ਭਾਰਤ ਮਾਪਦੰਡ ਬਿਓਰੋ – ਭਾਰਤੀ ਮਾਨਕ ਬਿਓਰੋ (ਬੀਆਈਐੱਸ) ਖਪਤਕਾਰ ਮਾਮਲਿਆਂ ਦੇ ਵਿਭਾਗ, ਖਪਤਕਾਰ ਮਾਮਲੇ, ਖਾਧ ਅਤੇ ਜਨਤਕ ਵਿਤਰਣ ਮੰਤਰਾਲਾ, ਭਾਰਤ ਸਰਕਾਰ ਤਹਿਤ ਭਾਰਤ ਦੇ ਵਿਧਾਨਿਕ ਕੌਮੀ ਮਾਨਕ ਨਿਗਮ ਹੈ 22 ਮਾਰਚ 2016 ਨੂੰ ਭਾਰਤੀ ਮਾਨਕ ਬਿਓਰੋ ਐਕਟ ਨੂੰ ਸੂਚਿਤ ਕੀਤਾ ਗਿਆ ਸੀ, ਜੋ 12 ਅਕਤੂਬਰ 2017 ਨੂੰ ਪ੍ਰਭਾਵ ’ਚ ਆਇਆ ਇਹ ਸਮਾਨਾਂ ਦਾ ਮਾਪਦੰਡ, ਮੁਲਾਂਕਣ ਅਤੇ ਗੁਣਵੱਤਾ ਪ੍ਰਮਾਣਨ ਦੀਆਂ ਗਤੀਵਿਧੀਆਂ ਦੇ ਤਾਲਮੇਲ ਪੂਰਨ ਵਿਕਾਸ ਅਤੇ ਉਸ ਨਾਲ ਜੁੜੇ ਜਾਂ ਪ੍ਰਸੰਗਿਕ ਮਾਮਲਿਆਂ ਲਈ ਉੱਤਰਦਾਈ ਹੈ ਅਸੀਂ ਜਾਣਦੇ ਹਾਂ ਕਿ ਕਿਸੇ ਵੀ ਕੌਮ ਦੀ ਮਜ਼ਬੂਤੀ ਅਤੇ ਗਤੀਸ਼ੀਲਤਾ ’ਚ ਨੌਜਵਾਨ ਵਰਗ ਦੀ ਅਹਿਮ ਭੂਮਿਕਾ ਹੁੰਦੀ ਹੈ
ਬੱਚਿਆਂ ਨੂੰ ਸ਼ੁਰੂਆਤੀ ਸਾਲਾਂ ’ਚ ਜਿਹੜੇ ਮੁੱਲਾਂ ਤੋਂ ਜਾਣੂ ਕਰਵਾਇਆ ਜਾਂਦਾ ਹੈ, ਉਹ ਉਨ੍ਹਾਂ ਦੇ ਨੌਜਵਾਨ ਦਿਮਾਗ ’ਚ ਵਿਕਸਤ ਹੋ ਜਾਂਦੇ ਹਨ ਅਤੇ ਇੱਕ ਬਲ ਗੁਣਕ ਦੇ ਰੂਪ ’ਚ ਕੰਮ ਕਰਦੇ ਹੋਏ ਕੌਮ ਦੇ ਭਵਿੱਖ ਨੂੰ ਬਦਲਣ ਦੀ ਕਾਬਲੀਅਤ ਰੱਖਦੇ ਹਨ ਇਸ ਗੱਲ ਨੂੰ ਧਿਆਨ ’ਚ ਰੱਖਦੇ ਹੋਏ ਸਕੂਲ ਪੱਧਰ ’ਤੇ ਭਾਰਤੀ ਮਾਨਕ ਬਿਓਰੋ ਦਾ ਉਦੇਸ਼ ਵਿਦਿਆਰਥੀ ਕੇਂਦਰਿਤ ਗਤੀਵਿਧੀਆਂ ਦੀ ਮੱਦਦ ਨਾਲ ਜਮਾਤ 9ਵੀਂ ਅਤੇ ਉਸ ਤੋਂ ਉੱਪਰ ਦੀਆਂ ਜਮਾਤਾਂ ਦੇ ਵਿਗਿਆਨ ਦੇ ਵਿਦਿਆਰਥੀਆਂ ਨੂੰ ਭਾਰਤੀ ਮਾਨਕਾਂ ਦੇ ਨਿਰਮਾਣ, ਅਨੁਰੂਪਤਾ ਮੁਲਾਂਕਣ, ਪ੍ਰਯੋਗਸ਼ਾਲਾ ਪ੍ਰੀਖਣ, ਹਾਲ-ਮਾਰਕਿੰਗ ਯੋਜਨਾ, ਉਪਭੋਗਤਾ ਮਾਮਲਿਆਂ ਦੀਆਂ ਗਤੀਵਿਧੀਆਂ ਅਤੇ ਪ੍ਰੀਖਣ ਸੇਵਾਵਾਂ ਅਤੇ ਗੁਣਵੱਤਾ ਅਤੇ ਮਾਪਦੰਡ ਦੀ ਧਾਰਨਾ ਤੋਂ ਜਾਣੂ ਕਰਵਾਉਣਾ ਹੈ ਭਾਰਤੀ ਮਾਪਦੰਡ ਬਿਓਰੋ ਭਵਿੱਖ ਦੀਆਂ ਪੀੜ੍ਹੀਆਂ ’ਚ ਗੁਣਵੱਤਾ ਸੰਸਕ੍ਰਿਤੀ ਨੂੰ ਵਿਕਸਤ ਕਰਨਾ ਚਾਹੁੰਦਾ ਹੈ
Table of Contents
ਮਾਨਕ ਕਲੱਬਾਂ ਦਾ ਨਿਰਮਾਣ
ਭਾਰਤੀ ਮਾਪਦੰਡ ਬਿਓਰੋ ਨੇ ਵਿੱਦਿਅਕ ਸੰਸਥਾਨਾਂ ’ਚ ਮਾਨਕ ਕਲੱਬ ਬਣਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ ਇਨ੍ਹਾਂ ਕਲੱਬਾਂ ’ਚ ਵਿਦਿਆਰਥੀਆਂ ਦੀ ਗੁਣਵੱਤਾ ਅਤੇ ਮਾਪਦੰਡ ਦੇ ਖੇਤਰ ’ਚ ਸਿੱਖਣ ਦੇ ਮੌਕੇ ਮਿਲਣਗੇ ਇੱਥੇ ਅਧਿਆਪਕ ਦੀ ਭੂਮਿਕਾ ਮਾਰਗਦਰਸ਼ਕ ਦੇ ਤੌਰ ’ਤੇ ਮਹੱਤਵਪੂਰਨ ਰਹੇਗੀ ਸਕੂਲਾਂ ’ਚ ਸਕੂਲ ਮੁਖੀਆ ਵੱਲੋਂ ਦੋ ਸਾਲਾਂ ਲਈ ਨਾਮਜ਼ਦ ਵਿਗਿਆਨ ਅਧਿਆਪਕ ਜਾਂ ਪ੍ਰੋਫੈਸਰ ਦੀ ਅਗਵਾਈ ’ਚ ਮਾਨਕ ਕਲੱਬ ਦਾ ਗਠਨ ਕੀਤਾ ਜਾ ਸਕਦਾ ਹੈ ਇਸ ’ਚ ਮੈਂਬਰ ਦੇ ਰੂਪ ’ਚ ਵਿਦਿਆਰਥੀਆਂ ਨੂੰ ਯੋਗਤਾ ਅਤੇ ਇੱਛਾ ਦੇ ਆਧਾਰ ’ਤੇ ਚੁਣਿਆ ਜਾ ਸਕਦਾ ਹੈ
ਅਤੇ ਸਕੂਲ ’ਚ ਸਬੰਧਿਤ ਵਿਦਿਆਰਥੀਆਂ ਦੇ ਨਾਮਾਂਕਣ ਜਾਰੀ ਰਹਿਣ ਤੱਕ ਉਨ੍ਹਾਂ ਨੂੰ ਇਸ ਕਲੱਬ ਦਾ ਮੈਂਬਰ ਬਣਾਏ ਰੱਖਿਆ ਜਾ ਸਕਦਾ ਹੈ ਮਾਨਕ ਕਲੱਬ ਤਹਿਤ ਗਤੀਵਿਧੀਆਂ ਨੂੰ ਇੱਕ ਕੋਰ ਗਰੁੱਪ ਜਿਸ ’ਚ ਮਾਰਗਦਰਸ਼ਕ ਵਿਗਿਆਨ ਅਧਿਆਪਕ, ਇੱਕ ਵਿਦਿਆਰਥੀ ਆਗੂ ਅਤੇ ਤਿੰਨ ਵਿਦਿਆਰਥੀ ਮੈਂਬਰਾਂ ਵੱਲੋਂ ਤਾਲਮੇਲ ਕੀਤਾ ਜਾ ਸਕਦਾ ਹੈ ਕੋਰ ਗਰੁੱਪ ਲਈ ਵਿਦਿਆਰਥੀ ਆਗੂ ਅਤੇ ਤਿੰਨ ਵਿਦਿਆਰਥੀ ਮੈਂਬਰਾਂ ਨੂੰ ਵਿਗਿਆਨ ਅਧਿਆਪਕ ਵੱਲੋਂ ਨਾਮਜ਼ਦ ਕੀਤਾ ਜਾ ਸਕਦਾ ਹੈ ਮਾਨਕ ਕਲੱਬ ’ਚ ਜੇਕਰ ਕੁੱਲ 50 ਤੋਂ ਜ਼ਿਆਦਾ ਵਿਦਿਆਰਥੀ ਸ਼ਾਮਲ ਹੋ ਚੁੱਕੇ ਹਨ ਤਾਂ ਕੋਰ ਗਰੁੱਪ ’ਚ ਵਿਦਿਆਰਥੀ ਮੈਂਬਰਾਂ ਦੀ ਗਿਣਤੀ ਨੂੰ ਵਧਾਇਆ ਜਾ ਸਕਦਾ ਹੈ
ਮਾਨਕ ਕਲੱਬ ਤਹਿਤ ਗਤੀਵਿਧੀਆਂ
ਸਕੂਲ ਪੱਧਰ ’ਤੇ ਮੁਕਾਬਲਿਆਂ ਜਿਵੇਂ ਸਵਾਲ ਮੁਕਾਬਲੇ ਜਾਂ ਲੇਖ ਲੇਖਨ ਮੁਕਾਬਲੇ, ਮਾਪਦੰਡ ਅਤੇ ਗੁਣਵੱਤਾ ’ਤੇ ਬਹਿਸ ਜਾਂ ਵਾਦ-ਵਿਵਾਦ ਵਰਗੀਆਂ ਵੱਖ-ਵੱਖ ਗਤੀਵਿਧੀਆਂ ਕਰਵਾ ਕੇ ਸਕੂਲੀ ਵਿਦਿਆਰਥੀਆਂ ਨੂੰ ਭਾਰਤੀ ਮਾਨਕ ਬਿਓਰੋ ਦੇ ਕੰਮਾਂ ਅਤੇ ਉਦੇਸ਼ਾਂ ਤੋਂ ਜਾਣੂ ਕਰਵਾਇਆ ਜਾ ਸਕਦਾ ਹੈ ਮਾਰਗਦਰਸ਼ਕ ਅਧਿਆਪਕ ਵੱਲੋਂ ਸਮੇਂ-ਸਮੇਂ ’ਤੇ ਮਾਨਕ ਕਲੱਬ ਦੇ ਤਹਿਤ ਮੀਟਿੰਗਾਂ/ਸੈਮੀਨਾਰ/ਕਾਰਜਸ਼ਾਲਾਵਾਂ ਕਰਵਾ ਕੇ ਵਿਦਿਆਰਥੀਆਂ ਨੂੰ ਮਾਨਕੀਕਰਨ, ਗੁਣਵੱਤਾ, ਸੰਰਚਨਾ ਅਤੇ ਮਾਨਕਾਂ ਦੀ ਸਮੱਗਰੀ ਬਾਰੇ ਜਾਗਰੂਕ ਕੀਤਾ ਜਾ ਸਕਦਾ ਹੈ
ਗਤੀਵਿਧੀਆਂ ਦੀ ਰਿਪੋਰਟਿੰਗ ਅਤੇ ਸਮੀਖਿਆ
ਸਕੂਲ ਪੱਧਰ ’ਤੇ ਮਾਰਗਦਰਸ਼ਕ ਅਧਿਆਪਕ ਨੂੰ ਸੈਸ਼ਨ ਦੇ ਆਖਰ ’ਚ ਇੱਕ ਵਿਸਥਾਰਤ ਰਿਪੋਰਟ ਵੀ ਪੇਸ਼ ਕਰਨੀ ਚਾਹੀਦੀ ਹੈ ਰਿਪੋਰਟ ’ਚ ਕਰਵਾਈਆਂ ਗਈਆਂ ਗਤੀਵਿਧੀਆਂ ਦੇ ਪ੍ਰਕਾਰ, ਤਾਰੀਖ, ਸਮਾਂ ਅਤੇ ਸਥਾਨ, ਉਮੀਦਵਾਰਾਂ ਦੀ ਗਿਣਤੀ, ਕਵਰ ਕੀਤੇ ਗਏ ਵਿਸ਼ੇ, ਪੇਸ਼ ਸਮੱਗਰੀ ਦਾ ਸਾਰ, ਗਤੀਵਿਧੀਆਂ ਦੀ ਫੋਟੋਗ੍ਰਾਫ ਅਤੇ ਉਮੀਦਵਾਰਾਂ ਤੋਂ ਲਏ ਗਏ ਫੀਡਬੈਕ ਵੀ ਸ਼ਾਮਲ ਹੋਣੇ ਚਾਹੀਦੇ ਹਨ ਮਾਨਕ ਕਲੱਬ ਦੇ ਸਲਾਹਕਾਰਾਂ ਅਤੇ ਵਿਦਿਆਰਥੀ ਜੋ ਘੱਟ ਤੋਂ ਘੱਟ ਵਿੱਦਿਅਕ ਸਾਲ ਲਈ ਕਲੱਬ ਦਾ ਹਿੱਸਾ ਰਹੇ ਹੋਣ, ਨੂੰ ਪ੍ਰਮਾਣ ਪੱਤਰ ਵੀ ਦਿੱਤਾ ਜਾ ਸਕਦਾ ਹੈ
ਇਹ ਫਾਈਨੈਂਸ਼ੀਅਲ ਅਖਬਾਰ ਅਨੁਸਾਰ ਭਾਰਤੀ ਮਾਨਕ ਬਿਓਰੋ ਅਗਲੇ ਸਾਲ ਮਾਰਚ ਤੱਕ ਭਾਰਤ ’ਚ ਸਕੂਲਾਂ ਅਤੇ ਕਾਲਜਾਂ ’ਚ 10000 ਸਮਰਪਿਤ ਕਲੱਬ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ ਬੀਆਈਐੱਸ ਦਾ ਦਾਅਵਾ ਹੈ ਕਿ ਉਸ ਨੇ ਪਿਛਲੇ ਵਿੱਤ ਸਾਲ ’ਚ ਪਹਿਲਾਂ ਹੀ 1037 ਕਲੱਬ ਸਥਾਪਿਤ ਕਰ ਲਏ ਹਨ ਇਸ ਕਦਮ ਨਾਲ, ਸਰਕਾਰੀ ਸੰਸਥਾ ਦਾ ਟੀਚਾ ਵਿਦਿਆਰਥੀਆਂ ਲਈ ਘੱਟ ਉਮਰ ’ਚ ਮਾਨਕੀਕਰਨ ਅਤੇ ਗੁਣਵੱਤਾ ਦੀ ਧਾਰਨਾ ਨੂੰ ਪੇਸ਼ ਕਰਨਾ ਹੈ ਇੱਕ ਕੌਮੀ ਮਾਨਕ ਨਿਗਮ ਦੇ ਤੌਰ ’ਤੇ ਭਾਰਤੀ ਮਾਨਕ ਬਿਓਰੋ ਨੂੰ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਮਾਨਕੀਕਰਨ ਅਤੇ ਪ੍ਰਮਾਣਨ ਦੀਆਂ ਆਪਣੀਆਂ ਮੁੱਖ ਗਤੀਵਿਧੀਆਂ ਜ਼ਰੀਏ ਦੇਸ਼ ’ਚ ਇੱਕ ਮਜ਼ਬੂਤ ਗੁਣਵੱਤਾ ਈਕੋ-ਸਿਸਟਮ ਬਣਾਉਣ ਦਾ ਕੰਮ ਸੌਂਪਿਆ ਗਿਆ ਹੈ – ਮਾ. ਮੁਕੇਸ਼ ਕੁਮਾਰ