ਬੇਟਾ! ਤੇਰਾ ਮੌਤ ਦਾ ਕਰਮ ਕੱਟਿਆ ਗਿਆ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੀ ਕ੍ਰਿਪਾ-ਦ੍ਰਿਸ਼ਟੀ
ਜੀਐੱਸਐੱਮ ਭਾਈ ਰਾਮ ਸਿੰਘ ਉਰਫ ਪਾਲ ਇੰਸਾਂ ਪੁੱਤਰ ਸੱਚਖੰਡ ਵਾਸੀ ਹਾਕਮ ਸਿੰਘ ਪਿੰਡ ਸ਼ਾਹ ਸਤਿਨਾਮ ਜੀ ਪੁਰਾ ਜ਼ਿਲ੍ਹਾ ਸਰਸਾ ਤੋਂ ਆਪਣੇ ’ਤੇ ਹੋਈ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਰਹਿਮਤ ਦਾ ਵਰਣਨ ਕਰਦਾ ਹੈ:-
ਮੈਂ ਪਰਮ ਪਿਤਾ ਜੀ ਦੀ ਰਹਿਮਤ ਨਾਲ ਸੰਨ 1969 ਤੋਂ ਡੇਰਾ ਸੱਚਾ ਸੌਦਾ ਦਰਬਾਰ ਦਾ ਸੇਵਾਦਾਰ ਹਾਂ ਲਗਭਗ 1978 ਦੀ ਗੱਲ ਹੈ ਗਰਮੀ ਦਾ ਮਹੀਨਾ ਸੀ ਪਿੰਡ ਸ਼ਾਹਪੁਰ ਬੇਗੂ ਦੇ ਏਰੀਏ ਵਿੱਚ ਡੇਰੇ ਦੀ 14 ਕਿੱਲੇ ਜ਼ਮੀਨ ਸੀ ਇਸ ਜ਼ਮੀਨ ਵਿੱਚ ਖੂਹ ਵਿੱਚ ਟਿਊਬਵੈੱਲ ਲੱਗਾ ਹੋਇਆ ਸੀ ਖੂਹ ਸੱਤਰ ਫੁੱਟ ਡੂੰਘਾ ਸੀ ਜਦੋਂ ਬਿਜਲੀ ਨਾ ਆਉਂਦੀ ਤਾਂ ਟਰੈਕਟਰ ਨਾਲ ਟਿਊਬਵੈੱਲ ਚੱਲਦਾ ਸੀ
ਬਹੁਤ ਲੰਬਾ ਪਟਾ ਚੱਲਦਾ ਸੀ, ਜੋ ਟਰੈਕਟਰ ਦੀ ਪੁਲੀ ਤੋਂ ਪੱਖੇ ਨੂੰ ਚਲਾਉਂਦਾ ਸੀ ਇੱਕ ਵਾਰ ਟਿਊਬਵੈੱਲ ਖਰਾਬ ਹੋ ਗਿਆ ਦੁਬਾਰਾ ਬੋਰ ਕਰ ਲਿਆ ਸੀ ਮਿਸਤਰੀ ਕੈਪਟੀ ਬਣਾ ਰਿਹਾ ਸੀ ਜਦੋਂ ਰੇਤਾ ਜ਼ਿਆਦਾ ਆਉਣ ਲੱਗ ਪਿਆ ਤਾਂ ਮਿਸਤਰੀ ਨੇ ਮੈਨੂੰ ਕਿਹਾ ਕਿ ਤੂੰ ਖੂਹ ਵਿੱਚ ਵੜ ਕੇ ਵੇਖ ਕਿ ਕਿਤੇ ਖੂਹ ਬਹਿ ਨਾ ਜਾਵੇ ਜਦੋਂ ਮੈਂ ਪੌੜੀਆਂ ਉੱਤਰ ਕੇ ਥੱਲੇ ਚਲਿਆ ਗਿਆ ਤਾਂ ਥੱਲੇ ਤੋਂ ਦਸ ਫੁੱਟ ਤੋਂ ਖੂਹ ਟੁੱਟ ਗਿਆ ਉੱਪਰਲਾ ਹਿੱਸਾ ਸੱਠ ਫੁੱਟ ਤਾਂ ਉਸੇ ਤਰ੍ਹਾਂ ਖੜ੍ਹਾ ਰਿਹਾ, ਪਰ ਥੱਲੇ ਵਾਲਾ ਦਸ ਫੁੱਟ ਟੇਢਾ ਹੋ ਗਿਆ, ਦੋ-ਤਿੰਨ ਫੁੱਟ ਦੀ ਤਰੇੜ ਆ ਗਈ ਮਿੱਟੀ ਡਿੱਗਣ ਲੱਗ ਪਈ ਮੈਂ ਮਿਸਤਰੀ ਨੂੰ ਆਵਾਜ਼ ਮਾਰੀ ਤੇ ਦੱਸਿਆ ਕਿ ਖੂਹ ਟੁੱਟ ਗਿਆ ਹੈ ਥੱਲੇ ਵਾਲਾ ਹਿੱਸਾ ਟੇਢਾ ਹੋ ਗਿਆ ਹੈ
ਮਿੱਟੀ ਡਿੱਗ ਰਹੀ ਹੈ ਟਰੈਕਟਰ ਬੰਦ ਕਰ ਦਿਓ ਕੋਈ ਚਾਨਣ ਕਰੋ ਤਾਂ ਕਿ ਮੈਂ ਬਾਹਰ ਨਿਕਲ ਆਵਾਂ ਉਸ ਸਮੇਂ ਰਾਤ ਦਾ ਹਨੇ੍ਹਰਾ ਹੋ ਗਿਆ ਸੀ ਮਿਸਤਰੀ ਨੇ ਚੱਲਦਾ ਟਰੈਕਟਰ ਬੰਦ ਕਰ ਦਿੱਤਾ ਉਸ ਸਮੇਂ ਬੋਰ ਵਾਲੀ ਪਾਈਪ ਟੁੱਟ ਗਈ ਤੇ ਦੋ-ਢਾਈ ਫੁੱਟ ਪਾਣੀ ਖੂਹ ਵਿੱਚ ਭਰ ਗਿਆ ਮੈਂ ਮਿਸਤਰੀ ਨੂੰ ਅਵਾਜ਼ਾਂ ਮਾਰੀਆਂ, ਪਰ ਉਸ ਨੇ ਮੈਨੂੰ ਕੋਈ ਜਵਾਬ ਨਾ ਦਿੱਤਾ ਸ਼ਾਇਦ ਉਹ ਇਸ ਗੱਲ ਤੋਂ ਡਰ ਗਿਆ ਕਿ ਖੂਹ ਬੰਦ ਹੋ ਜਾਵੇਗਾ ਤੇ ਬੰਦਾ ਮਰ ਜਾਵੇਗਾ ਉਹ ਉੱਥੋਂ ਭੱਜ ਗਿਆ ਸੀ
ਅੰਦਰ ਪੂਰਾ ਹਨੇ੍ਹਰਾ ਸੀ ਮੈਂ ਘਬਰਾ ਗਿਆ ਕਿ ਮੇਰਾ ਅੰਤ ਸਮਾਂ ਆ ਗਿਆ ਹੈ ਕਿਉਂਕਿ ਮਿੱਟੀ ਲਗਾਤਾਰ ਡਿੱਗ ਰਹੀ ਸੀ ਮੈਨੂੰ ਕੁਝ ਵੀ ਸੁਝ ਨਹੀਂ ਰਿਹਾ ਸੀ ਉਸ ਸਮੇਂ ਮੈਂ ਮਾਲਕ-ਸਤਿਗੁਰੂ ਨੂੰ ਯਾਦ ਕੀਤਾ ਤੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਲਾਇਆ ਕਿ ਮਾਲਕਾ! ਹੁਣ ਤੂੰ ਹੀ ਬਚਾ ਸਕਦਾ ਹੈਂ ਉਸੇ ਟਾਈਮ ਬਾਹਰੋਂ ਇੱਕ ਆਵਾਜ਼ ਆਈ, ਜਿਹੜੀ ਮਿਲਖਾ ਸਿੰਘ ਜੀਐੱਸਐੱਮ ਦੀ ਅਵਾਜ਼ ਵਾਂਗ ਸੀ ਮੈਨੂੰ ਅਵਾਜ਼ ਸੁਣ ਕੇ ਹੌਂਸਲਾ ਹੋ ਗਿਆ ਕਿ ਬਾਈ ਆ ਗਿਆ ਹੈ, ਹੁਣ ਮੈਨੂੰ ਮਰਨ ਨਹੀਂ ਦਿੰਦਾ
ਉਸ ਨੇ ਮੈਨੂੰ ਦੋ-ਤਿੰਨ ਵਾਰ ਸਮਝਾਇਆ ਕਿ ਮੋਟਰ ’ਤੇ ਪੈਰ ਰੱਖ ਕੇ, ਪੌੜੀ ਨੂੰ ਹੱਥ ਪਾ ਲੈ, ਤੇਰਾ ਹੱਥ ਪਹੁੰਚ ਜਾਊਗਾ ਉੱਥੇ ਦਿਸਦਾ ਤਾਂ ਕੁਝ ਵੀ ਨਹੀਂ ਸੀ ਕਿਉਂਕਿ ਖੂਹ ਵਿੱਚ ਘੁੱਪ ਹਨੇ੍ਹਰਾ ਸੀ ਖੂਹ ਵਿੱਚ ਲੋਹੇ ਦੇ ਸਰੀਏ ਦੀ ਪੌੜੀ ਜੜੀ ਹੋਈ ਸੀ ਮੈਂ ਉਸੇ ਤਰ੍ਹਾਂ ਮੋਟਰ ’ਤੇ ਚੜ੍ਹ ਕੇ ਉੱਪਰ ਹੱਥ ਕੀਤਾ ਤਾਂ ਮੇਰਾ ਹੱਥ ਪੌੜੀ ਨੂੰ ਪੈ ਗਿਆ, ਜੋ ਉੱਚਾਈ ’ਤੇ ਸੀ ਮੈਂ ਪੌੜੀ ਰਾਹੀਂ ਬਾਹਰ ਆ ਗਿਆ ਬਾਹਰ ਉੱਥੇ ਕੋਈ ਨਹੀਂ ਸੀ ਮੈਂ ਉੱਥੇ ਬਣੇ ਕਮਰੇ ਵਿੱਚ ਮੰਜੇ ’ਤੇ ਪੈ ਗਿਆ ਘਬਰਾਹਟ ਅਤੇ ਥਕਾਵਟ ਨਾਲ ਮੈਨੂੰ ਬੁਖਾਰ ਹੋ ਗਿਆ ਉਸ ਸਮੇਂ ਸਾਰਾ ਸੀਨ ਮੇਰੀਆਂ ਅੱਖਾਂ ਦੇ ਸਾਹਮਣੇ ਘੁੰਮ ਰਿਹਾ ਸੀ ਕਿ ਅੱਜ ਤਾਂ ਮਾਲਕ ਨੇ ਹੀ ਬਚਾਇਆ ਹੈ
ਦੂਜੇ ਪਾਸੇ ਡੇਰਾ ਸੱਚਾ ਸੌਦਾ ਸਰਸਾ ਦੇ ਤੇਰਾਵਾਸ ਵਿੱਚ ਮਜਲਿਸ ਚੱਲ ਰਹੀ ਸੀ ਪਰਮ ਪਿਤਾ ਜੀ ਸਾਧ-ਸੰਗਤ ਵਿੱਚ ਬਿਰਾਜਮਾਨ ਸਨ ਪਰਮ ਪਿਤਾ ਜੀ ਨੇ ਨਿਰਮਲ ਸਿੰਘ ਤੇ ਹਰਨੇਕ ਸਿੰਘ ਮਾਨਸਾ ਦੇ ਇਨ੍ਹਾਂ ਮਿਸਤਰੀਆਂ ਨੂੰ ਪ੍ਰਸ਼ਾਦ ਦੇ ਕੇ ਮੇਰੇ ਕੋਲ ਭੇਜਿਆ ਕਿ ਪਤਾ ਕਰਕੇ ਆਓ ਕਿ ਆਪਣਾ ਟਿਊਬਵੈੱਲ ਠੀਕ ਚੱਲ ਪਿਆ ਹੈ ਅਤੇ ਪਾਲ ਨੂੰ (ਜੀਐੱਸਐੱਮ ਪਾਲ ਇੰਸਾਂ) ਪ੍ਰਸ਼ਾਦ ਵੀ ਦੇ ਆਓ
ਉਹ ਰਾਤ ਨੂੰ ਮੇਰੇ ਕੋਲ ਪਹੁੰਚ ਗਏ ਉਹਨਾਂ ਨੇ ਮੈਨੂੰ ਪੁੱਛਿਆ, ਕੀ ਟਿਊਬਵੈੱਲ ਠੀਕ ਚੱਲ ਪਿਆ, ਅਸੀਂ ਜਾ ਕੇ ਪਰਮ ਪਿਤਾ ਜੀ ਨੂੰ ਦੱਸਣਾ ਹੈ? ਪਿਤਾ ਜੀ ਸਾਨੂੰ ਉਡੀਕ ਰਹੇ ਹਨ ਉਹਨਾਂ ਨੇ ਸਾਨੂੰ ਕਿਹਾ ਹੈ ਕਿ ਤੁਹਾਡੇ ਆਇਆਂ ਤੋਂ ਅਸੀਂ ਅੰਦਰ ਜਾਵਾਂਗੇ ਮੈਂ ਉਹਨਾਂ ਨੂੰ ਕਿਹਾ ਕਿ ਸਭ ਕੁਝ ਵਧੀਆ ਹੋ ਗਿਆ ਪਾਣੀ ਵਧੀਆ ਬਣ ਗਿਆ ਮੈਨੂੰ ਬੁਖਾਰ ਦੀ ਗੋਲੀ ਦੇ ਜਾਓ ਹੋਰ ਮੈਂ ਕੁਝ ਨਹੀਂ ਦੱਸਿਆ ਕਿ ਪਿਤਾ ਜੀ ਖਿਆਲ ਕਰਨਗੇ ਉਹਨਾਂ ਨੇ ਮੈਨੂੰ ਦੋ ਗੋਲੀਆਂ ਦੇ ਦਿੱਤੀਆਂ ਮੈਂ ਗੋਲੀ ਲੈ ਕੇ ਲੇਟ ਗਿਆ ਮੈਨੂੰ ਨੀਂਦ ਆ ਗਈ
ਰਾਤ ਨੂੰ ਜਾਗੋ-ਮੀਟੀ ਅਵਸਥਾ ਵਿੱਚ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਮੈਨੂੰ ਦਰਸ਼ਨ ਦਿੱਤੇ ਅਤੇ ਫਰਮਾਇਆ, ‘‘ਲਾਈਟ ਆ ਗਈ ਹੈ ਤੂੰ ਉਠ ਕੇ ਖੂਹ ਦੇਖ’’ ਮੈਂ ਪਿਤਾ ਜੀ ਨੂੰ ਅਰਜ਼ ਕੀਤੀ ਕਿ ਪਿਤਾ ਜੀ! ਮੈਨੂੰ ਤਾਂ ਅੱਜ ਮਿਲਖੇ ਨੇ ਬਚਾ ਲਿਆ ਉਸ ਨੇ ਮੈਨੂੰ ਦੱਸ ਕੇ, ਸਮਝਾ ਕੇ, ਖੂਹ ਵਿੱਚੋਂ ਬਾਹਰ ਕੱਢਿਆ ਪਰਮ ਪਿਤਾ ਜੀ ਨੇ ਫਰਮਾਇਆ, ‘‘ਉਹ ਤਾਂ ਭਾਈ ਅਸੀਂ ਸੀ, ਅਸੀਂ ਆਵਾਜ਼ ਮਾਰੀ ਸੀ, ਮਿਲਖਾ ਤਾਂ ਉੱਥੇ ਹੈ ਹੀ ਨਹੀਂ ਸੀ’’ ਜਦੋਂ ਮੈਂ ਉਠ ਕੇ ਦੇਖਿਆ ਤਾਂ ਖੂਹ ਵਿੱਚ ਲਾਈਟ ਜਗ ਰਹੀ ਸੀ ਲਾਈਟ ਰਾਤ ਨੂੰ ਦੋ ਵਜੇ ਆਇਆ ਕਰਦੀ ਸੀ ਮੈਂ ਦੇਖਿਆ ਤਾਂ ਖੂਹ ਦਾ ਥੱਲੇ ਵਾਲਾ ਹਿੱਸਾ ਬੰਦ ਹੋਇਆ ਪਿਆ ਸੀ ਉੱਪਰੋਂ ਵੀ ਖੂਹ ਕੁਝ ਬੈਠ ਗਿਆ ਸੀ ਆਸੇ-ਪਾਸੇ ਤੋਂ ਮਿੱਟੀ ਬੈਠ ਗਈ ਸੀ
ਫਿਰ ਸੁਬ੍ਹਾ ਉੱਠ ਕੇ ਮੈਂ ਮਜਲਿਸ ਸੁਣਨ ਲਈ ਸਰਸਾ ਦਰਬਾਰ ਆਇਆ ਪਰਮ ਪਿਤਾ ਜੀ ਨੇ ਮੈਨੂੰ ਪੁੱਛਿਆ, ‘‘ਬੇਟਾ! ਕਿਵੇਂ ਹੋਇਆ?’’ ਫਿਰ ਮੈਂ ਸਾਰਾ ਕੁਝ ਦੱਸ ਦਿੱਤਾ ਪਰਮ ਪਿਤਾ ਜੀ ਨੇ ਫਰਮਾਇਆ, ‘‘ਬੇਟਾ! ਤੇਰਾ ਮੌਤ ਦਾ ਕਰਮ ਕੱਟਿਆ ਗਿਆ’’ ਉਸ ਤੋਂ ਬਾਅਦ ਉਹ ਸਾਰਾ ਖੂਹ ਬੰਦ ਕਰਵਾ ਕੇ ਕਮਰੇ ਦੇ ਦੂਜੇ ਪਾਸੇ ਖੂਹ ਖੁਦਵਾਇਆ ਗਿਆ ਪਰਮ ਪਿਤਾ ਜੀ ਨੇ ਉੱਥੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਖੁਦ ਟੱਕ ਲਾ ਕੇ ਖੂਹ ਖੁਦਵਾਇਆ ਤੇ ਬਚਨ ਕੀਤੇ, ‘‘ਹੁਣ ਇਹ ਹਿੱਲਦਾ ਨਹੀਂ’’ ਉਹ ਖੂਹ ਵਧੀਆ ਚੱਲ ਪਿਆ ਮੈਂ ਪੈਂਤੀ ਸਾਲ ਬਾਅਦ ਉਸ ਖੂਹ ਨੂੰ ਦੇਖ ਕੇ ਆਇਆ ਤਾਂ ਉਸ ਸਮੇਂ ਵੀ ਉਹ ਖੂਹ ਉਸੇ ਤਰ੍ਹਾਂ ਚੱਲ ਰਿਹਾ ਸੀ