Experiences of Satsangis -sachi shiksha punjabi

ਉਹ ਸਿੱਧੀ ਸੱਚਖੰਡ ਗਈ! -ਸਤਿਸੰਗੀਆਂ ਦੇ ਅਨੁਭਵ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਅਪਾਰ ਰਹਿਮਤ

ਸ੍ਰੀ ਹਰਨਾਮ ਦਾਸ ਪੁੱਤਰ ਸ੍ਰੀ ਦੌਲਤ ਰਾਮ ਪਿੰਡ ਕਰੀਵਾਲਾ ਜ਼ਿਲ੍ਹਾ ਸਰਸਾ ਤੋਂ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੀ ਆਪਣੀ ਸੱਚਖੰਡਵਾਸੀ ਚਾਚੀ ਪ੍ਰਕਾਸ਼ ਦੇਵੀ ਪਤਨੀ ਸੱਚਖੰਡਵਾਸੀ ਸੂਬਾ ਰਾਮ ’ਤੇ ਹੋਈ ਰਹਿਮਤ ਦਾ ਵਰਣਨ ਇਸ ਤਰ੍ਹਾਂ ਕਰਦੀ ਹੈ:-

ਮੇਰੀ ਚਾਚੀ ਪ੍ਰਕਾਸ਼ ਦੇਵੀ ਅਤੇ ਚਾਚਾ ਸੂਬਾ ਰਾਮ ਦੋਵਾਂ ਦਾ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ’ਤੇ ਦ੍ਰਿੜ੍ਹ ਵਿਸ਼ਵਾਸ ਸੀ ਦੋਵੇਂ ਡੇਰਾ ਸੱਚਾ ਸੌਦਾ ’ਚ ਸੇਵਾ ਕਰਦੇ ਸਨ ਜਦੋਂ ਪ੍ਰਕਾਸ਼ ਦੇਵੀ ਦਰਬਾਰ ’ਚ ਸੇਵਾ ਲਈ ਜਾਇਆ ਕਰਦੀ ਸੀ ਤਾਂ ਉਹ ਅਕਸਰ ਆਪਣੀ ਚੁੰਨੀ ਦੇ ਲੜ ’ਚ ਕਾਗਜ਼ ’ਚ ਲਪੇਟ ਕੇ ਪੀਸਿਆ ਹੋਇਆ ਕਾਲਾ ਲੂਣ ਅਤੇ ਕਾਲੀ ਮਿਰਚ ਬੰਨ੍ਹ ਕੇ ਆਪਣੇ ਨਾਲ ਰੱਖਿਆ ਕਰਦੀ ਸੀ ਜਦੋਂ ਸ਼ਹਿਨਸ਼ਾਹ ਜੀ ਮੂਲੀ ਵਗੈਰਾ ਖਾਂਦੇ ਤਾਂ ਉਹ ਆਪਣੇ ਲੜ ’ਚ ਬੰਨਿ੍ਹਆ ਲੂਣ-ਮਿਰਚ ਸ਼ਹਿਨਸ਼ਾਹ ਜੀ ਦੇ ਅੱਗੇ ਕਰ ਦਿੰਦੀ ਅਤੇ ਅਰਜ਼ ਕਰਦੀ-ਸਾਈਂ ਜੀ, ਇਹ ਲੂਣ-ਮਿਰਚ ਲੈ ਲਓ ਇਸ ਤਰ੍ਹਾਂ ਦੀ ਸੇਵਾ ਨਾਲ ਵੀ ਉਹ ਖੁਸ਼ੀਆਂ ਪ੍ਰਾਪਤ ਕਰਦੀ

ਕਰੀਬ 1956 ’ਚ ਕੁੱਲ ਮਾਲਕ ਦੇ ਵਿਧਾਨ ਅਨੁਸਾਰ ਉਸ ਦਾ ਅੰਤਿਮ ਸਮਾਂ ਨਜ਼ਦੀਕ ਆ ਗਿਆ ਉਸ ਦੇ ਕੋਈ ਸੰਤਾਨ ਨਹੀਂ ਸੀ ਕੁਝ ਦਿਨ ਉਸ ਨੂੰ ਥੋੜ੍ਹਾ-ਥੋੜ੍ਹਾ ਬੁਖਾਰ ਰਿਹਾ ਉਹ ਹਰ ਸਮੇਂ ਮਾਲਕ ਸਤਿਗੁਰੂ ਦੀਆਂ ਹੀ ਗੱਲਾਂ ਕਰਿਆ ਕਰਦੀ ਸੀ ਕਿਸੇ ਗੈਰ-ਸਤਿਸੰਗੀ ਨਾਲ ਉਸ ਦਾ ਮਨ ਨਹੀਂ ਮਿਲਦਾ ਸੀ ਕੋਈ ਵੀ ਸਤਿਸੰਗ ਜਾਂ ਦਰਬਾਰ ਦਾ ਸੇਵਾਦਾਰ ਉਨ੍ਹਾਂ ਦੇ ਘਰ ਜਾਂਦਾ ਤਾਂ ਉਹ ਉਸ ਨੂੰ ਮਾਲਕ ਦੀ ਗੱਲ ਸੁਣਾਏ ਬਿਨਾਂ ਜਾਣ ਨਾ ਦਿੰਦੀ ਚਾਹ, ਰੋਟੀ, ਪਾਣੀ ਦੀ ਵੀ ਖੂਬ ਸੇਵਾ ਕਰਦੀ ਇੱਕ ਦਿਨ ਰਾਤ ਦੇ ਸਮੇਂ ਉਸ ਨੇ ਆਪਣੇ ਪਤੀ ਸੂਬਾ ਰਾਮ ਨੂੰ ਕਿਹਾ ਕਿ ਮੈਨੂੰ ਬੁਖਾਰ ਹੈ,

ਮੈਨੂੰ ਦਰਬਾਰ ਤੋਂ ਪਾਣੀ ਲਿਆ ਕੇ ਦਿਓ ਸੂਬਾ ਰਾਮ ਨੇ ਕਿਹਾ ਕਿ ਰਾਤ ਦਾ ਸਮਾਂ ਹੈ, ਦਰਬਾਰ ’ਚ ਦਰਵਾਜੇ ਬੰਦ ਹਨ ਮੈਂ ਕਿੱਥੋਂ ਪਾਣੀ ਲਿਆ ਕੇ ਦੇਵਾਂ ਉਹ ਜਿਦ ਕਰਨ ਲੱਗੀ ਕਿ ਮੈਨੂੰ ਹੁਣੇ ਦਰਬਾਰ ’ਚੋਂ ਪਾਣੀ ਲਿਆ ਕੇ ਦਿਓ ਸੂਬਾ ਰਾਮ ਨੇ ਆਪਣੇ ਗੁਆਂਢ ’ਚ ਰਹਿਣ ਵਾਲੇ ਪ੍ਰੇਮੀ ਸ਼ੰਭੂਰਾਮ ਨੂੰ ਆਪਣੇ ਨਾਲ ਲਿਆ ਅਤੇ ਉਸ ਨੂੰ ਪ੍ਰਕਾਸ਼ ਦੇਵੀ ਦੀ ਇੱਛਾ ਦੱਸੀ ਦੋਵਾਂ ਨੇ ਆਪਸ ’ਚ ਵਿਚਾਰ ਕੀਤਾ ਕਿ ਆਪਣੇ ਨਜ਼ਦੀਕ ਬਣੇ ਮੰਦਰ ਤੋਂ ਪਾਣੀ ਲੈ ਆਉਂਦੇ ਹਾਂ ਅਤੇ ਉਸ ਨੂੰ ਕਹਿ ਦੇਵਾਂਗੇ ਕਿ ਇਹ ਦਰਬਾਰ ਦਾ ਪਾਣੀ ਹੈ ਉਹ ਮੰਦਰ ਤੋਂ ਪਾਣੀ ਲੈ ਕੇ ਘਰ ਪਹੁੰਚੇ ਤਾਂ ਪ੍ਰਕਾਸ਼ ਦੇਵੀ ਬੋਲੀ ਕਿ ਇਹ ਦਰਬਾਰ ਦਾ ਪਾਣੀ ਨਹੀਂ ਹੈ

ਮੈਂ ਨਹੀਂ ਪੀਂਦੀ ਤੁਸੀਂ ਮੇਰੇ ਨਾਲ ਠੱਗੀ ਮਾਰਦੇ ਹੋ ਤੁਸੀਂ ਤਾਂ ਦਰਬਾਰ ਗਏ ਹੀ ਨਹੀਂ ਦਰਬਾਰ ਜਾਓ, ਉੱਥੋਂ ਪਾਣੀ ਲੈ ਕੇ ਆਓ ਉਨ੍ਹਾਂ ਨੇ ਪ੍ਰਕਾਸ਼ ਦੇਵੀ ਨੂੰ ਕਿਹਾ ਕਿ ਦਰਬਾਰ ਦੇ ਗੇਟ ਬੰਦ ਹਨ, ਅਸੀਂ ਕੀ ਕਰ ਸਕਦੇ ਹਾਂ ਉਹ ਬੋਲੀ, ਸਾਈਂ ਜੀ (ਪੂਜਨੀਕ ਮਸਤਾਨਾ ਜੀ) ਨਿੰਮ੍ਹਾਂ ਕੋਲ ਖੜ੍ਹੇ ਹਨ, ਜਾਓ ਤੁਹਾਨੂੰ ਪਾਣੀ ਮਿਲ ਜਾਵੇਗਾ ਫਿਰ ਉਹ ਦੋਵੇਂ ਸ਼ਾਹ ਮਸਤਾਨਾ ਜੀ ਧਾਮ ’ਚ ਚਲੇ ਗਏ ਉਸ ਸਮੇਂ ਸ਼ਹਿਨਸ਼ਾਹ ਜੀ ਨਿੰਮ੍ਹਾਂ ਕੋਲ ਖੜ੍ਹੇ ਸਨ ਸੂਬਾ ਰਾਮ ਨੇ ਸ਼ਹਿਨਸ਼ਾਹ ਜੀ ਨੂੰ ਨਮਨ ਕਰਦੇ ਹੋਏ ਨਾਅਰਾ ਲਗਾਇਆ ਅਤੇ ਕਿਹਾ, ਸਾਈਂ ਜੀ! ਇੱਕ ਅਰਜ਼ ਹੈ ਤਾਂ ਘਟ-ਘਟ ਦੀ ਜਾਣਨ ਵਾਲੇ ਅੰਤਰਯਾਮੀ ਸਰਵ ਸਮਰੱਥ ਦਾਤਾਰ ਜੀ ਬੋਲੇ-ਤੇਰੀ ਅਰਜ਼-ਵਰਜ਼ ਕਬੂਲ ਨਹੀਂ ਹੁੰਦੀ ਸੂਬਾ ਰਾਮ ਨੇ ਬਾਹਰ ਟੈਂਕੀ ਤੋਂ ਪਾਣੀ ਭਰ ਲਿਆ ਅਤੇ ਘਰ ਲੈ ਆਇਆ ਪ੍ਰਕਾਸ਼ ਦੇਵੀ ਨੇ ਉਹ ਪਾਣੀ ਪੀਤਾ ਉਸ ਸਵੇਰ ਦੇ ਤਿੰਨ ਵਜੇ ਉਸ ਨੇ ਸੂਬਾ ਰਾਮ ਨੂੰ ਕਿਹਾ, ਦਰਵਾਜ਼ਾ ਖੋਲ੍ਹੋ, ਸਾਈਂ ਜੀ ਆਏ ਹਨ ਸੂਬਾ ਰਾਮ ਨੇ ਕ੍ਰੋਧ ’ਚ ਕਿਹਾ

ਕਿ ਸਾਈਂ ਜੀ ਉੱਥੇ ਸੱਚਾ ਸੌਦਾ ’ਚ ਤਾਂ ਦਰਸ਼ਨ ਨਹੀਂ ਦਿੰਦੇ ਇੱਥੇ ਟਿੱਬੇ ’ਤੇ ਤੇਰੇ ਘਰ ਕਿੱਥੋਂ ਆ ਗਏ ਐਨੇ ’ਚ ਦਰਵਾਜ਼ੇ ਵੱਲੋਂ ਅਚਾਨਕ ਆਵਾਜ਼ ਆਈ ਅਤੇ ਦਰਵਾਜ਼ਾ ਆਪਣੇ ਆਪ ਖੁੱਲ੍ਹ ਗਿਆ ਦਰਵਾਜ਼ਾ ਖੁੱਲ੍ਹਿਆ ਤਾਂ ਸੂਬਾ ਰਾਮ ਨੇ ਵੀ ਦੇਖਿਆ, ਪਰ ਉਸ ਨੂੰ ਸ਼ਹਿਨਸ਼ਾਹ ਜੀ ਦੇ ਦਰਸ਼ਨ ਨਹੀਂ ਹੋਏ ਜਦਕਿ ਪ੍ਰਕਾਸ਼ ਦੇਵੀ ਨੂੰ ਸ਼ਹਿਨਸ਼ਾਹ ਜੀ ਦੇ ਦਰਸ਼ਨ ਹੋਏ ਸ਼ਹਿਨਸ਼ਾਹ ਜੀ ਨੇ ਉਸ ਨੂੰ ਬਚਨ ਕੀਤੇ, ਪੁੱਤਰ! ਤੁਝੇ ਆਠ ਬਜੇ ਲੇ ਜਾਏਂਗੇ ਉਸ ਨੇ ਉਸੇ ਸਮੇਂ ਸੂਬਾ ਰਾਮ ਨੂੰ ਦੱਸ ਦਿੱਤਾ ਪਰ ਸੂਬਾ ਰਾਮ ਨੇ ਇਹ ਸੱਚ ਨਹੀਂ ਮੰਨਿਆ, ਕਿਉਂਕਿ ਉਸ ਨੂੰ ਨਾ ਤਾਂ ਕੋਈ ਬਿਮਾਰੀ ਸੀ ਅਤੇ ਨਾ ਹੀ ਕੋਈ ਤਕਲੀਫ ਸੀ

ਉਸ ਦਿਨ ਸਵੇਰੇ ਸੂਬਾ ਰਾਮ ਨੇ ਦਰਬਾਰ ਦੀ ਸੇਵਾਦਾਰ ਮਾਤਾ ਰਕਖੀ ਨੂੰ ਪ੍ਰਕਾਸ਼ ਦੇਵੀ ਕੋਲ ਬਿਠਾ ਦਿੱਤਾ, ਕਿਉਂਕਿ ਉਹ ਕਿਸੇ ਗੈਰ-ਸਤਿਸੰਗੀ ਨਾਲ, ਇੱਥੋਂ ਤੱਕ ਕਿ ਆਪਣੇ ਪਰਿਵਾਰਕ ਗੈਰ-ਸਤਿਸੰਗੀਆਂ ਨਾਲ ਵੀ ਗੱਲ ਨਹੀਂ ਕਰਦੀ ਸੀ ਉਸ ਨੇ ਮਾਤਾ ਰਕਖੀ ਨੂੰ ਦੱਸਿਆ ਕਿ ਮੇਰਾ ਹਿਸਾਬ-ਕਿਤਾਬ ਹੋ ਰਿਹਾ ਹੈ ਮੈਂ ਤੁਲਦੀ ਪਈ ਆਂ ਮੈਂ ਅੱਠ ਵਜੇ ਚਲੇ ਜਾਣਾ ਹੈ ਉਸ ਨੇ ਗੱਲਾਂ ਕਰਦੇ-ਕਰਦੇ ਠੀਕ ਅੱਠ ਵਜੇ ਨਾਅਰਾ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਬੋਲ ਕੇ ਚੋਲ਼ਾ ਛੱਡ ਦਿੱਤਾ

ਉਸ ਦਿਨ ਜਦੋਂ ਮਾਤਾ ਪ੍ਰਕਾਸ਼ ਦੇਵੀ ਦਾ ਮ੍ਰਿਤਕ ਸਰੀਰ ਸ਼ਮਸ਼ਾਨ ਘਾਟ ’ਚ ਲੈ ਜਾਇਆ ਗਿਆ ਤਾਂ ਸਰਸਾ ਸ਼ਹਿਰ ਦੀ ਸੰਗਤ ਅਤੇ ਰਿਸ਼ਤੇਦਾਰ, ਸਬੰਧੀ ਸਾਰੇ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਨਾਅਰੇ ਲਗਾਉਂਦੇ ਹੋਏ ਸ਼ਮਸ਼ਾਨ ਘਾਟ ਤੱਕ ਗਏ ਫਿਰ ਪੰਜਵੇਂ ਦਿਨ ਉਸ ਪ੍ਰਥਾਏ ਧੂਮਧਾਮ ਨਾਲ ਨਾਮ-ਚਰਚਾ ਹੋਈ ਸ਼ਹਿਨਸ਼ਾਹ ਜੀ ਤੋਂ ਆਗਿਆ ਲੈ ਕੇ ਪ੍ਰੇਮੀ ਸੂਬਾ ਰਾਮ ਨੇ ਉਸ ਦੇ ਫੁੱਲ (ਅਸਥੀਆਂ) ਬਿਆਸ ਦਰਿਆ ’ਚ ਪਾ ਦਿੱਤੇ

ਸੂਬਾ ਰਾਮ ਆਪਣੀ ਪਤਨੀ ਦੇ ਫੁੱਲ ਦਰਿਆ ’ਚ ਪਾਉਣ ਤੋਂ ਬਾਅਦ ਜਦੋਂ ਸਰਸਾ ਦਰਬਾਰ ਆਇਆ ਤਾਂ ਉਸ ਸਮੇਂ ਸ਼ਹਿਨਸ਼ਾਹ ਜੀ ਸੇਵਾਦਾਰਾਂ ਤੋਂ ਸੱਚਖੰਡ ਨਾਲ ਬਿਲਡਿੰਗ ਦੇ ਪਿੱਛੇ ਮਿੱਟੀ ਕੁਟਵਾ ਰਹੇ ਸਨ ਤਾਂ ਸੂਬਾ ਰਾਮ ਨੇ ਸ਼ਹਿਨਸ਼ਾਹ ਜੀ ਨੂੰ ਨਮਨ ਕਰਦੇ ਹੋਏ ਨਾਅਰਾ ਬੋਲਿਆ ਸ਼ਹਿਨਸ਼ਾਹ ਜੀ ਨੇ ਫਰਮਾਇਆ, ਸੂਬਾ! ਤੇਰੀ ਔਰਤ ਕਾ ਇਤਨਾ ਪ੍ਰੇਮ ਥਾ, ਵੋ ਸੀਧੀ ਸੱਚਖੰਡ ਗਈ ਫਿਰ ਸ਼ਹਿਨਸ਼ਾਹ ਜੀ ਨੇ ਪ੍ਰੇਮੀਆਂ ਨੂੰ ਫਰਮਾਇਆ, ਜਦੋਂ ਵੀ ਕੋਈ ਸਤਿਸੰਗੀ ਚੋਲ਼ਾ ਛੱਡੇ ਤਾਂ ਉਸ ਦੇ ਰਿਸ਼ਤੇਦਾਰਾਂ ਦਾ ਰੋਣਾ-ਧੋਣਾ ਨਹੀਂ ਚਾਹੀਦਾ ਸਤਿਗੁਰੂ ਦੇ ਨਾਅਰੇ ਲਗਾਉਣੇ ਚਾਹੀਦੇ ਹਨ ਕਿਉਂਕਿ ਉਹ ਜੀਵ ਸਰੀਰ ਦੇ ਬੰਧਨਾਂ ਤੋਂ ਮੁਕਤ ਹੋ ਕੇ ਆਪਣੇ ਨਿੱਜਘਰ ਗਿਆ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!