ਬੱਚਿਆਂ ਦੀ ਮਨਪਸੰਦ ਕੱਪੜੇ ਪਹਿਨਣ ਦੀ ਜਿਦ
ਸਾਧਨਾ ਆਪਣੀ ਬੇਟੀ ਪ੍ਰਕਿਰਤੀ ਨੂੰ ਵਾਰ-ਵਾਰ ਸਮਝਾ ਰਹੀ ਸੀ ਕਿ ਉਹ ਪਿੰਕ ਫਰਾਕ ਪਹਿਨ ਲਵੇ, ਇਸ ਨਾਲ ਉਹ ਬਿਲਕੁਲ ਪਰੀ ਵਰਗੀ ਦਿਖੇਗੀ ਪਰ ਪ੍ਰਕਿਰਤੀ ਬਿਲਕੁਲ ਵੀ ਮੰਨਣ ਨੂੰ ਤਿਆਰ ਨਹੀਂ ਸੀ ਘਰ ਦੇ ਸਾਰੇ ਮੈਂਬਰ ਉਸ ਨੂੰ ਮਨਾਉਣ ਦੀ ਕੋਸ਼ਿਸ਼ ’ਚ ਲੱਗੇ ਹੋਏ ਸਨ ਫਿਰ ਵੀ ਉਹ ਕੁਝ ਸਮਝਣ ਨੂੰ ਰਾਜ਼ੀ ਨਹੀਂ ਸੀ
ਪ੍ਰਕਿਰਤੀ ਦੇ ਤੀਜੇ ਜਨਮ ਦਿਨ ਦੇ ਮੌਕੇ ਘਰ ’ਚ ਪਾਰਟੀ ਸੀ ਅਤੇ ਘਰ ’ਚ ਮਹਿਮਾਨਾਂ ਦੇ ਆਉਣ ਦਾ ਸਮਾਂ ਵੀ ਹੋ ਗਿਆ ਸੀ ਪਰ ਪ੍ਰਕਿਰਤੀ ਆਪਣੀ ਪੁਰਾਣੀ ਫਰਾਕ ਪਹਿਨਣ ਦੀ ਜਿਦ ’ਤੇ ਹੀ ਅੜੀ ਹੋਈ ਸੀ ਆਪਣੀ ਜਿਦ ’ਤੇ ਉਹ ਖੂਬ ਰੋਈ ਅਤੇ ਹੱਥ-ਪੈਰ ਵੀ ਮਾਰੇ ਥੱਕ-ਹਾਰ ਕੇ ਸਾਧਨਾ ਨੂੰ ਉਸ ਨੂੰ ਉਹੀ ਪੁਰਾਣੀ ਫਰਾਕ ਹੀ ਪਹਿਨਾਉਣੀ ਪਈ ਹੁਣ ਪੁਰਾਣੀ ਫਰਾਕ ਪਹਿਨ ਕੇ ਪ੍ਰਕਿਰਤੀ ਖੁਸ਼ ਹੋ ਗਈ
ਬੱਚੇ ਜਦੋਂ ਆਪਣੀ ਜਿਦ ’ਤੇ ਅੜ ਜਾਂਦੇ ਹਨ ਤਾਂ ਉਨ੍ਹਾਂ ਨੂੰ ਮਨਾਉਣਾ ਮੁਸ਼ਕਲ ਹੋ ਜਾਂਦਾ ਹੈ ਅਕਸਰ ਆਪਣੇ ਮਨਪਸੰਦ ਕੱਪੜੇ ਪਹਿਨਣ ਨੂੰ ਲੈ ਕੇ ਉਹ ਬੇਹੱਦ ਜਿੱਦੀ ਹੁੰਦੇ ਹਨ ਬੱਚੇ ਜਦੋਂ ਆਪਣੇ ਮਨਪਸੰਦ ਕੱਪੜਿਆਂ ਨੂੰ ਲੈ ਕੇ ਅੜ ਜਾਂਦੇ ਹਨ ਤਾਂ ਮਾਂ-ਬਾਪ ਉਨ੍ਹਾਂ ਨੂੰ ਬਹੁਤ ਜ਼ਿੱਦੀ ਮੰਨ ਲੈਂਦੇ ਹਨ
ਇਹ ਬੱਚਿਆਂ ਦੀ ਪ੍ਰਕਿਰਤੀ ’ਚ ਸੁਭਾਵਿਕ ਤੌਰ ’ਤੇ ਹੁੰਦਾ ਹੈ ਉਹ ਆਪਣੇ ਕੱਪੜਿਆਂ, ਖਾਣ-ਪੀਣ, ਨਹਾਉਣ ਆਦਿ ਨੂੰ ਲੈ ਕੇ ਖੂਬ ਹੰਗਾਮਾ ਖੜ੍ਹਾ ਕਰਦੇ ਹਨ ਇਸ ਦੇ ਪਿੱਛੇ ਉਨ੍ਹਾਂ ਦੀ ਭਾਵਨਾ ਆਪਣੀ ਅਲੱਗ ਪਹਿਚਾਣ ਬਣਾਉਣ ਦੀ ਹੁੰਦੀ ਹੈ ਇੱਕ ਛੋਟੇ ਬੱਚੇ ਦੇ ਮਨ ’ਚ ਵੀ ਆਪਣੀ ਪਹਿਚਾਣ ਅਤੇ ਨਿੱਜੀ ਅਜ਼ਾਦੀ ਨੂੰ ਲੈ ਕੇ ਸਵਾਭੀਮਾਨ ਹੁੰਦਾ ਹੈ
ਬੱਚਿਆਂ ਦੇ ਮਨਪਸੰਦ ਕੱਪੜੇ ਪਹਿਨਣ ਨੂੰ ਲੈ ਕੇ ਮਾਂ-ਬਾਪ ਅਕਸਰ ਉਨ੍ਹਾਂ ਨਾਲ ਉਲਝ ਪੈਂਦੇ ਹਨ ਬੱਚਿਆਂ ਦੇ ਨਾ ਮੰਨਣ ’ਤੇ ਉਨ੍ਹਾਂ ਨੂੰ ਝੁਕਣਾ ਹੀ ਪੈਂਦਾ ਹੈ ਬੱਚਿਆਂ ਨਾਲ ਬੇਵੱਸ ਉਲਝਣ ਦਾ ਕੋਈ ਫਾਇਦਾ ਨਹੀਂ ਸਗੋਂ ਉਨ੍ਹਾਂ ਦੀ ਮਨਪਸੰਦ ਕੱਪੜੇ ਪਹਿਨਣ ਦੀ ਜਿਦ ਦਾ ਕਾਰਨ ਉਨ੍ਹਾਂ ਤੋਂ ਜਾਣਨਾ ਚਾਹੀਦਾ ਹੈ ਜੋ ਕੱਪੜੇ ਉਹ ਪਹਿਨਣਾ ਚਾਹੁੰਦੇ ਹਨ ਉਨ੍ਹਾਂ ਤੋਂ ਉਨ੍ਹਾਂ ਦਾ ਕਾਰਨ ਪੁੱਛੋ ਕਿ ਆਖਰ ਉਹ ਹੀ ਉਨ੍ਹਾਂ ਨੂੰ ਕਿਉਂ ਚੰਗੇ ਲਗਦੇ ਹਨ
ਦੇਖਿਆ ਜਾਵੇ ਤਾਂ ਬੱਚਿਆਂ ਦੀ ਕੱਪੜਿਆਂ ਦੀ ਪਸੰਦ ਉਨ੍ਹਾਂ ਦੇ ਵਿਚਾਰਾਂ ਦੇ ਪ੍ਰਗਟਾਵੇ ਅਤੇ ਰੰਗਾਂ ਨਾਲ ਪ੍ਰਯੋਗ ਨੂੰ ਦਿਖਾਉਂਦੀ ਹੈ ਉਨ੍ਹਾਂ ਨਾਲ ਜ਼ਬਰਦਸਤੀ ਨਾ ਕਰੋ ਇਹ ਸੱਚ ਹੈ ਕਿ ਬੱਚਿਆਂ ਨੂੰ ਉਨ੍ਹਾਂ ਦੀ ਪਸੰਦੀਦਾ ਡਰੈੱਸ ’ਚ ਬਾਹਰ ਆਪਣੇ ਨਾਲ ਲੈ ਜਾਣਾ ਤੁਹਾਨੂੰ ਅਜੀਬ ਲੱਗ ਸਕਦਾ ਹੈ ਬੱਚੇ ਨਾਲ ਬਹਿਸ ਕਰਨ ਤੋਂ ਬਚੋ ਉਸ ਨੂੰ ਕੁਝ ਸਮਾਂ ਅਜਿਹਾ ਹੀ ਕਰਨ ਦਿਓ ਜੈਸਾ ਉਹ ਚਾਹੁੰਦਾ ਹੈ
ਜੇਕਰ ਤੁਸੀਂ ਆਪਣੇ ਬੱਚੇ ਦੀ ਪਸੰਦ ਜਾਣ ਲਵੋਗੇ ਤਾਂ ਤੁਸੀਂ ਆਪਣੀ ਪਸੰਦ ਉਸ ਦੀ ਪਸੰਦ ਬਣਾ ਸਕੋਗੇ ਅਤੇ ਉਹ ਕੱਪੜੇ ਚੁਪਕੇ ਨਾਲ ਹਟਾ ਦੇਵੋਗੇ ਜਿਨ੍ਹਾਂ ਨੂੰ ਤੁਸੀਂ ਠੀਕ ਨਹੀਂ ਸਮਝਦੇ ਬੱਚੇ ਨੂੰ ਆਪਣੇ ਕੱਪੜੇ ਖੁਦ ਹੀ ਚੁਣ ਕੇ ਪਹਿਨਣ ਨੂੰ ਕਹੋ ਕੱਪੜੇ ਇਸ ਤਰੀਕੇ ਨਾਲ ਰੱਖੋ ਕਿ ਬੱਚੇ ਦੀ ਨਜ਼ਰ ਇੱਧਰ-ਉੱਧਰ ਨਾ ਜਾਵੇ ਉਹ ਕੱਪੜਿਆਂ ਦੀ ਚੋਣ ’ਚ ਭਟਕੇ ਨਾ
ਆਪਣੀ ਪਸੰਦ ਦੇ ਕੱਪੜਿਆਂ ’ਚ ਬੱਚਾ ਕਾਰਟੂਨ ਵੀ ਲੱਗ ਸਕਦਾ ਹੈ ਉਸ ਦੇ ਇਸ ਪ੍ਰਯੋਜਨ ’ਤੇ ਹੱਸੋ ਨਾ ਉਸ ਦੀ ਪਸੰਦ ਦਾ ਆਦਰ ਕਰੋ ਬੱਚਿਆਂ ਦੇ ਇਸ ਸਲੀਕੇ ’ਤੇ ਤਨਾਅ ਨਾ ਲਿਆਓ ਸਗੋਂ ਬੱਚੇ ਦੇ ਸਾਹਮਣੇ ਦੋ ਉੱਤਮ ਬਦਲ ਰੱਖ ਕੇ ਚੋਣ ਕਰਨ ਨੂੰ ਕਹੋ ਇਸ ਨਾਲ ਤੁਹਾਡੀ ਪ੍ਰੇਸ਼ਾਨੀ ਵੀ ਘੱਟ ਹੋਵੇਗੀ ਬੱਚਾ ਜਿਹੜੇ ਕੱਪੜਿਆਂ ਨੂੰ ਪਹਿਨਣਾ ਨਹੀਂ ਚਾਹੁੰਦਾ, ਉਨ੍ਹਾਂ ਦੇ ਵਿਸ਼ੇ ’ਚ ਜਾਣਨ ਦੀ ਕੋਸ਼ਿਸ਼ ਕਰੋ ਕਿ ਆਖਰਕਾਰ ਇਹ ਕੱਪੜੇ ਬੱਚੇ ਨੂੰ ਕਿਤੇ ਤੰਗ ਜਾਂ ਅਸੁਵਿਧਾਜਨਕ ਤਾਂ ਨਹੀਂ ਆਉਂਦੇ
ਕੁਝ ਬੱਚੇ ਆਪਣਾ ਸਾਰਾ ਕੰਮ ਖੁਦ ਕਰਨਾ ਚਾਹੁੰਦੇ ਹਨ ਅਤੇ ਉਹ ਅਜਿਹੇ ਹੀ ਕੱਪੜੇ ਪਹਿਨਣਾ ਪਸੰਦ ਕਰਦੇ ਹਨ ਜੋ ਸੁਵਿਧਾਜਨਕ ਹੋਣ ਬੱਚਿਆਂ ਨੂੰ ਕੱਪੜਿਆਂ ਦੀ ਕੁਆਲਿਟੀ ਜਾਂ ਬਨਾਵਟ ਆਦਿ ਨਾਲ ਕੋਈ ਫਰਕ ਨਹੀਂ ਪੈਂਦਾ ਜਦੋਂ ਬੱਚਾ ਖੁਦ ਕੱਪੜੇ ਪਸੰਦ ਕਰਕੇ ਪਹਿਨਣਾ ਸ਼ੁਰੂ ਕਰਦਾ ਹੈ ਤਾਂ ਉਸ ’ਚ ਆਤਮਵਿਸ਼ਵਾਸ ਪੈਦਾ ਹੁੰਦਾ ਹੈ ਇਸ ਨਾਲ ਉਹ ਹੌਲੀ-ਹੌਲੀ ਇਹ ਸਿੱਖਦਾ ਹੈ ਕਿ ਕਿੱਥੇ ਕੀ ਪਹਿਨਿਆ ਜਾਵੇ
ਅੱਜ-ਕੱਲ੍ਹ ਬੱਚੇ ਵੀ ਟੀਵੀ-ਫਿਲਮ ਆਦਿ ਦੇਖ ਕੇ ਫੈਸ਼ਨ ਵੱਲ ਖਿੱਚੇ ਜਾ ਰਹੇ ਹਨ ਉਹ ਉਹੀ ਕੱਪੜੇ ਪਹਿਨਣਾ ਚਾਹੁੰਦੇ ਹਨ ਜੋ ਟੀਵੀ ਜਾਂ ਪਰਦੇ ’ਤੇ ਉਨ੍ਹਾਂ ਦੇ ਪਸੰਦੀਦਾ ਪਾਤਰਾਂ ਨੇ ਪਹਿਨੇ ਹੋਣ, ਇਸ ਲਈ ਵੀ ਬੱਚਿਆਂ ਨਾਲ ਕੱਪੜਿਆਂ ਨੂੰ ਲੈ ਕੇ ਬਹਿਸ ਨਾ ਕਰੋ ਸਗੋਂ ਉਨ੍ਹਾਂ ਦਾ ਆਤਮਵਿਸ਼ਵਾਸ ਵਧਾਉਣ ’ਚ ਉਨ੍ਹਾਂ ਦੀ ਮੱਦਦ ਕਰੋ ਹਾਂ, ਉਨ੍ਹਾਂ ਨੂੰ ਇਹ ਜ਼ਰੂਰ ਦੱਸੋ ਕਿ ਮਹਿੰਗੇ ਕੱਪੜੇ ਕਿਸੇ ਸ਼ਾਦੀ ਜਾਂ ਸਮਾਰੋਹ ’ਚ ਪਹਿਨੇ ਜਾਂਦੇ ਹਨ ਘਰ ’ਚ ਮਹਿੰਗੇ ਕੱਪੜੇ ਨਹੀਂ ਪਹਿਨੇ ਜਾਂਦੇ
ਬੱਚਿਆਂ ਲਈ ਅਜਿਹੇ ਕੱਪੜੇ ਲਓ ਜੋ ਅਸਾਨੀ ਨਾਲ ਪਹਿਨਾਏ ਜਾ ਸਕਣ ਅਤੇ ਬੱਚੇ ਵੀ ਖੁਦ ਪਹਿਨ ਸਕਣ ਜੇਕਰ ਬੱਚੇ ਨੂੰ ਤਿਆਰ ਹੋਣ ’ਚ ਜ਼ਿਆਦਾ ਸਮਾਂ ਲੱਗਦਾ ਹੈ ਤਾਂ ਉਸ ਨੂੰ ਹੋਰ ਵੀ ਪਹਿਲਾਂ ਤਿਆਰ ਹੋਣ ਨੂੰ ਕਹੋ ਕਿਉਂਕਿ ਬੱਚਾ ਸਮੇਂ ਦੇ ਮਹੱਤਵ ਨੂੰ ਨਹੀਂ ਜਾਣਦਾ ਬੱਚੇ ਨੂੰ ਤਿਆਰ ਹੋਣ ’ਚ ਮੱਦਦ ਕਰਦੇ ਰਹੋ
ਜਲਦੀ ਤਿਆਰ ਹੋਣ ਜਾਂ ਮਨਪਸੰਦ ਦੇ ਕੱਪੜੇ ਪਹਿਨਣ ਆਦਿ ਨੂੰ ਲੈ ਕੇ ਬੱਚੇ ’ਤੇ ਨਾਰਾਜ਼ ਨਾ ਹੋਵੋ ਸਗੋਂ ਉਸ ਨੂੰ ਇਹ ਸਮਝਾਓ ਕਿ ਫਲਾਂ ਕੱਪੜੇ ਉਸ ’ਤੇ ਬਹੁਤ ਜ਼ਿਆਦਾ ਵਧੀਆ ਲਗਦੇ ਹਨ
ਸ਼ਿਖਾ ਚੌਧਰੀ