ਬੇਟਾ, ਬੇਫਿਕਰ ਹੋ ਕੇ ਸੌਂ ਜਾਓ -ਸਤਿਸੰਗੀਆਂ ਦੇ ਅਨੁਭਵ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੀ ਕ੍ਰਿਪਾ-ਦ੍ਰਿਸ਼ਟੀ
ਭੈਣ ਕੁਲਦੀਪ ਕੌਰ ਪਤਨੀ ਪੇ੍ਰਮੀ ਸੁਦਾਗਰ ਸਿੰਘ ਪਿੰਡ ਆਦਮਪੁਰਾ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਤੋਂ ਆਪਣੇ ’ਤੇ ਹੋਈ ਸਤਿਗੁਰੂ ਦੀ ਰਹਿਮਤ ਦਾ ਜ਼ਿਕਰ ਹੇਠ ਲਿਖੇ ਅਨੁਸਾਰ ਕਰ ਰਹੇ ਹਨ:-
ਸੰਨ 1991 ਦੀ ਗੱਲ ਹੈ ਕਿ ਮੇਰਾ ਪਤੀ ਪ੍ਰੇਮੀ ਸੁਦਾਗਰ ਸਿੰਘ ਮਹੀਨੇ ਵਿੱਚ ਇੱਕ ਹਫਤੇ ਦੀ ਪੱਕੀ ਸੇਵਾ ’ਤੇ ਡੇਰਾ ਸੱਚਾ ਸੌਦਾ ਸ਼ਾਹ ਮਸਤਾਨਾ ਜੀ ਧਾਮ ਸਰਸਾ ਆਇਆ ਕਰਦਾ ਸੀ ਉਨ੍ਹਾਂ ਦੀ ਡਿਊਟੀ ਸਫੈਦਿਆਂ ਵਾਲੇ ਗੇਟ ’ਤੇ ਪਹਿਰੇ ਦੀ ਹੁੰਦੀ ਸੀ ਜਿੱਧਰ ਭੈਣਾਂ ਰਫਾ-ਹਾਜ਼ਤ ਲਈ ਜਾਇਆ ਕਰਦੀਆਂ ਸਨ ਉਹਨਾਂ ਦਾ ਸੇਵਾ ਦਾ ਹਫਤਾ ਆ ਗਿਆ, ਇਸ ਲਈ ਉਹਨਾਂ ਨੇ ਸੇਵਾ ’ਤੇ ਆਉਣਾ ਸੀ ਉਹਨਾਂ ਦਿਨਾਂ ਵਿੱਚ ਪੰਜਾਬ ਅੰਦਰ ਅੱਤਵਾਦ ਜ਼ੋਰਾਂ ’ਤੇ ਸੀ ਬਾਹਰ ਤਾਂ ਕੀ, ਘਰੇ ਵੀ ਡਰ ਆਉਂਦਾ ਸੀ
ਕਿ ਪਤਾ ਨਹੀਂ ਕਦੋਂ ਕੋਈ ਘਟਨਾ ਵਾਪਰ ਜਾਵੇ ਉਸ ਸਮੇਂ ਸਾਡੇ ਪਿੰਡ (ਆਦਮਪੁਰ) ਵਿੱਚ ਦੋ ਘਟਨਾਵਾਂ ਵਾਪਰ ਚੁੱਕੀਆਂ ਸਨ ਅਸੀਂ ਘਰ ਵਿੱਚ ਸਿਰਫ ਤਿੰਨ ਹੀ ਜੀਅ ਸਾਂ ਮੈਂ, ਮੇਰਾ ਘਰ ਵਾਲਾ ਅਤੇ ਮੇਰਾ ਚੌਦਾਂ-ਪੰਦਰਾਂ ਸਾਲਾਂ ਦਾ ਲੜਕਾ ਮੇਰੇ ਘਰ ਵਾਲੇ ਨੇ ਮੈਨੂੰ ਪੁੱਛਿਆ ਕਿ ਮੈਂ ਆਪਣੀ ਸੇਵਾ ਦੀ ਡਿਊਟੀ ’ਤੇ ਡੇਰੇ ਜਾਵਾਂ ਜਾਂ ਨਾ ਜਾਵਾਂ? ਕਿਉਂਕਿ ਹਾਲਾਤ ਬਹੁਤ ਖਰਾਬ ਸਨ ਅੱਗੋਂ ਮੈਂ ਪੂਰੇ ਹੌਸਲੇ ਨਾਲ ਕਿਹਾ ਜਾਂ ਮਾਲਕ-ਸਤਿਗੁਰੂ ਨੇ ਮੈਥੋਂ ਕਹਾਇਆ ਕਿ ਜੋ ਕੁਝ ਹੋਣਾ ਹੈ,
ਉਹ ਤਾਂ ਹੋ ਕੇ ਹੀ ਰਹੇਗਾ ਜੇ ਤੁਸੀਂ ਘਰੇ ਹੋਏ ਤਾਂ ਤੁਸੀਂ ਕਿਹੜਾ ਉਸ ਨੂੰ ਰੋਕ ਸਕਦੇ ਹੋ ਤੁਸੀਂ ਆਪਣੀ ਸੇਵਾ ਦੀ ਡਿਊਟੀ ’ਤੇ ਬੇਫਿਕਰ ਹੋ ਕੇ ਚਲੇ ਜਾਓ, ਮੈਂ ਆਪੇ ਸਾਰ ਲਵਾਂਗੀ ਤੁਸੀਂ ਸੇਵਾ ਨਹੀਂ ਛੱਡਣੀ ਮੈਂ ਦੂਜੇ ਘਰੋਂ ਮਾਤਾ ਜੀ ਨੂੰ ਬੁਲਾ ਲਵਾਂਗੀ ਇਹਨਾਂ ਦਲੇਰੀ ਭਰੀਆਂ ਗੱਲਾਂ ਨਾਲ ਮੇਰੇ ਪਤੀ ਦਾ ਹੌਸਲਾ ਵਧ ਗਿਆ ਤੇ ਉਹ ਥੈਲਾ ਚੁੱਕ ਕੇ ਸਰਸੇ ਨੂੰ ਚੱਲ ਪਿਆ
ਉਸ ਰਾਤ ਮੇਰੇ ਮਨ ਵਿੱਚ ਡਰ ਸੀ, ਇਸ ਲਈ ਨੀਂਦ ਨਹੀਂ ਆ ਰਹੀ ਸੀ ਮੈਂ ਕਦੇ ਸਿਮਰਨ ਕਰਦੀ ਤੇ ਕਦੇ ਸੌਣ ਦਾ ਯਤਨ ਕਰਦੀ ਐਨੇ ਵਿੱਚ ਮੈਂ ਦੇਖਿਆ ਕਿ ਸਤਿਗੁਰੂ ਦੀਆਂ ਦੋਵੇਂ ਪਵਿੱਤਰ ਬਾਡੀਆਂ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੇ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸਾਡੇ ਵੱਡੇ ਗੇਟ ਰਾਹੀਂ ਵਿਹੜੇ ਵਿੱਚ ਦਾਖਲ ਹੋ ਕੇ ਸਾਡੇ ਵਿਹੜੇ ਵਿੱਚ ਖੜ੍ਹ ਗਏ ਪੂਜਨੀਕ ਪਰਮ ਪਿਤਾ ਜੀ, ਪੂਜਨੀਕ ਹਜ਼ੂਰ ਪਿਤਾ ਜੀ ਦੇ ਮੋਢੇ ’ਤੇ ਹੱਥ ਰੱਖ ਕੇ ਦੂਜੇ ਹੱਥ ਵਿੱਚ ਡਾਂਗ ਫੜੀ ਅੰਦਰ ਵੱਲ ਆ ਰਹੇ ਹਨ
ਦੋਵੇਂ ਪਵਿੱਤਰ ਬਾਡੀਆਂ ਦੇ ਨੂਰੀ ਪ੍ਰਕਾਸ਼ ਨਾਲ ਵਿਹੜਾ ਜਗਮਗਾ ਉੱਠਿਆ ਪੂਜਨੀਕ ਪਰਮ ਪਿਤਾ ਜੀ ਨੇ ਮੈਨੂੰ ਬਚਨ ਫਰਮਾਇਆ, ‘‘ਬੇਟਾ! ਬੇਫਿਕਰ ਹੋ ਕੇ ਸੌਂ ਜਾਓ, ਹੁਣ ਅਸੀਂ ਆ ਗਏ ਹਾਂ ਤੁਸੀਂ ਫਿਕਰ ਨਹੀਂ ਕਰਨਾ ਕਿਸੇ ਗੱਲ ਦਾ’’ ਐਨੇ ਬਚਨ ਸੁਣ ਕੇ ਮੇਰੇ ਮਨ ਦਾ ਡਰ ਦੂਰ ਹੋ ਗਿਆ ਤੇ ਮੈਂ ਬੇਫਿਕਰ ਹੋ ਕੇ ਸੌਂ ਗਈ ਉਸ ਦਿਨ ਤੋਂ ਮੈਨੂੰ ਗੂੜ੍ਹੀ ਨੀਂਦ ਆਉਣ ਲੱਗੀ
ਜਦ ਮੈਂ ਆਪਣੇ ਪਤੀ ਨੂੰ ਇਹ ਸਾਰੀ ਕਹਾਣੀ ਦੱਸੀ ਤਾਂ ਉਹ ਵੈਰਾਗ ਵਿੱਚ ਆ ਗਿਆ ਕਿ ਸਤਿਗੁਰੂ ਆਪਣੇ ਬੱਚਿਆਂ ਦੀ ਕਿਵੇਂ ਰਾਖੀ ਕਰਦਾ ਹੈ ਪ੍ਰੇਮੀਆਂ ਦੇ ਘਰਾਂ ਵਿੱਚ ਪਹੁੰਚ ਕੇ ਪਲ-ਪਲ ਸੰਭਾਲ ਕਰਦਾ ਹੈ ਉਸ ਤੋਂ ਬਾਅਦ ਮੇਰੇ ਪਤੀ ਨੇ ਕਦੇ ਵੀ ਸੇਵਾ ਵਿੱਚ ਨਾਗਾ ਨਹੀਂ ਪਾਇਆ