ਪਾ ਮਾਏ ਲੋਹੜੀ, ਤੇਰਾ ਪੁੱਤ ਚੜ੍ਹੇ ਘੋੜੀ…
ਪਾ ਮਾਏ ਲੋਹੜੀ, ਤੇਰਾ ਪੁੱਤ ਚੜ੍ਹੇ ਘੋੜੀ
ਮਾਏ ਨੀ ਮਾਏ ਪਾ ਪਾਥੀ, ਤੇਰਾ ਪੁੱਤ ਚੜ੍ਹੇ ਹਾਥੀ
ਕੁਝ ਅਜਿਹੇ ਹੀ ਮਨ ਨੂੰ ਭਾਉਣ ਵਾਲੇ ਲੋਕਗੀਤਾਂ ਨਾਲ ਲੋਹੜੀ ਦੇ ਤਿਉਹਾਰ ਦੀ ਆਪਣੀ ਇੱਕ ਵੱਖ ਹੀ ਪਹਿਚਾਣ ਰਹੀ ਹੈ ਖੁਸ਼ੀਆਂ ਵੰਡਣ ਦਾ ਇਹ ਤਿਉਹਾਰ ਲੋਕਾਂ ਦੇ ਦਿਲਾਂ ’ਚ ਰੇਵੜੀ-ਗੱਚਕ ਅਤੇ ਮੂੰਗਫਲੀ ਦੇ ਰੂਪ ’ਚ ਅਜਿਹੀ ਮਿਠਾਸ ਭਰਦਾ ਹੈ ਕਿ ਪੂਰਾ ਵਾਤਾਵਰਣ ਹੀ ਬਦਲ ਜਾਂਦਾ ਹੈ ਬੇਸ਼ੱਕ ਸਮੇਂ ਦੀ ਰਫਤਾਰ ਦੇ ਮੁਤਾਬਿਕ ਲੋਹੜੀ ਮਨਾਉਣ ਦੇ ਰਿਵਾਜ਼ਾਂ ’ਚ ਬਦਲਾਅ ਆਇਆ ਹੈ, ਪਰ ਇਸਦੀ ਸਾਰਥਕਤਾ ਕਿਤੇ ਨਾ ਕਿਤੇ ਅੱਜ ਵੀ ਬਰਕਰਾਰ ਹੈ
ਪਹਿਲਾਂ ਦੇ ਸਮੇਂ ’ਚ ਲੋਹੜੀ ਵਾਲੇ ਦਿਨ ਸਾਰਿਆਂ ਦੇ ਦਿਲਾਂ ’ਚ ਇੱਕ ਅਜਬ ਜਿਹੀ ਉਮੰਗ ਦੇਖਣ ਨੂੰ ਮਿਲਦੀ ਸੀ, ਖਾਸ ਕਰਕੇ ਪਿੰਡਾਂ ’ਚ ਹਰ ਕੋਈ ਇਸ ਤਿਉਹਾਰ ਨੂੰ ਯਾਦਗਾਰ ਬਣਾਉਣ ਲਈ ਪੂਰਾ ਦਿਨ ਖੁਸ਼ੀ ਭਰੇ ਮਾਹੌਲ ’ਚ ਹੀ ਗੁਜਾਰਦਾ ਸੀ ਜਿਉਂ-ਜਿਉਂ ਸੂਰਜ ਆਪਣੇ ਸਿਖ਼ਰ ’ਤੇ ਪਹੁੰਚਦਾ ਤਾਂ ਨੌਜਵਾਨ ਲੋਹੜੀ ਮੰਗਣ ਲਈ ਜੁੰਡਲੀਆਂ ’ਚ ਇਕੱਠੇ ਹੋ ਜਾਂਦੇ ਸੂਰਜ ਦੀ ਢੱਲਦੀ ਲਾਲਿਮਾ ਨਾਲ ਹੀ ਸ਼ੁਰੂ ਹੋ ਜਾਂਦੀ ਲੋਹੜੀ ਬਣਾਉਣ ਦੀ ਤਿਆਰੀ ਘਰ-ਘਰ ਜਾ ਕੇ ਮਾਤਾ-ਭੈਣਾਂ ਤੋਂ ਲੋਹੜੀ ਲਈ ਪਾਥੀਆਂ ਇਕੱਠੀਆਂ ਕੀਤੀਆਂ ਜਾਂਦੀਆਂ ਪਾਥੀਆਂ ਦਾ ਵੱਡਾ ਜਿਹਾ ਢੇਰ ਬਣਾ ਕੇ ਇਸਨੂੰ ਇਸ ਤਰੀਕੇ ਨਾਲ ਸਜਾਇਆ ਜਾਂਦਾ ਕਿ ਉਹ ਪੂਰੀ ਰਾਤ ਜਲਦਾ ਰਹੇ ਪੂਰੇ ਹਾਰ-ਸ਼ਿੰਗਾਰ ਨਾਲ ਸਜੀਆ ਲੜਕੀਆਂ ਮਾਹੌਲ ਨੂੰ ਪੂਰੀ ਤਰ੍ਹਾਂ ਖੁਸ਼ਨੁਮਾ ਬਣਾ ਦਿੰਦੀਆਂ ਮੌਜ਼ੂਦਾ ਦੌਰ ’ਚ ਵੀ ਲੋਹੜੀ ਤਿਉਹਾਰ ’ਤੇ ਅਜਿਹਾ ਹੀ ਮਾਹੌਲ ਬਣਦਾ ਹੈ, ਪਰ ਸਮੇਂ ਦੇ ਨਾਲ-ਨਾਲ ਕੁਝ-ਕੁਝ ਬਦਲਾਅ ਹੋਣਾ ਸੰਭਵ ਹੈ
ਪਾ ਨੀ ਮਾਏ ਪਾ ਲੋਹੜੀ,
ਸਲਾਮਤ ਰਹੇ ਤੇਰ ਪੁੱਤ ਦੀ ਜੋੜੀ:
ਅੱਜ ਦੇ ਬਜ਼ੁਰਗਾਂ ਦੀ ਮੰਨੀਏ ਤਾਂ ਲੋਹੜੀ ਦੇ ਦਿਨ ਵਾਲੀ ਸ਼ਾਮ ਬਹੁਤ ਹੀ ਮਨਮੋਹਕ ਹੁੰਦੀ ਸੀ, ਕਿਉਂਕਿ ਇਸ ਦੌਰਾਨ ਲੋਹੜੀ ਲਈ ਔਰਤਾਂ ਇਕੱਠੀਆਂ ਹੋ ਜਾਂਦੀਆਂ ਸਨ ਸਾਰੀਆਂ ਸਜ-ਸਜ ਕੇ ਜਿੱਥੇ ਗੀਤਾਂ ਨਾਲ ਮਾਹੌਲ ’ਚ ਖੁਸ਼ੀਆਂ ਦਾ ਸੰਚਾਰ ਕਰਦੀਆਂ ਸਨ, ਉੱਥੇ ਖੁਦ ਵੀ ਇਸ ਤਿਉਹਾਰ ਦਾ ਖੂਬ ਆਨੰਦ ਲੈਂਦੀਆਂ ਸਨ ਹਰ ਮਹਿਲਾ ਦੇ ਹੱਥਾਂ ’ਚ ਥਾਲ ਹੁੰਦਾ ਸੀ ਜਿਸ ’ਚ ਤਿਲ ਭਰੇ ਹੁੰਦੇ ਸਨ ਇਨ੍ਹਾਂ ਤਿਲਾਂ ਨੂੰ ਲੋਹੜੀ ’ਚ ਪਾ ਕੇ ਉਹ ਸੁੱਖ-ਸ਼ਾਂਤੀ ਦੀ ਕਾਮਨਾ ਕਰਦੀਆਂ ਸਨ
ਇਹ ਦਿਨ ਖਾਸ ਕਰਕੇ ਉਨ੍ਹਾਂ ਘਰਾਂ ਲਈ ਵਿਸ਼ੇਸ਼ ਹੁੰਦਾ ਸੀ, ਜਿਨ੍ਹਾਂ ਦੇ ਪਰਿਵਾਰ ’ਚ ਕਿਸੇ ਲੜਕੇ ਦੀ ਤਾਜ਼ਾ-ਤਾਜ਼ਾ ਸ਼ਾਦੀ ਹੋਈ ਹੋਵੇ ਜਾਂ ਫਿਰ ਕਿਸੇ ਦੇ ਘਰ ਬੇਟਾ ਪੈਦਾ ਹੋਇਆ ਹੋਵੇ ਸ਼ਾਦੀ ਵਾਲੇ ਘਰ ਵੱਲੋਂ ਲੋਹੜੀ ’ਤੇ ਆ ਕੇ ਬਕਾਇਦਾ ਸਾਰਿਆਂ ਨੂੰ ਰੇਵੜੀ-ਮੂੰਗਫਲੀ, ਗੁੜ, ਸ਼ੱਕਰ ਵੰਡੀ ਜਾਂਦੀ ਸੀ ਇਸ ਦੌਰਾਨ ਲੜਕੀਆਂ ਗੀਤ ਗਾਉਂਦੀਆਂ ਸਨ ‘ਪਾ ਨੀ ਮਾਏ ਪਾ ਲੋਹੜੀ, ਸਲਾਮਤ ਰਹੇ ਤੇਰੇ ਪੁੱਤ ਦੀ ਜੋੜੀ’ ਅਜਿਹੇ ਹੀ ਕਈ ਗੀਤ ਗਾ ਕੇ ਲੋਹੜੀ ਮੰਗੀ ਜਾਂਦੀ ਸੀ ਦੇਰ ਰਾਤ ਤੱਕ ਢੋਲਕ ਦੇ ਫੜਕਦੇ ਤਾਲ, ਗਿੱਧਿਆਂ-ਭੰਗੜਿਆਂ ਦੀ ਧਮਕ ਅਤੇ ਗੀਤਾਂ ਦੀ ਆਵਾਜ਼ ਗੂੰਜਦੀ ਰਹਿੰਦੀ ਹੈ ਪੰਜਾਬ ਦੀਆਂ ਕਈ ਥਾਵਾਂ ’ਤੇ ਪ੍ਰੰਪਰਾਗਤ ਪਹਿਰਾਵੇ ਪਹਿਨ ਕੇ ਔਰਤਾਂ ਅਤੇ ਪੁਰਸ਼ ਨ੍ਰਿਤ ਕਰਦੇ ਹਨ
ਲੋਹੜੀ ਦੀ ਸ਼ਾਦੀ ਨੂੰ ਲੈ ਕੇ ਹੁੰਦਾ ਸੀ ਮੁਕਾਬਲਾ:
ਕਰੀਬ 4 ਦਹਾਕੇ ਪਹਿਲਾਂ ਦੀ ਜੇਕਰ ਗੱਲ ਕਰੀਏ ਤਾਂ ਤਿਉਹਾਰ ਦੌਰਾਨ ਮੁਕਾਬਲੇ ਦਾ ਹੋਣਾ ਆਕਰਸਣ ਦਾ ਕੇਂਦਰ ਮੰਨਿਆਂ ਜਾਂਦਾ ਸੀ ਲੋਹੜੀ ਦੀ ਰਾਤ ਵੀ ਕੁਝ ਅਜਿਹੇ ਹੀ ਮੁਕਾਬਲੇ ਦੇਖਣ ਨੂੰ ਮਿਲਦੇ ਸਨ, ਜੋ ਆਪਸੀ ਸਾਂਝ ਨੂੰ ਵਧਾਉਂਦੇ ਸਨ, ਨਾ ਕਿ ਅੱਜ ਦੇ ਦੌਰ ਦੇ ਮੁਤਾਬਿਕ ਵਿਵਾਦ ਨੂੰ ਜਨਮ ਦਿੰਦੇ ਸਨ ਬਜ਼ੁਰਗ ਦੱਸਦੇ ਹਨ ਕਿ ਉਸ ਸਮੇਂ ਲੋਹੜੀ ਦੀ ਸ਼ਾਦੀ ਨੂੰ ਲੈ ਕੇ ਮੁਕਾਬਲਾ ਹੁੰਦਾ ਸੀ ਹਰ ਮੁਹੱਲੇ ’ਚ ਆਪਣੀ ਇੱਕ ਲੋਹੜੀ ਤਿਆਰ ਹੁੰਦੀ ਸੀ ਜਿਉਂ ਹੀ ਲੋਹੜੀ ਨੂੰ ਅੱਗ ਲਗਾਈ ਜਾਂਦੀ ਸੀ ਤਾਂ ਦੂਜੇ ਮੁਹੱਲੇ ਦੇ ਲੜਕੇ-ਲੜਕੀਆਂ ਆਪਣੀ ਲੋਹੜੀ ਨੂੰ ਜਗਮਗਾਉਣ ਲਈ ਉਸਦੀ ਅੱਗ ਲਿਆਉਣ ਦਾ ਯਤਨ ਕਰਦੇ ਸਨ
ਪਰ ਹਰ ਕੋਈ ਆਪਣੀ ਲੋਹੜੀ ਨੂੰ ਬਚਾ ਕੇ ਰੱਖਣ ਲਈ ਬਕਾਇਦਾ ਪਹਿਰੇਦਾਰੀ ਕਰਦਾ ਸੀ ਜੇਕਰ ਇੱਕ ਲੋਹੜੀ ਦੀ ਅੱਗ ਚੁੱਕ ਕੇ ਕੋਈ ਦੂਜੀ ਲੋਹੜੀ ਜਗਾ ਲੈਂਦਾ ਸੀ ਤਾਂ ਇਸਨੂੰ ਪਹਿਲਾਂ ਵਾਲੀ ਲੋਹੜੀ ਨੂੰ ਵਿਆਹ(ਸ਼ਾਦੀ) ਕਰਕੇ ਲਿਆਉਣ ਦੀ ਪ੍ਰਥਾ ਮੰਨੀ ਜਾਂਦੀ ਸੀ ਇਹ ਮੁਕਾਬਲਾ ਬੜਾ ਦਿਲਚਸਪ ਹੁੰਦਾ ਸੀ, ਇਸ ’ਚ ਵੀ ਪ੍ਰੇਮਭਾਵ ਛੁਪਿਆ ਰਹਿੰਦਾ ਸੀ ਲੋਹੜੀ ਨਾਲ ਜੁੜੀ ਇੱਕ ਹੋਰ ਪ੍ਰਥਾ ਦਾ ਜ਼ਿਕਰ ਕਰਦੇ ਹੋਏ ਦਲੀਪ ਕੌਰ ਦੱਸਦੀ ਹੈ ਕਿ ਇਹ ਵੀ ਇੱਕ ਪਰੰਪਰਾ ਰਹੀ ਹੈ ਕਿ ਜੋ ਵੀ ਵਿਅਕਤੀ ਲੋਹੜੀ ਨੂੰ ਅੱਗ ਦੇ ਕੇ ਇਸਨੂੰ ਜਗਾਉਂਦਾ ਸੀ, ਉਸਨੇ ਅਗਲੀ ਸਵੇਰ ਹੀ ਉਸ ਸਥਾਨ ’ਤੇ ਆ ਕੇ ਇਸ਼ਨਾਨ ਕਰਨਾ ਹੁੰਦਾ ਸੀ ਨਾਲ ਹੀ ਦੂਜੇ ਪਾਸੇ ਲੋਹੜੀ ਦੀ ਅੱਗ ਨੂੰ ਸਾਰੇ ਆਪਣੇ ਘਰ ਵੀ ਲੈ ਕੇ ਜਾਂਦੇ ਸਨ, ਜਿਸਨੂੰ ਸ਼ੁੱਭ ਮੰਨਿਆਂ ਜਾਂਦਾ ਰਿਹਾ ਹੈ
ਬੇਟੀਆਂ ਦੇ ਨਾਂਅ ’ਤੇ ਵੀ ਵੰਡੋ ਲੋਹੜੀ:-
ਔਰਤਾਂ ਨੂੰ ਸਮਾਜ ਦਾ ਦਰਜਾ ਹਾਸਲ ਕਰਨ ਲਈ ਖੁਦ ਅੱਗੇ ਆਉਣਾ ਪਵੇਗਾ ਲੋਹੜੀ ਵਰਗੇ ਤਿਉਹਾਰ ’ਤੇ ਵੀ ਬੇਟੀਆਂ ਨੂੰ ਪੂਰਾ ਮਾਨ-ਸਨਮਾਨ ਮਿਲਣਾ ਚਾਹੀਦਾ ਹੈ ਅਕਸਰ ਬੇਟਿਆਂ ਦੇ ਨਾਂਅ ’ਤੇ ਲੋਹੜੀ ਵੰਡੀ ਜਾਂਦੀ ਹੈ, ਪਰ ਹੁਣ ਬੇਟੀਆਂ ਨੂੰ ਵੀ ਤਰਜ਼ੀਹ ਦੇਣੀ ਚਾਹੀਦੀ ਹੈ ਹਾਲਾਂਕਿ ਬਹੁਤ ਸਾਰੇ ਪਰਿਵਾਰ ਅਜਿਹਾ ਕਰਨ ਲੱਗੇ ਹਨ ਜੋ ਬੇਟੀ ਨੂੰ ਵੀ ਅਪਣਾ ਬੇਟਾ ਹੀ ਸਮਝਦੇ ਹਨ
ਟਾਹਲੀ ਨੂੰ ਲਗਿਆ ਮੇਵਾ
ਕਰੋ ਗੁਰੂਆਂ ਦੀ ਸੇਵਾ
ਤੋਰੀ ਦੇ ਵਿੱਚ ਦਾਣਾ
ਅਸਾਂ ਲੋਹੜੀ ਲੈ ਕੇ ਹੀ ਜਾਣਾ
ਲੋਹੜੀ ਨੂੰ ਉੱਤਰੀ ਭਾਰਤ ਭਾਵ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਆਦਿ ਸੂਬਿਆਂ ’ਚ ਬਹੁਤ ਹੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਇਹ ਮੂਲ ਰੂਪ ’ਚ ਕਿਸਾਨਾਂ ਦਾ ਤਿਉਹਾਰ ਹੈ ਲੋਹੜੀ ਪੰਜਾਬ ’ਚ ਮਨਾਇਆ ਜਾਣ ਵਾਲਾ ਵਿਸ਼ੇਸ਼ ਤਿਉਹਾਰ ਹੈ ਅਤੇ ਆਮ ਤੌਰ ’ਤੇ 13 ਜਨਵਰੀ ਨੂੰ ਮਨਾਇਆ ਜਾਂਦਾ ਹੈ ਤਿਉਹਾਰ ਦੇ ਦਿਨ ਦੇਰ ਰਾਤ ਤੱਕ ਘਰਾਂ ਦੇ ਵਿਹੜੇ ਗਲੀਆਂ, ਮੁਹੱਲਿਆਂ, ਬਜ਼ਾਰਾਂ ਅਤੇ ਸੰਸਥਾਵਾਂ ’ਚ ਲੱਕੜੀਆਂ ਅਤੇ ਥਾਪੀਆਂ ਜਲਾ ਕੇ ਹਰ ਕੋਈ ਇਕੱਠੇ ਹੋ ਕੇ ਲੋਕਗੀਤ ਗਾਉਂਦੇ ਹੋਏ ਇੱਕ-ਦੂਜੇ ਨਾਲ ਖੁਸ਼ੀਆਂ ਵੰਡਦੇ ਹਨ ਤਿਉਹਾਰ ਭਾਰਤੀ ਸੰਸਕ੍ਰਿਤੀ ਅਤੇ ਸੱਭਿਅਤਾ ਦਾ ਸਦੀਵੀ ਪ੍ਰਤੀਕ ਹਨ
ਅਜਿਹਾ ਹੀ ਆਪਸੀ ਸਦਭਾਵਨਾ ਅਤੇ ਰਿਸ਼ਤਿਆਂ ਦੀ ਮਿਠਾਸ ਸਹੇਜਣ ਦਾ ਤਿਉਹਾਰ ਹੈ-‘ਸੰਕਰਾਂਤੀ ਤਿਉਹਾਰ’ ਪੋਹ ਮਹੀਨੇ ਦੀ ਠੰਡ ਅਤੇ ਆਸਮਾਨ ’ਚ ਰੂੰ ਦੀ ਭਾਂਤੀ ਫੈਲੀ ਧੁੰਦ ’ਚ ਅੱਗ ਸੇਕਣ ਅਤੇ ਉਸਦੇ ਚਾਰੋਂ ਪਾਸੇ ਨੱਚਣ-ਗਾਉਣ ਦੀ ਆਪਣੀ ਹੀ ਖੁਸ਼ੀ ਹੁੰਦੀ ਹੈ ਕਿਸਾਨਾਂ ਦੀ ਖੁਸ਼ਹਾਲੀ ਨਾਲ ਜੁੜੇ ਲੋਹੜੀ ਤਿਉਹਾਰ ਦੀ ਬੁਨਿਆਦ ਮੌਸਮ ਬਦਲਾਅ ਅਤੇ ਫਸਲਾਂ ਦੇ ਵਧਣ ਨਾਲ ਜੁੜੀ ਹੈ ਕਹਾਵਤ ਅਨੁਸਾਰ, ‘ਲੋਹੀ’ ਤੋਂ ਬਣਿਆ ਲੋਹੜੀ ਤਿਉਹਾਰ ਜਿਸਦਾ ਮਤਲਬ ਹੈ ‘ਬਰਸਾਤ ਹੋਣਾ, ਫਸਲਾਂ ਦਾ ਫੁੱਟਣਾ’
ਪੰਜਾਬ ਦੀਆਂ ਲੋਕ ਕਥਾਵਾਂ ’ਚ ਮੁਗਲ ਸ਼ਾਸਨਕਾਲ ਦੌਰਾਨ ਇੱਕ ਮੁਸਲਮਾਨ ਡਾਕੂ ਸੀ, ਦੁੱਲ੍ਹਾ ਭੱਟੀ ਉਸਦਾ ਕੰਮ ਸੀ ਰਾਹਗੀਰਾਂ ਨੂੰ ਲੁੱਟਣਾ, ਪਰ ਉਸਨੇ ਇੱਕ ਗਰੀਬ ਬ੍ਰਾਹਮਣ ਦੀਆਂ ਦੋ ਬੇਟੀਆਂ ਸੁੰਦਰੀ ਅਤੇ ਮੁੰਦਰੀ ਨੂੰ ਜ਼ਾਲਿਮਾਂ ਤੋਂ ਛੁੜਾ ਕੇ ਉਨ੍ਹਾਂ ਦਾ ਵਿਆਹ ਕੀਤਾ ਅਤੇ ਉਨ੍ਹਾਂ ਦੀ ਝੌਲੀ ’ਚ ਸ਼ੱਕਰ ਪਾਈ ਇੱਕ ਡਾਕੂ ਹੋ ਕੇ ਗਰੀਬ ਲੜਕੀਆਂ ਲਈ ਪਿਤਾ ਦਾ ਫਰਜ਼ ਨਿਭਾਉਣਾ, ਇਹ ਸੰਦੇਸ਼ ਦਿੰਦਾ ਹੈ ਕਿ ਸਾਨੂੰ ਸਾਰਿਆਂ ਨੂੰ ਅਮੀਰੀ-ਗਰੀਬੀ ਅਤੇ ਜਾਤੀਵਾਦ ਨੂੰ ਭੁਲਾਕੇ ਇੱਕ-ਦੂਜੇ ਪ੍ਰਤੀ ਆਪਸੀ ਪ੍ਰੇਮ, ਭਾਈਚਾਰੇ ਅਤੇ ਸਦਭਾਵਨਾ ਦੀ ਭਾਵਨਾ ਰੱਖਣੀ ਚਾਹੀਦੀ ਹੈ, ਤਾਂ ਕਿ ਦੇਸ਼ ’ਚ ਖੁਸ਼ਹਾਲੀ ਦਾ ਮਾਹੌਲ ਬਣਿਆ ਰਹੇ
ਸੁੰਦਰ ਮੁੰਦਰੀਏ ਹੋ,
ਤੇਰਾ ਕੌਣ ਬਚਾਰਾ ਹੋ
ਦੁੱਲਾ ਭੱਟੀ ਵਾਲਾ ਹੋ,
ਦੁੱਲੇ ਦੀ ਧੀ ਵਿਆਹੀ ਹੋ
ਸੇਰ ਸ਼ੱਕਰ ਪਾਈ ਹੋ,
ਕੁੜੀ ਦਾ ਸਾਲੂ ਪਾਟਾ ਹੋ,
ਕੁੜੀ ਦਾ ਜੀਵੇ ਚਾਚਾ ਹੋ,
ਚਾਚਾ ਚੂਰੀ ਕੁੱਟੀ ਹੋ
ਨੰਬਰਦਾਰਾਂ ਲੁੱਟੀ ਹੋ,
ਗਿਣ-ਗਿਣ ਮਾਲੇ ਲਾਏ ਹੋ,
ਇੱਕ ਮਾਲ੍ਹਾ ਰਹਿ ਗਿਆ,
ਸਿਪਾਹੀ ਫੜ ਕੇ ਲੈ ਗਿਆ