‘ਯਾਦ-ਏ-ਮੁਰਸ਼ਿਦ’ਪਾਵਨ ਸਮ੍ਰਿਤੀ ਦਿਵਸ (18 ਅਪਰੈਲ) ਵਿਸ਼ੇਸ਼
ਖੁਦ ਭੇਦ ਬਤਾਕੇ ਟੁਰ ਚੱਲਿਆ
ਜੀਵਨ ਸ੍ਰਿਸ਼ਟੀ ਦੀ ਖੁਸ਼ਕਿਸਮਤੀ ਹੈ ਕਿ ਹਰ ਯੁੱਗ ’ਚ ਸੰਤ-ਮਹਾਂਪੁਰਸ਼ ਸ੍ਰਿਸ਼ਟੀ-ਜੀਵਾਂ ’ਚ ਬਿਰਾਜਮਾਨ ਰਹਿੰਦੇ ਹਨ ਸ੍ਰਿਸ਼ਟੀ ਕਦੇ ਵੀ ਸੰਤਾਂ ਤੋਂ ਖਾਲੀ ਨਹੀਂ ਹੁੰਦੀ ‘ਸੰਤ ਨ ਆਤੇ ਜਗਤ ਮੇਂ ਜਲ ਮਰਤਾ ਸੰਸਾਰ’ ਸੰਤ ਸ੍ਰਿਸ਼ਟੀ-ਜੀਵਾਂ ਦਾ ਸਹਾਰਾ ਹਨ ਸ੍ਰਿਸ਼ਟੀ ਸੰਤਾਂ ਦੇ ਆਸਰੇ ਕਾਇਮ ਹੈ ਸੰਤ ਪਰਉਪਕਾਰੀ ਹੁੰਦੇ ਹਨ ਸੰਸਾਰ ’ਚ ਆਉਣ ਦਾ ਉਨ੍ਹਾਂ ਦਾ ਮਕਸਦ ਜੀਵਾਂ ਨੂੰ ਜੀਆਦਾਨ, ਨਾਮ, ਗੁਰੂਮੰਤਰ ਦੇ ਕੇ ਕੁੱਲ ਮਾਲਕ ਪਰਮ ਪਿਤਾ ਪਰਮਾਤਮਾ ਨਾਲ ਮਿਲਾਉਣ ਦਾ ਹੁੰਦਾ ਹੈ
ਉਹ ਪਰਮ ਪਿਤਾ ਪਰਮਾਤਮਾ ਦੀ ਦਰਗਾਹ ਤੋਂ ਜੀਵਾਂ ਲਈ ਜੀਆ-ਦਾਨ ਲੈ ਕੇ ਸ੍ਰਿਸ਼ਟੀ-ਜਗਤ ’ਚ ਆਉਂਦੇ ਹਨ ਮਹਾਨ ਪਰਉਪਕਾਰੀ ਸੰਤ-ਮਹਾਂਪੁਰਸ਼ਾਂ ਦਾ ਸ੍ਰਿਸ਼ਟੀ ਨਮਿੱਤ ਪਰਉਪਕਾਰ ਸਿਰਫ ਇਸ ਜਗਤ ਤੱਕ ਹੀ ਸੀਮਤ ਨਹੀਂ ਹੁੰਦਾ, ਸਗੋਂ ਲੋਕ, ਪਰਲੋਕ ਅਤੇ ਉਸ ਤੋਂ ਵੀ ਉੱਪਰ ਦੋਨਾਂ ਜਹਾਨਾਂ ਤੱਕ ਉਨ੍ਹਾਂ ਦਾ ਨਾਤਾ ਜੀਵਾਂ ਨਾਲ ਹੁੰਦਾ ਹੈ ਸੱਚੇ ਸੰਤ-ਮਹਾਂਪੁਰਸ਼ ਖੁਦ ਸੱਚਾਈ ਨਾਲ ਜੁੜੇ ਹੁੰਦੇ ਹਨ ਅਤੇ ਉਹ ਲੋਕਾਂ ਨੂੰ ਵੀ ਹਮੇਸ਼ਾ ਸਦਮਾਰਗ, ਅੱਛਾਈ, ਭਲਾਈ ਨਾਲ ਜੁੜੇ ਰਹਿਣ ਦਾ ਉਪਦੇਸ਼ ਦਿੰਦੇ ਹਨ ਉਹ ਪਰਉਪਕਾਰੀ ਸੱਚ ਦੇ ਮੈਸੰਜਰ ਹੁੰਦੇ ਹਨ ਉਹ ਸਾਰੇ ਸਮਾਜ ਦਾ ਹਮੇਸ਼ਾ ਭਲਾ ਚਾਹੁੰਦੇ ਹਨ, ਭਲਾ ਕਰਦੇ ਹਨ ਉਹ ਸਮਾਜ ’ਚ ਫੈਲੇ ਝੂਠ, ਕਪਟ, ਕੁਰੀਤੀਆਂ, ਪਾਖੰਡਾਂ ਦਾ ਡਟ ਕੇ ਵਿਰੋਧ ਕਰਦੇ ਹਨ ਉਨ੍ਹਾਂ ਦਾ ਪਵਿੱਤਰ ਜੀਵਨ ਪੂਰੀ ਦੁਨੀਆਂ ਲਈ ਮਿਸਾਲ ਸਾਬਤ ਹੁੰਦਾ ਹੈ
ਅਜਿਹੇ ਹੀ ਮਹਾਨ ਪਰਉਪਕਾਰੀ ਪਰਮ ਸੰਤ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸੰਸਾਰ ’ਤੇ ਅਵਤਾਰ ਧਾਰਨ ਕਰਕੇ ਸਮੁੱਚੀ ਜੀਵ-ਸ੍ਰਿਸ਼ਟੀ ਦੇ ਉੱਧਾਰ ਦਾ ਮਹਾਨ ਕਰਮ ਫਰਮਾਇਆ ਹੈ ਅਜਿਹੇ ਮਹਾਨ ਪਰਉਪਕਾਰੀ ਰੂਹਾਨੀਅਤ ਦੇ ਸੱਚੇ ਰਹਿਬਰ, ਪੂਰਨ ਰੱਬੀ ਫਕੀਰ ਪਰਮ ਸੰਤ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੂੰ ਕੋਟਿਨ-ਕੋਟਿ ਨਮਨ, ਲੱਖ-ਲੱਖ ਸੱਜਦਾ ਕਰਦੇ ਹਾਂ
ਜੀਵਨ ਝਾਤ:-
ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸੰਨ 1891 (ਸੰਵਤ 1948) ਦੀ ਕੱਤਕ ਦੀ ਪੂਰਨਮਾਸੀ ਨੂੰ ਪੂਜਨੀਕ ਪਿਤਾ ਸ੍ਰੀ ਪਿੱਲਾਮੱਲ ਜੀ ਦੇ ਘਰ ਪੂਜਨੀਕ ਮਾਤਾ ਤੁਲਸਾਂ ਬਾਈ ਜੀ ਦੀ ਪਵਿੱਤਰ ਕੁੱਖ ਤੋਂ ਅਵਤਾਰ ਧਾਰਨ ਕੀਤਾ ਸੀ ਆਪ ਜੀ ਮੌਜ਼ੂਦਾ ਪਾਕਿਸਤਾਨ ਦੇ ਪਿੰਡ ਕੋਟੜਾ ਤਹਿਸੀਲ ਗੰਧੇਅ ਰਿਆਸਤ ਕਲਾਇਤ-ਬਿਲੋਚਿਸਤਾਨ ਦੇ ਰਹਿਣ ਵਾਲੇ ਸਨ ਪੂਜਨੀਕ ਮਾਤਾ-ਪਿਤਾ ਦੇ ਚਾਰ ਬੇਟੀਆਂ ਹੀ ਸਨ ਬੇਟੇ ਦੀ ਖੁਵਾਇਸ਼ ਉਨ੍ਹਾਂ ਨੂੰ ਹਰ ਸਮੇਂ ਬੇਚੈਨ ਰੱਖਦੀ ਸੀ ਇੱਕ ਵਾਰ ਪੂਜਨੀਕ ਮਾਤਾ-ਪਿਤਾ ਜੀ ਦਾ ਮਿਲਾਪ ਇੱਕ ਸੱਚੇ ਫਕੀਰ ਨਾਲ ਹੋਇਆ ਉਹ ਫਕੀਰ ਕੋਈ ਕਰਨੀ ਵਾਲਾ (ਪਰਮ ਪਿਤਾ ਪਰਮਾਤਮਾ ਦਾ ਫਰਿਸ਼ਤਾ) ਸੀ
ਉਸ ਫਕੀਰ ਨੇ ਪੂਜਨੀਕ ਮਾਤਾ-ਪਿਤਾ ਜੀ ਦੀ ਸੱਚੀ ਤੜਫ ਨੂੰ ਦੇਖਦੇ ਹੋਏ ਕਿਹਾ ਕਿ ਬੇਟਾ ਤਾਂ ਤੁਹਾਡੇ ਘਰ ਜਨਮ ਲੈ ਲਵੇਗਾ, ਪਰ ਉਹ ਤੁਹਾਡੇ ਕੰਮ ਨਹੀਂ ਆਵੇਗਾ ਜੇਕਰ ਅਜਿਹਾ ਮਨਜ਼ੂਰ ਹੈ ਤਾਂ ਬੋਲੋ? ਪੂਜਨੀਕ ਮਾਤਾ-ਪਿਤਾ ਜੀ ਨੇ ਤੁਰੰਤ ਆਪਣੀ ਸਹਿਮਤੀ ਦਿੱਤੀ ਕਿ ਸਾਨੂੰ ਅਜਿਹਾ ਹੀ ਮਨਜ਼ੂਰ ਹੈ ਪਰਮ ਪਿਤਾ ਪਰਮੇਸ਼ਵਰ ਦੀ ਦਇਆ ਅਤੇ ਉਸ ਫਕੀਰ ਦੀ ਦੁਆ ਨਾਲ ਪੂਜਨੀਕ ਮਾਤਾ-ਪਿਤਾ ਜੀ ਨੂੰ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਰੂਪ ’ਚ ਪੁੱਤਰ ਪ੍ਰਾਪਤ ਹੋਇਆ ਆਪ ਜੀ ਖੱਤਰੀ ਵੰਸ਼ ਨਾਲ ਸਬੰਧ ਰੱਖਦੇ ਸਨ ਪੂਜਨੀਕ ਮਾਤਾ-ਪਿਤਾ ਜੀ ਨੇ ਆਪ ਜੀ ਦਾ ਨਾਮਕਰਨ ਸ੍ਰੀ ਖੇਮਾਮੱਲ ਜੀ ਦੇ ਨਾਂਅ ਨਾਲ ਕੀਤਾ ਪਰ ਜਦੋਂ ਆਪ ਜੀ ਆਪਣੇ ਸਤਿਗੁਰੂ ਮੁਰਸ਼ਿਦ ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਪਵਿੱਤਰ ਚਰਨਾਂ ਨਾਲ ਜੁੜੇ ਤਾਂ ਪੂਜਨੀਕ ਬਾਬਾ ਜੀ ਆਪ ਜੀ ਦੀ ਸਤਿਗੁਰੂ ਪ੍ਰੇਮ ਦੀ ਸੱਚੀ ਮਸਤੀ, ਈਸ਼ਵਰ ਦੀ ਸੱਚੀ ਭਗਤੀ ’ਤੇ ਖੁਸ਼ ਹੋ ਕੇ ਆਪ ਜੀ ਨੂੰ ਮਸਤਾਨਾ ਜੀ ਬਿਲੋਚਿਸਤਾਨੀ ਹੀ ਕਿਹਾ ਕਰਦੇ ਸਨ
ਇਸ ਤਰ੍ਹਾਂ ਆਪ ਜੀ ਮਸਤਾਨਾ ਸ਼ਾਹ ਬਿਲੋਚਿਸਤਾਨੀ ਦੇ ਨਾਂਅ ਨਾਲ ਹੀ ਜਾਣੇ ਜਾਂਦੇ ਸਨ ਆਪ ਜੀ ਨੇ ਆਪਣੇ ਸਤਿਗੁਰੂ ਮੁਰਸ਼ਿਦੇ-ਏ-ਕਾਮਿਲ ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਨੂੰ ਪਹਿਲੇ ਦਿਨ ਤੋਂ ਹੀ ਪਰਮ ਪਿਤਾ ਪਰਮਾਤਮਾ ਦੇ ਰੂਪ ’ਚ ਨਿਹਾਰਿਆ ਸੀ ਆਪ ਜੀ ਉਨ੍ਹਾਂ ਨੂੰ ਹਮੇਸ਼ਾ ਹੀ ਆਪਣਾ ਖੁਦਾ ਅਤੇ ਸਭ ਕੁਝ ਮੰਨਦੇ ਸਨ ਆਪਣੇ ਸਤਿਗੁਰੂ ਪਿਆਰੇ ਪ੍ਰਤੀ ਆਪ ਜੀ ਦੀ ਅਥਾਹ ਸ਼ਰਧਾ, ਦ੍ਰਿੜ੍ਹ-ਵਿਸ਼ਵਾਸ, ਸੱਚੀ ਭਗਤੀ, ਸੱਚੇ ਪ੍ਰੇਮ ਨੂੰ ਦੇਖ ਕੇ ਪੂਜਨੀਕ ਹਜ਼ੂਰ ਬਾਬਾ ਜੀ ਆਪ ਜੀ ’ਤੇ ਬਹੁਤ ਖੁਸ਼ ਅਤੇ ਮਿਹਰਬਾਨ ਸਨ ਪੂਜਨੀਕ ਬਾਬਾ ਜੀ ਨੇ ਪਹਿਲੇ ਹੀ ਦਿਨ ਨਾਮ-ਸ਼ਬਦ, ਗੁਰੂਮੰਤਰ ਦੇ ਰੂਪ ’ਚ ਆਪ ਜੀ ਨੂੰ ਆਪਣੀ ਅਪਾਰ ਦਇਆ-ਮਿਹਰ ਬਖ਼ਸ਼ੀ ਪੂਜਨੀਕ ਬਾਬਾ ਜੀ ਨੇ ਬਚਨ ਫਰਮਾਇਆ ਕਿ ਅਸੀਂ ਤੁਹਾਨੂੰ ਆਪਣੀ ਦਇਆ-ਮਿਹਰ ਦਿੰਦੇ ਹਾਂ, ਜੋ ਤੁਹਾਡੇ ਸਾਰੇ ਕੰਮ ਕਰੇਗੀ ਡਟ ਕੇ ਭਜਨ-ਸਿਮਰਨ ਅਤੇ ਗੁਰੂ ਦਾ ਯਸ਼ ਕਰੋ
ਆਪ ਜੀ ਨੇ ਆਪਣੇ ਸਤਿਗੁਰੂ-ਮੁਰਸ਼ਿਦ ਦੇ ਹੁਕਮ ਅਨੁਸਾਰ ਸਿੰਧ, ਬਿਲੋਚਿਸਤਾਨ, ਪੱਛਮੀ ਪੰਜਾਬ ਆਦਿ ਇਲਾਕਿਆਂ ’ਚ ਜਗ੍ਹਾ-ਜਗ੍ਹਾ ਸਤਿਸੰਗ ਕਰਕੇ ਗੁਰੂ ਦੇ ਗੁਣਗਾਇਨ ਰਾਹੀਂ ਕਈ ਨਵੇਂ ਜੀਵਾਂ ਨੂੰ ਬਿਆਸ ’ਚ ਆਪਣੇ ਨਾਲ ਲਿਆ ਕੇ ਆਪਣੇ ਸਤਿਗੁਰੂ ਬਾਬਾ ਸਾਵਣ ਸਿੰਘ ਜੀ ਮਹਾਰਾਜ ਤੋਂ ਨਾਮ-ਸ਼ਬਦ, ਗੁਰੂਮੰਤਰ ਦਿਵਾ ਕੇ ਉਨ੍ਹਾਂ ਦੀ ਆਤਮਾ ਦਾ ਉੱਧਾਰ ਕਰਵਾਇਆ ਆਪ ਜਿਸ ਨੂੰ ਵੀ ਨਾਮ-ਸ਼ਬਦ ਲਈ ਲੈ ਕੇ ਆਉਂਦੇ ਪੂਜਨੀਕ ਬਾਬਾ ਜੀ ਉਸ ਨੂੰ ਬਿਨਾਂ ਛਾਂਟੀ ਕਰਨ ਦੇ ਜ਼ਰੂਰ ਨਾਮ-ਦਾਨ ਬਖਸ਼ ਦਿੰਦੇ ਉਪਰੰਤ ਪੂਜਨੀਕ ਬਾਬਾ ਜੀ ਨੇ ਆਪ ਜੀ ਨੂੰ ਆਪਣੀਆਂ ਅਪਾਰ ਰਹਿਮਤਾਂ, ਆਪਣੀਆਂ ਅਥਾਹ ਖੁਸ਼ੀਆਂ, ਆਪਣੀਆਂ ਅਪਾਰ ਬਖਸ਼ਿਸ਼ਾਂ ਕਰਕੇ ਅਤੇ ਆਪਣੀ ਭਰਪੂਰ ਰੂਹਾਨੀ ਤਾਕਤ ਦੇ ਕੇ ਸਰਸਾ ’ਚ ਭੇਜ ਦਿੱਤਾ ਕਿ ਜਾ ਮਸਤਾਨਾ ਸ਼ਾਹ, ਜਾ ਬਾਗੜ ਨੂੰ ਤਾਰ ਤੈਨੂੰ ਬਾਗੜ ਦਾ ਬਾਦਸ਼ਾਹ ਬਣਾਇਆ,
ਬਾਗੜ ਤੁਹਾਡੇ ਸੁਪੁਰਦ ਕੀਤਾ ਜਾ ਸਰਸਾ ’ਚ ਕੁਟੀਆ-ਆਸ਼ਰਮ ਬਣਾ ਅਤੇ ਸਤਿਸੰਗ ਲਗਾ, ਰੂਹਾਂ ਦਾ ਉੱਧਾਰ ਕਰ ਤੁਸੀਂ ਜਿਸ ਨੂੰ ਵੀ ਨਾਮ ਦੇਵੋਗੇ ਉਸ ਦੀ ਇੱਕ ਲੱਤ ਇੱਥੇ ਤੇ ਦੂਜੀ ਸੱਚਖੰਡ ਵਿੱਚ ਹੋਵੇਗੀ ਆਪ ਜੀ ਦੇ ਸਹਿਯੋਗ ਲਈ ਪੂਜਨੀਕ ਬਾਬਾ ਜੀ ਨੇ ਆਪਣੇ ਕੁਝ ਸਤਿਸੰਗੀ ਸੇਵਾਦਾਰਾਂ ਸਰਸਾ ਨਿਵਾਸੀਆਂ ਦੀ ਵੀ ਡਿਊਟੀ ਲਗਾਈ ਇਸ ਤਰ੍ਹਾਂ ਆਪ ਜੀ ਨੇ ਆਪਣੇ ਸਤਿਗੁਰੂ ਮੁਰਸ਼ਿਦੇ-ਏ-ਕਾਮਿਲ ਦੇ ਹੁਕਮ ਅਨੁਸਾਰ ਬੇਗੂ ਰੋਡ ਸ਼ਾਹ ਸਤਿਨਾਮ ਜੀ ਮਾਰਗ ’ਤੇ 29 ਅਪਰੈਲ 1948 ਨੂੰ ਡੇਰਾ ਸੱਚਾ ਸੌਦਾ ਸ਼ਾਹ ਮਸਤਾਨਾ ਜੀ ਧਾਮ ਦੀ ਸਥਾਪਨਾ ਕੀਤੀ ਆਪ ਜੀ ਨੇ ਦਿਨ-ਰਾਤ ਗੁਰੂਯਸ਼, ਰੂਹਾਨੀ ਸਤਿਸੰਗ ਲਗਾ ਕੇ ਨਾਮ ਸ਼ਬਦ-ਗੁਰੂਮੰਤਰ ਦੇ ਕੇ ਰੂਹਾਂ ਨੂੰ ਭਵਸਾਗਰ ਤੋਂ ਪਾਰ ਲਗਾਉਣ ਦਾ ਕਾਰਜ ਸ਼ੁਰੂ ਕੀਤਾ
ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਅੱਜ ਕੁਝ ਹੋਰ, ਕੱਲ੍ਹ ਕੁਝ ਹੋਰ ਅਤੇ ਅਗਲੇ ਦਿਨ ਉਸ ਤੋਂ ਵੀ ਵਧ ਕੇ ਲੋਕ ਸੱਚਾ ਸੌਦਾ ’ਚ ਆਪ ਜੀ ਦੀ ਪਵਿੱਤਰ ਸ਼ਰਨ ’ਚ ਆਉਣ ਲੱਗੇ ਅਤੇ ਇਸ ਤਰ੍ਹਾਂ ਆਪ ਜੀ ਦੀ ਦਇਆ-ਮਿਹਰ, ਰਹਿਮਤ ਦਾ ਪ੍ਰਚਾਰ ਤੇ ਪ੍ਰਸਾਰ ਦੂਰ-ਦੂਰ ਤੱਕ ਫੈਲਣ ਲੱਗਾ ਆਪ ਜੀ ਦੁਆਰਾ ਲਗਾਇਆ ਸੱਚਾ ਸੌਦਾ ਰੂਹਾਨੀ ਬਾਗ, ਰਾਮ-ਨਾਮ ਦਾ ਬੀਜ ਅੰਕੁਰਿਤ ਹੋ ਕੇ ਦਿਨ-ਰਾਤ ਫਲਣ-ਫੁੱਲਣ ਲੱਗਾ, ਇਹ ਰੂਹਾਨੀ ਬਾਗ ਆਪ ਜੀ ਦੇ ਪਿਆਰ-ਮੁਹੱਬਤ ਦੀ ਮਹਿਕ ਨਾਲ ਮਹਿਕਣ ਲੱਗਾ
ਆਪ ਜੀ ਨੇ ਸੰਨ 1948 ਤੋਂ 1960 ਤੱਕ ਸਿਰਫ 12 ਸਾਲਾਂ ’ਚ ਹਰਿਆਣਾ, ਰਾਜਸਥਾਨ ਤੋਂ ਇਲਾਵਾ ਪੰਜਾਬ, ਦਿੱਲੀ ਆਦਿ ਸੂਬਿਆਂ ਦੇ ਕਈ ਪਿੰਡਾਂ, ਸ਼ਹਿਰਾਂ-ਕਸਬਿਆਂ ’ਚ ਜਗ੍ਹਾ-ਜਗ੍ਹਾ ਆਪਣੇ ਰੂਹਾਨੀ ਸਤਿਸੰਗਾਂ ਰਾਹੀਂ ਹਜ਼ਾਰਾਂ ਲੋਕਾਂ ਨੂੰ ਨਾਮ-ਸ਼ਬਦ, ਗੁਰੂਮੰਤਰ ਦੇ ਕੇ ਉਨ੍ਹਾਂ ਨੂੰ ਨਸ਼ਿਆਂ ਆਦਿ ਬੁਰਾਈਆਂ ਅਤੇ ਹਰ ਤਰ੍ਹਾਂ ਦੇ ਜੰਜਾਲਾਂ, ਪਾਖੰਡਾਂ ਅਤੇ ਕੁਰੀਤੀਆਂ ਤੋਂ ਮੁਕਤ ਕੀਤਾ
‘ਹਿੰਦੂ, ਮੁਸਲਿਮ, ਸਿੱਖ, ਈਸਾਈ, ਸਭੀ ਹੈ ਭਾਈ-ਭਾਈ’ ਦਾ ਪ੍ਰੈਕਟੀਕਲੀ ਸਵਰੂਪ ਆਪ ਜੀ ਵੱਲੋਂ ਸਥਾਪਿਤ ਸਰਵ-ਧਰਮ-ਸੰਗਮ ਡੇਰਾ ਸੱਚਾ ਸੌਦਾ ’ਚ ਅੱਜ ਵੀ ਜਿਉਂ ਦਾ ਤਿਉਂ ਦੇਖਿਆ ਜਾ ਸਕਦਾ ਹੈ ਕੋਈ ਰਾਮ ਕਹੇ ਜਾਂ ਕੋਈ ਅੱਲ੍ਹਾ, ਵਾਹਿਗੁਰੂ ਕਹੇ ਜਾਂ ਕੋਈ ਗੌਡ ਕਹੇ, ਇੱਕ ਹੀ ਜਗ੍ਹਾ ’ਤੇ ਇਕੱਠੇ ਬੈਠ ਕੇ ਸਾਰੇ ਆਪਣੇ-ਆਪਣੇ ਧਰਮ ਅਤੇ ਤਰੀਕੇ ਨਾਲ ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਲੈ ਸਕਦੇ ਹਨ ਕੋਈ ਰੋਕ-ਟੋਕ ਨਹੀਂ, ਕੋਈ ਧਰਮ-ਜਾਤ ਦਾ ਅੰਤਰ ਨਹੀਂ ਕੀਤਾ ਜਾਂਦਾ ਸਾਰੇ ਧਰਮਾਂ ਨੂੰ ਬਰਾਬਰ ਸਤਿਕਾਰ, ਸਨਮਾਨ ਦਿੱਤਾ ਜਾਂਦਾ ਹੈ ਕੋਈ ਊਚ-ਨੀਚ ਦਾ ਭੇਦਭਾਵ ਨਹੀਂ ਹੈ
ਇਸ ਤਰ੍ਹਾਂ ਸਮਾਜ ’ਚ ਜੀਵਾਂ ਦੇ ਉੱਧਾਰ ਦਾ ਇਹ ਸੱਚ ਦਾ ਕਾਰਵਾਂ ਦਿਨ ਦੁੱਗਣੀ ਅਤੇ ਰਾਤ-ਚੌਗੁਣੀ ਗਤੀ ਨਾਲ ਵਧਣ ਲੱਗਾ, ਫਲਣ-ਫੁੱਲਣ ਲੱਗਾ
ਇਹ ਬਾਗ ਸਜਾ ਕੇ ਟੁਰ ਚੱਲਿਆ:-
ਵਰਣਨਯੋਗ ਹੈ ਕਿ ਰਿਸ਼ੀ-ਮੁਨੀ, ਸੰਤ, ਗੁਰੂ, ਪੀਰ-ਫਕੀਰ, ਵੱਡੇ-ਵੱਡੇ ਔਲੀਆ, ਮਹਾਂਪੁਰਸ਼ ਜੋ ਵੀ ਸੰਸਾਰ ’ਚ ਆਏ, ਉਨ੍ਹਾਂ ਨੇ ਆਪਣੇ-ਆਪਣੇ ਸਮੇਂ ’ਚ ਉਸ ਸਮੇਂ ਦੇ ਹਲਾਤਾਂ ਦੇ ਅਨੁਕੂਲ ਉਪਰੋਕਤ ਅਨੁਸਾਰ ਸਮਾਜ ’ਚ ਰਹਿੰਦੇ ਹੋਏ ਵਧ-ਚੜ੍ਹ ਕੇ ਪਰਮਾਰਥੀ ਕੰਮ ਕੀਤੇ ਅਤੇ ਸਮਾਂ ਪੂਰਾ ਹੋਣ ’ਤੇ ਇੱਥੋਂ ਵਿਦਾ ਲੈ ਗਏ
‘ਸ਼ਾਹ ਮਸਤਾਨਾ ਪਿਤਾ ਪਿਆਰਾ ਜੀ,
ਇਹ ਬਾਗ ਸਜਾ ਕੇ ਟੁਰ ਚੱਲਿਆ
ਭਵਸਾਗਰ ’ਚ ਡੁੱਬਦੀ ਬੇੜੀ ਨੂੰ,
ਕੰਢੇ ਪਾਰ ਲੰਘਾ ਕੇ ਟੁਰ ਚੱਲਿਆ
ਆਪ ਜੀ ਨੇ ਆਪਣੇ ਅੰਤਿਮ ਸਮੇਂ ਬਾਰੇ ਕਾਫੀ ਸਮਾਂ ਪਹਿਲਾਂ ਹੀ ਇਸ਼ਾਰਾ ਕਰ ਦਿੱਤਾ ਸੀ ਇੱਕ ਦਿਨ ਮਹਿਮਦਪੁਰ ਰੋਹੀ ਦਰਬਾਰ ’ਚ ਸਾਧ-ਸੰਗਤ ’ਚ ਗੱਲ ਕੀਤੀ ਕਿ ‘ਤਾਕਤ ਕਾ ਚੋਲ਼ਾ ਛੁਡਾੲਂੇ ਤੋ ਤੁਮ ਸਿੱਖ ਲੋਗ ਤੋ ਦਾਗ ਲਗਾਓਗੇ (ਸਸਕਾਰ ਕਰੋਗੇ) ਔਰ ਤੁਮ ਬਿਸ਼ਨੋਈ ਲੋਗ ਦਫ਼ਨਾਓਗੇ (ਧਰਤੀ ’ਚ ਦਬਾਓਗੇ)’ ਪੂਜਨੀਕ ਬੇਪਰਵਾਹ ਜੀ ਨੇ ਆਪਣੀ ਹਜ਼ੂਰੀ ’ਚ ਬੈਠੇ ਪ੍ਰੇਮੀ ਪ੍ਰਤਾਪ ਸਿੰਘ, ਰੂਪਾ ਰਾਮ ਬਿਸ਼ਨੋਈ ਆਦਿ ਸੇਵਾਦਾਰਾਂ ਤੋਂ ਪੁੱਛਿਆ, ਗੱਲ ਕੀਤੀ ਫਿਰ ਖੁਦ ਹੀ ਫਰਮਾਇਆ ਕਿ ‘ਯਹਾਂ ਤੋ ਰੌਲਾ ਪੜ ਜਾਏਗਾ ਯਹਾਂ ਪਰ ਚੋਲ਼ਾ ਨਹੀਂ ਛੋੜੇਗੇ’ ਇਸੇ ਤਰ੍ਹਾਂ ਰਾਣੀਆ ਦਰਬਾਰ ’ਚ ਵੀ ਗੱਲ ਕੀਤੀ ਕਿ ‘ਸ਼ੋ (ਜਨਾਜ਼ਾ ਕੱਢਣਾ) ਰਾਣੀਆ ਸੇ ਨਿਕਾਲੇ ਜਾਂ ਦਿੱਲੀ ਸੇ? ਫਿਰ ਖੁਦ ਹੀ ਫਰਮਾਇਆ ਕਿ ‘ਦਿੱਲੀ ਸੇ ਠੀਕ ਰਹੇਗਾ’
ਆਪ ਜੀ ਨੇ 28 ਫਰਵਰੀ 1960 ਨੂੰ, ਭਾਵ ਆਪਣੇ ਜਾਣ ਤੋਂ ਕਰੀਬ ਦੋ ਮਹੀਨੇ ਪਹਿਲਾਂ ਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਬਤੌਰ ਦੂਜੇ ਪਾਤਸ਼ਾਹ ਡੇਰਾ ਸੱਚਾ ਸੌਦਾ ਗੁਰਗੱਦੀ ’ਤੇ ਗੱਦੀਨਸ਼ੀਨ ਕੀਤਾ ਆਪ ਜੀ ਨੇ ਡੇਰਾ ਸੱਚਾ ਸੌਦਾ ਅਤੇ ਸਾਧ-ਸੰਗਤ ਦੀ ਸੇਵਾ ਤੇ ਸੰਭਾਲ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਵੀ ਉਸੇ ਦਿਨ ਆਪਣੇ ਉੱਤਰ-ਅਧਿਕਾਰੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਸੌਂਪਦੇ ਹੋਏ ਸਾਧ-ਸੰਗਤ ’ਚ ਬਚਨ ਫਰਮਾਇਆ ਕਿ ‘ਯੇ ਵੋਹੀ ਸਤਿਨਾਮ ਹੈ ਜਿਸੇ ਦੁਨੀਆਂ ਜਪਦੀ-ਜਪਦੀ (ਲੱਭਦੀ-ਲੱਭਦੀ) ਮਰ ਗਈ ਅਸੀਂ ਆਪਣੇ ਦਾਤਾ ਸਾਵਣ ਸ਼ਾਹ ਸਾਈਂ ਜੀ ਕੇ ਹੁਕਮ ਸੇ ਇਨਕੋ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਵੱਲ ਉਂਗਲੀ ਦਾ ਇਸ਼ਾਰਾ ਕਰਕੇ ਸਾਧ-ਸੰਗਤ ’ਚ ਫਰਮਾਇਆ) ਅਰਸ਼ੋਂ ਸੇ ਲਾਕਰ ਤੁਮਹਾਰੇ ਸਾਹਮਣੇ ਬਿਠਾ ਦੀਆ ਹੈ ਜੋ ਕੋਈ ਪੀਠ ਪੀਛੇ ਸੇ ਭੀ ਦਰਸ਼ਨ ਕਰੇਗਾ, ਇਨਕਾ ਨਾਮ ਉੱਚਾਰਣ ਕਰੇਗਾ (ਸਤਿਨਾਮ ਕਹੇਗਾ) ਨਰਕੋਂ ਮੇਂ, ਨਹੀਂ ਜਾਏਗਾ ਯੇ ਆਪਣੀ ਦਇਆ-ਮਿਹਰ ਸੇ ਉਸਕਾ ਪਾਰ-ਉਤਾਰਾ ਕਰੇਂਗੇ’
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਆਪਣੇ ਇੱਕ ਭਜਨ ’ਚ ਵੀ ਫਰਮਾਉਂਦੇ ਹਨ:-
ਦੁਨੀਆਂ ਰੱਬ ਨੂੰ ਢੂੰਢਣ ਜਾਏ ਜੀ,
ਸਤਿਨਾਮ ਨੂੰ ਲੱਭ ਅਸੀਂ ਲਿਆਏ ਜੀ
ਇਹਦਾ ਭੇਦ ਕੀ ਦੁਨੀਆ ਪਾਏ ਜੀ,
ਖੁਦ ਭੇਦ ਬਤਾ ਕੇ ਟੁਰ ਚੱਲਿਆ,
ਸ਼ਾਹ ਮਸਤਾਨਾ ਪਿਤਾ ਪਿਆਰਾ ਜੀ,
ਇਹ ਬਾਗ ਸਜਾ ਕੇ ਟੁਰ ਚੱਲਿਆ
ਇਸ ਤਰ੍ਹਾਂ ਸੱਚੇ ਪਾਤਸ਼ਾਹ ਸ਼ਾਹ ਮਸਤਾਨਾ ਜੀ ਮਹਾਰਾਜ ਆਪਣੇ ਸਤਿਗੁਰੂ ਕੁੱਲ ਮਾਲਕ ਵੱਲੋਂ ਸੌਂਪੇ ਜੀਵਾਂ ਦੇ ਉੱਧਾਰ ਦੇ ਪਰਉਪਕਾਰੀ ਕਾਰਜਾਂ ਨੂੰ ਪੂਰੀ ਮਰਿਆਦਾਪੂਰਵਕ ਪੂਰਾ ਕਰਦੇ ਹੋਏ 18 ਅਪਰੈਲ 1960 ਨੂੰ ਆਪਣਾ ਪੰਜ ਤੱਤ ਦਾ ਭੌਤਿਕ ਸਰੀਰ ਤਿਆਗ ਕੇ ਕੁੱਲ ਮਾਲਕ ਦੀ ਅਖੰਡ ਜੋਤੀ ’ਚ ਜੋਤੀ-ਜੋਤ ਸਮਾ ਗਏ
ਮਾਨਵਤਾ ਦੀ ਸੇਵਾ ’ਚ ਸਮਰਪਿਤ:-
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਇਸ ਪਾਕ-ਪਵਿੱਤਰ ਦਿਨ (18 ਅਪਰੈਲ ਪਾਵਨ ਯਾਦ) ਨੂੰ ਪੂਜਨੀਕ ਮੌਜ਼ੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮਾਨਵਤਾ ਦੀ ਸੇਵਾ ’ਚ ਸਮਰਪਿਤ ਕਰਦੇ ਹੋਏ ਡੇਰਾ ਸੱਚਾ ਸੌਦਾ ’ਚ ‘ਯਾਦ-ਏ-ਮੁਰਸ਼ਿਦ’
ਮੁਫ਼ਤ ਪੋਲੀਓ ਅਤੇ ਅਪੰਗਤਾ (ਨਿਸ਼ਕਤਤਾ/ਵਿਕਲਾਂਗਤਾ) ਨਿਵਾਰਣ ਕੈਂਪ ਦਾ ਆਯੋਜਨ ਸ਼ੁਰੂ ਕਰਵਾਇਆ ਹੈ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਅਨੁਸਾਰ ਡੇਰਾ ਸੱਚਾ ਸੌਦਾ ’ਚ ਹਰ ਸਾਲ 18 ਅਪਰੈਲ ਨੂੰ ਇਸ ਪਰਮਾਰਥੀ ਕੈਂਪ ਜ਼ਰੀਏ ਪੋਲੀਓ ਪੀੜਤ ਮਰੀਜ਼ਾਂ ਦੀ ਮੁਫਤ ਜਾਂਚ ਕੀਤੀ ਜਾਂਦੀ ਹੈ ਅਤੇ ਚੁਣੇ ਗਏ ਪੋਲੀਓ ਮਰੀਜ਼ਾਂ ਦੇ ਅਪਰੇਸ਼ਨ ਤੋਂ ਲੈ ਕੇ ਫਿਜ਼ੀਓਥੇਰੈਪੀ ਆਦਿ ਸਾਰੀਆਂ ਮੈਡੀਕਲ ਸੇਵਾਵਾਂ ਮੁਫਤ ਦਿੱਤੀਆਂ ਜਾਂਦੀਆਂ ਹਨ ਇਸ ਦੌਰਾਨ ਜ਼ਰੂਰਤਮੰਦ ਮਰੀਜ਼ਾਂ ਨੂੰ ਕੈਲੀਪਰ ਵੀ ਮੁਫਤ ਦਿੱਤੇ ਜਾਂਦੇ ਹਨ