pooran murshid ka dar -sachi shiksha punjabi

ਯਕੀਂ ਕੇ ਨੂਰ ਸੇ ਰੌਸ਼ਨ ਹੈਂ ਰਸਤੇ ਅਪਨੇ, ਯੇ ਵੋਹ ਚਿਰਾਗ ਹੈ, ਤੁਫਾਂ ਜਿਸੇ ਬੁਝਾ ਨਾ ਸਕੇ – ਪੂਰਨ ਮੁਰਸ਼ਦ ਦਾ ਦਰ-123

ਬਚਪਨ ਅਤੇ ਜਵਾਨੀ ਗੁਜ਼ਰਨ ਤੋਂ ਬਾਅਦ ਮਨੁੱਖ ਉੱਪਰ ਬੁਢਾਪੇ ਦੀ ਅਜਿਹੀ ਅਵਸਥਾ ਆਉਂਦੀ ਹੈ ਜਿਸ ਵਿੱਚ ਮੌਤ ਤੋਂ ਬਿਨਾਂ ਹੋਰ ਕੋਈ ਵੀ ਤਬਦੀਲੀ ਨਹੀਂ ਆਉਂਦੀ ਸਤਿਗੁਰੂ-ਮਾਲਕ ਦੀ ਯਾਦ ਜਿਨ੍ਹਾਂ ਨੇ ਬਚਪਨ ਜਾਂ ਜਵਾਨੀ ਪਹਿਰ ਤੋਂ ਹੀ ਸ਼ੁਰੂ ਕਰ ਦਿੱਤੀ ਅਤੇ ਉਮਰ ਦੇ ਆਖਰੀ ਪੜਾਅ (ਬੁਢਾਪੇ) ਤੱਕ ਵੀ ਜਾਰੀ ਰੱਖੀ ਤਾਂ ਉਨ੍ਹਾਂ ਸਿਰੜੀ ਇਨਸਾਨਾਂ ਦੇ ਕੀ ਕਹਿਣੇ!

ਕਲਿਯੁਗ ਦੇ ਮਾੜੇ ਸਮੇਂ ਵਿੱਚ ਜੇਕਰ ਬੁਢਾਪੇ ਵਿੱਚ ਪਹੁੰਚ ਕੇ ਵੀ ਇਨਸਾਨ ਆਪਣੇ ਬੱਚਿਆਂ ’ਤੇ ਕਬੀਲਦਾਰੀ ਦਾ ਭਾਰ ਪਾ ਕੇ ਖੁਦ ਮਾਲਕ ਦੀ ਬੰਦਗੀ ਵੱਲ ਲੱਗ ਜਾਵੇ ਤਾਂ ਵੀ ਡੁੱਲ੍ਹੇ ਬੇਰਾਂ ਦਾ ਕੁਝ ਜ਼ਿਆਦਾ ਨਹੀਂ ਵਿਗੜਿਆ ਹੁੰਦਾ  ਦੁਨਿਆਵੀ ਅਤੇ ਸਮਾਜਿਕ ਕੰਮਾਂਕਾਰਾਂ ਦਾ ਅਨੁਭਵ ਜੋ ਇੱਥੇ ਆ ਕੇ ਹੰਕਾਰ ਦਾ ਰੂਪ ਧਾਰ ਜਾਂਦਾ ਹੈ ਉਹੀ ਮਾਲਕ ਦੀ ਬੰਦਗੀ ਵੱਲ ਪੈਰ ਨਹੀਂ ਲੱਗਣ ਦਿੰਦਾ ਉਸ ਨੂੰ ਲੱਗਦਾ ਹੈ ਕਿ ਮੇਰੇ ਵਾਲ ਐਵੇਂ ਧੁੱਪ ਵਿੱਚ ਹੀ ਸਫੈਦ ਨਹੀਂ ਹੋਏ ਸਗੋਂ ਕਾਫੀ ਕੰਮਾਂ ਵਿੱਚ ਮੈਨੂੰ ਉਮਰ-ਭਰ ਦਾ ਤਜ਼ਰਬਾ ਹੈ,

paavan-maha-paropakaar-divasਇਸ ਲਈ ਜੋ ਕੁਝ ਮੈਨੂੰ ਪਤਾ ਹੈ ਉਹ ਅੱਜ-ਕੱਲ੍ਹ ਦੀ ਮੰਡ੍ਹੀਰ (ਨੌਜਵਾਨ ਪੀੜ੍ਹੀ) ਨੂੰ ਕਿੱਥੇ ਪਤਾ ਅਸਲ ਵਿੱਚ ਬੁਢਾਪੇ ਦੀ ਉਮਰ ਵਿੱਚ ਤਜ਼ਰਬਾ ਤਾਂ ਹੀ ਦਿਖਾਇਆ ਜਾਂ ਦੱਸਿਆ ਜਾਵੇ ਜੇਕਰ ਕੋਈ ਜਾਣਨਾ ਚਾਹੇ, ਪਰ ਐਵੇਂ ਹੀ ਘਰ ਦੇ ਹਰ ਕੰਮ ਵਿੱਚ ਜਾਣ-ਬੁੱਝ ਕੇ ਆਪਣੀ ਟੀਕਾ-ਟਿੱਪਣੀ ਕਰਦੇ ਰਹਿਣਾ ਅੱਜ ਦੇ ਸਮੇਂ ਵਿੱਚ ਆਪਣਾ ਅਤੇ ਬੱਚਿਆਂ ਦਾ ਦਿਲ ਅਤੇ ਸਮਾਂ ਖਰਾਬ ਕਰਨ ਵਾਲੀ ਗੱਲ ਹੈ ਜ਼ਿਆਦਾਤਰ ਪਰਿਵਾਰਾਂ ਵਿੱਚ ਨੌਜਵਾਨਾਂ ਅਤੇ ਬਜ਼ੁਰਗਾਂ ਵਿਚਲੇ ਮੱਤਭੇਦਾਂ ਦਾ ਕਾਰਨ ਇਹੋ ਹੈ ਸਮੇਂ ਅਨੁਸਾਰ ਖੁਦ ਨੂੰ ਢਾਲਣਾ ਅਤੇ ਇੱਕ-ਦੂਜੇ ਦੀ ਕਦਰ ਕਰਨਾ ਹੀ ਸਮਝਦਾਰੀ ਦੀ ਨਿਸ਼ਾਨੀ ਹੈ

ਸਮਾਜ ਵਿੱਚ ਅਜਿਹੇ ਲੋਕ (ਬਜ਼ੁਰਗ) ਆਮ ਹੀ ਮਿਲ ਜਾਂਦੇ ਹਨ ਜੋ ਪੋਤੇ-ਪੋਤੀਆਂ ਦੇ ਮੋਹ ਵਿੱਚ ਲੋੜ ਤੋਂ ਵੱਧ ਉਲਝੇ ਹੋਏ ਹਨ ਅਤੇ ਵੱਖ-ਵੱਖ ਤਰ੍ਹਾਂ ਦੇ ਤਜ਼ਰਬਿਆਂ ਨੂੰ ਸਿਆਣਪ ਦੀ ਗਠੜੀ ਵਿੱਚ ਬੰਨ੍ਹ ਕੇ ਇੱਕ ਅਦ੍ਰਿਸ਼ ਅਤੇ ਅਜੀਬੋ-ਗਰੀਬ ਭਰਮ-ਭੁਲੇਖੇ ਵਿੱਚ ਖੁਦ ਨੂੰ ਕੈਦ ਕਰੀ ਰੱਖਦੇ ਹਨ ਅਧਿਆਤਮ ਅਨੁਸਾਰ ਤਾਂ ਪੰਜਾਹ ਸਾਲ ਦੀ ਉਮਰ ਤੋਂ ਬਾਅਦ ਇਨਸਾਨ ਨੂੰ ਦੁਨਿਆਵੀ ਕੰਮਾਂਕਾਰਾਂ ਤੋਂ ਫਾਰਗ ਹੋ ਕੇ ਸਿਮਰਨ-ਭਜਨ ’ਚ ਲੱਗ ਜਾਣਾ ਚਾਹੀਦਾ ਹੈ ਕਿਉਂਕਿ ਸਦਾ ਹੀ ਚੱਲਣ ਵਾਲੇ ਜੋ ਕੰਮ ਉਹ ਪੰਜਾਹ ਸਾਲਾਂ (ਅੱਧੀ ਸਦੀ) ਦੀ ਉਮਰ ਤੱਕ ਕਰਕੇ ਵੀ ਸੰਤੁਸ਼ਟ ਨਹੀਂ ਹੋ ਸਕਿਆ, ਉਹ ਅਗਲੀ ਰਹਿੰਦੀ ਉਮਰ ਵਿੱਚ ਹੋਰ ਕਰ-ਕਰ ਕੇ ਕਿਹੜਾ ਤੀਰ ਮਾਰ ਲਵੇਗਾ

ਕੁਝ ਲੋਕ ਆਉਣ ਵਾਲੇ ਸਮੇਂ (ਭਾਵ 50-55 ਸਾਲ ਤੋਂ ਬਾਅਦ ਵਾਲੀ ਉਮਰ) ਦੀ ਅਧਿਆਤਮਕ ਯੋਜਨਾ ਪਹਿਲਾਂ ਹੀ ਬਣਾ ਕੇ ਉਸ ਨੂੰ ਅਮਲੀ ਰੂਪ ਦੇਣ ਦੀਆਂ ਜੋ ਕੋਸ਼ਿਸ਼ਾਂ ਵਿੱਚ ਲੱਗੇ ਹੁੰਦੇ ਹਨ ਉਹ ਉਸ ਉਮਰ ਦਾ ਅਸਲੀ ਅਨੰਦ ਲੈਂਦੇ ਹਨ ਮੈਂ ਅਜਿਹੇ ਦੋ ਸਤਿਸੰਗੀ ਪ੍ਰੇਮੀਆਂ ਨੂੰ ਜਾਣਦਾ ਹਾਂ ਜਿਨ੍ਹਾਂ ਨੇ ਉਸ ਸਮੇਂ (20-22 ਸਾਲ ਪਹਿਲਾਂ ਜਦੋਂ ਉਨ੍ਹਾਂ ਦੀ ਉਮਰ 40-45 ਸਾਲ ਦੇ ਵਿਚਕਾਰ ਸੀ) ਹੀ ਆਪਣੇ ਆਉਣ ਵਾਲੇ ਸਮੇਂ (ਭਾਵ ਰਿਟਾਇਰਮੈਂਟ ਤੋਂ ਬਾਅਦ) ਲਈ ਭਵਿੱਖੀ ਅਧਿਆਤਮਿਕ ਯੋਜਨਾ ਸਿਰਫ਼ ਬਣਾਈ ਹੀ ਨਹੀਂ ਸੀ ਸਗੋਂ ਉਸ ਆਉਣ ਵਾਲੇ ਸਮੇਂਹਿੱਤ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ ਦੱਸੀ ਜਾਣ ਵਾਲੀ ਉਦਾਹਰਨ ਰੋਚਕ ਤਾਂ ਹੈ ਹੀ ਸਗੋਂ ਸਿੱਖਿਆਦਾਇਕ ਵੀ ਹੈ, ਜੇਕਰ ਕੋਈ ਉਨ੍ਹਾਂ ਤੋਂ ਸੇਧ ਲੈ ਕੇ ਭਵਿੱਖ ਵਿੱਚ ਰੂਹਾਨੀ ਲੱਜ਼ਤਾਂ ਅਤੇ ਸੇਵਾ ਤੋਂ ਪ੍ਰਾਪਤ ਹੁੰਦੇ ਰੂਹਾਨੀ ਨਸ਼ੇ ਨੂੰ ਲੁੱਟਣਾ ਚਾਹੇ

ਰਾਜਸਥਾਨ ਅਤੇ ਹਰਿਆਣਾ ਸੂਬੇ ਦੇ ਰਹਿਣ ਵਾਲੇ ਦੋ ਸੇਵਾਦਾਰ ਉਸ ਸਮੇਂ ਸਾਡੀ ਸੇਵਾ ਵਾਲੀ ਸੰਮਤੀ ਵਿੱਚ ਸੇਵਾ ਕਰਿਆ ਕਰਦੇ ਸਨ ਦੋਵਾਂ ਦੀ ਉਮਰ ਉਦੋਂ ਅੰਦਾਜ਼ਨ ਕੋਈ 40-41 ਅਤੇ 44-45 ਸਾਲਾਂ ਦੇ ਲਗਭਗ ਸੀ ਮੈਂ ਉਦੋਂ ਇੱਕ-ਡੇਢ ਸਾਲ ਪਹਿਲਾਂ ਹੀ ਸੰਮਤੀ ਵਿੱਚ ਆਇਆ ਸੀ ਅਤੇ ਆਪਣੇ ਸ਼ਹਿਰ ਰਹਿੰਦਿਆਂ ਨਵਾਂ-ਨਵਾਂ ਕਾਲਜ ਜੁਆਇਨ ਕਰਿਆ ਸੀ ਉਹ ਦੋਵੇਂ ਸੇਵਾਦਾਰ ਆਪੋ-ਆਪਣੇ ਪਿੰਡ/ਸ਼ਹਿਰ ਵਿੱਚ ਪਰਿਵਾਰ ਸਮੇਤ ਰਹਿੰਦੇ ਅਤੇ ਅਲੱਗ-ਅਲੱਗ ਸਰਕਾਰੀ ਵਿਭਾਗਾਂ ਵਿੱਚ ਨੌਕਰੀ ਕਰਦੇ ਸਨ ਪੁਰਾਣੀ ਕਹਾਵਤ ਹੈ ਕਿ ਇਨਸਾਨ ਜਿਹੋ-ਜਿਹਾ ਖੁਦ ਹੁੰਦਾ ਹੈ, ਤਾਂ ਉਸ ਨੂੰ ਉਸੇ ਵਰਗਾ ਹੀ ਕੋਈ ਕਿਤੇ ਨਾ ਕਿਤੇ ਜ਼ਰੂਰ ਮਿਲ ਹੀ ਜਾਂਦਾ ਹੈ

ਇਸੇ ਅਨੁਸਾਰ ਉਨ੍ਹਾਂ ਦੋਵਾਂ ਦਾ ਵੀ ਆਪਸ ਵਿੱਚ ਬੜਾ ਨਿਰਸਵਾਰਥ ਪ੍ਰੇਮ-ਭਾਵ ਹੈ ਹਰ ਪੰਦਰ੍ਹਾਂ ਦਿਨਾਂ ਬਾਅਦ ਸ਼ੁੱਕਰਵਾਰ ਸ਼ਾਮ ਤੱਕ ਲਗਭਗ ਸਾਰੇ ਸੇਵਾਦਾਰ ਡੇਰਾ(ਸਰਸਾ) ਪਹੁੰਚ ਜਾਂਦੇ ਅਤੇ ਐਤਵਾਰ ਸ਼ਾਮ ਜਾਂ ਸੋਮਵਾਰ ਸੁਬ੍ਹਾ ਦੀ ਮਜਲਿਸ ਤੋਂ ਬਾਅਦ ਆਪੋ-ਆਪਣੇ ਘਰਾਂ ਨੂੰ ਪਰਤ ਜਾਂਦੇ ਇਸ ਤੋਂ ਬਿਨਾਂ ਹਰ ਢਾਈ ਮਹੀਨਿਆਂ ਬਾਅਦ ਪੂਰੇ ਹਫਤੇ ਦੀ ਸੇਵਾ ਵਾਲੀ ਡਿਊਟੀ ਵੀ ਸੰਮਤੀ ਵਿੱਚ ਦੇਣੀ ਹੁੰਦੀ ਸੀ, ਜਿਸ ਨੂੰ ਜ਼ਿਆਦਾਤਰ ਸੇਵਾਦਾਰ ਉਡੀਕਦੇ ਰਹਿੰਦੇ ਸਾਡੀ ਸੰਮਤੀ ਦੇ ਜ਼ਿੰਮੇਵਾਰ ਤਾਂ ਹੱਦੋਂ ਵੱਧ ਨਰਮ ਅਤੇ ਸੋਚ ਸਮਝ ਕੇ ਹੌਲੀ ਆਵਾਜ਼ ਤੇ ਪਿਆਰ ਨਾਲ ਗੱਲ ਕਰਨ ਵਾਲੇ ਸਨ ਅਸੀਂ ਸਾਰੇ ਸੇਵਾਦਾਰ ਉਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਸੀ

ਮੈਨੂੰ ਯਾਦ ਹੈ, ਸਾਡੇ ’ਚੋਂ ਇੱਕ ਸੇਵਾਦਾਰ (ਜੋ ਉਸ ਸਮੇਂ ਸਰਕਾਰੀ ਹਾਈ ਸਕੂਲ ਦਾ ਹੈੱਡ ਮਾਸਟਰ ਸੀ) ਡੇਰੇ ਆਈ ਸੰਗਤ ’ਚੋਂ ਕਿਸੇ ਸਤਿਸੰਗੀ ਭਾਈ ਨੂੰ ਕੋਈ ਗੱਲ ਸਮਝਾਉਂਦੇ ਸਮੇਂ ਕੁਝ ਗਰਮ (ਰੁੱਖਾ) ਬੋਲ ਬੈਠਾ ਬੇਸ਼ੱਕ ਗੱਲ ਤੁਰੰਤ ਨਿੱਬੜ ਗਈ ਸੀ ਪਰ ਉਹ ਸੇਵਾਦਾਰ ਬਾਈ ਜਿੱਥੇ ਖੁਦ ਨੂੰ ਕੋਸ ਤਾਂ ਰਿਹਾ ਹੀ ਸੀ (ਕਿ ਮੈਂ ਗਰਮ ਕਿਉਂ ਬੋਲਿਆ) ਪਰ ਨਾਲ ਹੀ ਸਾਡੇ ਜਿੰਮੇਵਾਰ ਸੇਵਾਦਾਰ ਤੋਂ ਵੀ ਡਰੇ ਕਿ ਕਿਤੇ ਇਸ ਗੱਲ ਦਾ ਉਨ੍ਹਾਂ ਨੂੰ ਪਤਾ ਨਾ ਚੱਲ ਜਾਵੇ ਆਖਰ ਜਦੋਂ ਗੱਲ ਜ਼ਿੰਮੇਵਾਰ ਨੂੰ ਪਤਾ ਚੱਲੀ ਤਾਂ ਉਨ੍ਹਾਂ ਨੇ ਉਸ ਸੇਵਾਦਾਰ (ਹੈੱਡਮਾਸਟਰ ਸਾਹਿਬ) ਕੋਲ ਸੁਨੇਹਾ ਭੇਜਿਆ ਕਿ ਤੁਸੀਂ ਜਦੋਂ ਵੀ ਸੇਵਾ ਤੋਂ ਵਿਹਲੇ ਹੋਵੋਂ ਤਾਂ ਮੈਨੂੰ ਮਿਲਿਓ ਪਰ ਉਦੋਂ ਡਰ ਹੀ ਇੰਨਾ ਹੁੰਦਾ ਸੀ

ਕਿ ਸ਼ਨੀਵਾਰ ਸਾਰਾ ਦਿਨ ਅਤੇ ਰਾਤ ਨੂੰ ਵੀ ਕਾਫੀ ਦੇਰ ਤੱਕ ਅਤੇ ਅੱਗੇ ਐਤਵਾਰ ਦਾ ਸਾਰਾ ਦਿਨ ਘਰ ਵਾਪਸੀ ਦੇ ਸਮੇਂ ਤੱਕ ਉਸ ਨੇ ਖੁਦ ਨੂੰ ਜਾਣ-ਬੁੱਝ ਕੇ ਸੇਵਾ ਵਿੱਚ ਇਸ ਲਈ ਰੁੱਝਿਆ ਰੱਖਿਆ ਕਿ ਮੈਂ ਜਿੰਮੇਵਾਰ ਦੇ ਮੱਥੇ ਕਿਹੜੇ ਮੂੰਹ ਨਾਲ ਲੱਗਾਂਗਾ ਜਿੰਮੇਵਾਰ ਵੀ ਸਮਝਦੇ ਸਨ, ਇਸ ਲਈ ਉਹ ਵੀ ਇਸੇ ਲਈ ਉਸ ਦੇ ਕੋਲ ਨਹੀਂ ਗਏ ਕਿ ਕਿਤੇ ਉਹ ਸ਼ਰਮਿੰਦਾ ਨਾ ਹੋ ਜਾਵੇ ਆਖਰ ਐਤਵਾਰ ਨੂੰ ਘਰ ਜਾਣ ਸਮੇਂ ਉਸ ਸੇਵਾਦਾਰ ਨੇ ਇੱਕ ਕਾਗਜ਼ ’ਤੇ ਲਿਖ ਕੇ ਆਪਣੀ ਗਲਤੀ ਬਾਰੇ ਸ਼ਰਮਿੰੰਦਗੀ ਜ਼ਾਹਿਰ ਕੀਤੀ ਅਤੇ ਅੱਗੇ ਤੋਂ ਅਜਿਹੀ ਗਲਤੀ ਨਾ ਕਰਨ ਦਾ ਵੀ ਵਿਸ਼ਵਾਸ ਦਿਵਾਇਆ ਹਾਲਾਂਕਿ ਉਸ ਸੇਵਾਦਾਰ ਨੂੰ ਅਜਿਹਾ ਕਰਨ (ਲਿਖ ਕੇ ਦੇਣ) ਲਈ ਨਾ ਕਿਸੇ ਨੇ ਕਿਹਾ ਸੀ ਅਤੇ ਨਾ ਹੀ ਅਜਿਹਾ ਕੋਈ ਸੰਮਤੀ ਦਾ ਰੂਲ ਸੀ ਪਰ ਫਿਰ ਵੀ ਉਸ ਨੇ ਲਿਖ ਕੇ ਜਿੰਮੇਵਾਰ ਕੋਲ ਕਾਗਜ਼ ਭੇਜਿਆ ਸੀ

ਗੱਲ ਚੱਲ ਰਹੀ ਸੀ ਉਨ੍ਹਾਂ ਦੋ ਸੇਵਾਦਾਰਾਂ ਬਾਰੇ ਜਿਹੜੇ ਦੋ ਅਲੱਗ-ਅਲੱਗ ਪਿੰਡਾਂ/ਸ਼ਹਿਰਾਂ ਤੋਂ ਸੇਵਾ ਲਈ ਹਰ ਪੰਦਰ੍ਹਾਂ ਦਿਨਾਂ ਬਾਅਦ (2-3 ਦਿਨਾਂ ਲਈ) ਸਤਿਸੰਗ ’ਤੇ ਆਉਂਦੇ ਸਨ ਖਾਲੀ ਸਮੇਂ ਵਿੱਚ ਉਹ ਆਪਸ ਵਿੱਚ ਸਤਿਗੁਰੂ-ਮਾਲਕ ਸਬੰਧੀ ਗੱਲਾਂ-ਬਾਤਾਂ ਕਰਦੇ ਰਹਿੰਦੇ ਅਸੀਂ ਵੀ ਕਈ ਜਣੇ ਕੋਸ਼ਿਸ਼ ਕਰਦੇ ਕਿ ਉਨ੍ਹਾਂ ਦੀਆਂ ਗੱਲਾਂ ਬਾਤਾਂ ਸੁਣੀਏ ਅਤੇ ਉਨ੍ਹਾਂ ਦੇ ਇੱਕ ਸਤਿਸੰਗੀ ਦੇ ਰੂਪ ਵਿੱਚ ਵਿਚਰਦਿਆਂ ਪੈਦਾ ਹੋਏ ਅਨੁਭਵਾਂ ਨੂੰ ਜਾਣ ਕੇ ਕੋਈ ਸਿੱਖਿਆ ਲਈਏ ਉਨ੍ਹਾਂ ਵਿੱਚ ਸਹਿਣਸ਼ੀਲਤਾ, ਨਿਮਰਤਾ, ਮਿਠਾਸ, ਘੱਟ ਬੋਲਣਾ, ਸੇਵਾ ’ਤੇ ਜ਼ਿਆਦਾ ਸਮਾਂ ਲਾਉਣਾ, ਆਰਾਮ ਅਤੇ ਲੋੜ ਤੋਂ ਜ਼ਿਆਦਾ ਖਾਣ-ਪੀਣ ਵੱਲ ਘੱਟ ਧਿਆਨ ਦੇਣਾ, ਰਾਤ ਇੱਕ ਤੋਂ ਚਾਰ ਵਾਲਾ ਪਹਿਰਾ (ਜੋ ਸਖ਼ਤ ਮੰਨਿਆ ਜਾਂਦਾ ਸੀ) ਦੇ ਕੇ ਵੀ ਇਹ ਸੋਚ ਕੇ ਨਾ ਸੌਣਾ ਕਿ ਚਲੋ ਪੰਜ ਵੱਜਣ ਹੀ ਵਾਲੇ ਹਨ, ਹੁਣ ਸੌਂ ਕੇ ਕੀ ਕਰਨਾ ਹੈ ਆਦਿ ਨੂੰ ਜਦੋਂ ਅਸੀਂ ਦੇਖਦੇ ਤਾਂ ਸੋਚਦੇ ਕਿ ਅਜਿਹੇ ਗੁਣ ਇਨ੍ਹਾਂ ਵਿੱਚ ਕਿੰਨ੍ਹਾਂ ਕਾਰਨਾਂ ਨਾਲ ਆਏ ਹਨ?

ਉਨ੍ਹਾਂ ਦੋਵਾਂ ਵਿੱਚੋਂ ਇੱਕ ਸੇਵਾਦਾਰ ਦੇ ਘਰ ਦੋ ਬੇਟੀਆਂ ਹੀ ਸਨ ਜਦੋਂ ਕਿ ਦੂਸਰੇ ਦੇ ਦੋ ਬੇਟੇ ਅਤੇ ਇੱਕ ਬੇਟੀ ਸੀ ਘਰੇਲੂ (ਆਰਥਿਕ) ਹਾਲਤ ਮਿਡਲ ਕਲਾਸ ਵਾਲੀ ਹੀ ਸੀ ਸਾਨੂੰ ਉਨ੍ਹਾਂ ਦੀਆਂ ਰੂਹਾਨੀਅਤ ਨਾਲ ਸਬੰਧਿਤ ਚੱਲਦੀਆਂ ਗੱਲਾਂ ਨੂੰ ਸੁਣ ਕੇ ਬੜਾ ਸਵਾਦ ਜਿਹਾ ਆਉਂਦਾ ਸਤਿਗੁਰ ਦੇ ਬਚਨਾਂ, ਪਿਆਰ, ਰਹਿਮਤ, ਸੇਵਾ ਸਬੰਧੀ ਚੱਲ ਰਹੇ ਉਨ੍ਹਾਂ ਦੇ ਉਸ ਗੱਲਬਾਤ ਵਿੱਚ ਜੇਕਰ ਕੋਈ ਆ ਕੇ ਦੁਨਿਆਵੀ ਜਾਂ ਰਾਜਨੀਤਕ ਗੱਲ ਛੇੜ ਦਿੰਦਾ ਤਾਂ ਇੰਜ ਲੱਗਦਾ ਜਿਵੇਂ ਕਿਸੇ ਨੇ ਸਰਦੀ ਦੀ ਰੁੱਤੇ ਨਿੱਘੀ ਰਜਾਈ ਵਿੱਚੋਂ ਬਾਂਹ ਖਿੱਚ ਕੇ ਬਾਹਰ ਕੱਢ ਦਿੱਤਾ ਹੋਵੇ ਅਸੀਂ ਉਦੋਂ ਬਸ ਜਵਾਕ ਜਿਹੇ ਹੁੰਦੇ ਸੀ, ਇਸ ਲਈ ਅਜਿਹੀ ਕੋਈ ਗੱਲ (ਦੁਨਿਆਵੀ ਜਾਂ ਰਾਜਨੀਤਿਕ) ਕਰਨ ਵਾਲੇ ਨੂੰ ਕੁਝ ਕਹਿ ਤਾਂ ਨਹੀਂ ਸਕਦੇ  ਸੀ ਪਰ ਅੰਦਰੋਂ-ਅੰਦਰੀ ਸੋਚਦੇ ਕਿ ‘ਮਾਲਕਾ, ਇਸ ਨੂੰ ਕੋਈ ਬੁਲਾਉਣ ਹੀ ਆ ਜਾਵੇ ਜਾਂ ਫਿਰ ਇਹਨੂੰ ਕੋਈ ਜ਼ਰੂਰੀ ਕੰਮ ਯਾਦ ਆ ਜਾਵੇ ਤਾਂ ਕਿ ਇਹ ਇੱਥੋਂ ਚਲਾ ਜਾਵੇ, ਕਿਉਂਕਿ ਇਨ੍ਹੇ ਤਾਂ ਹੋਰ ਹੀ ਰੀਲ੍ਹ ਚੜ੍ਹਾਈ ਹੋਈ ਹੈ’ ਸਤਿਗੁਰੂ ਦੀ ਗੱਲ ਜਾਂ ਯਾਦ ਇੱਕ ਨਸ਼ੇ ਵਾਂਗ ਸੀ (ਹੈ)

ਹਰ ਘੜੀ ਤਬ ਹਮੇਂ ਯਹੀ ਕਾਮ ਥਾ, ਤੇਰੀ ਯਾਦ ਥੀ ਜਾਂ ਤੇਰਾ ਨਾਮ ਥਾ

ਉਨ੍ਹਾਂ ਦੋਵਾਂ ਸੇਵਾਦਾਰਾਂ ਦੀ ਭਵਿੱਖੀ ਸਕੀਮ ਇਹ ਸੀ ਕਿ ਬੱਚਿਆਂ ਨੂੰ ਪੜ੍ਹਾ-ਲਿਖਾ ਕੇ, ਪੈਰੀਂ ਖੜ੍ਹਾ ਕਰਨ ਤੋਂ ਬਾਅਦ ਸਮਾਂ ਰਹਿੰਦਿਆਂ ਵਿਆਹ ਕੇ, ਜਿੰਨੀ ਜਲਦੀ ਹੋ ਸਕਿਆ ਮਾਲਕ ਵਾਲੇ ਪਾਸੇ ਹੀ ਪੂਰਾ ਧਿਆਨ ਲਗਾ ਦੇਣਾ ਹੈ ਉਨ੍ਹਾਂ ਦੀਆਂ ਯੋਜਨਾਵਾਂ ਦਿਲਚਸਪ ਸਨ ਹੋ ਸਕਦਾ ਹੈ ਕਈਆਂ ਨੂੰ ਅਜੀਬ ਲੱਗਣ ਪਰ ਸਤਿਗੁਰੂ ਦੀ ਯਾਦ ਪ੍ਰਤੀ ਗੰਭੀਰ ਕਿਸੇ ਵੀ ਬੰਦੇ ਨੂੰ ਉਹ ਜ਼ਰੂਰ ਦਿਲਚਸਪ ਲੱਗਣਗੀਆਂ

ਉਨ੍ਹਾਂ ਦੀ ਯੋਜਨਾ ਸੀ ਕਿ ‘ਜ਼ਰੂਰੀ ਨਹੀਂ ਕਿ ਦੁਨਿਆਵੀ ਫਰਜ਼ ਨਿਭਾਉਣ ਤੋਂ ਬਾਅਦ ਵੀ ਅਠਵੰਜਾ (58) ਸਾਲ ਤੱਕ ਨੌਕਰੀ ਜ਼ਰੂਰ ਹੀ ਕਰਨੀ ਹੈ ਜੇਕਰ ਦੁਨਿਆਵੀ ਫਰਜ਼ ਪਹਿਲਾਂ ਨਿੱਬੜ ਗਏ ਤਾਂ ਅੱਠਵੰਜਾ ਸਾਲ ਤੋਂ ਪਹਿਲਾਂ ਹੀ ਰਿਟਾਇਰਮੈਂਟ ਲੈ ਲਵਾਂਗੇ ਉਨ੍ਹਾਂ ਸਮਿਆਂ ਵਿੱਚ ਡੇਰੇ ਅੰਦਰ (ਜਿੱਥੇ ਹੁਣ ਲੰਗਰ ਘਰ ਹੈ) ਸਿੰਗਲ ਕਮਰਿਆਂ ਵਾਲੇ ਕੁਆਰਟਰ ਹੁੰਦੇ ਸਨ ਉਨ੍ਹਾਂ ਦੀ ਸੋਚ ਸੀ ਕਿ ਇੱਕ-ਇੱਕ ਕੁਆਰਟਰ ਲੈ ਲਿਆ ਜਾਵੇ ਅਤੇ ਆਪੋ-ਆਪਣੀਆਂ ਪਤਨੀਆਂ ਨੂੰ ਕਹਿ ਦੇਵਾਂਗੇ ਕਿ ਜੇਕਰ ਉਹ ਮਾਲਕ ਵਾਲੇ ਰਾਹ (ਸੇਵਾ, ਸਿਮਰਨ) ਵਿੱਚ ਸਾਡੇ ਵਾਂਗ ਬਾਕੀ ਰਹਿੰਦਾ ਸਮਾਂ ਲੰਘਾਉਣਾ ਚਾਹੁੰਦੀਆਂ ਹਨ ਤਾਂ ਸਾਡੇ ਨਾਲ ਆ ਕੇ ਡੇਰੇ ਵਿੱਚ ਜ਼ਰੂਰ ਰਹਿਣ ਅਤੇ ਜੇਕਰ ਘਰ ਰਹਿ ਕੇ ਜ਼ਿਆਦਾ ਖੁਸ਼ ਹਨ ਤਾਂ ਉਨ੍ਹਾਂ ਦੀ ਮਰਜ਼ੀ ਅਸੀਂ ਤਾਂ ਮਹੀਨੇ ’ਚ ਇੱਕ-ਦੋ ਦਿਨ ਉਨ੍ਹਾਂ ਨੂੰ ਮਿਲਣ ਹੀ ਆ ਸਕਦੇ ਹਾਂ ਸਰਕਾਰ ਵੱਲੋਂ ਮਿਲਣ ਵਾਲੀ ਪੈਨਸ਼ਨ ਨਾਲ ਸਾਡਾ ਅਤੇ ਘਰ (ਖਾਸ ਕਰਕੇ ਪਤਨੀ ਦਾ ਖਰਚ) ਦਾ ਖਰਚਾ ਵਧੀਆ ਚੱਲ ਜਾਇਆ ਕਰੇਗਾ ਮਾਲਕ ਕਰੇ ਉਹ ਦਿਨ (ਰਿਟਾਇਰਮੈਂਟ ਤੋਂ ਅਗਲਾ ਦਿਨ) ਜਲਦੀ ਆਵੇ ਅਤੇ ਫਿਰ ਬਿਨਾਂ ਕਿਸੇ ਦੁਨਿਆਵੀ ਡਿਸਟਰਬੈਂਸ ਦੇ ਮਾਲਕ ਦੀ ਯਾਦ ਵਿੱਚ ਜਚਾ ਕੇ ਸਮਾਂ ਲਾਈਏ

ਉਹ ਦੋਵੇਂ ਸੇਵਾਦਾਰ ਆਪਸ ਵਿੱਚ ਅਤੇ ਵਿੱਚ-ਵਿੱਚ ਦੀ ਸਾਡੇ (2-3 ਜਣੇ ਜੋ ਬੈਠੇ ਗੱਲਾਂ ਸੁਣਦੇ ਹੁੰਦੇ) ਵੱਲ ਝਾਕ ਕੇ ਗੱਲਾਂ ਕਰਦੇ ਕਿ ਕੀਤੇ ਜਾਂਦੇ ਜਿਨ੍ਹਾਂ ਕਰਮਾਂ ਨਾਲ ਸਿਮਰਨ ਅਤੇ ਮਾਲਕ ਵਾਲੇ ਪਿਆਰ, ਵੈਰਾਗ ਜਾਂ ਸਦਾ ਇੱਕ-ਰਸ ਰਹਿਣ ਵਾਲੇ ਜੀਵਨ ਵਿੱਚ ਰੁਕਾਵਟਾਂ ਆਉਂਦੀਆਂ ਹਨ ਉਨ੍ਹਾਂ ਕੰਮਾਂ ਨੂੰ ਕਰਨ ਤੋਂ ਹੁਣੇ ਬੰਦ ਕਰ ਦਿੱਤਾ ਜਾਵੇ, ਨਹੀਂ ਤਾਂ ਇਹ ਆਉਣ ਵਾਲੇ ਸਮੇਂ ਵਿੱਚ ਤੰਗ ਕਰਨਗੇ ਅਤੇ ਸਿਮਰਨ ਕਰਨ ਸਮੇਂ ਇਕਾਗਰਤਾ ਬਣਨ ਵਿੱਚ ਰੁਕਾਵਟ ਪੈਦਾ ਕਰਨਗੇ

ਉਨ੍ਹਾਂ ਨੇ ਆਪਣੇ ਭਵਿੱਖੀ ਸਮੇਂ ਨੂੰ ਮਾਲਕ ਵਾਲੇ ਪਾਸੇ ਲਾਉਣ ਲਈ ਸਭ ਤੋਂ ਪਹਿਲਾਂ ਆਪਣੇ ਦੁਨਿਆਵੀ ਫਰਜ਼ ਨਿਭਾਏ, ਉਸ ਤੋਂ ਬਾਅਦ ਇੱਕ ਨੇ ਸਮੇਂ ਤੋਂ ਤਿੰਨ ਸਾਲ ਪਹਿਲਾਂ ਅਤੇ ਦੂਜੇ ਨੇ ਢਾਈ ਸਾਲ ਪਹਿਲਾਂ ਹੀ ਰਿਟਾਇਰਮੈਂਟ ਲੈ ਲਈ ਇੱਕ ਨੇ ਸ਼ਾਹ ਮਸਤਾਨਾ ਜੀ ਧਾਮ ਦੇ ਕੋਲ ਵਸੀ ਇੱਕ ਕਲੋਨੀ ਵਿੱਚ ਇੱਕ ਛੋਟਾ ਜਿਹਾ ਮਕਾਨ ਲੈ ਲਿਆ ਅਤੇ ਉਹ ਆਪਣੀ ਪਤਨੀ ਨਾਲ ਉੱਥੇ ਰਹਿੰਦਾ ਹੈ ਦੂਜਾ ਸੇਵਾਦਾਰ ਬਾਈ ਡੇਰੇ ਵਿੱਚ ਬਣੇ ਫਲੈਟਾਂ ਵਿੱਚੋਂ ਕਿਸੇ ਇੱਕ ਵਿੱਚ ਰਹਿੰਦਾ ਹੈ ਉਸ ਦਾ ਪਰਿਵਾਰ (ਪਤਨੀ, ਬੇਟਾ ਅਤੇ ਉਸ ਦਾ ਪਰਿਵਾਰ) ਉਸ ਨੂੰ ਮਿਲਣ ਆਉਂਦਾ ਰਹਿੰਦਾ ਹੈ ਅਤੇ ਕਦੇ ਉਹ ਵੀ ਆਪਣੇ ਪਿੰਡ ਗੇੜਾ ਮਾਰ ਆਉਂਦਾ ਹੈ ਦੋਵਾਂ ਸੇਵਾਦਾਰਾਂ ਨੇ ਆਪੋ-ਆਪਣੇ ਦੁਨਿਆਵੀ ਅਨੁਭਵਾਂ ਅਨੁਸਾਰ ਦਰਬਾਰ ਵਿੱਚ ਨਿਰਸਵਾਰਥ ਸੇਵਾ ਦੀ ਡਿਊਟੀ ਲਈ ਹੋਈ ਹੈ

ਦੱਸਣ ਵਾਲਿਆਂ ਮੁਤਾਬਕ ਉਹ ਕਿਸੇ ਨਾਲ ਜ਼ਿਆਦਾ ਗੱਲਾਂ-ਬਾਤਾਂ ਨਹੀਂ ਕਰਦੇ, ਕਿਸੇ ਵੀ ਪ੍ਰਬੰਧਕ ਜਾਂ ਪ੍ਰਬੰਧਾਂ ’ਤੇ ਕੋਈ ਟੀਕਾ-ਟਿੱਪਣੀ ਨਹੀਂ ਕਰਦੇ, ਸਾਦੀ ਜ਼ਿੰਦਗੀ ਜਿਉਂਦੇ ਹਨ, ਸੇਵਾ ਨੂੰ ਪਹਿਲ ਦੇ ਆਧਾਰ ’ਤੇ ਤਰਜ਼ੀਹ ਦਿੰਦੇ ਹਨ ਡੇਰੇ ਦੇ ਕਿਸੇ ਜ਼ਿੰਮੇਵਾਰਾਂ ਜਾਂ ਸੇਵਾਦਾਰਾਂ ਨਾਲ ਬਿਨਾਂ ਸੇਵਾ ਸਬੰਧੀ ਕੰਮ ਤੋਂ ਕੋਈ ਨਜ਼ਦੀਕੀ ਨਹੀਂ ਬਣਾਉਂਦੇ ਵੈਰਾਗੀ (ਸਤਿਗੁਰੂ ਦਾ ਵੈਰਾਗ) ਸ਼ਿਸ਼ ਦਾ ਚਿਹਰਾ ਹੀ ਦੱਸ ਦਿੰਦਾ ਹੈ ਕਿ ਇਸ ਦੀ ਜਿੰਦਗੀ ਕਿੰਨੀ ਕੁ ਇੱਕ-ਰਸ ਹੈ, ਉਹ ਭਾਵੇਂ ਕਿੰਨਾ ਵੀ ਆਪਣੇ ਆਪ ਨੂੰ ਛੁਪਾਵੇ ਅਜਿਹੀਆਂ ਹੀ ਕੁਝ ਹੋਰ ਬਾਹਰੀ ਦਿਸਦੀਆਂ ਨਿਸ਼ਾਨੀਆਂ ਤੱਕ ਕੇ ਮਹਿਸੂਸ ਹੁੰਦਾ ਹੈ ਕਿ ਸੱਚਮੁੱਚ ਹੀ ਹੁਣ ਤੱਕ ਦੀ ਜਿੰਦਗੀ ਨੂੰ ਇਹ ਰੂਹਾਨੀ ਤੌਰ ’ਤੇ ਖੂਬ ਇੰਜੁਆਏ ਕਰ ਰਹੇ ਹਨ

ਯਕੀਂ ਕੇ ਨੂਰ ਸੇ ਰੌਸ਼ਨ ਹੈਂ ਰਸਤੇ ਅਪਨੇ, ਯੇ ਵੋਹ ਚਿਰਾਗ ਹੈ, ਤੁਫਾਂ ਜਿਸੇ ਬੁਝਾ ਨਾ ਸਕੇ

ਉਪਰੋਕਤ ਵਿਚਾਰ ਲੜੀ ਵਿੱਚ ਦਿੱਤੀ ਉਦਾਹਰਨ ਤੋਂ ਭਾਵ ਇਹ ਨਹੀਂ ਕਿ ਦੁਨਿਆਵੀ ਫਰਜ਼ ਨਿਭਾਉਣ ਤੋਂ ਬਾਅਦ ਬਾਕੀ ਉਮਰ ਜ਼ਰੂਰ ਡੇਰੇ ਆ ਕੇ ਹੀ ਰਹਿਣਾ ਹੈ, ਇਹ ਤਾਂ ਆਪੋ-ਆਪਣਾ ਖਿਆਲ ਹੈ ਹਾਂ, ਡੇਰੇ ਦੇ ਦਾਇਰੇ ਵਿੱਚ ਰਹਿੰਦਿਆਂ ਰੂਹਾਨੀ-ਮਾਹੌਲ ਦਾ ਲਾਭ ਮਿਲਣ ਦੇ ਨਾਲ-ਨਾਲ ਦੁਨਿਆਵੀ ਰਾਗ-ਰੰਗ ਤੋਂ ਕਾਫੀ ਹੱਦ ਤੱਕ ਦੂਰੀ ਬਣਨੀ ਸੁਭਾਵਿਕ ਹੈ ਪਰ … ਜੇਕਰ ਇਨ੍ਹਾਂ (ਰੂਹਾਨੀ ਮਾਹੌਲ ਜਾਂ ਰੂਹਾਨੀ ਗਤੀਵਿਧੀਆਂ) ਨੂੰ ਗੰਭੀਰਤਾ ਨਾਲ ਲਿਆ ਜਾਵੇ ਤਾਂ ਫਕੀਰਾਂ ਦੇ ਬਚਨਾਂ ਅਨੁਸਾਰ ਮੁੱਖ ਗੱਲ ਤਾਂ ਇਹੋ ਹੀ ਹੈ ਕਿ ਜਿਹੜੀ ਬੀਤ ਗਈ ਸੋ ਬੀਤ ਗਈ, ਪਰ ਬਾਕੀ ਰਹਿੰਦੀ ਉਮਰ ਤਾਂ ਮਾਲਕ ਦੀ ਯਾਦ, ਸੇਵਾ ਅਤੇ ਸਤਿਗੁਰ ਦੇ ਬਚਨਾਂ ਅਨੁਸਾਰ ਬਿਤਾਈ ਜਾਵੇ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!