ਈਮਾਨ, ਆਪਣੇ ਸਤਿਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਚੱਲਦੇ ਹੋਏ ਦੁਨੀਆਂ ’ਚ ਵੀ ਖੁਸ਼ਹਾਲ ਜੀਵਨ ਜੀਓ, ਇਹੀ ਹੈ ਡੇਰਾ ਸੱਚਾ ਸੌਦਾ ਦੀ ਪਾਵਨ ਸਿੱਖਿਆ ਇਸ ਦਾ ਆਗਾਜ਼ ਪੂਜਨੀਕ ਬੇਪਰਵਾਹ ਜੀ ਨੇ ਸੱਚਾ ਸੌਦਾ ’ਚ ਕੀਤਾ ਅਤੇ ਅੱਜ ਵੀ ਡੇਰਾ ਸੱਚਾ ਸੌਦਾ ਇਸੇ ਮਜ਼ਬੂਤ ਬੁਨਿਆਦ ’ਤੇ ਕਾਇਮ ਹੈ
ਮਾਨਵਤਾ ਭਲਾਈ ਦੇ ਕਾਰਜਾਂ ’ਚ ਡੇਰਾ ਵਿਸ਼ਵ ਪ੍ਰਸਿੱਧ:-
ਡੇਰਾ ਸੱਚਾ ਸੌਦਾ ਦੀ ਸਥਾਪਨਾ ਨੂੰ ਅੱਜ 75 ਸਾਲ ਪੂਰੇ ਹੋਏ ਹਨ ਅੱਜ 29 ਅਪਰੈਲ ਨੂੰ ਸਾਧ-ਸੰਗਤ ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਦਿਵਸ ਦੀ 75ਵੀਂ ਵਰੇ੍ਹਗੰਢ ਮਨਾ ਰਹੀ ਹੈ ਇਹ ਪਾਕ-ਪਵਿੱਤਰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਸਰਵ-ਧਰਮ ਭਾਵਨਾ ਨਾਲ ਇੱਥੇ ਵਧ-ਚੜ੍ਹ ਕੇ ਮਾਨਵਤਾ ਭਲਾਈ ਦੇ ਕਾਰਜ (ਮਾਨਵਤਾ ਦੀ ਨਿਹਸਵਾਰਥ ਸੇਵਾ) ਕਰਕੇ ਇਸ ਦਿਨ ਨੂੰ ਮਨਾਉਂਦੀ ਹੈ ਡੇਰਾ ਸੱਚਾ ਸੌਦਾ ’ਚ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਰੂਹਾਨੀਅਤ ਦੇ ਨਾਲ-ਨਾਲ ਨੇਕੀ-ਭਲਾਈ ਅਤੇ ਸਮਾਜ ਤੇ ਮਾਨਵਤਾ ਦੀ ਸੇਵਾ ਦੀ ਜੋ ਸ਼ੁਰੂਆਤ ਕੀਤੀ ਸੀ,
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਾਵਨ ਮਾਰਗ-ਦਰਸ਼ਨ ’ਚ ਡੇਰਾ ਸੱਚਾ ਸੌਦਾ ਰੂਹਾਨੀਅਤ ਦਾ ਵਿਸ਼ਾਲ ਸਮੁੰਦਰ, ਬਹੁਤ ਹੀ ਵੱਡਾ ਮਹਾਂਸਾਗਰ ਹੈ ਅਤੇ ਨਾਲ ਹੀ ਪੂਜਨੀਕ ਗੁਰੂ ਜੀ ਵੱਲੋਂ ਦੱਸੇ ਗਏ 156 ਮਾਨਵਤਾ ਭਲਾਈ ਦੇ ਕਾਰਜ ਅੱਜ ਪੂਰੇ ਵਿਸ਼ਵ ’ਚ ਸਾਧ-ਸੰਗਤ ਪੂਰੇ ਜੋਸ਼ੋ-ਖਰੋਸ਼ ਨਾਲ ਵਧ-ਚੜ੍ਹ ਕੇ ਕਰ ਰਹੀ ਹੈ ਖੂਨਦਾਨ ਤੇ ਪੌਦੇ ਲਗਾਉਣ ’ਚ ਜਿੱਥੇ ਡੇਰਾ ਸੱਚਾ ਸੌਦਾ ਦਾ ਨਾਂਅ ਗਿੰਨੀਜ਼ ਬੁੱਕ ਵਰਲਡ ਰਿਕਾਰਡ ’ਚ ਤਿੰਨ-ਤਿੰਨ ਵਾਰ ਦਰਜ਼ ਹੈ, ਉੱਥੇ ਸਿਹਤ ਤੇ ਜਨ ਸੇਵਾ ਖੇਤਰਾਂ ’ਚ ਦਰਜ਼ਨਾਂ ਹੋਰ ਰਿਕਾਰਡ ਏਸ਼ੀਆ ਬੁੱਕ ਆਫ ਰਿਕਾਰਡ ਤੇ ਇੰਡੀਆ ਬੁੱਕ ਆਫ ਰਿਕਾਰਡ ’ਚ ਵੀ ਦਰਜ ਹਨ ਇਹ ਸਭ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ, ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਪਾਵਨ ਦੂਜੀ ਪਾਤਸ਼ਾਹੀ ਦੇ ਪਵਿੱਤਰ ਬਚਨਾਂ ਤੇ ਪਾਵਨ ਪ੍ਰੇਰਨਾਵਾਂ ਨਾਲ ਹੀ ਹੋਇਆ ਹੈ ਤੇ ਹੋ ਰਿਹਾ ਹੈ ਅਤੇ ਇਹ ਮਹਾਨ ਪਰਉਪਕਾਰੀ ਲਹਿਰ ਸੰਤ ਡਾ. ਐੱਮਐੱਸਜੀ ਦੇ ਪਾਵਨ ਮਾਰਗ-ਦਰਸ਼ਨ ’ਚ ਲਗਾਤਾਰ ਜਾਰੀ ਰਹੇਗੀ
ਸੱਚਖੰਡ ਦਾ ਨਮੂਨਾ ਹੈ ਡੇਰਾ ਸੱਚਾ ਸੌਦਾ:-
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ, ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪਾਵਨ ਬਚਨ ਫਰਮਾਏ ਕਿ ਯਹਾਂ ਬਾਗ-ਬਹਾਰੀ ਲਗੇਗੀ, ਸੱਚਖੰਡ ਕਾ ਨਮੂਨਾ ਬਨੇਗਾ ਡੇਰਾ ਸੱਚਾ ਸੌਦਾ ਦਿਨ ਦੁੱਗਣੀ, ਰਾਤ ਚੌਗੁਣੀ ਤਰੱਕੀ ਕਰੇਗਾ, ਰਾਮ-ਨਾਮ ਵਾਲੇ ਭੀ ਦਿਨ ਦੁੱਗਣਾ, ਰਾਤ ਚੌਗੁਣਾ, ਕਈ ਗੁਣਾ ਬੜ੍ਹੇਂਗੇ ਪਰਮ ਪਿਤਾ ਸ਼ਾਹ ਸਤਿਨਾਮ ਜੀ ਧਾਮ ਸੱਚਮੁੱਚ ਹੀ ਸੱਚਖੰਡ ਦਾ ਨਮੂਨਾ ਹੈ ਅਤੇ ਰਾਮ-ਨਾਮ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਮਾਰਗ-ਦਰਸ਼ਨ ’ਚ ਅੱਜ ਸਾਢੇ ਛੇ ਕਰੋੜ ਤੋਂ ਵੀ ਜ਼ਿਆਦਾ ਪੂਰੀ ਦੁਨੀਆਂ ’ਚ ਰਾਮ-ਨਾਮ ਵਾਲੇ ਸ਼ਰਧਾਲੂ ਹਨ
ਡੇਰਾ ਸੱਚਾ ਸੌਦਾ ਦੇ 75ਵੇਂ ‘ਰੂਹਾਨੀ ਸਥਾਪਨਾ ਦਿਵਸ’ ਅਤੇ ‘ਜਾਮ-ਏ-ਇੰਸਾਂ ਗੁਰੂ ਕਾ’ ਦੀ 16ਵੀਂ ਵਰੇ੍ਹਗੰਢ ਦੀ ਲੱਖ-ਲੱਖ ਵਧਾਈ ਹੋਵੇ ਜੀ