ਜ਼ਿੰਦਗੀ ਵਹੀ ਜ਼ਿੰਦਗੀ ਹੈ, ਜੋ ਤੇਰੇ ਸਾਏ ਮੇਂ ਕਟ ਗਈ – ਪੂਰਨ ਮੁਰਸ਼ਦ ਦਾ ਦਰ-122
ਬਚਪਨ ਦੀ ਭਗਤੀ ਦੇ ਨਾਲ-ਨਾਲ ਹੀ ਜਵਾਨੀ ਵਾਲੀ ਉਮਰ ਵਿੱਚ ਕੀਤੀ ਗਈ ਬੰਦਗੀ ਨੂੰ ਵੀ ਮਾਲਕ ਪਹਿਲੇ ਦਰਜੇ ਦੇ ਆਧਾਰ ’ਤੇ ਮਨਜ਼ੂਰ ਕਰਦਾ ਹੈ, ਇਹ ਬਚਨ ਆਪਾਂ ਸਭ ਨੇ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ’ਚੋਂ ਕਈ ਵਾਰ ਸੁਣੇ ਹਨ ਬਚਪਨ ਦੀ ਉਮਰੇ ਕੀਤੀ ਭਗਤੀ ਦਾ ਕਾਰਨ ਜੋ ਉਸ ਨੂੰ ਉੱਤਮ ਦਰਜੇ ਵਿੱਚ ਲਿਜਾਂਦਾ ਹੈ ਦੇ ਬਾਰੇ ਪਿਛਲੇ ਭਾਗ ਵਿੱਚ ਲਿਖਿਆ ਗਿਆ ਸੀ, ਪਰ ਜਵਾਨੀ ਦੀ ਉਮਰ ਵਿੱਚ ਕੀਤੀ ਬੰਦਗੀ ਵੀ ਅਹਿਮ ਕਿਉਂ ਹੈ? ਜਿਵੇਂ ਸਖ਼ਤ ਗਰਮੀ ਦੇ ਦਿਨਾਂ ਵਿੱਚ ਦਿਨ ਸਮੇਂ ਜੇਕਰ ਚਾਨਣ (ਧੁੱਪ ਕਾਰਨ) ਹੁੰਦਾ ਹੈ ਤਾਂ ਤੱਪਦੀ ਦੁਪਹਿਰ ਕਾਰਨ ਧੁੱਪ ਵੀ ਤਾਂ ਲੱਗਦੀ ਹੈ, ਰਾਤ ਨੂੰ ਜੇਕਰ ਧੁੱਪ ਨਹੀਂ ਲੱਗਦੀ ਪਰ ਹਨੇਰੇ ਕਾਰਨ ਦਿਨ ਵਾਂਗ ਚਾਨਣ ਵੀ
ਤਾਂ ਨਹੀਂ ਹੁੰਦਾ ਇਸੇ ਤਰ੍ਹਾਂ ਬਚਪਨ ਦੀ ਅਵਸਥਾ ਵਿੱਚ ਜੇਕਰ ਮਨ ਇੱਕ-ਦੋ ਗੱਲਾਂ (ਖਾਣ, ਖੇਡਣ, ਸੌਣ) ਤੋਂ ਬਿਨਾਂ ਹੋਰ ਕਿਸੇ ਤਰੀਕੇ ਤੰਗ ਨਹੀਂ ਕਰਦਾ ਤਾਂ ਇਸ ਉਮਰ ਵਿੱਚ ਸਮਝ ਘੱਟ ਹੋਣ ਕਾਰਨ ਮਾਲਕ ਸਬੰਧੀ ਗਿਆਨ ਵੀ ਤਾਂ ਨਹੀਂ ਹੁੰਦਾ ਉਹ ਗੱਲ ਅਲੱਗ ਹੈ ਕਿ ਜੇਕਰ ਕਿਸੇ ਕਾਰਨ ਸਿਮਰਨ ਵੱਲ ਖਿਆਲ ਜਾਣ ਲੱਗ ਜਾਵੇ ਤਾਂ ਸੱਚਮੁੱਚ ਹੀ ਉਹ ਅਤਿ-ਉੱਤਮ ਦਰਜੇ ਦੀ ਬੰਦਗੀ ਬਣ ਜਾਂਦੀ ਹੈ ਪਰ ਅਜਿਹਾ ਇਸ ਕਲਿਯੁਗੀ ਸਮੇਂ ਵਿੱਚ ਬਹੁਤ ਘੱਟ ਹੁੰਦਾ ਹੈ ਇਸੇ ਤਰ੍ਹਾਂ ਜਵਾਨੀ ਦੀ ਉਮਰ ਵਿੱਚ ਇਨਸਾਨ ਬੌਧਿਕ ਪੱਖੋਂ ਪੂਰੀ ਤਰ੍ਹਾਂ ਚੇਤਨ ਅਵਸਥਾ ਵਿੱਚ ਹੁੰਦਾ ਹੈ ਤਾਂ ਇਸੇ ਅਵਸਥਾ ਵਿੱਚ ਮਨ ਵੀ ਪੂਰੀ ਉੱਚਾਈ ’ਤੇ ਹੁੰਦਾ ਹੈ ਜਵਾਨੀ ਦੀ ਉਮਰੇ ਬੰਦਗੀ ਕਰਨ ਵਿੱਚ ਸਭ ਤੋਂ ਵੱਡਾ ਅੜਿੱਕਾ ਵਿਸ਼ੇ-ਵਿਕਾਰਾਂ ਅਤੇ ਇਸ ਨਾਲ ਸਬੰਧਿਤ ਖਿਆਲਾਂ ਨੂੰ ਮੰਨਿਆਂ ਜਾਂਦਾ ਹੈ ਅਤੇ ਇਨ੍ਹਾਂ ਹੀ ਬੁਰੇ ਖਿਆਲਾਂ ਨੂੰ ਮਨ ਇਸ ਉਮਰ ਵਿੱਚ ਦੇਸੀ ਖਿੱਦੋ (ਗੇਂਦ) ਵਾਂਗ ਮਨੁੱਖ ਉੱਤੇ ਮੜ੍ਹ ਦਿੰਦਾ ਹੈ
ਉਪਰਲੇ ਪਹਿਰੇ ਦਾ ਕੇਂਦਰੀ-ਭਾਵ ਇਹੀ ਹੈ ਕਿ ਜਦੋਂ (ਬਚਪਨ ਵਿੱਚ) ਮਨ ਕੋਈ ਖਾਸ ਤੰਗ ਨਹੀਂ ਕਰਦਾ, ਉਦੋਂ ਮਾਲਕ ਵਾਲੇ ਰਸਤੇ ਦਾ ਪਤਾ ਜਾਂ ਗਿਆਨ ਵੀ ਨਹੀਂ ਹੁੰਦਾ ਅਤੇ ਜਦੋਂ ਗਿਆਨ ਹੁੰਦਾ ਹੈ ਜਾਂ ਬੜੀ ਜਲਦੀ ਹੋ ਸਕਦਾ ਹੈ ਤਾਂ ਉਦੋਂ ਮਨ ਪੱਟੀ ਨਹੀਂ ਬੱਝਣ ਦਿੰਦਾ ਇਹੋ ਕਾਰਨ ਹੈ ਕਿ ਦੋਨਾਂ ਅਵਸਥਾਵਾਂ ਵਿੱਚ ਹੀ ਕੀਤੀ ਜਾਂਦੀ ਬੰਦਗੀ ਉੱਤਮ ਮੰਨੀ ਗਈ ਹੈ ਬੇਪਰਵਾਹ ਮਸਤਾਨਾ ਜੀ ਮਹਾਰਾਜ ਫਰਮਾਇਆ ਕਰਦੇ ਸਨ ਕਿ ‘‘ਤੂੰ (ਇਨਸਾਨ) ਬਸ ਮਨ ਨਾਲ ਲੜਾਈ ਕਰ ਲੈ, ਤੇਰੀਆਂ ਸਾਰੀਆਂ ਗੁਰ-ਭਗਤੀਆਂ ਮਨਜ਼ੂਰ ਹਨ’’ ਇਹ ਤਾਂ ਉਹੀ ਗੱਲ ਹੋ ਗਈ ਜੋ ਅੱਜ-ਕੱਲ੍ਹ ਹਜ਼ੂਰ ਪਿਤਾ ਜੀ ਆਪਣੇ ਅੰਦਾਜ਼ ਵਿੱਚ ਫਰਮਾਉਂਦੇ ਹਨ ਕਿ ‘‘ਬਸ ਸਾਡੀ ਇੱਕ ਗੱਲ ਮੰਨ ਲਓ ਕਿ ਜਿੱਥੇ ਮਾਲਕ ਹੋਵੇ ਉੱਥੇ ਕੋਈ ਬੁਰਾ ਕੰਮ ਨਹੀਂ ਕਰੋਂਗੇ’’ ਫਕੀਰਾਂ ਦੇ ਗੱਲ ਕਹਿਣ ਦੇ ਆਪੋ-ਆਪਣੇ ਅੰਦਾਜ਼ ਹੁੰਦੇ ਹਨ ਜੋ ਇੱਕੋ ਨੁਕਤੇ ਵਿੱਚ ਸਾਰੀ ਗੱਲ ਨਿਬੇੜ ਦਿੰਦੇ ਹਨ
ਮਨ ਨਾਲ ਲੜਾਈ ਕਰਨਾ, ਸਿਮਰਨ ਕਰਨ ਦੇ ਪੱਕੇ ਹੋਣਾ ਜਾਂ ਜਿੱਥੇ ਮਾਲਕ ਹੋਵੇ ਉੱਥੇ ਕੋਈ ਬੁਰਾ ਕਰਮ ਨਹੀਂ ਕਰਨਾ, ਇਨ੍ਹਾਂ ਤਿੰਨਾਂ ਗੱਲਾਂ ਦਾ ਮਤਲਬ ਤਾਂ ਇੱਕੋ ਹੀ ਹੈ ਜਵਾਨੀ ਦੀ ਉਮਰ ਅਸਲ ਵਿੱਚ ਨਸ਼ਾ ਭਾਲ਼ਦੀ ਹੈ ਅਤੇ ਉਹ ਨਸ਼ਾ ਫਿਰ ਕਿਸੇ ਚੀਜ਼ ਦਾ ਵੀ ਹੋ ਸਕਦਾ ਹੈ ਅਜਿਹਾ ਨਸ਼ਾ ਰਾਜਨੀਤੀ ਦਾ ਹੋਵੇ ਚਾਹੇ ਵਿਸ਼ੇ-ਵਿਕਾਰਾਂ ਦਾ, ਭਾਵੇਂ ਦੁਨਿਆਵੀ ਗੰਦੇ ਨਸ਼ੇ (ਸ਼ਰਾਬ, ਅਫੀਮ, ਸਮੈਕ ਆਦਿ) ਦਾ ਹੋਵੇ ਜਾਂ ਫਿਰ ਸਤਿਗੁਰ ਵਾਲੀ ਆਸ਼ਕੀ ਦਾ ਨਸ਼ਾ ਹੋਵੇ ਮਨ ਕੋਈ ਨਾ ਕੋਈ ਨਸ਼ਾ ਭਾਲ਼ਦਾ ਜ਼ਰੂਰ ਹੈ ਮਾਲਕ ਦੇ ਨਾਮ ਜਾਂ ਸਤਿਗੁਰ ਵਾਲੀ ਆਸ਼ਕੀ ਦੇ ਨਸ਼ੇ ਵੱਲ ਮਨ ਜਲਦੀ ਕੀਤੇ ਜਾਣ ਨਹੀਂ ਦਿੰਦਾ ਕਿਉਂਕਿ ਇਹ ਬਾਹਰੀਪਣ ਨਾਲ ਸਬੰਧਿਤ ਨਸ਼ਿਆਂ ਦੀ ਮੁੱਠੀ ਵਿੱਚ ਮਨੁੱਖ ਨੂੰ ਭਚੀੜ੍ਹ ਦਿੰਦਾ ਹੈ ਅਤੇ ਮੁੱਠੀ ਚੰਗੀ ਤਰ੍ਹਾਂ ਕਸ ਕੇ ਰੱਖਦਾ ਹੈ ਫਿਰ ਵੀ ਕਸੀ ਹੋਈ ਮੁੱਠੀ ਦੀਆਂ ਉਂਗਲ਼ੀਆਂ ਵਿਚਲੀਆਂ ਵਿਰਲਾਂ ਵਿੱਚੋਂ ਦੀ ਕੋਈ ਟਾਵਾਂ-ਟੱਲਾ ਨਿਕਲ ਗਿਆ ਤਾਂ ਨਿਕਲ ਗਿਆ ਨਹੀਂ ਤਾਂ ਦੁਨਿਆਵੀ ਤਰ੍ਹਾਂ-ਤਰ੍ਹਾਂ ਦੇ ਰਿਸ਼ਤਿਆਂ, ਪਦਾਰਥਾਂ, ਅਹੁਦਿਆਂ ਜਾਂ ਹੋਰ ਨਸ਼ਿਆਂ ਨੂੰ ਹੀ ਮਨੁੱਖ ਆਪਣੀ ਮੰਜ਼ਿਲ ਮੰਨ ਬੈਠਦਾ ਹੈ
ਜਵਾਨੀ ਦੀ ਅਵਸਥਾ ਸਿੱਧੇ ਤੀਰ ਵਰਗੀ ਹੁੰਦੀ ਹੈ, ਜਿਹੜਾ ਜਿਸ ਪਾਸੇ ਚੱਲ ਪਿਆ ਤਾਂ ਬਸ ਚੱਲ ਪਿਆ ਆਮ ਕਿਹਾ ਜਾਂਦਾ ਹੈ ਕਿ ਜਵਾਨੀ ਦੀ ਉਮਰੇ ਤਾਂ ਬੰਦੇ ਦੇ ਰੱਬ ਯਾਦ ਨਹੀਂ ਹੁੰਦਾ, ਪਰ ਜੇਕਰ ਸੱਚਮੁੱਚ ਮਾਲਕ ਯਾਦ (ਹਕੀਕੀ ਇਸ਼ਕ) ਆ ਜਾਵੇ ਤਾਂ ਇਸ ਵਰਗਾ ਨਸ਼ਾ ਅੱਜ ਤੱਕ ਕੋਈ ਹੋਰ ਨਹੀਂ ਬਣਿਆ ਜਵਾਨੀ ਦੇ ਪੜਾਅ ਵਿੱਚ ਕੇਵਲ ਸਰੀਰ ਹੀ ਜਵਾਨ ਨਹੀਂ ਹੁੰਦਾ ਸਗੋਂ ਮਨ ਵੀ ਜਵਾਨ ਹੋ ਜਾਂਦਾ ਹੈ, ਪਰ ਕੁਝ ਸਾਲਾਂ ਬਾਅਦ ਸਰੀਰ ਤਾਂ ਬੁਢਾਪੇ ਵੱਲ ਢਲ਼ ਜਾਂਦਾ ਹੈ ਜਦੋਂ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਮਨ ਫਿਰ ਵੀ (ਭਾਵ ਬੁਢਾਪੇ ਵਿੱਚ ਵੀ) ਜਵਾਨ ਹੀ ਬਣਿਆ ਰਹਿੰਦਾ ਹੈ ਉਰਦੂ ਦੇ ਇੱਕ ਸ਼ਾਇਰ ਨੇ ਕਿਹਾ ਹੈ :-
ਇਸ ਸੇ ਬੜ੍ਹ ਕਰ ਵਕਤ ਕਿਆ ਢਾਹੇਗਾ ਸਿਤਮ
ਜਿਸਮ ਬੂਢਾ ਕਰ ਦੀਆ ਔਰ ਦਿਲ ਜਵਾਂ ਰਹਿਨੇ ਦੀਆ
ਕੇਵਲ ਜਵਾਨ ਹੀ ਨਹੀਂ, ਸਗੋਂ ਉਮਰ ਦੇ ਅਨੁਭਵਾਂ ਕਾਰਨ ਮਨ ਇੱਥੇ (ਅਧਖੜ ਉਮਰ ਜਾਂ ਬੁਢਾਪੇ ’ਚ) ਆ ਕੇ ਇਨਸਾਨ ਨੂੰ ਫੰਨੇ-ਖਾਂ ਲੱਗਣ ਲਾ ਦਿੰਦਾ ਹੈ ਅਤੇ ਇਹ ਫੰਨੇਖਾਹੀ ਉਸਨੂੰ ਇੱਕ ਜ਼ਬਰਦਸਤ ਭੁਲੇਖੇ ਦੇ ਦਾਇਰੇ ਵਿੱਚ ਲਿਜਾ ਕੇ ਆਖਰੀ ਪੜ੍ਹਾਅ ਵਿੱਚ ਕੱਖੋਂ-ਹੌਲ਼ੇ ਕਰ ਕੇ ਰੱਖ ਦਿੰਦੀ ਹੈ ਭਾਵ ਮਨੁੱਖ ਜਿਹੋ ਜਿਹਾ ਇੱਥੇ ਆਇਆ, ਜਿਹੋ-ਜਿਹਾ ਨਾ ਆਇਆ ਇੱਕ ਬਰਾਬਰ ਹੋ ਜਾਂਦਾ ਹੈ ਮਾਲਕ ਦੇ ਨਾਮ ਤੋਂ ਬਿਨਾਂ ਸਾਰੀ ਉਮਰ ਦਹੀਂ ਦੇ ਭੁਲੇਖੇ ਨਰਮੇ ਦੇ ਫੁੱਟ ਖਾਂਦਾ ਰਹਿੰਦਾ ਹੈ
ਨੌਜਵਾਨ ਉਮਰ ਦੇ ਇਨਸਾਨ ਲਈ ਸਤਿਗੁਰ ਦੁਆਰਾ ਦੱਸੇ ਗਏ ਪ੍ਰਹੇਜ਼ਾਂ ’ਤੇ ਸਖ਼ਤੀ ਨਾਲ ਪਹਿਰਾ ਦਿੰਦਿਆਂ ਸਿਮਰਨ ਦਾ ਰੁਟੀਨ ਬਣਾਈ ਰੱਖਣਾ ਬੜਾ ਹੀ ਮੁਸ਼ਕੱਤ ਭਰਿਆ ਕੰਮ ਹੈ ਇਸਨੂੰ ਵਿਰਲੇ ਲੋਕ ਭਾਵ ਮਨ ਦੀ ਮੁੱਠੀ ਦੀਆਂ ਵਿਰਲਾਂ ਵਿੱਚੋਂ ਨਿਕਲ਼ੇ ਕੁਝ ਲੋਕ ਹੀ ਕਰਦੇ ਹਨ ਪੂਰੀ ਦੁਨੀਆਂ ਦੇ ਹਿਸਾਬ ਨਾਲ ਤਾਂ ਕੁਝ ਲੋਕ ਹੀ ਕਿਹਾ ਜਾਵੇਗਾ ਜੋ ਇੱਕ ਪ੍ਰਤੀਸ਼ਤ ਤੋਂ ਵੀ ਘੱਟ ਗਿਣਤੀ ਦੇ ਹਨ ਇਨਸਾਨ ਦਾ ਧਿਆਨ ਮਾਲਕ ਦੇ ਨਾਮ ਵੱਲ ਨਾ ਜਾਵੇ, ਇਸ ਦੇ ਲਈ ਮਨ ਹਰ ਹੱਥ-ਕੰਡਾ ਅਪਣਾਉਂਦਾ ਹੈ ਚੁੰਬਕ ਦੇ ਲੋਹੇ ਨੂੰ ਖਿੱਚਣ ਵਾਂਗ ਮਨ ਬਾਹਰੀ ਰਸਾਂ ਵੱਲ ਮਨੁੱਖੀ ਖਿਆਲਾਂ ਨੂੰ ਖਿੱਚਦਾ ਹੈ ਮਨ ਏਨਾ ਸ਼ਾਤਰ ਹੈ ਕਿ ਬਾਹਰੀ ਰਸਾਂ ਤੋਂ ਜੋ ਵੀ ਨੌਜਵਾਨ (ਨਰ ਜਾਂ ਮਾਦਾ) ਬਚ ਨਿਕਲਦੇ ਹਨ ਉਨ੍ਹਾਂ ਨੂੰ ਇਹ ਕਾਲ਼ ਦੁਆਰਾ (ਸੱਚ ਦੀ ਨਕਲ ਕਰਕੇ) ਬਣਾਏ ਗਏ ਆਪਣੇ ਚੱਕਰਵਿਊ ਵਿੱਚ ਫਸਾ ਦਿੰਦਾ ਹੈ
ਕਾਲ਼ ਦੁਆਰਾ ਰਚਿਆ ਅਜਿਹਾ ਸੱਚ ਜਿਸ ਵਿੱਚ ਕਾਲ਼ ਦੀਆਂ ਅਨੇਕਾਂ ਸ਼ਕਤੀਆਂ (ਜਿਨ੍ਹਾਂ ਨੂੰ ਦੁਨੀਆਂ ਦਾ ਜ਼ਿਆਦਾਤਰ ਹਿੱਸਾ ਰੱਬ ਮੰਨਦਾ ਹੈ) ਦੀ ਰੱਬ ਸਮਝ ਕੇ ਭਗਤੀ ਕਰਵਾਉਣਾ, ਪੁੰਨ-ਦਾਨ, ਕਰਮ-ਕਾਂਡ, ਕੇਵਲ ਯੋਗ-ਸਾਧਨਾਂ ਦੁਆਰਾ ਮਾਲਕ ਦੀ ਪ੍ਰਾਪਤੀ ਦੇ ਰਾਹ ’ਤੇ ਚਲਾਉਣਾ, ਧਾਰਮਿਕ ਪੁਸਤਕਾਂ ਨੂੰ ਵਾਰ-ਵਾਰ ਪੜ੍ਹਨ ਦਾ ਮਤਲਬ ਪ੍ਰਮਾਤਮਾ ਦੀ ਭਗਤੀ ਹੀ ਸਮਝਣਾ ਪਰ ਉਨ੍ਹਾਂ ਵਿੱਚ ਲਿਖੀਆਂ ਗੱਲਾਂ ’ਤੇ ਅਮਲ ਨਾ ਕਰਨਾ ਧਾਰਮਿਕ ਸਾਹਿਤ ਦੇ ਕੇਵਲ ਬਾਹਰੀ ਸਤਿਕਾਰ ਜਾਂ ਰੱਖ-ਰਖਾਅ ਉੱਪਰ ਹੀ ਜ਼ੋਰ ਲਾਉਂਦੇ ਰਹਿਣਾ ਧਾਰਮਿਕ ਕੱਟੜਤਾ ਵਿੱਚ ਫਸੇ ਰਹਿਣਾ ਤਾਂ ਕਿ ਪ੍ਰਮਾਤਮਾ ਪ੍ਰਤੀ ਵਫ਼ਾਦਾਰੀ ਦਿਖਾਈ ਜਾ ਸਕੇ ਜੋ ਕਿ ਇੱਕ ਬਹੁਤ ਵੱਡਾ ਭੁਲੇਖਾ ਹੈ ਗੱਲ ਮੁੱਕਦੀ ਕਿ ਕਾਲ਼ ਨੇ ਅਸਲੀ ਸੱਚ (ਜੋ ਦੋ ਜਹਾਨਾਂ ਦਾ ਮਾਲਕ ਹੈ) ਨਾਲ ਮਿਲਦੀ-ਜੁਲਦੀ ਹੀ ਆਪਣੀ ਇੱਕ ਅਜੀਬ ਜਿਹੀ ਰਚਨਾ ਰਚ ਰੱਖੀ ਹੈ ਜਿਸਨੂੰ ਉਸ ਨੇ ਦੁਨੀਆਂ ਅੱਗੇ ਅਸਲੀ ਸੱਚ ਦਰਸਾ ਕੇ ਮਹਾਂ-ਭੁਲੇਖੇ ਵਿੱਚ ਪਾ ਰੱਖਿਆ ਹੈ
ਹਜ਼ੂਰ ਸੱਚੇ ਪਾਤਸ਼ਾਹ ਜੀ ਦੱਸਦੇ ਹਨ ਕਿ ‘‘ਨਾਮ ਦੇ ਅਭਿਆਸ ਦੁਆਰਾ ਜਦੋਂ ਪੈਰ ਦੇ ਅੰਗੂਠੇ ਤੋਂ ਸਿਮਟ ਕੇ ਰੂਹ ਉੱਪਰ ਵੱਲ ਚੱਲਦੀ ਹੈ ਤਾਂ ਨਾਭੀ (ਧੁੰਨੀ) ਦੇ ਕੋਲ ਕਾਲ਼ ਨੇ ਅਜਿਹੀ ਜ਼ਬਰਦਸਤ ਅਤੇ ਅਨੋਖੀ ਰਚਨਾ ਰਚੀ ਹੋਈ ਹੈ ਜਿਸ ਵਿੱਚ ਤਰ੍ਹਾਂ-ਤਰ੍ਹਾਂ ਦੇ ਵਾਜੇ ਅਤੇ ਸੁਰੀਲੇ ਸੰਗੀਤ ਵੱਜ ਰਹੇ ਹਨ ਪੂਰੇ ਗੁਰੂ ਤੋਂ ਬਿਨਾਂ ਕਿਸੇ ਵੀ ਹੋਰ ਵਿਧੀ ਦੁਆਰਾ ਜੋ ਇਨਸਾਨ ਆਪਣੀ ਆਤਮਾ ਨੂੰ ਸਮੇਟ ਕੇ ਦਸਵੇਂ ਦਵਾਰ ਵੱਲ ਲਿਜਾਂਦਾ ਹੈ ਤਾਂ ਓਥੇ (ਨਾਭੀ ਕੋਲ) ਜਾ ਕੇ ਰੂਹ ਉਨ੍ਹਾਂ ਸਾਜਾਂ-ਅਵਾਜ਼ਾਂ ਵਿੱਚ ਅਟਕ ਕੇ ਰਹਿ ਜਾਂਦੀ ਹੈ ਉਸੇ ਨੂੰ ਰੱਬ ਮੰਨ ਕੇ ਬੈਠ ਜਾਂਦੀ ਹੈ ਅਤੇ ਖੁਦ ਨੂੰ ਮੰਜ਼ਿਲ ’ਤੇ ਪਹੁੰਚ ਗਈ ਮੰਨ ਲੈਂਦੀ ਹੈ’’
ਉਪਰੋਕਤ ਸਭ ਕਾਲ਼ ਦਾ ਬਣਾਇਆ ਹੋਇਆ ਸੁਨਿਹਰੀ ਜਾਲ਼ ਹੈ ਤਾਂ ਕਿ ਰੂਹ ਇਸੇ ਵਿੱਚ ਹੀ ਫਸੀ ਰਹੇ ਅਤੇ ਅੱਗੇ ਨਾ ਜਾ ਸਕੇ ਅਸਲ ਵਿੱਚ ਜੋ ਲੋਕ ਓਥੇ (ਨਾਭੀ ਕੋਲ) ਜਾ ਕੇ ਅਟਕ ਜਾਂਦੇ ਹਨ ਅਤੇ ਇਸੇ ਨੂੰ ਹੀ ਆਪਣੀ ਮੰਜ਼ਿਲ ਮੰਨ ਬੈਠਦੇ ਹਨ ਤਾਂ ਅਜਿਹਾ ਉਨ੍ਹਾਂ ਦੇ ਵੀ ਵੱਸ ਦੀ ਗੱਲ ਨਹੀਂ ਹੁੰਦੀ ਕਿਉਂਕਿ ਉਨ੍ਹਾਂ ਦਾ ਮਾਰਗ-ਦਰਸ਼ਕ (ਗੁਰੂ) ਹੀ ਅਗਲੇ ਰਾਹਾਂ ਦਾ ਭੇਤੀ ਨਹੀਂ ਹੁੰਦਾ, ਫਿਰ ਉਹ ਕਿਸੇ ਹੋਰ ਨੂੰ ਅੱਗੇ ਕਿਵੇਂ ਲਿਜਾ ਸਕਦਾ ਹੈ
ਹਜ਼ੂਰ ਦਾਤਾ ਜੀ ਦੱਸਦੇ ਹਨ ਕਿ ਪੂਰਨ ਗੁਰੂ ਦੇ ਚਿਤਾਏ ਸ਼ਰਧਾਲੂ ਦੀ ਰੂਹ ਜਦੋਂ ਨਾਭੀ ਕੋਲ ਪਹੁੰਚਦੀ ਹੈ ਤਾਂ ਨਾਮ (ਦੋਨਾਂ ਜਹਾਨਾਂ ਦੇ ਮਾਲਕ ਕੋਲ ਲਿਜਾਣ ਵਾਲਾ ਨਾਮ-ਸ਼ਬਦ) ਵਿੱਚ ਏਨੀ ਤਾਕਤ ਹੈ ਕਿ ਉਹ ਰੂਹ ਕਾਲ਼ ਦੇ ਵੱਜਦੇ ਉਨ੍ਹਾਂ ਸਾਜਾਂ ਕੋਲ ਇੱਕ ਪਲ ਲਈ ਵੀ ਠਹਿਰਦੀ ਨਹੀਂ, ਸਗੋਂ ਉਨ੍ਹਾਂ ਸੰਗੀਤਾਂ ਨੂੰ ਚੀਰਦੀ ਹੋਈ ਸਤਿਗੁਰ ਦੇ ਇਸ਼ਾਰੇ ਨਾਲ ਤੁਰੰਤ ਅੱਗੇ ਚਲੀ ਜਾਂਦੀ ਹੈ ਕਾਲ਼ ਦੇ ਸਾਜ-ਸੰਗੀਤ ਵੱਜਦੇ ਹੀ ਰਹਿ ਜਾਂਦੇ ਹਨ ਭਾਵ ਉਸ (ਕਾਲ਼) ਦੀ ਫਿਰ ਅਜਿਹੀ ਰੂਹ (ਪੂਰਨ ਸਤਿਗੁਰ ਦੇ ਸ਼ਰਧਾਲੂ ਦੀ ਰੂਹ) ਅੱਗੇ ਕੋਈ ਦਾਲ਼ ਨਹੀਂ ਗਲ਼ਦੀ’’
ਕਾਲ਼ ਨੇ ਅਸਲੀ ਸੱਚ ਦੀ ਏਨੀ ਜ਼ਬਰਦਸਤ ਨਕਲ ਕੀਤੀ ਹੋਈ ਹੈ ਕਿ ਸਦੀਆਂ ਤੋਂ ਅਣਗਿਣਤ ਅਭਿਆਸੀ ਰੂਹਾਂ ਉਸ ਦੇ ਬਣਾਏ ਨਕਲ-ਯੁਕਤ ਜਾਲ਼ ਵਿੱਚ ਅਟਕਦੀਆਂ ਰਹੀਆਂ ਹਨ ਪਰ ਅੱਗੇ ਉਨ੍ਹਾਂ ਦਾ ਕੀ ਬਣਦਾ ਹੈ ਸਤਿਗੁਰ ਹੀ ਜਾਣੇ ਅਸਲ ਵਿੱਚ ਕਾਲ਼ ਨੇ ਮਨੁੱਖੀ ਜਿਸਮ ਵਿੱਚ ਆਈ ਰੂਹ ਨੂੰ ਮੰਜ਼ਿਲ ਵੱਲ ਜਾਣ ਤੋਂ ਭਟਕਾਉਣ ਲਈ ਅਲੱਗ-ਅਲੱਗ ਪੱਧਰ ਦੀਆਂ ਸਟੇਜਾਂ ਦਾ ਨਿਰਮਾਣ ਕਰ ਰੱਖਿਆ ਹੈ ਸਤਿਗੁਰ ਜੀ ਦੁਆਰਾ ਉਪਰਲੇ ਪਹਿਰੇ ਵਿੱਚ ਦੱਸੀ ਗਈ ਸਥਿਤੀ (ਨਾਭੀ ਕੋਲ ਵੱਜਦੇ ਸਾਜ) ਅੰਦਰੂਨੀ ਹੈ ਜਦੋਂ ਕਿ ਬਾਹਰੀ ਪੱਧਰ ਦੀਆਂ ਸਟੇਜਾਂ ਦੀ ਗਿਣਤੀ ਦਾ ਕੋਈ ਟਿਕਾਣਾ ਨਹੀਂ ਅੱਜ ਦੇ ਯੁੱਗ ਵਿੱਚ ਜਿੱਥੇ ਪੈਸਾ ਅਤੇ ਵਿਸ਼ੇ-ਵਿਕਾਰ ਹੀ ਪ੍ਰਧਾਨ ਬਣੇ ਹੋਏ ਹਨ
ਉੱਥੇ ਇਨਸਾਨ ਨੂੰ ਇਨ੍ਹਾਂ ਦੋਨਾਂ ਤੋਂ ਬਿਨਾਂ ਹੋਰ ਕੁਝ ਦਿਖਾਈ ਨਹੀਂ ਦਿੰਦਾ ਕੋਈ ਪਤਾ ਨਹੀਂ ਪੈਸੇ ਪਿੱਛੇ ਕਿਸ ਦਾ, ਕਦੋਂ ਅਤੇ ਕਿੱਥੇ ਈਮਾਨ ਡਗਮਗਾ ਜਾਵੇ ਇਹ ਵੀ ਪਤਾ ਨਹੀਂ ਕਿ ਮਨ ਕਿਹੜੀ ਹਾਲਤ ਅਤੇ ਹਲਾਤਾਂ ਵਿੱਚ ਕਿਸ ਦੇ ਬਾਰੇ ਬੁਰਾ (ਵਿਸ਼ੇ-ਵਿਕਾਰਾਂ ਯੁਕਤ) ਖਿਆਲ ਪਨਪਣ ਲਾ ਕੇ ਉਸਨੂੰ ਅਮਲੀ ਰੂਪ ਵੀ ਦੇ ਦੇਵੇ ਨੌਜਵਾਨ ਉਮਰ ਵਿੱਚ ਮਨੁੱਖ ਉੱਤੇ ਕਾਲ਼ ਦੁਆਰਾ ਚਲਾਇਆ ਜਾਣ ਵਾਲ਼ਾ ਸਭ ਤੋਂ ਵੱਡਾ ਹਥਿਆਰ ਇਹੋ ਹੀ ਹੈ ਅਜਿਹੇ ਖਿਆਲਾਂ ਨੇ ਮਨੁੱਖ ਉੱਪਰ ਏਨਾ ਜ਼ਿਆਦਾ ਮਾਰੂ ਅਤੇ ਜ਼ਬਰਦਸਤ ਅਸਰ ਪਾਇਆ ਹੈ ਕਿ ਇਸ ਸਬੰਧੀ ਮਨੁੱਖੀ ਸੁਚੇਤ ਅਤੇ ਅਚੇਤ ਅਵਸਥਾ ਵਿੱਚ ਫਰਕ ਦਿਨੋਂ-ਦਿਨ ਘੱਟਦਾ ਜਾ ਰਿਹਾ ਹੈ
ਭਾਵ ਦਿਨ ਸਮੇਂ ਵੀ ਅਤੇ ਰਾਤ ਨੂੰ ਸੁੱਤੇ ਸਮੇਂ ਸੁਪਨਿਆਂ ਵਿੱਚ ਵੀ ਵਿਸ਼ੇ-ਵਿਕਾਰਾਂ ਯੁਕਤ ਖਿਆਲਾਂ ਦਾ ਹੀ ਬੋਲਬਾਲਾ ਹੈ ਇਹ ਸੌ ਫੀਸਦੀ ਅਟੱਲ ਸੱਚਾਈ ਹੈ ਇਸ ਲਈ ਮਨ ਦੁਆਰਾ ਦਿੱਤੇ ਜਾਣ ਵਾਲੇ ਅਜਿਹੇ ਖਿਆਲਾਂ ਦੇ ਵਿਰੋਧ ਵਿੱਚ ਡਾਂਗ ਚੁੱਕ ਕੇ ਖੜ੍ਹਨਾ ਹੀ ਬੰਦਗੀ ਹੈ ਮਨ ਦੇ ਖਿਆਲਾਂ ਦਾ ਪੂਰਨ ਤੌਰ ’ਤੇ ਵਿਰੋਧ ਨਾਮ ਤੋਂ ਬਿਨਾਂ ਨਹੀਂ ਹੋ ਸਕਦਾ ਨਾਮ-ਸ਼ਬਦ ਪੂਰਨ ਸਤਿਗੁਰ ਪਾਸੋਂ ਪਰ ਪ੍ਰਮਾਤਮਾ ਦੀ ਰਹਿਮਤ ਜਾਂ ਪਿਛਲੇ ਸੰਸਕਾਰਾਂ ਦੀ ਵਜ੍ਹਾ ਨਾਲ ਹੀ ਮਿਲ ਸਕਦਾ ਹੈ ਨਾਮ ਲੈ ਕੇ ਪ੍ਰਹੇਜ਼ਾਂ ਦੀ ਬਰੀਕੀ ਨਾਲ ਪਾਲਣਾ ਕਰ ਕੇ ਸਿਮਰਨ ਕਰਦੇ ਰਹਿਣਾ ਨੌਜਵਾਨਾਂ ਲਈ ਇੱਕ ਕਰੜੀ ਮੁਸ਼ੱਕਤ ਭਰਿਆ ਕੰਮ ਇਸ ਲਈ ਬਣ ਜਾਂਦਾ ਹੈ ਕਿਉਂਕਿ ਮਨ ਦੀ ਚੰਚਲਤਾ ਇੱਥੇ ਬਿਲਕੁੱਲ ਸ਼ਿਖਰ ’ਤੇ ਹੁੰਦੀ ਹੈ
ਸਤਿਗੁਰ ਦੇ ਪਿਆਰ ਅਤੇ ਦਰਸ਼ਨਾਂ ਦੀ ਛਤਰ-ਛਾਇਆ ਤੋਂ ਬਾਹਰ ਜਾ ਕੇ ਪਤਾ ਚੱਲਦਾ ਹੈ ਕਿ ਜੀਵਨ ਬੇ-ਰਸ ਜਿਹਾ ਕਿਉਂ ਹੋ ਗਿਆ ਪਰ ਜਵਾਨੀ ਦੀ ਉਮਰ ਦੀਆਂ ਹਵਾਈ ਤਰੰਗਾਂ ਮਨੁੱਖ ਨੂੰ ਉਸ ਛਤਰ-ਛਾਇਆ ਤੋਂ ਦੂਰ ਲਿਜਾਣ ਦਾ ਕਾਰਨ ਇਸ ਲਈ ਬਣ ਜਾਂਦੀਆਂ ਹਨ ਕਿਉਂਕਿ ਕਈ ਵਾਰ ਉਹ (ਮਨੁੱਖ) ਸਤਿਗੁਰ ਦੇ ਪਿਆਰ ਅਤੇ ਬਾਹਰੀਪਣ ਦਾ ਤੁਲਨਾਤਮਕ ਅਧਿਐਨ ਕਰਨ ਲੱਗ ਜਾਂਦਾ ਹੈ ਜਦੋਂ ਕਿ ਇਨ੍ਹਾਂ ਦੋਨਾਂ (ਮੁਰਸ਼ਦ ਦਾ ਪਿਆਰ ਅਤੇ ਦੁਨਿਆਵੀ ਪਦਾਰਥ) ਦੀ ਆਪਸ ਵਿੱਚ ਕੋਈ ਤੁਲਨਾ ਨਹੀਂ ਕੀਤੀ ਜਾ ਸਕਦੀ ਮੇਰੇ ਇੱਕ ਸਤਿਕਾਰਿਤ ਪ੍ਰੋਫ਼ੈਸਰ ਸਾਹਿਬ ਦੱਸਦੇ ਹੁੰਦੇ ਸਨ
ਕਿ ਸਥਿਤੀਆਂ ਅਨੁਕੂਲ ਹੋਣ ਦੇ ਬਾਵਜੂਦ ਵੀ ਚੰਗੇ ਕੰਮ ਕਰਨ ਲਈ ਇਹ ਕਹਿਣਾ ਕਿ ‘ਸੋਚਾਂਗੇ, ਵਿਚਾਰ ਕਰਕੇ ਦੱਸਾਂਗੇ ਜਾਂ ਪ੍ਰਮਾਤਮਾ ਨੇ ਚਾਹਿਆ ਤਾਂ ਕਰਵਾ ਲਵੇਗਾ’ ਆਦਿ ਕਹਿ ਕੇ ਅੱਧੀ ਢੇਰੀ ਤਾਂ ਮਨ ਨੇ ਢੁਹਾ ਦਿੱਤੀ ਕੋਈ ਪੁੱਛਣ ਵਾਲ਼ਾ ਹੋਵੇ ਕਿ ਤੂੰ (ਮਨੁੱਖ) ਖੁਦਮੁਖਤਿਆਰ ਹੈਂ, ਵਿਚਾਰ ਕੀਹਦੇ ਨਾਲ ਕਰਨੀ ਹੈ? ਇਹਦੇ (ਚੰਗੇ ਕੰਮ) ਲਈ ਤੂੰ ਆਪ ਡੱਕਾ ਤੋੜ ਕੇ ਦੂਹਰਾ ਨਾ ਕਰੀਂ, ਸਾਰਾ ਕੁਝ ਪ੍ਰਮਾਤਮਾ ’ਤੇ ਸੁੱਟ ਦੇ, ਕਿਉਂ.. ਪ੍ਰਮਾਤਮਾ ਤੇਰਾ ਗੋਲਾ (ਨੌਕਰ) ਰੱਖਿਐ ਵੱਡੇ ਭਗਤ ਦਾ? ਜੇ ਪ੍ਰਮਾਤਮਾ ਨੇ ਚਾਹਿਆ ਹੈ ਤਾਂ ਹੀ ਤਾਂ ਤੇਰੇ ਕੋਲ ਉਸਨੇ ਕਿਸੇ ਨੂੰ ਜ਼ਰੀਆ ਬਣਾ ਕੇ ਭੇਜਿਆ ਹੈ ਇਸ ਲਈ ਨੇਕ ਅਤੇ ਭਲੇ ਕਰਮ, ਬਿਨਾਂ ਕਿਸੇ ਸਵਾਰਥ ਦੇ ਕਰਨ ਲਈ ਜੇਕਰ ਸਥਿਤੀਆ ਅੱਧ-ਪਚੱਧ ਵੀ ਅਨੁਕੂਲ ਹੋਣ ਤਾਂ ਕਦੇ ਪਾਸਾ ਨਾ ਵੱਟੋ, ਜਿੰਨਾ ਹੋ ਸਕਦਾ ਹੈ ਜ਼ਰੂਰ ਹਿੱਸਾ ਪਾਓ ਜਾਂ ਕਰਮ ਕਰੋ, ਕਿਉਂਕਿ ਹਰ ਇੱਕ ਦੇ ਹਿੱਸੇ ਨੇਕ ਕਰਮ ਕਰਨ ਦੀ ਪ੍ਰਮਾਤਮਾ ਨੇ ਲਿਖਤ ਨਹੀਂ ਕੀਤੀ ਹੁੰਦੀ
ਪ੍ਰੋਫ਼ੈਸਰ ਸਾਹਿਬ ਦੀਆਂ ਕਹੀਆਂ ਗੱਲਾਂ ਅੱਜ ਵੀ ਮੇਰੇ ਯਾਦ ਆਉਂਦੀਆਂ ਹਨ ਉਨ੍ਹਾਂ ਗੱਲਾਂ ਨੂੰ ਮੈਂ ਰੂਹਾਨੀਅਤ ਨਾਲ ਜੋੜ ਕੇ ਦੇਖਦਾ ਹਾਂ ਤਾਂ ਮਹਿਸੂਸ ਹੁੰਦਾ ਹੈ ਕਿ ਉਪਰੋਕਤ ਵਰਤਾਰਾ ਇੱਕ ਅਜੀਬ ਘਟਨਾਕਰਮ ਹੈ ਜੋ ਸਮਝਿਆ ਜਾਂ ਜਾਣਿਆ ਨਹੀਂ ਜਾ ਸਕਦਾ, ਬਸ ਕੇਵਲ ਅਨੁਭਵ ਕੀਤਾ ਜਾ ਸਕਦਾ ਹੈ ਪਰ ਕਾਲ਼ ਸ਼ਿਕਾਰੀ ਨੇ ਮਨੁੱਖ ਲਈ ਅਜਿਹੇ ਬਰੀਕ ਤੰਦਾਂ ਵਾਲੇ ਜਾਲ਼ ਬੁਣੇ ਹੋਏ ਹਨ ਕਿ ਕਈ ਵਾਰ ਨਾ ਚਾਹੁੰਦਾ ਹੋਇਆ ਵੀ ਇਨਸਾਨ ਇਨ੍ਹਾਂ ਵਿੱਚ ਫਸ ਜਾਂਦਾ ਹੈ ਇਨ੍ਹਾਂ ਤੋਂ ਬਚਣ ਦਾ ਰਾਹ ਬੇਸ਼ੱਕ ਪੂਰਨ ਮੁਰਸ਼ਦ ਦੁਆਰਾ ਦਿੱਤੇ ਗਏ ਜਾਦੂ ਦੇ ਉਹ ਸ਼ਬਦ (ਨਾਮ) ਹਨ ਜਿਨ੍ਹਾਂ ਦੀ ਵਰਤੋਂ ਅਤੇ ਸਤਿਗੁਰ ਦੇ ਪਿਆਰ ਦੀ ਛਤਰ-ਛਾਇਆ ਕਾਰਨ ਇਨਸਾਨ ਇਨ੍ਹਾਂ ਜਾਲ਼ਾਂ ਵਿੱਚ ਫਸਣ ਤੋਂ ਬਚਿਆ ਰਹਿ ਸਕਦਾ ਹੈ ਮੈਂ ਇੱਕ ਗੱਲ ਹੋਰ ਅਨੁਭਵ ਕੀਤੀ ਹੈ
ਕਿ ਭਾਵੇਂ ਨਾਮ ਦਾ ਸਿਮਰਨ ਘੱਟ ਹੋ ਰਿਹਾ ਹੋਵੇ, ਸੇਵਾ ਵੱਲ ਟਾਈਮ ਨਾ ਨਿਕਲ ਰਿਹਾ ਹੋਵੇ, ਪਰ ਬਚਨਾਂ ’ਤੇ ਪੱਕਾ ਅਤੇ ਸਤਿਗੁਰ ਦੀ ਛਤਰ-ਛਾਇਆ ਨੂੰ ਹੀ ਸਭ ਤੋਂ ਉੱਚੀ ਸਮਝਣ ਵਾਲਾ ਇਨਸਾਨ ਉਨ੍ਹਾਂ ਲੋਕਾਂ ਤੋਂ ਕਿਤੇ ਅੱਗੇ ਹੈ ਜਿਹੜੇ ਗੱਲਾਂ-ਗੱਲਾਂ ਵਿੱਚ ਰੱਬ ਨੂੰ ਵੀ ਹੇਠਾਂ ਲਾਹ ਲੈਂਦੇ ਹਨ ਅਤੇ ਕਹਿੰਦੇ ਹਨ ਕਿ ‘ਸਾਡੀ ਤਾਂ ਜੀ ਸੱਚੇ ਪਾਤਸ਼ਾਹ ਜੀ ਨਾਲ ਜਮਾਂ ਹੀ ਸਿੱਧੀ ਗੱਲਬਾਤ ਹੈ’ ਸਾਰੇ ਤਾਂ ਨਹੀਂ ਪਰ ਅਜਿਹਾ ਕਹਿਣ ਵਾਲਿਆਂ ’ਚੋਂ ਜ਼ਿਆਦਾਤਰ ਦੇ ਚਿਹਰੇ ਉਹ ਕੁਝ ਨਹੀਂ ਦੱਸ ਰਹੇ ਹੁੰਦੇ ਜੋ ਗੱਲਾਂ ਕਰ-ਕਰ ਕੇ ਉਹ ਦੂਜਿਆਂ ’ਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦੇ ਹਨ ਅਜਿਹੇ ਆਸ਼ਕਾਂ ਦੀਆਂ ਗੱਲਾਂ ਅਤੇ ਚਿਹਰੇ ਦੀ ਗੁਪਤ ਬੋਲੀ ਦਾ ਆਪਸੀ ਤਾਲਮੇਲ ਬਿਲਕੁਲ ਹੀ ਵਿਗੜਿਆ ਹੁੰਦਾ ਹੈ
ਅਸਲ ਵਿੱਚ ਜਿੰਨ੍ਹਾਂ ਦੀ ਮੁਰਸ਼ਦ ਨਾਲ (ਅੰਦਰੋਂ) ਜਮ੍ਹਾਂ ਸਿੱਧੀ ਹੁੰਦੀ ਹੈ ਉਹ ਤਾਂ ਅਕਸਰ ਚੁੱਪ ਹੀ ਰਹਿੰਦੇ ਹਨ ਪੰਜਾਬੀ ਦੀ ਇੱਕ ਕਹਾਵਤ ਹੈ ਕਿ ‘ਪੱਥਰ ਕਹਿੰਦਾ ਮੈਂ ਪਾਣੀ ਵਿੱਚ ਪਿਆ-ਪਿਆ ਖੁਰਦਾ ਰਹਿੰਦਾ ਹਾਂ, ਲੂਣ ਹੱਸ ਕੇ ਕਹਿੰਦਾ ‘ਜਿਹੜੇ ਖੁਰਦੇ ਨੇ ਉਹ ਤਾਂ ਬੋਲਦੇ ਹੀ ਨਹੀਂ’ ਸੱਚੇ ਪਾਤਸ਼ਾਹ ਜੀ ਵੀ ਫਰਮਾਉਂਦੇ ਹਨ ਕਿ ‘ਕਹਿਣੀ ਨਾਲੋਂ ਕਰਨੀ ਚੰਗੀ, ਜੇ ਕੋਈ ਕਰ ਸਕੇ’ ਉਪਰਲੇ ਪਹਿਰੇ ਵਿੱਚ ਲਿਖੀ ਗੱਲ ਦਾ ਮਤਲਬ ਹੈ ਕਿ ਸਤਿਗੁਰ ਦੇ ਦੇਹਿ-ਸਰੂਪ ਦੀਆਂ ਨਜ਼ਦੀਕੀਆਂ ਪ੍ਰ੍ਰਾਪਤ ਹੋਣ ਤੋਂ ਬਾਅਦ ਉਨ੍ਹਾਂ ਨਾਲ ਹੁੰਦੇ ਵਾਰਤਾਲਾਪਾਂ ਨੂੰ ਦੱਸਣਾ ਫਿਰ ਹੀ ਜ਼ਿਆਦਾ ਵਧੀਆ ਢੁਕਦਾ ਹੈ ਜੇਕਰ ਗੁਰਮੁੱਖਤਾ ਵੀ ਉਸੇ ਹੱਦ ਤੱਕ ਬਣੀ ਰਹੇ ਪਰ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਜਿਹੜੇ ਅਜਿਹੀ ਪੱਧਰ ਦੀ ਗੁਰਮੁੱਖਤਾ ਵਾਲੇ ਹੁੰਦੇ ਹਨ
ਉਹ ਤਾਂ ਬਾਹਲ਼ੀਆਂ ਗੱਲਾਂ ਕਰਦੇ ਹੀ ਨਹੀਂ ਚਲੋ ਛੱਡੋ ਗੱਲ ਹੋੋਰ ਹੀ ਪਾਸੇ ਤੁਰ ਪਈ ਨੌਜਵਾਨ ਉਮਰ ਵਿੱਚ ਬੰਦਗੀ ਵਿੱਚੋਂ ਅਨੰਦ ਲੈਣਾ ਜਲਦੀ ਅਸਰਦਾਇਕ ਅਤੇ ਉੱਤਮ ਦਰਜੇ ਵਿੱਚ ਇਸ ਲਈ ਆ ਜਾਂਦਾ ਹੈ ਕਿਉਂਕਿ ਮਨ ਦੁਆਰਾ ਦਿੱਤੇ ਜਾਂਦੇ ਵਿਸ਼ੇ-ਵਿਕਾਰਾਂ ਭਰੇ ਖਿਆਲਾਂ ਦਾ ਮੁਕਾਬਲਾ ਕਰਨਾ ਜਣੇ-ਖਣੇ ਦੇ ਵੱਸ ਦੀ ਗੱਲ ਨਹੀਂ ਅਜਿਹਾ ਸਭ ਮੁਰਸ਼ਦ ਉੱਪਰ ਪੂਰੇ ਯਕੀਨ, ਡਰ-ਭੈਅ ਅਤੇ ਉਨ੍ਹਾਂ ਦੀ ਛਤਰ-ਛਾਇਆ ਤੋਂ ਬਿਨਾਂ ਸੰਭਵ ਨਹੀਂ ਸਤਿਗੁਰ ਦੀ ਯਾਦ ਦਾ ਨਿਰੰਤਰ ਚੱਲਦੇ ਰਹਿਣਾ, ਦਰਸ਼ਨਾਂ ਦੁਆਰਾ ਆਤਮਿਕ ਚਾਰਜਿੰਗ, ਬਚਨਾਂ ਦਾ ਕਵਚ ਭਾਵ ਸਮੂਹਿਕ ਰੂਪ ਵਿੱਚ ਕਿਹਾ ਜਾਵੇ ਤਾਂ ਇਨ੍ਹਾਂ ਤਿੰਨਾਂ ਦਾ ਮਤਲਬ ਸਤਿਗੁਰ ਦੀ ਗੁਪਤ ਛਤਰ-ਛਾਇਆ ਹੇਠ ਰਹਿਣਾ ਹੈ ਅਜਿਹੀ ਛਤਰ-ਛਾਇਆ ਇੱਕ ਅਦ੍ਰਿਸ਼ ਅਤੇ ਬਿਲਕੁਲ ਨਿੱਜੀ ਅਹਿਸਾਸ ਹੈ ਅਤੇ ਇਸ ਤੋਂ ਬਾਹਰ ਜਾਣ ਦੇ ਅਨੇਕਾਂ ਤਰੀਕੇ ਵੀ ਮਨ ਅਜਿਹਾ ਮਿੱਤਰ ਬਣ ਕੇ ਦੱਸਦਾ ਹੈ ਕਿ ਇਨਸਾਨ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਮੈਂ ਬਿਲਕੁਲ ਠੀਕ ਕਰ ਰਿਹਾ ਹਾਂ ਛਤਰ-ਛਾਇਆ ਦਾ ਅਰਥ ਕਿਸੇ ਬਾਹਰੀਪਣ, ਮੁਰਸ਼ਦ ਦੇ ਦੇਹਿ-ਸਰੂਪ ਦੀ ਨਜ਼ਦੀਕੀ ਤੋਂ ਨਹੀਂ, ਸਗੋਂ ਇਹ ਇੱਕ ਵਿਸ਼ੇਸ਼ ਆਤਮਿਕ ਅਨੁਭਵ ਹੈ
ਇਸਦੇ ਆਉਣ ਜਾਂ ਬਣੇ ਰਹਿਣ ਦਾ ਅਨੁਭਵ ਤਾਂ ਸ਼ਾਇਦ ਘੱਟ ਲੋਕਾਂ ਨੂੰ ਹੁੰਦਾ ਹੋਵੇਗਾ ਪਰ ਜੋ ਇਸ ਤੋਂ ਪਰ੍ਹੇ ਚਲਿਆ ਜਾਂਦਾ ਹੈ, ਉਹ ਜ਼ਰੂਰ ਆਪਣੇ ਬਾਰੇ ਪੂਰੀ ਦੀ ਪੂਰੀ ਕਿਤਾਬ ਲਿਖ ਸਕਦਾ ਹੈ ਕਿ ਮੈਂ ਪਹਿਲਾਂ ਕੀ ਸੀ ਅਤੇ ਹੁਣ ਪਦਾਰਥਵਾਦ ਦੀ ਖਿੱਚ ਨੇ ਮੈਨੂੰ ਕੀ ਬਣਾ ਦਿੱਤਾਕਈ ਵਾਰ ਜਵਾਨ ਉਮਰ ਵਿੱਚ ਚੰਚਲ-ਮਨ ਦੀਆਂ ਲਹਿਰਾਂ ਵਿੱਚ ਵਹਿ ਕੇ ਇਨਸਾਨ ਸਤਿਗੁਰ ਪਿਆਰ ਦੀ ਛਤਰ-ਛਾਇਆ ਨੂੰ ਮਾਮੂਲੀ ਸਮਝ ਲੈਂਦਾ ਹੈ ਅਤੇ ਜਦੋਂ ਹੋਸ਼ ਆਉਂਦੀ ਹੈ ਤਾਂ ਫਿਰ ਤੋਂ ਟੁੱਟੀ ਹੋਈ ਗੰਢਾਉਣ ਵਾਲਾ ਫੈਸਲਾ ਲੈਣਾ ਵੀ ਔਖਾ ਲੱਗਦਾ ਹੈ ਲਗਭਗ ਚਾਰ ਕੁ ਸਾਲ ਪਹਿਲਾਂ ਦੀ ਗੱਲ ਹੈ ਮੇਰਾ ਇੱਕ ਕਲਾਸ-ਫੈਲੋ (ਪ੍ਰੇਮੀ ਸੱਜਣ) ਜੋ ਇੱਕ ਚੰਗੇ ਅਤੇ ਆਰਥਿਕ ਪੱਖੋਂ ਸੰਪੰਨ ਘਰ ਨਾਲ ਸਬੰਧ ਰੱਖਦਾ ਹੈ ਅਤੇ ਉਸ ਸਮੇਂ (ਚਾਰ ਸਾਲ ਪਹਿਲਾਂ) ਇੱਕ ਸਰਕਾਰੀ ਬੈਂਕ ਵਿੱਚ ਕੈਸ਼ੀਅਰ ਲੱਗਿਆ ਹੋਇਆ ਸੀ
ਉਸ ਦੀ ਪਤਨੀ ਵੀ ਕਿਸੇ ਸਰਕਾਰੀ ਵਿਭਾਗ ਵਿੱਚ ਨੌਕਰੀ ਕਰਦੀ ਸੀ 22-23 ਕਿੱਲੇ (ਏਕੜ) ਜ਼ਮੀਨ ਦਾ ਉਹ ਇਕੱਲਾ ਮਾਲਕ ਹੈ ਮਾਂ-ਬਾਪ ਦੀ ਇੱਕੋ-ਇੱਕ ਔਲ਼ਾਦ ਅਤੇ ਦੋ ਪਿਆਰੇ ਜਿਹੇ ਬੱਚਿਆਂ ਦਾ ਪਾਪਾ ਹੈ ਉਹ ਅਸੀਂ ਇਕੱਠੇ ਪੜ੍ਹੇ, ਖੇਡੇ, ਸਤਿਸੰਗਾਂ ਅਤੇ ਸੇਵਾ ’ਤੇ ਇਕੱਠੇ ਜਾਂਦੇ ਰੁਚੀਆਂ ਅਤੇ ਸਮੇਂ ਅਨੁਸਾਰ ਅਸੀਂ ਅਲੱਗ-ਅਲੱਗ ਪ੍ਰੋਫੈਸ਼ਨਜ਼ (ਕਿੱਤਿਆਂ) ਵਿੱਚ ਐਡਜ਼ਸਟ ਹੋ ਗਏ ਪਰ ਸਾਢੇ ਕੁ ਚਾਰ ਸਾਲ ਪਹਿਲਾਂ ਇੱਕ ਦਿਨ ਉਹ ਕਹਿੰਦਾ ਕਿ ਮੈਂ ਬਾਹਰ (ਵਿਦੇਸ਼) ਸੈਟਲ ਹੋਣਾ ਚਾਹੁੰਦਾ ਹਾਂ ਮੈਂ ਉਸਨੂੰ ਕਿਹਾ ‘ਯਾਰ, ਇੱਕ ਲੱਖ ਤੋਂ ਉੱਪਰ ਤੁਹਾਡੀ ਦੋਹਾਂ ਦੀ (ਮਹੀਨੇ ਦੀ) ਤਨਖਾਹ ਹੈ ਦਸ-ਗਿਆਰਾਂ ਲੱਖ ਦੇ ਲਗਭਗ ਸਾਲ ਦਾ ਜ਼ਮੀਨੀ ਠੇਕਾ ਆ ਜਾਂਦਾ ਹੈ
ਅੰਕਲ ਜੀ (ਉਸ ਦੇ ਪਾਪਾ ਜੀ, ਰਿਟਾਇਰਡ ਐੱਸ.ਡੀ.ਓ. ਹਨ) ਦੀ ਪੈਨਸ਼ਨ ਵੀ 40-45 ਹਜ਼ਾਰ ਰੁਪਏ ਮਹੀਨਾ ਹੈ, ਫਿਰ ਤੂੰ ਬਾਹਰ ਜਾ ਕੇ ਅੰਬ ਲੈਣੇ ਨੇ? ਜੇ ਤਾਂ ਕੋਈ ਆਰਥਿਕ ਮਜ਼ਬੂਰੀ ਹੈ ਫਿਰ ਤਾਂ ਬੇਸ਼ੱਕ ਬਾਹਰ ਜਾ, ਪਰ ਜਦੋਂ ਤੇਰਾ ਇੱਥੇ ਚੰਗਾ ਭਲਾ ਸਰਦਾ ਹੈ ਤਾਂ ਕਿਉਂ ਘਰ-ਬਾਰ ਛੱਡਦੈਂ, ਨਾਲੇ ਅੰਕਲ-ਆਂਟੀ ਨੂੰ ਬੁਢਾਪੇ ਵਿੱਚ ਰੋਲ਼ਣ ’ਤੇ ਤੁਲਿਆ ਹੋਇਆ ਹੈਂ ਉਹ ਕਹਿੰਦਾ, ਯਾਰ ਇੰਡੀਆ ’ਚ ਕੁਝ ਨੀ ਪਿਆ, ਮੈਂ ਤਾਂ ਕਹਿਨਾ ਸਗੋਂ ਤੂੰ ਵੀ ਚੱਲ, ਕੀ ਪਿਆ ਇੱਥੇ? ਮੈਂ ਉਸਨੂੰ ਸਮਝਾਉਣ ਦੀ ਨਾਕਾਮ ਜਿਹੀ ਕੋਸ਼ਿਸ਼ ਕਰਦਿਆਂ ਕਿਹਾ ਕਿ ਮੰਨਿਆਂ ਇੱਥੇ ਕਾਫ਼ੀ ਕਮੀਆਂ ਹਨ ਪਰ ਆਪਣੇ ਦੇਸ਼ ਦੀ ਸੰਸਕ੍ਰਿਤੀ ਅੱਜ ਵੀ ਸਭ ਤੋਂ ਉੱਤੇ ਹੈ, ਇਸ ਤੋਂ ਬਿਨਾਂ ਸਤਿਗੁਰ ਦੇ ਪਿਆਰ, ਦਰਸ਼-ਦੀਦਾਰ ਤੇ ਪਿਆਰ ਭਰੀ ਛਤਰ-ਛਾਇਆ ਦਾ ਕਿਤੇ ਵੀ ਕੋਈ ਤੋੜ ਨਹੀਂ ਪਰ ਉਸਨੇ ਬਾਹਰੀਪਣ ਦੀਆਂ ਅਜਿਹੀਆਂ ਦਲੀਲਾਂ ਦਿੱਤੀਆਂ ਕਿ ਜਿਨ੍ਹਾਂ ਦਾ ਮੇਰੇ ਕੋਲ਼ ਕੋਈ ਜਵਾਬ ਨਹੀਂ ਸੀ ਆਖਰ ਛੇ ਕੁ ਮਹੀਨਿਆਂ ਬਾਅਦ ਉਹ ਇੰਡੀਆ ’ਚੋਂ ਹੀ ਪੀ.ਆਰ. ਹੋ ਕੇ ਪਤਨੀ ਤੇ ਬੱਚਿਆਂ ਸਮੇਤ ਕੈਨੇਡਾ ਚਲਾ ਗਿਆ ਆਂਟੀ-ਅੰਕਲ ਜੀ ਇੱਧਰ ਹੀ ਰਹੇ ਵਿੱਚ ਦੀ ਦੋ ਕੁ ਵਾਰ ਉਹ ਉਸ ਕੋਲ ਛੇ-ਛੇ ਮਹੀਨਿਆਂ ਲਈ ਗਏ ਵੀ ਪਰ ਇੱਕ ਵਾਰ ਤਾਂ ਦੋ ਕੁ ਮਹੀਨਿਆਂ ਬਾਅਦ ਹੀ ਵਾਪਸ ਇੰਡੀਆ ਆ ਗਏ, ਉਨ੍ਹਾਂ ਦਾ ਜੀਅ ਨਹੀਂ ਲੱਗਿਆ ਸੀ
ਕਦੇ-ਕਦੇ ਉਸ ਦਾ ਮੇਰੇ ਕੋਲ਼ ਫੋਨ ਆਉਂਦਾ ਜਾਂ ਮੈਂ ਵੀ ਕਰ ਲੈਂਦਾ ਹੁਣ ਤੋਂ ਦੋ ਕੁ ਮਹੀਨੇ ਪਹਿਲਾਂ ਉਹ ਵੀਹ ਕੁ ਦਿਨਾਂ ਲਈ ਇੰਡੀਆ ਆਇਆ ਸੀ ਮੇਰੇ ਉਸ ਨਾਲ ਬਚਪਨ ਤੋਂ ਨਿੱਘੇ ਸਬੰਧ ਰਹੇ ਹਨ ਜਿਸ ਕਾਰਨ ਮੈਨੂੰ ਉਹ ਕੁਝ ਅਜਿਹਾ ਦੱਸ ਗਿਆ ਜਿਸ ਨਾਲ ਮੇਰਾ ਚਿੱਤ ਉਦਾਸ ਹੋ ਗਿਆ ਉਸਨੇ ਦੱਸਿਆ ਕਿ ਕੋਈ ਸ਼ੱਕ ਨਹੀਂ ਕਿ ਉੱਥੇ ਕਾਨੂੰਨ, ਸਹੂਲਤਾਂ ਅਤੇ ਅਧਿਕਾਰ ਬੜੇ ਜ਼ਬਰਦਸਤ ਹਨ ਅਤੇ ਰਿਸ਼ਵਤਖੋਰੀ ਨਾ-ਮਾਤਰ ਹੈ ਜਾਂ ਬਿਲਕੁੱਲ ਵੀ ਨਹੀਂ ਕਈ ਦਿਨ ਤਾਂ ਜਦੋਂ ਅਸੀਂ ਇਕੱਠੇ ਹੁੰਦੇ ਉਹ ਉਸ ਸਮੇਂ ਮੈਨੂੰ ਬਾਹਰਲੇ ਸੁੱਖ-ਆਰਾਮ, ਸਹੂਲਤਾਂ ਅਤੇ ਹੋਰ ਵੀ ਹਰ ਪ੍ਰਕਾਰ ਦੇ ਪਲੱਸ ਅਤੇ ਮਾਈਨਸ ਪੁਆਇੰਟ ਦੱਸਦਾ ਰਿਹਾ, ਪਤਾ ਨਹੀਂ ਤਾਂ ਉਸ ਨਾਲ ਮੇਰੀ ਦਿਲੀ-ਸਾਂਝ ਸੀ ਜਾਂ ਕੀ ਗੱਲ ਸੀ ਕਿ ਮੈਨੂੰ ਲੱਗਿਆ ਉਸਦੇ ਅੰਦਰ ਕੁਝ ਅਟਕਿਆ ਜਿਹਾ ਪਿਆ ਹੈ ਪਰ ਬਾਹਰ ਨਹੀਂ ਆ ਰਿਹਾ ਕਿਉਂਕਿ ਉਸ ਦੀਆਂ ਗੱਲਾਂ ਅਤੇ ਚਿਹਰਾ ਆਪਸ ਵਿੱਚ ਵੱਖੋ-ਵੱਖਰੇ ਰਾਹ ਚੱਲਦੇ ਮਹਿਸੂਸ ਹੋ ਰਹੇ ਸਨ ਮੈਂ ਉਸ ਨੂੰ ਪੁੱਛਦਾ ਵੀ ਤਾਂ ਉਹ ਇਸਦੇ ਬਾਰੇ ਕਦੇ ਫਿਰ ਗੱਲ ਕਰਾਂਗੇ ਕਹਿੰਦਾ ਅਤੇ ਗੱਲ ਨੂੰ ਅੱਗੇ ਪਾ ਦਿੰਦਾ ਇੱਕ ਦਿਨ ਮੈਂ ਹੱਸਦੇ ਹੋਏ ਨੇ ਕਹਿ ਹੀ ਦਿੱਤਾ:-
ਗੱਲ ਦਿਲ ਦੀ ਦੱਸ ਸੱਜਣਾ, ਝੂਠੇ ਲਾਰਿਆਂ ’ਚ ਕੀ ਰੱਖਿਆ
ਉਹ ਕੁਝ ਚਿਰ ਚੁੱਪ ਰਿਹਾ, ਫਿਰ ਨਾ-ਵਾਚਕ ਸੰਕੇਤ ਵਿੱਚ ਸਿਰ ਜਿਹਾ ਹਿਲਾ ਕੇ ਕਹਿੰਦਾ ਕਿ ‘ਮੈਨੂੰ ਤਾਂ ਯਾਰ ਮੇਰੇ ਮਨ ਨੇ ਹੀ ਠੱਗ ਲਿਆ ਆਪਣੇ ਆਪ ਨਾਲ ਮੈਂ ਖੁਦ ਹੀ ਧੱਕਾ ਜਿਹਾ ਕਰ ਬੈਠਾ ਕਦੇ-ਕਦੇ ਲੱਗਦਾ ਹੈ ਕਾਫ਼ੀ ਕੁਝ ਇੱਥੇ ਹੀ ਰਹਿ ਗਿਆ ਪਹਿਲਾਂ ਤਾਂ ਮੈਨੂੰ ਲੱਗਿਆ ਕਿਤੇ ਮੰਮੀ-ਪਾਪਾ ਜੀ ਦੇ ਮੋਹ ਕਾਰਨ ਉਨ੍ਹਾਂ ਤੋਂ ਦੂਰ ਜਾ ਕੇ ਅਜਿਹਾ ਲੱਗਦਾ ਹੈ ਪਰ ਜਦੋਂ ਉਹ ਪਹਿਲੀ ਵਾਰ ਉੱਥੇ ਮੇਰੇ ਕੋਲ ਮਿਲਣ ਗਏ ਤਾਂ ਉਹ ਅਦ੍ਰਿਸ਼ ਘਾਟ ਫਿਰ ਵੀ ਮਹਿਸੂਸ ਹੋ ਰਹੀ ਸੀ ਮੈਂ ਉਨ੍ਹਾਂ ਨੂੰ ਆਪਣੇ ਕੋਲ਼ ਪੱਕੇ ਤੌਰ ’ਤੇ ਬੁਲਾਉਣ ਲਈ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ, ਫਿਰ ਵੀ ਮੇਰੀ ਅੰਦਰਲੀ ਰੜਕ ਜਿਹੀ ਦੂਰ ਨਹੀਂ ਹੋਈ ਜ਼ਮੀਨ-ਜਾਇਦਾਦ ਵਾਲੀ ਗੱਲ ਵੀ ਨਹੀਂ, ਉਹ ਤਾਂ ਜਦੋਂ ਮਰਜ਼ੀ ਵੇਚ-ਵੱਟ ਕੇ ਉੱਧਰ ਲੈ ਜਾਵਾਂ ਬੱਚੇ ਤਾਂ ਬੱਚੇ ਹਨ
ਵਿਚਾਰੇ, ਇੱਧਰ ਵੀ ਖੁਸ਼ ਸਨ ਅਤੇ ਹੁਣ ਉੱਧਰ ਵੀ ਖੁਸ਼ ਹਨ ਪਰ ਨਾ ਮੈਂ ਖੁਸ਼ ਹਾਂ, ਨਾ ਹੀ ਮੇਰੀ ਪਤਨੀ ਅਤੇ ਨਾ ਹੀ ਇੱਧਰ ਮੰਮੀ-ਪਾਪਾ ਜੀ ਬਹੁਤੇ ਖੁਸ਼ ਹਨ ਮੈਂ ਉੱਧਰ ਆਪਣੇ ਇੱਕ ਨਜ਼ਦੀਕੀ ਰਿਸ਼ਤੇਦਾਰ ਨਾਲ ਬਿਜਨੈੱਸ ਵਿੱਚ ਅੱਧਾ ਹਿੱਸਾ ਪਾਇਆ ਹੈ, ਚੰਗੀ ਕਮਾਈ ਹੈ ਸਰੀਰਕ ਅਤੇ ਆਰਥਿਕ ਪੱਖੋਂ ਕੋਈ ਮੁਸ਼ਕਿਲ ਨਹੀਂ, ਪਰ ਮੈਨੂੰ ਲੱਗਦਾ ਹੈ ਕਿ ਮੈਂ ਆਪਣੀ ਰੂਹ ਨਾਲ ਧੱਕਾ ਕਰ ਦਿੱਤਾ ਮਸ਼ੀਨ ਬਣ ਗਏ ਅਸੀਂ ਪਤੀ-ਪਤਨੀ ਇੰਡੀਆ ਤੋਂ ਜਾਣ ਸਮੇਂ ਕੋਈ ਮਜ਼ਬੂਤ ਨਿਸ਼ਾਨਾ ਵੀ ਨਹੀਂ ਸੀ ਮੇਰੇ ਕੋਲ, ਐਵੇਂ ਅੰਨ੍ਹੀ ਦੌੜ ਵਿੱਚ ਮੂੰਹ ਚੁੱਕ ਕੇ ਭੱਜ ਲਿਆ
ਸਤਿਗੁਰ ਦੇ ਬਚਨਾਂ ’ਤੇ ਪੱਕਾ ਹਾਂ ਪਰ ਉਵੇਂ ਸ਼ੁੱਧਤਾ ਨਹੀਂ ਰਹੀ ਜਿਵੇਂ ਇੱਥੇ ਹੁੰਦੀ ਸੀ ਸਿਮਰਨ ਦਾ ਇੱਕ ਵਧੀਆ ਬਣਿਆ ਹੋਇਆ ਰੂਟੀਨ ਟੁੱਟ ਗਿਆ ਇੰਟਰਨੈੱਟ ’ਤੇ ਸਤਿਸੰਗ ਸੁਣਨ ਜਾਂ ਦਰਸ਼ਨ ਕਰਨ ਦਾ ਸਿਸਟਮ ਵੀ ਮਨ ਨੇ ਸਮੇਂ ਦੀ ਘਾਟ ਅਤੇ ਦਿਨ-ਰਾਤ ਦਾ ਬਹਾਨਾ ਲਾ ਕੇ ਖਰਾਬ ਕਰ ਦਿੱਤਾ ਕਦੇ-ਕਦੇ ਜੇਕਰ ਜ਼ਿਆਦਾ ਹੱਸ ਲਵਾਂ ਤਾਂ ਨਾਲ ਹੀ ਰੋਣ ਨੂੰ ਦਿਲ ਕਰ ਆਉਂਦਾ ਹੈ
ਕਈ ਵਾਰ ਰੋ ਵੀ ਪੈਂਦਾ ਹਾਂ ਇਸਨੂੰ ਮੈਂ ਸਤਿਗੁਰ ਦੀ ਜੁਦਾਈ ਕਹਿਣ ਦਾ ਵੀ ਹੱਕਦਾਰ ਨਹੀਂ, ਕਿਉਂਕਿ ਇਹ ਤਾਂ ਮੈਂ ਜਾਣ-ਬੁੱਝ ਕੇ, ਬਿਨਾਂ ਕਿਸੇ ਮਜ਼ਬੂਰੀ ਦੇ ਖੁਦ ਸਹੇੜੀ ਹੈ ਦਿਲ ਕਰਦਾ ਹੈ ਵਾਪਸ ਆ ਜਾਵਾਂ ਜਵਾਕਾਂ ਨੇ ਰਹਿਣਾ ਹੈ ਤਾਂ ਰਹੀ ਜਾਣ, ਆਪਣਾ ਘਰ ਅਤੇ ਰਿਸ਼ਤੇਦਾਰ ਉੱਥੇ ਹਨ ਸਭ ਕੁਝ ਹੁੰਦੇ ਹੋਏ ਵੀ ਇੰੰਜ ਲੱਗਦਾ ਹੈ ਮੈਂ ਆਪਣੀ ਰੂਹ ਦਾ ਗੁਨਾਹੀ ਹਾਂ ਜਿਵੇਂ ਦੁੱਧ ਪੀਂਦੇ ਬੱਚੇ ਨੂੰ ਉਸ ਦੀ ਮਾਂ ਨਾਲੋਂ ਤੋੜ ਦਿੱਤਾ ਜਾਵੇ, ਉਸੇ ਤਰ੍ਹਾ ਹੀ ਮੈਂ ਆਪਣੀ ਆਤਮਾ ਨੂੰ ਸਤਿਗੁਰ ਦੇ ਦਰਸ਼ਨਾਂ ਅਤੇ ਪਿਆਰ ਨਾਲੋਂ ਤੋੜ ਦਿੱਤਾ ਇੰਨੀ ਗੱਲ ਕਹਿੰਦਿਆਂ ਉਹ ਉੱਚੀ-ਉੱਚੀ ਰੋ ਪਿਆ
ਉਸਨੇ ਫਿਰ ਕਿਹਾ ‘ਮੈਨੂੰ ਲੱਗਦਾ ਹੈ ਮੈਂ ਸਤਿਗੁਰ ਦੀ ਛਤਰ-ਛਾਇਆ ਤੋਂ ਆਪ ਹੀ ਬਾਹਰ ਆ ਗਿਆ ਹਾਂ ਮੈਂ ਉਹਦੇ ਪਿਆਰ ਦੀ ਕਦਰ ਨਹੀਂ ਕੀਤੀ ਅੰਦਰ ਇੱਕ ਹਲਕੀ-ਹਲਕੀ ਟੀਸ ਜਿਹੀ ਹਰ ਸਮੇਂ ਵੱਜਦੀ ਰਹਿੰਦੀ ਹੈ ਬਾਈ, ਤੂੰ ਹੀ ਦੱਸ ਭਲਾ ਮੈਨੂੰ ਹੀ ਅਜਿਹਾ ਕਿਉਂ ਲੱਗਦੈ? ਮੈਂ ਉਸਨੂੰ ਕਿਹਾ ‘ਯਾਰ… ਜੀਹਨੇ ਖਾਧੀ ਲੱਪ ਗੜੱਪੀਂ, ਓਹਨੂੰ ਕੀ ਆਖੇ ਉਂਗਲ ਚੱਟੀ’
ਉਹ ਕਹਿੰਦਾ ‘ਹਾਂ, ਅਸਲ ਵਿੱਚ ਇਹੋ ਗੱਲ ਹੈ,
ਆਪਾਂ ਸੱਚੇ ਪਾਤਸ਼ਾਹ ਜੀ ਦਾ ਪਿਆਰ ਮਾਣਦੇ ਰਹੇ ਹਾਂ, ਉਸ ਨਿੱਘ ਨੂੰ ਨੇੜਿਓਂ ਅਨੁਭਵ ਕੀਤਾ ਹੈ, ਉਸ ਦੀ ਯਾਦ ਭਰੇ ਵੈਰਾਗ ਨੇ ਅਨੇਕਾਂ ਵਾਰ ਆਪਣੇ ਵਿੱਚ ਡੁਬੋਇਆ ਹੈ, ਸ਼ਾਇਦ ਇਸੇ ਲਈ ਹੀ? ਹੁਣ ਤਾਂ ਡਰ ਜਿਹਾ ਲੱਗਦਾ ਰਹਿੰਦਾ ਹੈ ਕਿ ਪਤਾ ਨਹੀਂ ਕਿਹੜੇ ਸਮੇਂ ਮਨ ਕਿੱਥੋਂ ਅਤੇ ਕਿਹੜੀ ਗੱਲੋਂ ਡਿਗਾ ਦੇਵੇ ਜੇ ਇਹਨੇ (ਮਨ ਨੇ) ਕੁਝ ਐਸਾ-ਵੈਸਾ ਕਰਵਾ ਦਿੱਤਾ ਤਾਂ ਮੈਂ ਜਿਉਂਦੇ-ਜੀਅ ਮਰ ਜਾਊਂ ਬਾਈ’ ਮੈਂ ਉਸ ਨੂੰ ਹੌਂਸਲਾ ਦਿੰਦੇ ਹੋਏ ਕਿਹਾ ‘ਯਾਰ ਤੂੰ ਪਿਤਾ ਜੀ ਦੇ ਬਚਨਾਂ ਅਨੁਸਾਰ ਸਿਮਰਨ ਜਚਾ ਕੇ ਕਰਿਆ ਕਰ’ ਉਹ ਕਹਿੰਦਾ ਇਸ ਤਰ੍ਹਾਂ ਵੀ ਕਰ ਕੇ ਦੇਖ ਲਿਆ, ਖੁਸ਼ੀ ਤਾਂ ਮਿਲਦੀ ਹੈ ਪਰ ਅੱਖ ’ਚ ਪਏ ਵਾਲ਼ ਵਾਂਗ ਸਤਿਗੁਰ ਦੇ ਪਿਆਰ ਵਾਲੀ ਉਹ ਟੀਸ ਚੰਗੀ ਤਰ੍ਹਾਂ ਜਾਂਦੀ ਨਹੀਂ ਫਿਰ ਬਾਈ ਤੂੰ ਹੀ ਦੱਸ ਉਹ ਭਲਾਂ ਕਿਵੇਂ ਜਾਊ? ਮੈਂ ਉੱਤਰ ਦਿੱਤਾ, ‘ਮਿੱਤਰਾ ਅੱਖ ’ਚੋਂ ਚੰਗੀ ਤਰ੍ਹਾਂ ਵਾਲ਼ ਤਾਂ ਫਿਰ ਉਵੇਂ ਹੀ ਨਿੱਕਲੂ ਜਿਵੇਂ ਨਿੱਕਲ਼ਦਾ ਹੁੰਦੈ, ਤੂੰ ਕਿਹੜਾ ਨਿਆਣਾ (ਬੱਚਾ) ਹੈਂ, ਬਈ ਜਿਹੜਾ ਤੈਨੂੰ ਪਤਾ ਨਹੀਂ’ ਉਹ ਮੇਰੀ ਗੱਲ ਸੁਣ ਕੇ ਕਹਿੰਦਾ ‘ਗੱਲ ਤੇਰੀ ਠੀਕ ਹੈ, ਚਲੋ ਇਹਦੇ ਬਾਰੇ ਵੀ ਸੋਚਣਾ ਹੀ ਪਊ, ਕਰਦੇ ਹਾਂ ਵਿਚਾਰ, ਜੇ ਮਾਲਕ ਨੇ ਚਾਹਿਆ ਤਾਂ……
ਜਦੋਂ ਉਸਨੇ ਇਹ ਗੱਲ ਕਹੀ ਤਾਂ ਮੈਨੂੰ ਸਾਡੇ ਪ੍ਰੋਫ਼ੈਸਰ ਸਾਹਿਬ ਵਾਲੀ ਗੱਲ ਯਾਦ ਆ ਗਈ ਕਿ ਅੱਧੀ ਹਾਰ ਤਾਂ ਤੁਸੀਂ ਮਨ ਅੱਗੇ ਉਦੋਂ ਹੀ ਮੰਨ ਲਈ ਜਦੋਂ ਸਪੱਸ਼ਟ ਸੱਚ ਦਿੱਸਦੇ ਹੋਏ ਅਤੇ ਸਥਿਤੀਆਂ ਅਨੁਕੂਲ ਹੋਣ ਦੇ ਬਾਵਜੂਦ ਵੀ ਵਿਚਾਰ ਕਰਨ (ਭਾਵ ਦੁਚਿੱਤੀ) ਦੇ ਚੱਕਰਾਂ ਵਿੱਚ ਪੈ ਗਏ’ ਪਰ ਉਸ ਦੇ (ਮੇਰਾ ਕਲਾਸ-ਫੈਲੋ ਦੋਸਤ) ਤਾਂ ਸੌ ਪ੍ਰਸੈਂਟ ਹੀ ਸਥਿਤੀਆਂ ਅਨੁਕੂਲ ਸਨ ਆਤਮਾ ਤਾਂ ਤਨ ਦੇ ਪਿੰਜਰੇ ਵਿੱਚ ਕੈਦ ਹੈ ਉਹ ਜ਼ੋਰ ਤਾਂ ਪਾਉਂਦੀ ਹੈ ਪਰ ਸਿਮਰਨ ਦੀ ਘਾਟ ਅਤੇ ਇਨਸਾਨ ਦੁਆਰਾ ਸਤਿਗੁਰ ਦੇ ਪਿਆਰ ਵਾਲੀ ਛਤਰ-ਛਾਇਆ ਤੋਂ ਧੱਕੇ ਨਾਲ ਖੁਦ ਹੀ ਦੂਰ ਜਾ ਕੇ ਘਟ ਚੁੱਕੇ ਆਤਮਬਲ ਕਾਰਨ ਉਸ (ਰੂਹ) ਦੀ ਕੋਈ ਪੇਸ਼ ਨਹੀਂ ਜਾਂਦੀ ਬਸ ਫਿਰ ਤਾਂ ਉਹੀ ਗੱਲ ਹੋ ਜਾਂਦੀ ਹੈ ਕਿ :-
ਚਿੜੀ ਵਿਚਾਰੀ ਕੀ ਕਰੇ, ਠੰਡਾ ਪਾਣੀ ਪੀ ਮਰੇ (ਪੰਜਾਬੀ ਦੀ ਕਹਾਵਤ)